ਗਉੜੀ ਮਾਝ ਮਹਲਾ ੪ ॥
Gauree Maajh, Fourth Mehl:
ਗਊੜੀ ਮਾਝ ਪਾਤਸ਼ਾਹੀ ਚੋਥੀ!
ਆਉ ਸਖੀ ਗੁਣ ਕਾਮਣ ਕਰੀਹਾ ਜੀਉ ॥
Come, O sisters - let's make virtue our charms.
ਹੇ (ਸਤਸੰਗੀ ਜੀਵ-ਇਸਤ੍ਰੀ) ਸਹੇਲੀਏ! ਆ, ਅਸੀਂ ਪ੍ਰਭੂ ਦੇ ਗੁਣਾਂ ਦੇ ਟੂਣੇ-ਜਾਦੂ ਤਿਆਰ ਕਰੀਏ (ਤੇ ਪ੍ਰਭੂ-ਪਤੀ ਨੂੰ ਵੱਸ ਕਰੀਏ), ਸਖੀ = ਹੇ ਸਹੇਲੀ! ਹੇ ਸਤਸੰਗੀ ਗੁਰਮੁਖਿ! ਕਾਮਣ = ਟੂਣੇ। ਕਰੀਹਾ = ਅਸੀਂ ਬਣਾਈਏ।
ਮਿਲਿ ਸੰਤ ਜਨਾ ਰੰਗੁ ਮਾਣਿਹ ਰਲੀਆ ਜੀਉ ॥
Let's join the Saints, and enjoy the pleasure of the Lord's Love.
ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣੀਏ। ਮਿਲਿ = ਮਿਲ ਕੇ। ਮਾਣਿਹ = ਅਸੀਂ ਮਾਣੀਏ। ਰਲੀਆ = ਆਤਮਕ ਆਨੰਦ।
ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ ॥
The lamp of the Guru's spiritual wisdom burns steadily in my mind.
(ਹੇ ਸਹੇਲੀਏ! ਆ, ਅਸੀਂ ਆਪਣੇ) ਮਨ ਵਿਚ ਗੁਰੂ ਦਾ ਦਿੱਤਾ ਗਿਆਨ-ਦੀਵਾ ਬਾਲੀਏ, ਦੀਪਕੁ = ਦੀਵਾ। ਗੁਰ ਗਿਆਨੁ = ਗੁਰੂ ਦਾ ਦਿੱਤਾ ਗਿਆਨ। ਮਨਿ = ਮਨ ਵਿਚ। ਬਲੀਆ = ਅਸੀਂ ਬਾਲੀਏ।
ਹਰਿ ਤੁਠੈ ਢੁਲਿ ਢੁਲਿ ਮਿਲੀਆ ਜੀਉ ॥੧॥
The Lord, being pleased and moved by pity, has led me to meet Him. ||1||
(ਇਸ ਤਰ੍ਹਾਂ) ਜੇ ਪ੍ਰਭੂ ਤ੍ਰੁਠ ਪਏ ਤਾਂ ਸ਼ੁਕਰ ਸ਼ੁਕਰ ਵਿਚ ਆ ਕੇ (ਉਸ ਦੇ ਚਰਨਾਂ ਵਿਚ) ਮਿਲ ਜਾਈਏ ॥੧॥ ਢੁਲਿ = ਢੁਲ ਕੇ, ਸ਼ੁਕਰ ਵਿਚ ਆ ਕੇ ॥੧॥
ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਢੋਲੇ ਜੀਉ ॥
My mind and body are filled with love for my Darling Lord.
(ਹੇ ਸਹੇਲੀਏ!) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਹਰਿ-ਮਿਤ੍ਰ ਦਾ ਪਿਆਰ ਪੈਦਾ ਹੋ ਚੁਕਾ ਹੈ। ਤਨਿ = ਤਨ ਵਿਚ। ਢੋਲਾ = ਮਿੱਤਰ।
ਮੈ ਮੇਲੇ ਮਿਤ੍ਰੁ ਸਤਿਗੁਰੁ ਵੇਚੋਲੇ ਜੀਉ ॥
The True Guru, the Divine Intermediary, has united me with my Friend.
