ਆਸਾ ਮਹਲਾ ੫ ॥
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
ਕੋਇ ਨ ਕਿਸ ਹੀ ਸੰਗਿ ਕਾਹੇ ਗਰਬੀਐ ॥
No one is anyone's companion; why take any pride in others?
(ਹੇ ਮੇਰੀ ਜਿੰਦੇ!) ਕੋਈ ਮਨੁੱਖ ਸਦਾ ਕਿਸੇ ਦੇ ਨਾਲ ਨਹੀਂ ਨਿਭਦਾ (ਇਸ ਵਾਸਤੇ ਸੰਬੰਧੀ ਆਦਿਕਾਂ ਦਾ) ਕੋਈ ਮਾਣ ਨਹੀਂ ਕਰਨਾ ਚਾਹੀਦਾ। ਕਿਸ ਹੀ ਸੰਗਿ = ਕਿਸੇ ਦੇ ਭੀ ਨਾਲ। ਗਰਬੀਐ = ਮਾਣ ਕਰੀਏ।
ਏਕੁ ਨਾਮੁ ਆਧਾਰੁ ਭਉਜਲੁ ਤਰਬੀਐ ॥੧॥
With the Support of the One Name, this terrible world-ocean is crossed over. ||1||
ਸਿਰਫ਼ ਪਰਮਾਤਮਾ ਦਾ ਨਾਮ ਹੀ (ਅਸਲ) ਆਸਰਾ ਹੈ (ਨਾਮ ਦੇ ਆਸਰੇ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ॥੧॥ ਆਧਾਰੁ = ਆਸਰਾ। ਭਉਜਲੁ = ਸੰਸਾਰ-ਸਮੁੰਦਰ। ਤਰਬੀਐ = ਤਰ ਸਕੀਦਾ ਹੈ ॥੧॥
ਮੈ ਗਰੀਬ ਸਚੁ ਟੇਕ ਤੂੰ ਮੇਰੇ ਸਤਿਗੁਰ ਪੂਰੇ ॥
You are the True Support of me, the poor mortal, O my Perfect True Guru.
ਹੇ ਮੇਰੇ ਪੂਰੇ ਸਤਿਗੁਰੂ (ਪ੍ਰਭੂ)! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਮੈਂ ਗਰੀਬ ਦਾ ਤੂੰ ਹੀ ਸਹਾਰਾ ਹੈਂ। ਸਚੁ = ਸਦਾ ਕਾਇਮ ਰਹਿਣ ਵਾਲਾ। ਟੇਕ = ਆਸਰਾ। ਸਤਿਗੁਰ = ਹੇ ਸਤਿਗੁਰੂ!
ਦੇਖਿ ਤੁਮੑਾਰਾ ਦਰਸਨੋ ਮੇਰਾ ਮਨੁ ਧੀਰੇ ॥੧॥ ਰਹਾਉ ॥
Gazing upon the Blessed Vision of Your Darshan, my mind is encouraged. ||1||Pause||
ਤੇਰਾ ਦਰਸਨ ਕਰ ਕੇ ਮੇਰਾ ਮਨ (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਣ ਲਈ) ਧੀਰਜ ਫੜਦਾ ਹੈ ॥੧॥ ਰਹਾਉ ॥ ਦੇਖਿ = ਵੇਖ ਕੇ। ਧੀਰੇ = ਧੀਰਜ ਫੜਦਾ ਹੈ ॥੧॥ ਰਹਾਉ ॥
ਰਾਜੁ ਮਾਲੁ ਜੰਜਾਲੁ ਕਾਜਿ ਨ ਕਿਤੈ ਗਨੋੁ ॥
Royal powers, wealth, and worldly involvements are of no use at all.
