ਰਾਮਕਲੀ ਮਹਲਾ ੫ ॥
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਕਾਰਨ ਕਰਨ ਕਰੀਮ ॥
He is the Doer, the Cause of causes, the bountiful Lord.
ਹੇ ਜਗਤ ਦੇ ਮੂਲ! ਹੇ ਬਖ਼ਸ਼ਸ਼ ਕਰਨ ਵਾਲੇ! ਕਾਰਨ = ਸਬੱਬ, ਮੂਲ। ਕਰਨ = ਕੀਤਾ ਹੋਇਆ ਜਗਤ। ਕਾਰਨ ਕਰਨ = ਜਗਤ ਦਾ ਪੈਦਾ ਕਰਨ ਵਾਲਾ। ਕਰਮੁ = ਬਖ਼ਸ਼ਸ਼। ਕਰੀਮ = ਬਖ਼ਸ਼ਸ਼ ਕਰਨ ਵਾਲਾ।
ਸਰਬ ਪ੍ਰਤਿਪਾਲ ਰਹੀਮ ॥
The merciful Lord cherishes all.
ਹੇ ਸਭ ਜੀਵਾਂ ਨੂੰ ਪਾਲਣ ਵਾਲੇ! ਹੇ (ਸਭਨਾਂ ਉਤੇ) ਰਹਿਮ ਕਰਨ ਵਾਲੇ! ਪ੍ਰਤਿਪਾਲ = ਪਾਲਣ ਵਾਲਾ। ਰਹੀਮ = ਰਹਿਮ ਕਰਨ ਵਾਲਾ।
ਅਲਹ ਅਲਖ ਅਪਾਰ ॥
The Lord is unseen and infinite.
ਹੇ ਅੱਲਾਹ! ਹੇ ਅਲੱਖ! ਹੇ ਅਪਾਰ! ਅਲਹ = ਰੱਬ {ਪ੍ਰਭੂ ਦਾ ਮੁਸਲਮਾਨੀ ਨਾਮ}। ਅਲਖ = ਅਲੱਖ, ਜਿਸ ਦਾ ਸਹੀ ਸਰੂਪ ਬਿਆਨ ਨ ਹੋ ਸਕੇ।
ਖੁਦਿ ਖੁਦਾਇ ਵਡ ਬੇਸੁਮਾਰ ॥੧॥
God is great and endless. ||1||
ਤੂੰ ਆਪ ਹੀ ਸਭਨਾਂ ਦਾ ਖਸਮ ਹੈਂ, ਤੂੰ ਬੜਾ ਬੇਅੰਤ ਹੈਂ ॥੧॥ ਖੁਦਿ = ਖ਼ੁਦਿ, ਆਪ ਹੀ। ਖੁਦਾਇ = ਮਾਲਕ। ਬੇਸੁਮਾਰ = ਗਿਣਤੀ-ਮਿਣਤੀ ਤੋਂ ਬਾਹਰਾ ॥੧॥
ਓੁਂ ਨਮੋ ਭਗਵੰਤ ਗੁਸਾਈ ॥
I humbly pray to invoke the Universal Lord God, the Lord of the World.