(ਮੇਰੇ ਅੰਦਰ ਤਾਂਘ ਹੈ ਕਿ) ਵਿਚੋਲਾ ਗੁਰੂ ਮੈਨੂੰ ਉਹ ਮਿਤ੍ਰ-ਪ੍ਰਭੂ ਮਿਲਾ ਦੇਵੇ। ਮੈ = ਮੈਨੂੰ। ਮੇਲੋ = ਮਿਲਾਏ। ਵੇਚੋਲੇ = ਵਕੀਲ।
ਮਨੁ ਦੇਵਾਂ ਸੰਤਾ ਮੇਰਾ ਪ੍ਰਭੁ ਮੇਲੇ ਜੀਉ ॥
I offer my mind to the Guru, who has led me to meet my God.
(ਹੇ ਸਹੇਲੀਏ!) ਮੈਂ ਆਪਣਾ ਮਨ ਉਨ੍ਹਾਂ ਗੁਰਮੁਖਾਂ ਦੇ ਹਵਾਲੇ ਕਰ ਦਿਆਂ, ਜੇਹੜੇ ਮੈਨੂੰ ਮੇਰਾ ਪ੍ਰਭੂ ਮਿਲਾ ਦੇਣ।
ਹਰਿ ਵਿਟੜਿਅਹੁ ਸਦਾ ਘੋਲੇ ਜੀਉ ॥੨॥
I am forever a sacrifice to the Lord. ||2||
ਮੈਂ ਹਰਿ-ਪ੍ਰਭੂ ਤੋਂ ਸਦਾ ਕੁਰਬਾਨ ਸਦਾ ਕੁਰਬਾਨ ਜਾਂਦੀ ਹਾਂ ॥੨॥ ਵਿਟੜਿਅਹੁ = ਤੋਂ ॥੨॥
ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ ॥
Dwell, O my Beloved, dwell, O my Lord of the Universe; O Lord, show mercy to me and come to dwell within my mind.
ਹੇ ਮੇਰੇ ਪਿਆਰੇ ਗੋਵਿੰਦ! ਮਿਹਰ ਕਰ ਕੇ ਮੇਰੇ ਮਨ ਵਿਚ ਆ ਵੱਸ। ਕਰਿ = ਕਰ ਕੇ।
ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ ॥
I have obtained the fruits of my mind's desires, O my Lord of the Universe; I am transfixed with ecstasy, gazing upon the Perfect Guru.
ਹੇ ਮੇਰੇ ਗੋਵਿੰਦ! ਪੂਰੇ ਗੁਰੂ ਦਾ ਦਰਸਨ ਕਰ ਕੇ ਜਿਸ ਸੋਹਾਗਣ ਦੇ ਹਿਰਦੇ ਵਿਚ ਖਿੜਾਉ ਪੈਦਾ ਹੁੰਦਾ ਹੈ ਉਹ ਆਪਣੇ ਮਨ ਵਿਚ ਚਿਤਵਿਆ ਹੋਇਆ (ਪ੍ਰਭੂ-ਮਿਲਾਪ ਦਾ) ਫਲ ਪਾ ਲੈਂਦੀ ਹੈ। ਮਨਿ ਚਿੰਦਿਅੜਾ = ਮਨ ਵਿਚ ਚਿਤਵਿਆ ਹੋਇਆ। ਵੇਖਿ = ਵੇਖ ਕੇ। ਵਿਗਸੁ = ਵਿਗਾਸ, ਖ਼ੁਸ਼ੀ।
ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦੁ ਰਹਸੁ ਜੀਉ ॥
The happy soul-brides receive the Lord's Name, O my Lord of the Universe; night and day, their minds are blissful and happy.
ਹੇ ਮੇਰੇ ਗੋਵਿੰਦ! ਜਿਸ ਸੋਹਾਗਣ ਜੀਵ-ਇਸਤ੍ਰੀ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਉਸ ਦੇ ਮਨ ਵਿਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ਚਾਉ ਬਣਿਆ ਰਹਿੰਦਾ ਹੈ। ਸੋਹਾਗਣੀ = ਭਾਗਾਂ ਵਾਲੀ ਜੀਵ-ਇਸਤ੍ਰੀ ਨੂੰ। ਅਨਦਿਨੁ = ਹਰ ਰੋਜ਼। ਰਹਸੁ = ਖ਼ੁਸ਼ੀ।
ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ ॥੩॥
By great good fortune, the Lord is found, O my Lord of the Universe; earning profit continually, the mind laughs with joy. ||3||
ਹੇ ਮੇਰੇ ਗੋਵਿੰਦ! ਜਿਨ੍ਹਾਂ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਨਿੱਤ ਆਤਮਕ ਆਨੰਦ ਮਾਣਦੀਆਂ ਹਨ ॥੩॥ ਵਡਭਾਗੀਈ = ਵੱਡੇ ਭਾਗਾਂ ਵਾਲੀਆਂ ਨੇ। ਹਸੁ = ਹੱਸੁ, ਆਨੰਦ ॥੩॥
ਹਰਿ ਆਪਿ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ ॥
The Lord Himself creates, and the Lord Himself beholds; the Lord Himself assigns all to their tasks.
