ਪਉੜੀ

Pauree:

ਪਉੜੀ

ਚਤੁਰਥਿ ਚਾਰੇ ਬੇਦ ਸੁਣਿ ਸੋਧਿਓ ਤਤੁ ਬੀਚਾਰੁ

The fourth day of the lunar cycle: Listening to the four Vedas, and contemplating the essence of reality, I have come to realize

ਚਾਰੇ ਹੀ ਵੇਦ ਸੁਣ ਕੇ (ਅਸਾਂ ਤਾਂ ਇਹ) ਨਿਰਨਾ ਕੀਤਾ ਹੈ, ਚਤੁਰਥਿ = ਚੌਥੀ ਥਿਤਿ। ਸੁਣਿ = ਸੁਣ ਕੇ। ਸੋਧਿਓ = ਨਿਰਨਾ ਕੀਤਾ ਹੈ। ਤਤੁ = ਅਸਲ, ਨਚੋੜ। ਖੇਮ = ਖ਼ੁਸ਼ੀਆਂ, ਸੁਖ।

ਸਰਬ ਖੇਮ ਕਲਿਆਣ ਨਿਧਿ ਰਾਮ ਨਾਮੁ ਜਪਿ ਸਾਰੁ

that the treasure of all joy and comfort is found in sublime meditation on the Lord's Name.

(ਇਹੀ) ਅਸਲ ਵਿਚਾਰ (ਦੀ ਗੱਲ ਲੱਭੀ) ਹੈ ਕਿ ਪਰਮਾਤਮਾ ਦਾ ਸ੍ਰੇਸ਼ਟ ਨਾਮ ਜਪ ਕੇ ਸਾਰੇ ਸੁਖ ਮਿਲ ਜਾਂਦੇ ਹਨ, ਸੁਖਾਂ ਦਾ ਖ਼ਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਨਿਧਿ = ਖ਼ਜ਼ਾਨਾ। ਸਾਰੁ = ਸ੍ਰੇਸ਼ਟ। ਜਪਿ = ਜਪ ਕੇ।

ਨਰਕ ਨਿਵਾਰੈ ਦੁਖ ਹਰੈ ਤੂਟਹਿ ਅਨਿਕ ਕਲੇਸ

One is saved from hell, suffering is destroyed, countless pains depart,

(ਪਰਮਾਤਮਾ ਦਾ ਨਾਮ) ਨਰਕਾਂ ਤੋਂ ਬਚਾ ਲੈਂਦਾ ਹੈ, ਸਾਰੇ ਦੁੱਖ ਦੂਰ ਕਰ ਦੇਂਦਾ ਹੈ, (ਨਾਮ ਦੀ ਬਰਕਤਿ ਨਾਲ) ਅਨੇਕਾਂ ਹੀ ਕਲੇਸ਼ ਮਿਟ ਜਾਂਦੇ ਹਨ। ਨਿਵਾਰੈ = ਦੂਰ ਕਰਦਾ ਹੈ। ਹਰੈ = ਦੂਰ ਕਰਦਾ ਹੈ। ਤੂਟਹਿ = ਟੁੱਟ ਜਾਂਦੇ ਹਨ।

ਮੀਚੁ ਹੁਟੈ ਜਮ ਤੇ ਛੁਟੈ ਹਰਿ ਕੀਰਤਨ ਪਰਵੇਸ

death is overcome, and one escapes the Messenger of Death, by absorption in the Kirtan of the Lord's Praises.

(ਜਿਸ ਮਨੁੱਖ ਦੇ ਹਿਰਦੇ ਵਿੱਚ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਪਰਵੇਸ਼ ਰਹਿੰਦਾ ਹੈ, ਉਸ ਦੀ ਆਤਮਕ ਮੌਤ ਮਿਟ ਜਾਂਦੀ ਹੈ, ਉਹ ਜਮ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦਾ ਹੈ। ਮੀਚੁ = ਮੌਤ, ਆਤਮਕ ਮੌਤ। ਹੁਟੈ = ਮੁੱਕ ਜਾਂਦੀ ਹੈ, ਥੱਕ ਜਾਂਦੀ ਹੈ। ਤੇ = ਤੋਂ।

ਭਉ ਬਿਨਸੈ ਅੰਮ੍ਰਿਤੁ ਰਸੈ ਰੰਗਿ ਰਤੇ ਨਿਰੰਕਾਰ

Fear departs, and one savors the Ambrosial Nectar, imbued with the Love of the Formless Lord.

