ਗਉੜੀ ਮਾਝ ਮਹਲਾ ੪ ॥
Gauree Maajh, Fourth Mehl:
ਗਊੜੀ ਮਾਝ ਪਾਤਸ਼ਾਹੀ ਚੋਥੀ।
ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰਿ ਰੰਗਿ ਰਤਾ ਮਨ ਮਾਹੀ ਜੀਉ ॥
From within my mind, from within my mind, O my Lord of the Universe, I am imbued with the Love of the Lord, from within my mind.
ਹੇ ਮੇਰੇ ਗੋਵਿੰਦ! (ਜਿਸ ਉਤੇ ਤੇਰੀ ਮਿਹਰ ਹੁੰਦੀ ਹੈ, ਉਹ ਮਨੁੱਖ ਆਪਣੇ) ਮਨ ਵਿਚ ਹੀ, ਮਨ ਵਿਚ ਹੀ, ਮਨ ਵਿਚ ਹੀ, ਹਰਿ-ਨਾਮ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ। ਮਾਹੀ = ਵਿਚ, ਮਾਹਿ। ਹਰਿ ਰੰਗਿ = ਹਰੀ ਦੇ ਨਾਮ-ਰੰਗ ਵਿਚ।
ਹਰਿ ਰੰਗੁ ਨਾਲਿ ਨ ਲਖੀਐ ਮੇਰੇ ਗੋਵਿਦਾ ਗੁਰੁ ਪੂਰਾ ਅਲਖੁ ਲਖਾਹੀ ਜੀਉ ॥
The Lord's Love is with me, but it cannot be seen, O my Lord of the Universe; the Perfect Guru has led me to see the unseen.
ਹੇ ਮੇਰੇ ਗੋਵਿੰਦ! ਹਰਿ-ਨਾਮ ਦਾ ਆਨੰਦ ਹਰੇਕ ਜੀਵ ਦੇ ਨਾਲ (ਉਸ ਦੇ ਅੰਦਰ ਮੌਜੂਦ) ਹੈ, ਪਰ ਇਹ ਆਨੰਦ (ਹਰੇਕ ਜੀਵ ਪਾਸੋਂ) ਮਾਣਿਆ ਨਹੀਂ ਜਾ ਸਕਦਾ। ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਉਸ ਅਦ੍ਰਿਸ਼ਟ ਪਰਮਾਤਮਾ ਨੂੰ ਲੱਭ ਲੈਂਦੇ ਹਨ। ਹਰਿ ਰੰਗੁ = ਹਰੀ ਦਾ ਨਾਮ-ਰੰਗ। ਨਾਲਿ = {ਨੋਟ: ਲਫ਼ਜ਼ 'ਨਾਲਿ' ਦਾ ਸੰਬੰਧ ਲਫ਼ਜ਼ 'ਰੰਗ' ਦੇ ਨਾਲ ਨਹੀਂ ਹੈ) (ਹਰੇਕ ਜੀਵ ਦੇ) ਨਾਲ (ਹੈ)। ਨ ਲਖੀਐ = ਸਮਝਿਆ ਨਹੀਂ ਜਾ ਸਕਦਾ। ਅਲਖੁ = ਅਦ੍ਰਿਸ਼ਟ ਪ੍ਰਭੂ। ਲਖਾਹੀ = ਲਖਾਹਿ, ਲਖਦੇ ਹਨ, ਵੇਖਦੇ ਹਨ।
ਹਰਿ ਹਰਿ ਨਾਮੁ ਪਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁਖ ਲਹਿ ਜਾਹੀ ਜੀਉ ॥
He has revealed the Name of the Lord, Har, Har, O my Lord of the Universe; all poverty and pain have departed.
ਹੇ ਮੇਰੇ ਗੋਵਿੰਦ! ਜਿਨ੍ਹਾਂ ਦੇ ਅੰਦਰ ਤੂੰ ਹਰਿ-ਨਾਮ ਦਾ ਪਰਕਾਸ਼ ਕਰਦਾ ਹੈਂ, ਉਹਨਾਂ ਦੇ ਸਾਰੇ ਦੁੱਖ ਦਲਿੱਦਰ ਦੂਰ ਹੋ ਜਾਂਦੇ ਹਨ। ਦਾਲਦ = ਦਲਿਦ੍ਰ, ਗਰੀਬੀ। ਜਾਹੀ = ਜਾਹਿ।
ਹਰਿ ਪਦੁ ਊਤਮੁ ਪਾਇਆ ਮੇਰੇ ਗੋਵਿੰਦਾ ਵਡਭਾਗੀ ਨਾਮਿ ਸਮਾਹੀ ਜੀਉ ॥੧॥
I have obtained the supreme status of the Lord, O my Lord of the Universe; by great good fortune, I am absorbed in the Naam. ||1||
ਹੇ ਮੇਰੇ ਗੋਵਿੰਦ! ਜਿਨ੍ਹਾਂ ਮਨੁੱਖਾਂ ਨੂੰ ਹਰਿ-ਮਿਲਾਪ ਦੀ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਹ ਵਡ-ਭਾਗੀ ਮਨੁੱਖ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ॥੧॥ ਹਰਿ ਪਦੁ = ਪ੍ਰਭੂ ਦੇ ਮਿਲਾਪ ਦੀ ਅਵਸਥਾ। ਨਾਮਿ = ਨਾਮ ਵਿਚ ॥੧॥
ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿਦਾ ਕਿਨੈ ਹਰਿ ਪ੍ਰਭੁ ਡਿਠੜਾ ਨੈਣੀ ਜੀਉ ॥
With his eyes, O my Beloved, with his eyes, O my Lord of the Universe - has anyone ever seen the Lord God with his eyes?