ਹੇ ਭਗਵਾਨ! ਹੇ ਧਰਤੀ ਦੇ ਖਸਮ! ਤੈਨੂੰ ਸਰਬ-ਵਿਆਪਕ ਨੂੰ ਨਮਸਕਾਰ ਹੈ। ਓਂ ਨਮੋ = {ਅੱਖਰ 'ੳ' ਨੂੰ ਦੋ ਲਗਾਂ ਹਨ: (ੋ) ਅਤੇ (ੁ) ਅਸਲ ਹੈ 'ਓਂ', ਇਥੇ ਪੜ੍ਹਨਾ ਹੈ 'ਉ'}, ਓਂਨਮੋ, ਸਰਬ-ਵਿਆਪਕ ਨੂੰ ਨਮਸਕਾਰ। ਨਮੋ = ਨਮਸਕਾਰ। ਗੁਸਾਈ = ਗੋ-ਸਾਈਂ, ਧਰਤੀ ਦਾ ਮਾਲਕ।
ਖਾਲਕੁ ਰਵਿ ਰਹਿਆ ਸਰਬ ਠਾਈ ॥੧॥ ਰਹਾਉ ॥
The Creator Lord is all-pervading, everywhere. ||1||Pause||
ਤੂੰ (ਸਾਰੀ) ਖ਼ਲਕਤ ਦਾ ਪੈਦਾ ਕਰਨ ਵਾਲਾ ਸਭਨੀਂ ਥਾਈਂ ਮੌਜੂਦ ਹੈਂ ॥੧॥ ਰਹਾਉ ॥ ਖਾਲਕੁ = ਖ਼ਲਕਤ ਦਾ ਪੈਦਾ ਕਰਨ ਵਾਲਾ। ਰਵਿ ਰਹਿਆ = ਵਿਆਪਕ ਹੈ, ਮੌਜੂਦ ਹੈ। ਸਰਬ = ਸਾਰੇ। ਠਾਈ = ਠਾਈਂ, ਥਾਵਾਂ ਵਿਚ ॥੧॥ ਰਹਾਉ ॥
ਜਗੰਨਾਥ ਜਗਜੀਵਨ ਮਾਧੋ ॥
He is the Lord of the Universe, the Life of the World.
ਹੇ ਜਗਤ ਦੇ ਨਾਥ! ਹੇ ਜਗਤ ਦੇ ਜੀਵਨ! ਹੇ ਮਾਇਆ ਦੇ ਪਤੀ! ਮਾਧੋ = {ਮਾ-ਧਵ} ਮਾਇਆ ਦਾ ਪਤੀ।
ਭਉ ਭੰਜਨ ਰਿਦ ਮਾਹਿ ਅਰਾਧੋ ॥
Within your heart, worship and adore the Destroyer of fear.
ਹੇ (ਜੀਵਾਂ ਦਾ ਹਰੇਕ) ਡਰ ਨਾਸ ਕਰਨ ਵਾਲੇ! ਹੇ ਹਿਰਦੇ ਵਿਚ ਆਰਾਧਨ-ਜੋਗ! ਅਰਾਧੋ = ਅਰਾਧੁ, ਸਿਮਰਨ-ਯੋਗ। ਰਿਦ = ਹਿਰਦਾ।
ਰਿਖੀਕੇਸ ਗੋਪਾਲ ਗੋੁਵਿੰਦ ॥
The Master Rishi of the senses, Lord of the World, Lord of the Universe.
ਹੇ ਇੰਦ੍ਰਿਆਂ ਦੇ ਮਾਲਕ! ਹੇ ਗੋਪਾਲ! ਹੇ ਗੋਵਿੰਦ! ਰਿਖੀਕੇਸ = {हृषीक = ईश} ਇੰਦ੍ਰਿਆਂ ਦਾ ਮਾਲਕ। ਗਵਿੰਦ = {ਅੱਖਰ 'ਗ' ਦੇ ਨਾਲ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਵਿੰਦ' ਹੈ, ਇਥੇ 'ਗੁਵਿੰਦ' ਪੜ੍ਹਨਾ ਹੈ}।
ਪੂਰਨ ਸਰਬਤ੍ਰ ਮੁਕੰਦ ॥੨॥
He is perfect, ever-present everywhere, the Liberator. ||2||
ਹੇ ਮੁਕਤੀ-ਦਾਤੇ! ਤੂੰ ਸਭਨੀਂ ਥਾਈਂ ਵਿਆਪਕ ਹੈਂ ॥੨॥ ਸਰਬਤ੍ਰ = ਸਭ ਥਾਈਂ {सर्वत्र}। ਮੁਕੰਦ = ਮੁਕਤੀ-ਦਾਤਾ ॥੨॥
ਮਿਹਰਵਾਨ ਮਉਲਾ ਤੂਹੀ ਏਕ ॥
You are the One and only merciful Master,
ਹੇ ਮਿਹਰਵਾਨ! ਸਿਰਫ਼ ਤੂੰ ਹੀ ਮੁਕਤੀ ਦੇਣ ਵਾਲਾ ਹੈਂ, ਮਉਲਾ = {ਅਰਬੀ ਲਫ਼ਜ਼} ਨਜਾਤ (ਮੁਕਤੀ) ਦੇਣ ਵਾਲਾ।
ਪੀਰ ਪੈਕਾਂਬਰ ਸੇਖ ॥
spiritual teacher, prophet, religious teacher.