ਜੇ ਨਿਰੰਕਾਰ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਈਏ ਤਾਂ (ਮਨ ਵਿਚੋਂ ਹਰੇਕ ਕਿਸਮ ਦਾ) ਡਰ ਨਾਸ ਹੋ ਜਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹਿਰਦੇ ਵਿਚ) ਰਚ-ਮਿਚ ਜਾਂਦਾ ਹੈ। ਰਸੈ = ਰਸਦਾ ਹੈ, ਰਚ-ਮਿਚ ਜਾਂਦਾ ਹੈ। ਰੰਗਿ = ਰੰਗ ਵਿਚ।

ਦੁਖ ਦਾਰਿਦ ਅਪਵਿਤ੍ਰਤਾ ਨਾਸਹਿ ਨਾਮ ਅਧਾਰ

Pain, poverty and impurity are removed, with the Support of the Naam, the Name of the Lord.

ਪਰਮਾਤਮਾ ਦੇ ਨਾਮ ਦੇ ਆਸਰੇ ਦੁੱਖ ਗਰੀਬੀ ਤੇ ਵਿਕਾਰਾਂ ਤੋਂ ਪੈਦਾ ਹੋਈ ਮਲੀਨਤਾ-ਇਹ ਸਭੇ ਨਾਸ ਹੋ ਜਾਂਦੇ ਹਨ। ਦਾਰਿਦ = ਦਾਰਿਦ੍ਰ, ਗਰੀਬੀ। ਅਧਾਰ = ਆਸਰੇ।

ਸੁਰਿ ਨਰ ਮੁਨਿ ਜਨ ਖੋਜਤੇ ਸੁਖ ਸਾਗਰ ਗੋਪਾਲ

The angels, the seers and the silent sages search for the Ocean of peace, the Sustainer of the world.

ਦੈਵੀ ਗੁਣਾਂ ਵਾਲੇ ਮਨੁੱਖ ਤੇ ਰਿਸ਼ੀ ਲੋਕ ਜਿਸ ਸੁਖਾਂ-ਦੇ-ਸਮੁੰਦਰ ਸ੍ਰਿਸ਼ਟੀ-ਦੇ-ਪਾਲਣਹਾਰ ਪ੍ਰਭੂ ਦੀ ਢੂੰਢ-ਭਾਲ ਕਰਦੇ ਹਨ, ਸੁਰਿ ਨਰ = ਦੈਵੀ ਗੁਣਾਂ ਵਾਲੇ ਮਨੁੱਖ।

ਮਨੁ ਨਿਰਮਲੁ ਮੁਖੁ ਊਜਲਾ ਹੋਇ ਨਾਨਕ ਸਾਧ ਰਵਾਲ ॥੪॥

The mind becomes pure, and one's face is radiant, O Nanak, when one becomes the dust of the feet of the Holy. ||4||

ਹੇ ਨਾਨਕ! ਉਹ ਗੁਰੂ ਦੀ ਚਰਨ-ਧੂੜ ਪ੍ਰਾਪਤ ਕੀਤਿਆਂ ਮਿਲ ਪੈਂਦਾ ਹੈ (ਤੇ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ ਉਸ ਦਾ) ਮਨ ਪਵਿਤ੍ਰ ਹੋ ਜਾਂਦਾ ਹੈ (ਲੋਕ ਪਰਲੋਕ ਵਿਚ ਉਸ ਦਾ) ਮੂੰਹ ਰੌਸ਼ਨ ਹੁੰਦਾ ਹੈ ॥੪॥ ਊਜਲਾ = ਰੌਸ਼ਨ। ਰਵਾਲ = ਚਰਨਾਂ ਦੀ ਧੂੜ ॥੪॥