ਹੇ ਮੇਰੇ ਪਿਆਰੇ ਗੋਵਿੰਦ! ਤੈਨੂੰ ਹਰਿ-ਪ੍ਰਭੂ ਨੂੰ ਕਿਸੇ ਵਿਰਲੇ (ਵਡ-ਭਾਗੀ ਨੇ ਆਪਣੀਆਂ) ਅੱਖਾਂ ਨਾਲ ਵੇਖਿਆ ਹੈ। ਨੈਣੀ = ਅੱਖਾਂ ਨਾਲ। ਕਿਨੈ = ਕਿਸੇ ਵਿਰਲੇ ਨੇ।
ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਮੇਰੇ ਗੋਵਿੰਦਾ ਹਰਿ ਬਾਝਹੁ ਧਨ ਕੁਮਲੈਣੀ ਜੀਉ ॥
My mind and body are sad and depressed, O my Lord of the Universe; without her Husband Lord, the soul-bride is withering away.
ਹੇ ਮੇਰੇ ਗੋਵਿੰਦ! (ਤੇਰੇ ਵਿਛੋੜੇ ਵਿਚ) ਮੇਰਾ ਮਨ ਮੇਰਾ ਹਿਰਦਾ ਬਹੁਤ ਵੈਰਾਗਵਾਨ ਹੋ ਰਿਹਾ ਹੈ। ਹੇ ਹਰੀ! ਤੈਥੋਂ ਬਿਨਾ ਮੈਂ ਜੀਵ-ਇਸਤ੍ਰੀ ਕੁਮਲਾਈ ਪਈ ਹਾਂ। ਬੈਰਾਗਿਆ = ਵੈਰਾਗਵਾਨ ਹੈ। ਧਨ = ਜੀਵ-ਇਸਤ੍ਰੀ। ਕੁਮਲੈਣੀ = ਮੁਰਝਾਈ ਹੋਈ।
ਸੰਤ ਜਨਾ ਮਿਲਿ ਪਾਇਆ ਮੇਰੇ ਗੋਵਿਦਾ ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥
Meeting the Saints, O my Lord of the Universe, I have found my Lord God, my Companion, my Best Friend.
ਹੇ ਮੇਰੇ ਗੋਵਿੰਦ! ਮੇਰਾ ਹਰਿ-ਪ੍ਰਭੂ ਮੇਰਾ (ਅਸਲੀ) ਸੱਜਣ ਮਿੱਤਰ (ਜਿਨ੍ਹਾਂ ਨੇ ਭੀ ਲੱਭਾ ਹੈ) ਸੰਤ ਜਨਾਂ ਨੂੰ ਮਿਲ ਕੇ (ਹੀ) ਲੱਭਾ ਹੈ। ਮਿਲਿ = ਮਿਲ ਕੇ। ਸੈਣੀ = ਸੈਣ, ਮਿੱਤਰ।
ਹਰਿ ਆਇ ਮਿਲਿਆ ਜਗਜੀਵਨੁ ਮੇਰੇ ਗੋਵਿੰਦਾ ਮੈ ਸੁਖਿ ਵਿਹਾਣੀ ਰੈਣੀ ਜੀਉ ॥੨॥
The Lord, the Life of the World, has come to meet me, O my Lord of the Universe. The night of my life now passes in peace. ||2||
ਹੇ ਮੇਰੇ ਗੋਵਿੰਦ! (ਸੰਤ ਜਨਾਂ ਦੀ ਮਿਹਰ ਨਾਲ ਹੀ) ਮੈਨੂੰ (ਭੀ) ਉਹ ਹਰੀ ਆ ਮਿਲਿਆ ਹੈ ਜੋ ਸਾਰੇ ਜਗਤ ਦੇ ਜੀਵਨ ਦਾ ਆਸਰਾ ਹੈ, ਹੁਣ ਮੇਰੀ (ਜ਼ਿੰਦਗੀ-ਰੂਪ) ਰਾਤ ਆਨੰਦ ਵਿਚ ਬੀਤ ਰਹੀ ਹੈ ॥੨॥ ਜਗਜੀਵਨੁ = ਜਗਤ ਦਾ ਜੀਵਨ, ਜਗਤ ਦੇ ਜੀਵਨ ਦਾ ਆਸਰਾ। ਸੁਖਿ = ਸੁਖ ਵਿਚ। ਰੈਣੀ = (ਜ਼ਿੰਦਗੀ ਦੀ) ਰਾਤ ॥੨॥
ਮੈ ਮੇਲਹੁ ਸੰਤ ਮੇਰਾ ਹਰਿ ਪ੍ਰਭੁ ਸਜਣੁ ਮੈ ਮਨਿ ਤਨਿ ਭੁਖ ਲਗਾਈਆ ਜੀਉ ॥
O Saints, unite me with my Lord God, my Best Friend; my mind and body are hungry for Him.
