ਆਸਾ ਮਹਲਾ ੫ ॥
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
ਕਿਆ ਸੋਵਹਿ ਨਾਮੁ ਵਿਸਾਰਿ ਗਾਫਲ ਗਹਿਲਿਆ ॥
Why are you sleeping, and forgetting the Name, O careless and foolish mortal?
ਹੇ ਗ਼ਾਫ਼ਲ ਮਨ! ਹੇ ਬੇ-ਪਰਵਾਹ ਮਨ! ਪਰਮਾਤਮਾ ਦਾ ਨਾਮ ਭੁਲਾ ਕੇ ਕਿਉਂ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੌਂ ਰਿਹਾ ਹੈਂ? ਕਿਆ ਸੋਵਹਿ = ਤੂੰ ਕਿਉਂ ਸੌਂ ਰਿਹਾ ਹੈਂ? ਵਿਸਾਰਿ = ਭੁਲਾ ਕੇ। ਗਾਫਲ = ਹੇ ਗ਼ਾਫ਼ਲ! ਗਹਿਲਿਆ = ਹੇ ਗਹਿਲੇ! ਹੇ ਬੇ-ਪਰਵਾਹ!
ਕਿਤੀਂ︀ ਇਤੁ ਦਰੀਆਇ ਵੰਞਨੑਿ ਵਹਦਿਆ ॥੧॥
So many have been washed away and carried off by this river of life. ||1||
(ਵੇਖ, ਨਾਮ ਵਿਸਾਰ ਕੇ) ਅਨੇਕਾਂ ਹੀ ਜੀਵ ਇਸ (ਸੰਸਾਰ-) ਨਦੀ ਵਿਚ ਰੁੜ੍ਹਦੇ ਜਾ ਰਹੇ ਹਨ ॥੧॥ ਕਿਤੀ = ਕਿਤਨੇ ਹੀ, ਅਨੇਕਾਂ ਜੀਵ। ਇਤੁ = ਇਸ ਵਿਚ। ਦਰੀਆਇ = (ਸੰਸਾਰ)-ਦਰਿਆ ਵਿਚ। ਵੰਞਨ੍ਹ੍ਹਿ = ਜਾ ਰਹੇ ਹਨ। ਵਹਦਿਆ = ਰੁੜ੍ਹਦੇ ॥੧॥
ਬੋਹਿਥੜਾ ਹਰਿ ਚਰਣ ਮਨ ਚੜਿ ਲੰਘੀਐ ॥
O mortal, get aboard the boat of the Lord's Lotus Feet, and cross over.
ਹੇ (ਮੇਰੇ) ਮਨ! ਪਰਮਾਤਮਾ ਦੇ ਚਰਨ ਇਕ ਸੋਹਣਾ ਜਿਹਾ ਜਹਾਜ਼ ਹਨ; (ਇਸ ਜਹਾਜ਼ ਵਿਚ) ਚੜ੍ਹ ਕੇ (ਸੰਸਾਰ-ਸਮੁੰਦਰ ਤੋਂ ਪਾਰ) ਲੰਘ ਜਾਈਦਾ ਹੈ। ਬੋਹਿਥੜਾ = ਸੋਹਣਾ ਜਹਾਜ਼। ਮਨ = ਹੇ ਮਨ! ਚੜਿ = ਚੜ੍ਹ ਕੇ।
ਆਠ ਪਹਰ ਗੁਣ ਗਾਇ ਸਾਧੂ ਸੰਗੀਐ ॥੧॥ ਰਹਾਉ ॥
Twenty-four hours a day, sing the Glorious Praises of the Lord, in the Saadh Sangat, the Company of the Holy. ||1||Pause||
(ਇਸ ਵਾਸਤੇ, ਹੇ ਮਨ!) ਗੁਰੂ ਦੀ ਸੰਗਤਿ ਵਿਚ ਰਹਿ ਕੇ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਿਹਾ ਕਰ ॥੧॥ ਰਹਾਉ ॥ ਸਾਧੂ ਸੰਗੀਐ = ਗੁਰੂ ਦੀ ਸੰਗਤਿ ਵਿਚ ॥੧॥ ਰਹਾਉ ॥
ਭੋਗਹਿ ਭੋਗ ਅਨੇਕ ਵਿਣੁ ਨਾਵੈ ਸੁੰਞਿਆ ॥
You may enjoy various pleasures, but they are useless without the Name.