ਪੀਰਾਂ ਪੈਗ਼ੰਬਰਾਂ ਸ਼ੇਖਾਂ (ਸਭ ਨੂੰ ਤੂੰ ਹੀ ਨਜਾਤ ਦਿੰਦਾ ਹੈਂ। ਪੈਕਾਂਬਰ = ਪੈਗ਼ੰਬਰ {ਪੈਗ਼ਾਮ-ਬਰ} ਰੱਬ ਦਾ ਸੁਨੇਹਾ ਲਿਆਉਣ ਵਾਲਾ। ਸੇਖ = ਸ਼ੇਖ।
ਦਿਲਾ ਕਾ ਮਾਲਕੁ ਕਰੇ ਹਾਕੁ ॥
Master of hearts, Dispenser of justice,
(ਹੇ ਭਾਈ! ਉਹੀ ਮੌਲਾ ਸਭਨਾਂ ਦੇ) ਦਿਲਾਂ ਦਾ ਮਾਲਕ ਹੈ, (ਸਭ ਦੇ ਦਿਲ ਦੀ ਜਾਣਨ ਵਾਲਾ ਉਹ ਸਦਾ) ਹੱਕੋ-ਹੱਕ ਕਰਦਾ ਹੈ। ਹਾਕੁ = ਹੱਕ, ਨਿਆਂ, ਇਨਸਾਫ਼। ਕਰੇ ਹਾਕੁ = ਹੱਕੋ-ਹੱਕ ਕਰਦਾ ਹੈ, ਨਿਆਂ ਕਰਦਾ ਹੈ।
ਕੁਰਾਨ ਕਤੇਬ ਤੇ ਪਾਕੁ ॥੩॥
more sacred than the Koran and the Bible. ||3||
ਉਹ ਮੌਲਾ ਕੁਰਾਨ ਅਤੇ ਹੋਰ ਪੱਛਮੀ ਧਾਰਮਿਕ ਪੁਸਤਕਾਂ ਦੇ ਦੱਸੇ ਸਰੂਪ ਤੋਂ ਵੱਖਰਾ ਹੈ ॥੩॥ ਤੇ = ਤੋਂ। ਪਾਕੁ = (ਭਾਵ, ਵੱਖਰਾ)।੩। (ਨੋਟ: ਲਫ਼ਜ਼ 'ਹਾਕੁ' ਪੁਲਿੰਗ ਇਕ-ਵਚਨ ਹੈ। ਲਫ਼ਜ਼ 'ਹਾਕ' ਇਸਤ੍ਰੀ-ਲਿੰਗ, ਜਿਸ ਦਾ ਅਰਥ ਹੈ 'ਆਵਾਜ਼'। ਜਿਵੇਂ 'ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ') ॥੩॥
ਨਾਰਾਇਣ ਨਰਹਰ ਦਇਆਲ ॥
The Lord is powerful and merciful.
ਹੇ ਭਾਈ! ਉਹ ਦਇਆ ਦਾ ਸੋਮਾ ਪਰਮਾਤਮਾ ਆਪ ਹੀ ਨਾਰਾਇਣ ਹੈ ਆਪ ਹੀ ਨਰਸਿੰਘ ਹੈ। ਨਾਰਾਇਣ = ਜਲ ਵਿਚ ਨਿਵਾਸ ਰੱਖਣ ਵਾਲਾ, ਵਿਸ਼ਨੂ, ਪਰਮਾਤਮਾ। ਨਰਹਰ = ਨਰਸਿੰਘ।
ਰਮਤ ਰਾਮ ਘਟ ਘਟ ਆਧਾਰ ॥
The all-pervading Lord is the support of each and every heart.