ਹੇ ਸੰਤ ਜਨੋ! ਮੈਨੂੰ ਮੇਰਾ ਸੱਜਣ ਹਰਿ-ਪ੍ਰਭੂ ਮਿਲਾ ਦਿਉ। ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਉਸਦੇ ਮਿਲਣ ਦੀ ਤਾਂਘ ਪੈਦਾ ਹੋ ਰਹੀ ਹੈ। ਮੈ = ਮੈਨੂੰ। ਸੰਤ = ਹੇ ਸੰਤ ਜਨੋ! ਮੈ ਮਨਿ ਤਨਿ = ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ। ਭੁਖ = (ਮਿਲਣ ਦੀ) ਤਾਂਘ।
ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ ਮੈ ਅੰਤਰਿ ਬਿਰਹੁ ਹਰਿ ਲਾਈਆ ਜੀਉ ॥
I cannot survive without seeing my Beloved; deep within, I feel the pain of separation from the Lord.
ਮੈਂ ਆਪਣੇ ਪ੍ਰੀਤਮ ਨੂੰ ਵੇਖਣ ਤੋਂ ਬਿਨਾ ਧੀਰਜ ਨਹੀਂ ਫੜ ਸਕਦਾ, ਮੇਰੇ ਅੰਦਰ ਉਸ ਦੇ ਵਿਛੋੜੇ ਦਾ ਦਰਦ ਉੱਠ ਰਿਹਾ ਹੈ। ਹਉ = ਮੈਂ। ਬਿਰਹੁ = ਵਿਛੋੜੇ ਦਾ ਦਰਦ।
ਹਰਿ ਰਾਇਆ ਮੇਰਾ ਸਜਣੁ ਪਿਆਰਾ ਗੁਰੁ ਮੇਲੇ ਮੇਰਾ ਮਨੁ ਜੀਵਾਈਆ ਜੀਉ ॥
The Sovereign Lord King is my Beloved, my Best Friend. Through the Guru, I have met Him, and my mind has been rejuvenated.
ਪਰਮਾਤਮਾ ਹੀ ਮੇਰਾ ਰਾਜਾ ਹੈ ਮੇਰਾ ਪਿਆਰਾ ਸੱਜਣ ਹੈ, ਜਦੋਂ (ਉਸ ਨਾਲ) ਗੁਰੂ (ਮੈਨੂੰ) ਮਿਲਾ ਦੇਂਦਾ ਹੈ ਤਾਂ ਮੇਰਾ ਮਨ ਜੀਊ ਪੈਂਦਾ ਹੈ। ਮਨੁ ਜੀਵਾਈਆ = ਮਨ ਆਤਮਕ ਜੀਵਨ ਲੱਭ ਲੈਂਦਾ ਹੈ।
ਮੇਰੈ ਮਨਿ ਤਨਿ ਆਸਾ ਪੂਰੀਆ ਮੇਰੇ ਗੋਵਿੰਦਾ ਹਰਿ ਮਿਲਿਆ ਮਨਿ ਵਾਧਾਈਆ ਜੀਉ ॥੩॥
The hopes of my mind and body have been fulfilled, O my Lord of the Universe; meeting the Lord, my mind vibrates with joy. ||3||
ਹੇ ਮੇਰੇ ਗੋਵਿੰਦ! ਜਦੋਂ ਤੂੰ ਹਰੀ ਮੈਨੂੰ ਮਿਲ ਪੈਂਦਾ ਹੈ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ (ਚਿਰਾਂ ਤੋਂ ਟਿਕੀ) ਆਸ ਪੂਰੀ ਹੋ ਜਾਂਦੀ ਹੈ, ਤਾਂ ਮੇਰੇ ਮਨ ਵਿਚ ਚੜ੍ਹਦੀ ਕਲਾ ਪੈਦਾ ਹੋ ਜਾਂਦੀ ਹੈ ॥੩॥ ਵਾਧਾਈਆ = ਚੜ੍ਹਦੀ ਕਲਾ ॥੩॥
ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਉ ਤੁਧੁ ਵਿਟੜਿਅਹੁ ਸਦ ਵਾਰੀ ਜੀਉ ॥
A sacrifice, O my Lord of the Universe, a sacrifice, O my Beloved; I am forever a sacrifice to You.
