ਗਉੜੀ

Gauree:

ਗਉੜੀ।

ਗਜ ਨਵ ਗਜ ਦਸ ਗਜ ਇਕੀਸ ਪੁਰੀਆ ਏਕ ਤਨਾਈ

Nine yards, ten yards, and twenty-one yards - weave these into the full piece of cloth;

(ਜਦੋਂ ਜੀਵ ਜਨਮ ਲੈਂਦਾ ਹੈ ਤਾਂ, ਮਾਨੋ,) ਪੂਰੀ ਇਕ ਤਾਣੀ (੪੦ ਗਜ਼ਾਂ ਦੀ ਤਿਆਰ ਹੋ ਜਾਂਦੀ ਹੈ) ਜਿਸ ਵਿਚ ਨੌ ਗੋਲਕਾਂ, ਦਸ ਇੰਦਰੇ ਤੇ ਇੱਕੀ ਗਜ਼ ਹੋਰ ਹੁੰਦੇ ਹਨ (ਭਾਵ, ਪੰਜ ਸੂਖਮ ਤੱਤ, ਪੰਜ ਸਥੂਲ ਤੱਤ, ਦਸ ਪ੍ਰਾਣ ਤੇ ਇਕ ਮਨ-ਇਹ ੨੧ ਗਜ਼ ਤਾਣੀ ਦੇ ਹੋਰ ਹਨ)। ਗਜ ਨਵ = ਨੌ ਗਜ਼, ਨੌ ਗੋਲਕਾਂ। ਗਜ ਦਸ = ਦਸ ਇੰਦ੍ਰੇ। ਗਜ ਇਕੀਸ = ਇੱਕੀ ਗਜ਼ (ਪੰਜ ਸੂਖਮ ਤੱਤ, ਪੰਜ ਅਸਥੂਲ ਤੱਤ, ਦਸ ਪ੍ਰਾਣ, ਇਕ ਮਨ=੨੧)। ਪੁਰੀਆ ਤਨਾਈ = ਪੂਰੀ (੪੦ ਗਜ਼ ਦੀ) ਤਾਣੀ।

ਸਾਠ ਸੂਤ ਨਵ ਖੰਡ ਬਹਤਰਿ ਪਾਟੁ ਲਗੋ ਅਧਿਕਾਈ ॥੧॥

take the sixty threads and add nine joints to the seventy-two on the loom. ||1||

ਸੱਠ ਨਾੜੀਆਂ (ਇਹ ਉਸ ਤਾਣੀ ਦੇ ਲੰਮੇ ਪਾਸੇ ਦਾ) ਸੂਤਰ ਹੁੰਦਾ ਹੈ, (ਸਰੀਰ ਦੇ ਨੌ ਜੋੜ ਉਸ ਤਾਣੀ ਦੇ) ਨੌ ਟੋਟੇ ਹਨ ਅਤੇ ਬਹੱਤਰ ਛੋਟੀਆਂ ਨਾੜੀਆਂ (ਇਹ ਉਸ ਤਾਣੀ ਨੂੰ) ਵਾਧੂ ਪੇਟਾ ਲੱਗਾ ਹੋਇਆ ਸਮਝੋ ॥੧॥ ਸਾਠ ਸੂਤ = ਸੱਠ ਨਾੜੀਆਂ ਲੰਮੇ ਪਾਸੇ ਦਾ ਤਾਣਾ। ਨਵਖੰਡ = ਨੌ ਟੋਟੇ, ਨੌ ਜੋੜ ਤਾਣੀ ਦੇ (੪ ਜੋੜ ਬਾਹਾਂ ਦੇ, ੪ ਜੋੜ ਲੱਤਾਂ ਦੇ, ਇਕ ਧੜ=ਨੌ। ਬਹਤਰਿ = ਬਹੱਤਰ ਨਾੜੀਆਂ ਛੋਟੀਆਂ। ਪਾਟੁ = ਪੇਟਾ। ਲਗੋ ਅਧਿਕਾਈ = ਵਾਧੂ ਲੱਗਾ ਹੈ ॥੧॥

ਗਈ ਬੁਨਾਵਨ ਮਾਹੋ

Life weaves itself into its patterns.