ਉਹ ਰਾਮ ਸਭਨਾਂ ਵਿਚ ਰਮਿਆ ਹੋਇਆ ਹੈ, ਹਰੇਕ ਹਿਰਦੇ ਦਾ ਆਸਰਾ ਹੈ। ਰਮਤ = ਸਭ ਵਿਚ ਰਮਿਆ ਹੋਇਆ। ਘਟ ਘਟ ਆਧਾਰ = ਹਰੇਕ ਹਿਰਦੇ ਦਾ ਆਸਰਾ।
ਬਾਸੁਦੇਵ ਬਸਤ ਸਭ ਠਾਇ ॥
The luminous Lord dwells everywhere.
ਉਹੀ ਬਾਸੁਦੇਵ ਹੈ ਜੋ ਸਭਨੀਂ ਥਾਈਂ ਵੱਸ ਰਿਹਾ ਹੈ। ਬਾਸੁਦੇਵ = {ਸ੍ਰੀ ਕ੍ਰਿਸ਼ਨ} ਪਰਮਾਤਮਾ। ਠਾਇ = ਥਾਂ ਵਿਚ।
ਲੀਲਾ ਕਿਛੁ ਲਖੀ ਨ ਜਾਇ ॥੪॥
His play cannot be known. ||4||
ਉਸ ਦੀ ਖੇਡ ਕੁਝ ਭੀ ਬਿਆਨ ਨਹੀਂ ਕੀਤੀ ਜਾ ਸਕਦੀ ॥੪॥ ਲੀਲਾ = ਇਕ ਚੋਜ, ਕੌਤਕ, ਖੇਡ। ਲਖੀ ਨ ਜਾਇ = ਬਿਆਨ ਨਹੀਂ ਹੋ ਸਕਦੀ ॥੪॥
ਮਿਹਰ ਦਇਆ ਕਰਿ ਕਰਨੈਹਾਰ ॥
Be kind and compassionate to me, O Creator Lord.
ਹੇ ਸਭ ਜੀਵਾਂ ਦੇ ਰਚਨਹਾਰ! ਹੇ ਸਿਰਜਣਹਾਰ! ਮਿਹਰ ਕਰ ਕੇ ਦਇਆ ਕਰ ਕੇ- ਕਰਨੈਹਾਰ = ਹੇ ਪੈਦਾ ਕਰਨ ਵਾਲੇ!
ਭਗਤਿ ਬੰਦਗੀ ਦੇਹਿ ਸਿਰਜਣਹਾਰ ॥
Bless me with devotion and meditation, O Lord Creator.
ਤੂੰ ਆਪ ਹੀ ਜੀਵਾਂ ਨੂੰ ਆਪਣੀ ਭਗਤੀ ਦੇਂਦਾ ਹੈਂ ਆਪਣੀ ਬੰਦਗੀ ਦੇਂਦਾ ਹੈਂ। ਸਿਰਜਣਹਾਰ = ਹੇ ਸਿਰਜਣਹਾਰ!
ਕਹੁ ਨਾਨਕ ਗੁਰਿ ਖੋਏ ਭਰਮ ॥
Says Nanak, the Guru has rid me of doubt.
ਨਾਨਕ ਆਖਦਾ ਹੈ- ਗੁਰੂ ਨੇ (ਜਿਸ ਮਨੁੱਖ ਦੇ) ਭੁਲੇਖੇ ਦੂਰ ਕਰ ਦਿੱਤੇ, ਗੁਰਿ = ਗੁਰੂ ਨੇ। ਖੋਏ = ਨਾਸ ਕੀਤੇ। ਭਰਮ = ਭੁਲੇਖੇ।
ਏਕੋ ਅਲਹੁ ਪਾਰਬ੍ਰਹਮ ॥੫॥੩੪॥੪੫॥
The Muslim God Allah and the Hindu God Paarbrahm are one and the same. ||5||34||45||
ਉਸ ਨੂੰ (ਮੁਸਲਮਾਨਾਂ ਦਾ) ਅੱਲਾਹ ਅਤੇ (ਹਿੰਦੂਆਂ ਦਾ) ਪਾਰਬ੍ਰਹਮ ਇੱਕੋ ਹੀ ਦਿੱਸ ਪੈਂਦੇ ਹਨ ॥੫॥੩੪॥੪੫॥