ਹੇ ਮੇਰੇ ਗੋਵਿੰਦ! ਹੇ ਮੇਰੇ ਪਿਆਰੇ! ਮੈਂ ਸਦਕੇ, ਮੈਂ ਤੈਥੋਂ ਸਦਾ ਸਦਕੇ। ਵਾਰੀ = ਸਦਕੇ, ਕੁਰਬਾਨ। ਹਉ = ਮੈਂ। ਵਿਟੜਿਅਹੁ = ਤੋਂ। ਸਦ = ਸਦਾ।
ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਮੇਰੇ ਗੋਵਿਦਾ ਹਰਿ ਪੂੰਜੀ ਰਾਖੁ ਹਮਾਰੀ ਜੀਉ ॥
My mind and body are filled with love for my Husband Lord; O my Lord of the Universe, please preserve my assets.
ਹੇ ਮੇਰੇ ਗੋਵਿੰਦ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਤੈਂ ਪਿਆਰੇ ਦਾ ਪ੍ਰੇਮ ਜਾਗ ਉਠਿਆ ਹੈ (ਮੈਂ ਤੇਰੀ ਸਰਨ ਆਇਆ ਹਾਂ) ਮੇਰੀ ਇਸ (ਪ੍ਰੇਮ ਦੀ) ਰਾਸ ਦੀ ਤੂੰ ਰਾਖੀ ਕਰ। ਪਿਰੰਮ ਕਾ = ਪਿਆਰੇ ਦਾ। ਪੂੰਜੀ = ਸਰਮਾਇਆ, ਆਤਮਕ ਗੁਣਾਂ ਦੀ ਰਾਸਿ।
ਸਤਿਗੁਰੁ ਵਿਸਟੁ ਮੇਲਿ ਮੇਰੇ ਗੋਵਿੰਦਾ ਹਰਿ ਮੇਲੇ ਕਰਿ ਰੈਬਾਰੀ ਜੀਉ ॥
Unite me with the True Guru, Your Advisor, O my Lord of the Universe; through His guidance, He shall lead me to the Lord.
ਹੇ ਮੇਰੇ ਗੋਵਿੰਦ! ਮੈਨੂੰ ਵਿਚੋਲਾ ਗੁਰੂ ਮਿਲਾ, ਜੇਹੜਾ ਮੇਰੀ (ਜੀਵਨ ਵਿਚ) ਅਗਵਾਈ ਕਰ ਕੇ ਮੈਨੂੰ ਤੈਂ ਹਰੀ ਨਾਲ ਮਿਲਾ ਦੇਵੇ। ਵਿਸਟੁ = ਵਿਚੋਲਾ। ਮੇਲਿ = ਮਿਲਾ। ਕਰਿ = ਕਰ ਕੇ। ਰੈਬਾਰੀ = ਰਾਹਬਰੀ, ਅਗਵਾਈ।
ਹਰਿ ਨਾਮੁ ਦਇਆ ਕਰਿ ਪਾਇਆ ਮੇਰੇ ਗੋਵਿੰਦਾ ਜਨ ਨਾਨਕੁ ਸਰਣਿ ਤੁਮਾਰੀ ਜੀਉ ॥੪॥੩॥੨੯॥੬੭॥
I have obtained the Lord's Name, by Your Mercy, O my Lord of the Universe; servant Nanak has entered Your Sanctuary. ||4||3||29||67||
ਹੇ ਮੇਰੇ ਗੋਵਿੰਦ! ਮੈਂ ਦਾਸ ਨਾਨਕ ਤੇਰੀ ਸਰਨ ਆਇਆ ਹਾਂ, ਤੇਰੀ ਦਇਆ ਦਾ ਸਦਕਾ ਹੀ ਮੈਨੂੰ ਤੇਰਾ ਹਰਿ-ਨਾਮ ਪ੍ਰਾਪਤ ਹੋਇਆ ਹੈ ॥੪॥੩॥੨੯॥੬੭॥ ਦਇਆ ਕਰਿ = ਦਇਆ ਦੀ ਬਰਕਤਿ ਨਾਲ ॥੪॥