ਵਾਸ਼ਨਾ (ਇਹ ਸਰੀਰ ਦੀ ਤਾਣੀ) ਉਣਾਉਣ ਤੁਰ ਪੈਂਦੀ ਹੈ, ਬੁਨਾਵਨ = (ਤਾਣੀ) ਉਣਾਉਣ ਲਈ। ਮਾਹੋ = ਵਾਸ਼ਨਾ।

ਘਰ ਛੋਡਿਐ ਜਾਇ ਜੁਲਾਹੋ ॥੧॥ ਰਹਾਉ

Leaving her home, the soul goes to the world of the weaver. ||1||Pause||

ਜਦੋਂ ਜੀਵ-ਜੁਲਾਹਾ ਪ੍ਰਭੂ ਦੇ ਚਰਨ ਵਿਸਾਰਦਾ ਹੈ। (ਭਾਵ, ਪ੍ਰਭੂ ਨੂੰ ਵਿਸਾਰਨ ਕਰਕੇ ਜੀਵ ਵਾਸ਼ਨਾ ਵਿਚ ਬੱਝ ਜਾਂਦਾ ਹੈ ਤੇ ਇਹ ਵਾਸ਼ਨਾ ਇਸ ਨੂੰ ਸਰੀਰ ਵਿਚ ਲਿਆਉਣ ਦਾ ਕਾਰਨ ਬਣਦੀ ਹੈ) ॥੧॥ ਰਹਾਉ ॥ ਘਰਿ ਛੋਡਿਐ = ਘਰ ਛੱਡਣ ਦੇ ਕਾਰਨ, ਸ੍ਵੈ-ਸਰੂਪ ਛੱਡਣ ਕਰਕੇ, ਪ੍ਰਭੂ ਦੇ ਚਰਨ ਵਿਸਾਰਨ ਕਰਕੇ। ਜਾਇ = ਚੱਲ ਪੈਂਦਾ ਹੈ, ਜਨਮ ਵਿਚ ਆਉਂਦਾ ਹੈ। ਜੁਲਾਹੋ = ਜੀਵ-ਰੂਪ ਜੁਲਾਹਾ ॥੧॥ ਰਹਾਉ ॥

ਗਜੀ ਮਿਨੀਐ ਤੋਲਿ ਤੁਲੀਐ ਪਾਚਨੁ ਸੇਰ ਅਢਾਈ

This cloth cannot be measured in yards or weighed with weights; its food is two and a half measures.

(ਸਰੀਰ-ਰੂਪ ਇਹ ਤਾਣੀ) ਗਜ਼ਾਂ ਨਾਲ ਨਹੀਂ ਮਿਣੀਦੀ, ਤੇ ਵੱਟੇ ਨਾਲ ਤੋਲੀਦੀ ਭੀ ਨਹੀਂ (ਉਂਞ ਇਸ ਤਾਣੀ ਨੂੰ ਭੀ ਹਰ ਰੋਜ਼) ਢਾਈ ਸੇਰ (ਖ਼ੁਰਾਕ-ਰੂਪ) ਪਾਣ ਚਾਹੀਦੀ ਹੈ। ਗਜੀ = ਗਜ਼ਾਂ ਨਾਲ। ਨ ਮਿਨੀਐ = ਨਹੀਂ ਮਿਣੀਦੀ। ਤੋਲਿ = ਤੋਲ ਨਾਲ, ਵੱਟੇ ਨਾਲ। ਪਾਚਨੁ = ਪਾਣ (ਜੋ ਕੱਪੜਾ ਉਣਨ ਤੋਂ ਪਹਿਲਾਂ ਤਾਣੀ ਨੂੰ ਲਾਈਦੀ ਹੈ ਤਾਕਿ ਧਾਗੇ ਪੱਕੇ ਰਹਿਣ ਤੇ ਉਣਨ ਵੇਲੇ ਨਾਹ ਟੁੱਟਣ), ਖ਼ੁਰਾਕ।

ਜੌ ਕਰਿ ਪਾਚਨੁ ਬੇਗਿ ਪਾਵੈ ਝਗਰੁ ਕਰੈ ਘਰਹਾਈ ॥੨॥

If it does not obtain food right away, it quarrels with the master of the house. ||2||