ਹੇ ਸਹੇਲੀਏ! ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭ ਦੀ) ਸੰਭਾਲ ਕਰਦਾ ਹੈ ਤੇ ਆਪ ਹੀ (ਸਭ ਨੂੰ) ਕਾਰ ਵਿਚ ਲਾਂਦਾ ਹੈ। ਵੇਖੈ = ਸੰਭਾਲ ਕਰਦਾ ਹੈ। ਕਾਰੈ = ਕਾਰ ਵਿਚ। ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ)।
ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ ॥
Some partake of the bounty of the Lord's favor, which never runs out, while others receive only a handful.
ਅਨੇਕਾਂ ਜੀਵ ਐਸੇ ਹਨ ਜੋ ਉਸ ਦੇ ਬਖ਼ਸ਼ੇ ਹੋਏ ਪਦਾਰਥ ਵਰਤਦੇ ਰਹਿੰਦੇ ਹਨ ਤੇ ਉਹ ਪਦਾਰਥ ਕਦੇ ਮੁੱਕਦੇ ਨਹੀਂ। ਅਨੇਕਾਂ ਜੀਵ ਐਸੇ ਹਨ ਜਿਨ੍ਹਾਂ ਨੂੰ ਉਹ ਦੇਂਦਾ ਹੀ ਥੋੜਾ ਕੁਝ ਹੈ। ਬਖਸ = ਬਖ਼ਸ਼ਸ਼। ਫਕਾ = ਫੱਕਾ, ਥੋੜਾ ਕੁ ਹੀ।
ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ ॥
Some sit upon thrones as kings, and enjoy constant pleasures, while others must beg for charity.
ਅਨੇਕਾਂ ਐਸੇ ਹਨ ਜੋ (ਉਸ ਦੀ ਮਿਹਰ ਨਾਲ) ਰਾਜੇ (ਬਣ ਕੇ) ਤਖ਼ਤ ਉੱਤੇ ਬੈਠਦੇ ਹਨ ਤੇ ਸਦਾ ਸੁਖੀ ਰਹਿੰਦੇ ਹਨ, ਅਨੇਕਾਂ ਐਸੇ ਹਨ ਜਿਨ੍ਹਾਂ ਪਾਸੋਂ (ਦਰ ਦਰ ਤੇ) ਭੀਖ ਮੰਗਾਂਦਾ ਹੈ। ਤਖਤਿ = ਤਖ਼ਤ ਉਤੇ। ਭਿਖ = ਭਿੱਛਿਆ।
ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿਦਾ ਜਨ ਨਾਨਕ ਨਾਮੁ ਧਿਆਇਆ ਜੀਉ ॥੪॥੨॥੨੮॥੬੬॥
The Word of the Shabad is pervading in everyone, O my Lord of the Universe; servant Nanak meditates on the Naam. ||4||2||28||66||
ਹੇ ਦਾਸ ਨਾਨਕ! (ਆਖ-) ਹੇ ਮੇਰੇ ਗੋਵਿੰਦ! ਹਰ ਥਾਂ ਇਕ ਤੇਰਾ ਹੀ ਹੁਕਮ ਵਰਤ ਰਿਹਾ ਹੈ, (ਜਿਸ ਉਤੇ ਤੇਰੀ ਮਿਹਰ ਹੁੰਦੀ ਹੈ ਉਹ) ਤੇਰਾ ਨਾਮ ਸਿਮਰਦਾ ਹੈ ॥੪॥੨॥੨੮॥੬੬॥ ਸਭੁ = ਹਰ ਥਾਂ। ਸਬਦੁ = ਹੁਕਮ ॥੪॥