(ਹੇ ਮਨ! ਮੋਹ ਦੀ ਨੀਂਦ ਵਿਚ ਸੁੱਤੇ ਹੋਏ ਜੀਵ ਦੁਨੀਆ ਦੇ) ਅਨੇਕਾਂ ਭੋਗ ਭੋਗਦੇ ਰਹਿੰਦੇ ਹਨ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਜੀਵਨ ਵਲੋਂ ਖ਼ਾਲੀ ਰਹਿ ਜਾਂਦੇ ਹਨ। ਭੋਗਹਿ = (ਜੀਵ) ਭੋਗਦੇ ਹਨ। ਸੁੰਞਿਆ = ਸੁੰਞੇ, ਆਤਮਕ ਜੀਵਨ ਤੋਂ ਖ਼ਾਲੀ।
ਹਰਿ ਕੀ ਭਗਤਿ ਬਿਨਾ ਮਰਿ ਮਰਿ ਰੁੰਨਿਆ ॥੨॥
Without devotion to the Lord, you shall die in sorrow, again and again. ||2||
ਪਰਮਾਤਮਾ ਦੀ ਭਗਤੀ ਤੋਂ ਬਿਨਾ (ਅਜੇਹੇ ਜੀਵ) ਸਦਾ ਆਤਮਕ ਮੌਤ ਸਹੇੜ ਸਹੇੜ ਕੇ ਦੁੱਖੀ ਹੁੰਦੇ ਰਹਿੰਦੇ ਹਨ ॥੨॥ ਮਰਿ ਮਰਿ = ਆਤਮਕ-ਮੌਤ ਸਹੇੜ ਕੇ। ਰੁੰਨਿਆ = ਦੁਖੀ ਹੁੰਦੇ ਹਨ ॥੨॥
ਕਪੜ ਭੋਗ ਸੁਗੰਧ ਤਨਿ ਮਰਦਨ ਮਾਲਣਾ ॥
You may dress and eat and apply scented oils to your body,
(ਹੇ ਮਨ!) ਵੇਖ, ਜੀਵ (ਸੋਹਣੇ ਸੋਹਣੇ) ਕੱਪੜੇ ਪਹਿਨਦੇ ਹਨ, ਸੁਆਦਲੇ ਪਦਾਰਥ ਖਾਂਦੇ ਹਨ, ਸਰੀਰ ਉਤੇ ਸੁਗੰਧੀ ਵਾਲੇ ਵਟਣੇ ਆਦਿਕ ਮਲਦੇ ਹਨ, ਤਨਿ = ਸਰੀਰ ਉਤੇ। ਮਰਦਨ = ਵਟਣਾ ਆਦਿਕ। ਮਾਲਣਾ = ਮਲਦੇ ਹਨ।
ਬਿਨੁ ਸਿਮਰਨ ਤਨੁ ਛਾਰੁ ਸਰਪਰ ਚਾਲਣਾ ॥੩॥
but without the meditative remembrance of the Lord, your body shall surely turn to dust, and you shall have to depart. ||3||
ਪਰ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਉਹਨਾਂ ਦਾ ਇਹ ਸਰੀਰ ਸੁਆਹ (ਸਮਾਨ ਹੀ ਰਹਿੰਦਾ) ਹੈ, ਇਸ ਸਰੀਰ ਨੇ ਤਾਂ ਆਖ਼ਰ ਜ਼ਰੂਰ ਨਾਸ ਹੋ ਜਾਣਾ ਹੈ ॥੩॥ ਛਾਰੁ = ਸੁਆਹ, ਮਿੱਟੀ। ਸਰਪਰ = ਜ਼ਰੂਰ ॥੩॥
ਮਹਾ ਬਿਖਮੁ ਸੰਸਾਰੁ ਵਿਰਲੈ ਪੇਖਿਆ ॥
How very treacherous is this world-ocean; how very few realize this!
ਕਿਸੇ ਵਿਰਲੇ (ਭਾਗਾਂ ਵਾਲੇ) ਨੇ ਵੇਖਿਆ ਹੈ ਕਿ ਇਹ ਸੰਸਾਰ-(ਸਮੁੰਦਰ) ਬੜਾ ਭਿਆਨਕ ਹੈ। ਬਿਖਮੁ = ਬਿਖੜਾ, ਔਖਾ। ਵਿਰਲੇ = ਕਿਸੇ ਵਿਰਲੇ ਮਨੁੱਖ ਨੇ।
ਛੂਟਨੁ ਹਰਿ ਕੀ ਸਰਣਿ ਲੇਖੁ ਨਾਨਕ ਲੇਖਿਆ ॥੪॥੮॥੧੧੦॥
Salvation rests in the Lord's Sanctuary; O Nanak, this is your pre-ordained destiny. ||4||8||110||
ਹੇ ਨਾਨਕ! (ਆਖ-) ਪਰਮਾਤਮਾ ਦੀ ਸਰਨ ਪਿਆਂ ਹੀ ਇਸ ਵਿਚੋਂ ਬਚਾਉ ਹੁੰਦਾ ਹੈ। (ਓਹੀ ਬਚਦਾ ਹੈ ਜਿਸ ਦੇ ਮੱਥੇ ਉੱਤੇ ਪ੍ਰਭੂ-ਨਾਮ ਦੇ ਸਿਮਰਨ ਦਾ) ਲੇਖ ਲਿਖਿਆ ਹੋਇਆ ਹੈ ॥੪॥੮॥੧੧੦॥ ਛੂਟਨੁ = (ਇਸ ਬਿਖਮ ਸੰਸਾਰ ਤੋਂ) ਖ਼ਲਾਸੀ ॥੪॥੮॥੧੧੦॥