ਜੇ ਇਸ ਨੂੰ ਇਹ ਪਾਣ ਵੇਲੇ ਸਿਰ ਨਾ ਮਿਲੇ ਤਾਂ ਘਰ ਵਿਚ ਹੀ ਰੌਲਾ ਪਾ ਦੇਂਦੀ ਹੈ (ਭਾਵ, ਜੇ ਖ਼ੁਰਾਕ ਨਾਹ ਮਿਲੇ ਤਾਂ ਸਰੀਰ ਵਿਚ ਤਰਥੱਲ ਮੱਚ ਜਾਂਦੀ ਹੈ) ॥੨॥ ਜੌ ਕਰਿ = ਜੇ। ਬੇਗਿ = ਛੇਤੀ, ਵੇਲੇ ਸਿਰ। ਘਰ ਹਾਈ = ਘਰ ਵਿਚ ਹੀ। ਹਾਈ = ਹੀ ॥੨॥

ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ

How many days will you sit here, in opposition to your Lord and Master? When will this opportunity come again?

(ਵਾਸ਼ਨਾ-ਬੱਧਾ ਜੀਵ) ਥੋੜੇ ਦਿਨਾਂ ਦੇ ਜੀਊਣ ਖ਼ਾਤਰ ਖਸਮ-ਪ੍ਰਭੂ ਤੋਂ ਆਕੀ ਹੋ ਜਾਂਦਾ ਹੈ (ਪ੍ਰਭੂ ਦੀ ਯਾਦ ਦਾ ਸਮਾ ਗੁਆ ਲੈਂਦਾ ਹੈ ਤੇ ਫਿਰ) ਇਹ ਵੇਲਾ ਹੱਥ ਨਹੀਂ ਆਉਂਦਾ। ਦਿਨ ਕੀ ਬੈਠ = ਥੋੜੇ ਦਿਨਾਂ ਦੀ ਬੈਠਕ ਲਈ, ਥੋੜੇ ਦਿਨਾਂ ਦੇ ਜੀਊਣ ਲਈ। ਬਰਕਸਿ = ਬਰ-ਅਕਸ, ਉਲਟ, ਆਕੀ। ਖਸਮ ਕੀ ਬਰਕਸਿ = ਮਾਲਕ-ਪ੍ਰਭੂ ਤੋਂ ਆਕੀ। ਇਹ ਬੇਲਾ = (ਮਨੁੱਖਾ ਜਨਮ ਦਾ) ਇਹ ਸਮਾ। ਕਤ ਆਈ = ਕਿਥੋਂ ਆ ਸਕਦਾ ਹੈ? ਮੁੜ ਨਹੀਂ ਮਿਲਦਾ।

ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ ॥੩॥

Leaving his pots and pans, and the bobbins wet with his tears, the weaver soul departs in jealous anger. ||3||

(ਆਖ਼ਰ) ਇਹ ਪਦਾਰਥ ਖੁੱਸ ਜਾਂਦੇ ਹਨ, ਮਨ ਦੀਆਂ ਵਾਸ਼ਨਾਂ ਇਹਨਾਂ ਪਦਾਰਥਾਂ ਵਿਚ ਫਸੀਆਂ ਹੀ ਰਹਿ ਜਾਂਦੀਆਂ ਹਨ, (ਇਸ ਵਿਛੋੜੇ ਦੇ ਕਾਰਨ) ਜੀਵ-ਜੁਲਾਹਾ ਖਿੱਝ ਕੇ ਇਥੋਂ ਤੁਰ ਪੈਂਦਾ ਹੈ ॥੩॥ ਛੂਟੇ = ਛੁੱਟ ਜਾਂਦੇ ਹਨ, ਖੁੱਸ ਜਾਂਦੇ ਹਨ। ਕੂੰਡੇ = (ਭਾਵ, ਜਗਤ ਦੇ ਪਦਾਰਥ) ਮਿੱਟੀ ਦੇ ਬਰਤਨ, ਜਿਨ੍ਹਾਂ ਵਿਚ ਪਾਣੀ ਪਾ ਕੇ ਸੂਤਰ ਦੀਆਂ ਨਲੀਆਂ ਕੱਪੜਾ ਉਣਨ ਵੇਲੇ ਭਿਉਂ ਰੱਖੀਦੀਆਂ ਹਨ। ਪੁਰੀਆ = ਨਲੀਆਂ, ਵਾਸ਼ਨਾ। ਰੀਸਾਈ = ਰਿਸ ਕੇ, ਖਿੱਝ ਕੇ ॥੩॥

ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ

The wind-pipe is empty now; the thread of the breath does not come out any longer. The thread is tangled; it has run out.