(ਹੇ ਜਿੰਦੇ!) ਦੁਨੀਆ ਦੀ ਪਾਤਿਸ਼ਾਹੀ ਤੇ ਧਨ-ਪਦਾਰਥ ਮਨ ਨੂੰ ਮੋਹੀ ਰੱਖਦੇ ਹਨ, (ਇਸ ਰਾਜ-ਮਾਲ ਨੂੰ ਆਖ਼ਰ) ਕਿਸੇ ਕੰਮ ਆਉਂਦਾ ਨਾਹ ਸਮਝ। ਜੰਜਾਲੁ = ਮੋਹ ਵਿਚ ਫਸਾਣ ਵਾਲਾ। ਕਾਜਿ ਕਿਤੈ = ਕਿਸੇ ਭੀ ਕੰਮ। ਗਨ = {ਅਸਲ ਲਫ਼ਜ਼ ਹੈ 'ਗਨੁ', ਇਥੇ ਪੜ੍ਹਨਾ ਹੈ 'ਗਨੋ'} ਗਿਣ, ਮਿਥ।
ਹਰਿ ਕੀਰਤਨੁ ਆਧਾਰੁ ਨਿਹਚਲੁ ਏਹੁ ਧਨੋੁ ॥੨॥
The Kirtan of the Lord's Praise is my Support; this wealth is everlasting. ||2||
ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਜਿੰਦ ਦਾ ਅਸਲੀ ਆਸਰਾ ਹੈ, ਇਹੀ ਸਦਾ ਕਾਇਮ ਰਹਿਣ ਵਾਲਾ ਧਨ ਹੈ ॥੨॥ ਆਧਾਰੁ = ਆਸਰਾ। ਧਨ = {ਅਸਲ ਲਫ਼ਜ਼ ਹੈ 'ਧਨੁ', ਇਥੇ 'ਧਨੋ' ਪੜ੍ਹਨਾ ਹੈ} ॥੨॥
ਜੇਤੇ ਮਾਇਆ ਰੰਗ ਤੇਤ ਪਛਾਵਿਆ ॥
As many as are the pleasures of Maya, so many are the shadows they leave.
(ਹੇ ਜਿੰਦੇ!) ਮਾਇਆ ਦੇ ਜਿਤਨੇ ਭੀ ਰੰਗ-ਤਮਾਸ਼ੇ ਹਨ ਉਹ ਸਾਰੇ ਪਰਛਾਵੇਂ ਵਾਂਗ ਢਲ ਜਾਣ ਵਾਲੇ ਹਨ। ਰੰਗ = ਤਮਾਸ਼ੇ। ਤੇਤੇ = ਉਹ ਸਾਰੇ। ਪਛਾਵਿਆ = ਪਰਛਾਵੇਂ (ਵਾਂਗ ਢਲ ਜਾਣ ਵਾਲੇ)।
ਸੁਖ ਕਾ ਨਾਮੁ ਨਿਧਾਨੁ ਗੁਰਮੁਖਿ ਗਾਵਿਆ ॥੩॥
The Gurmukhs sing of the Naam, the treasure of peace. ||3||
ਪਰਮਾਤਮਾ ਦਾ ਨਾਮ ਹੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, ਇਹ ਨਾਮ ਗੁਰੂ ਦੀ ਸਰਨ ਪੈ ਕੇ ਹੀ ਸਲਾਹਿਆ ਜਾ ਸਕਦਾ ਹੈ ॥੩॥ ਸੁਖ ਕਾ ਨਿਧਾਨੁ = ਸੁਖਾਂ ਦਾ ਖ਼ਜ਼ਾਨਾ ॥੩॥
ਸਚਾ ਗੁਣੀ ਨਿਧਾਨੁ ਤੂੰ ਪ੍ਰਭ ਗਹਿਰ ਗੰਭੀਰੇ ॥
You are the True Lord, the treasure of excellence; O God, You are deep and unfathomable.
ਹੇ ਪ੍ਰਭੂ! ਤੂੰ ਡੂੰਘਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ। ਗਹਿਰ = ਡੂੰਘਾ। ਗੰਭੀਰ = ਵੱਡੇ ਜਿਗਰੇ ਵਾਲਾ।
ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ ॥੪॥੯॥੧੧੧॥
The Lord Master is the hope and support of Nanak's mind. ||4||9||111||
ਹੇ ਨਾਨਕ ਦੀ ਜਿੰਦੇ! ਇਸ ਖਸਮ-ਪ੍ਰਭੂ ਦੀ ਹੀ (ਤੋੜ ਨਿਭਣ ਵਾਲੇ ਸਾਥ ਦੀ) ਆਸ ਰੱਖ, ਖਸਮ-ਪ੍ਰਭੂ ਦਾ ਹੀ ਭਰੋਸਾ ਰੱਖ ॥੪॥੯॥੧੧੧॥ ਜੀਅ ਰੇ = ਹੇ ਜਿੰਦੇ! ॥੪॥੯॥੧੧੧॥