(ਆਖ਼ਰ) ਨਲੀ ਖ਼ਾਲੀ ਹੋ ਜਾਂਦੀ ਹੈ, ਤੰਦ ਨਹੀਂ ਨਿਕਲਦੀ, ਤੁਰ ਉਲਝੀ ਨਹੀਂ ਰਹਿੰਦੀ (ਭਾਵ, ਜੀਵਾਤਮਾ ਸਰੀਰ ਨੂੰ ਛੱਡ ਦੇਂਦਾ ਹੈ, ਸੁਆਸ ਚੱਲਣੇ ਮੁੱਕ ਜਾਂਦੇ ਹਨ, ਸੁਆਸਾਂ ਦਾ ਨਾਭੀ ਨਾਲੋਂ ਸੰਬੰਧ ਟੁੱਟ ਜਾਂਦਾ ਹੈ)। ਛੋਛੀ = ਖ਼ਾਲੀ। ਨਲੀ = ਨਲਕੀ। ਤੰਤੁ = ਤੰਦ (ਭਾਵ, ਸੁਆਸ)। ਛੋਛੀ ਨਲੀ = ਨਲੀ ਖ਼ਾਲੀ ਹੋ ਜਾਂਦੀ ਹੈ (ਭਾਵ, ਜੀਵਾਤਮਾ ਸਰੀਰ ਨੂੰ ਛੱਡ ਜਾਂਦਾ ਹੈ)। ਤਰ = ਤੁਰ, ਜਿਸ ਦੇ ਦੁਆਲੇ ਉਣਿਆ ਕੱਪੜਾ ਵਲ੍ਹੇਟੀਦਾ ਹੈ। ਉਰਝਾਈ = ਉਲਝੀ ਹੋਈ। ਨ ਤਰ ਰਹੀ ਉਰਝਾਈ = ਨਾਭੀ ਭੀ ਉਲਝੀ ਨਹੀਂ ਰਹਿੰਦੀ, ਨਾਭੀ ਦਾ ਜੋ ਸੁਆਸਾਂ ਨਾਲ ਸੰਬੰਧ ਸੀ ਉਹ ਭੀ ਨਹੀਂ ਰਹਿੰਦਾ।

ਛੋਡਿ ਪਸਾਰੁ ਈਹਾ ਰਹੁ ਬਪੁਰੀ ਕਹੁ ਕਬੀਰ ਸਮਝਾਈ ॥੪॥੩॥੫੪॥

So renounce the world of form and substance while you remain here, O poor soul; says Kabeer: you must understand this! ||4||3||54||

ਕਬੀਰ ਆਖਦਾ ਹੈ- ਹੇ ਚੰਦਰੀ ਵਾਸ਼ਨਾ! ਇਹ ਜੰਜਾਲ ਛੱਡ ਦੇ, ਤੇ ਹੁਣ ਤਾਂ ਇਸ ਜੀਵ ਦੀ ਖ਼ਲਾਸੀ ਕਰ ॥੪॥੩॥੫੪॥ ਪਸਾਰੁ = ਖਿਲਾਰਾ, ਫਸ-ਫਸਾ। ਈਹਾ = ਇਥੇ ਹੀ। ਬਪੁਰੀ = ਹੇ ਭੈੜੀ (ਵਾਸ਼ਨਾ)! ਈਹਾ ਰਹੁ = ਇਥੇ ਹੀ ਟਿਕੀ ਰਹੁ, ਜੀਵ ਦਾ ਸਾਥ ਛੱਡ ਦੇਹ, ਖ਼ਲਾਸੀ ਕਰ ॥੪॥੩॥੫੪॥