ਸ੍ਰੀਰਾਗੁ ਮਹਲਾ ੩ ॥
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
ਬਿਨੁ ਗੁਰ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ ॥
Without the Guru, the disease is not cured, and the pain of egotism is not removed.
ਗੁਰੂ (ਦੀ ਸਰਨ) ਤੋਂ ਬਿਨਾ (ਜਨਮ ਮਰਨ ਦਾ) ਰੋਗ ਦੂਰ ਨਹੀਂ ਹੁੰਦਾ, ਹਉਮੈ ਦੀ ਦਰਦ ਨਹੀਂ ਜਾਂਦੀ। ਤੁਟਈ = ਤੁਟਇ, ਤੁਟਏ, ਤੁਟੈ, ਟੁੱਟਦਾ।
ਗੁਰ ਪਰਸਾਦੀ ਮਨਿ ਵਸੈ ਨਾਮੇ ਰਹੈ ਸਮਾਇ ॥
By Guru's Grace, He dwells in the mind, and one remains immersed in His Name.
ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ) ਮਨ ਵਿਚ (ਪਰਮਾਤਮਾ ਦਾ ਨਾਮ) ਵੱਸ ਪੈਂਦਾ ਹੈ ਉਹ ਨਾਮ ਵਿਚ ਹੀ ਟਿਕਿਆ ਰਹਿੰਦਾ ਹੈ। ਮਨਿ = ਮਨਿ ਵਿਚ। ਨਾਮੇ = ਨਾਮ ਵਿਚ ਹੀ।
ਗੁਰਸਬਦੀ ਹਰਿ ਪਾਈਐ ਬਿਨੁ ਸਬਦੈ ਭਰਮਿ ਭੁਲਾਇ ॥੧॥
Through the Word of the Guru's Shabad, the Lord is found; without the Shabad, people wander, deceived by doubt. ||1||
ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਪਰਮਾਤਮਾ ਮਿਲਦਾ ਹੈ, ਗੁਰ-ਸ਼ਬਦ ਤੋਂ ਬਿਨਾ ਮਨੁੱਖ ਭਟਕਣਾ ਵਿਚ ਪੈ ਕੇ (ਸਹੀ ਜੀਵਨ-ਰਾਹ ਤੋਂ) ਖੁੰਝ ਜਾਂਦਾ ਹੈ ॥੧॥ ਭਰਮਿ = ਭਟਕਣਾ ਵਿਚ। ਭੁਲਾਇ = ਖੁੰਝਿਆ ਰਹਿੰਦਾ ਹੈ॥੧॥
ਮਨ ਰੇ ਨਿਜ ਘਰਿ ਵਾਸਾ ਹੋਇ ॥
O mind, dwell in the balanced state of your own inner being.
ਹੇ (ਮੇਰੇ) ਮਨ! ਅੰਤਰ ਆਤਮੇ ਪ੍ਰਭੂ-ਚਰਨਾਂ ਵਿਚ ਤੇਰਾ ਨਿਵਾਸ ਬਣਿਆ ਰਹੇ, ਨਿਜ ਘਰਿ = ਆਪਣੇ ਘਰਿ ਵਿਚ, ਅੰਤਰ ਆਤਮੇ, ਪ੍ਰਭੂ ਚਰਨਾਂ ਵਿਚ।
ਰਾਮ ਨਾਮੁ ਸਾਲਾਹਿ ਤੂ ਫਿਰਿ ਆਵਣ ਜਾਣੁ ਨ ਹੋਇ ॥੧॥ ਰਹਾਉ ॥
Praise the Lord's Name, and you shall no longer come and go in reincarnation. ||1||Pause||
ਤੂੰ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਤਾਂ ਮੁੜ ਜਨਮ ਮਰਨ (ਦਾ ਗੇੜ) ਨਹੀਂ ਹੋਵੇਗਾ ॥੧॥ ਰਹਾਉ ॥ ਸਾਲਾਹਿ = ਸਿਫ਼ਤ-ਸਾਲਾਹ ਕਰ॥੧॥ਰਹਾਉ॥
ਹਰਿ ਇਕੋ ਦਾਤਾ ਵਰਤਦਾ ਦੂਜਾ ਅਵਰੁ ਨ ਕੋਇ ॥
The One Lord alone is the Giver, pervading everywhere. There is no other at all.
ਸਭ ਦਾਤਾਂ ਦੇਣ ਵਾਲਾ ਸਿਰਫ਼ ਪਰਮਾਤਮਾ ਹੀ ਸਾਰੀ ਸਮਰੱਥਾ ਵਾਲਾ ਹੈ, ਉਸ ਵਰਗਾ ਕੋਈ ਹੋਰ ਨਹੀਂ ਹੈ। ਵਰਤਦਾ = ਕੰਮ ਕਰ ਰਿਹਾ ਹੈ, ਸਮਰੱਥਾ ਵਾਲਾ ਹੈ।
ਸਬਦਿ ਸਾਲਾਹੀ ਮਨਿ ਵਸੈ ਸਹਜੇ ਹੀ ਸੁਖੁ ਹੋਇ ॥
Praise the Word of the Shabad, and He shall come to dwell in your mind; you shall be blessed with intuitive peace and poise.
ਜੇ ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਕਰਾਂ, ਤਾਂ ਉਹ ਮਨ ਵਿਚ ਆ ਵੱਸਦਾ ਹੈ, ਤੇ ਸੁਖੈਨ ਹੀ ਆਤਮਕ ਆਨੰਦ ਬਣ ਜਾਂਦਾ ਹੈ। ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ। ਸਾਲਾਹੀ = ਜੇ ਮੈਂ ਸਾਲਾਹਾਂ। ਸਹਜੇ ਹੀ = ਸੁਖੈਨ ਹੀ। ਸੁਖੁ = ਆਤਮਕ ਆਨੰਦ।
ਸਭ ਨਦਰੀ ਅੰਦਰਿ ਵੇਖਦਾ ਜੈ ਭਾਵੈ ਤੈ ਦੇਇ ॥੨॥
Everything is within the Lord's Glance of Grace. As He wishes, He gives. ||2||
ਉਹ ਦਾਤਾਰ ਹਰੀ ਸਾਰੀ ਸ੍ਰਿਸ਼ਟੀ ਨੂੰ ਆਪਣੀ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ। ਜਿਸ ਨੂੰ ਉਸ ਦੀ ਮਰਜ਼ੀ ਹੋਵੇ ਉਸ ਨੂੰ ਹੀ (ਇਹ ਆਤਮਕ ਆਨੰਦ) ਦੇਂਦਾ ਹੈ ॥੨॥ ਨਦਰੀ ਅੰਦਰਿ = ਮਿਹਰ ਦੀ ਨਿਗਾਹ ਨਾਲ। ਸਭ = ਸਾਰੀ ਸ੍ਰਿਸ਼ਟੀ। ਜੈ = ਜਿਸ ਨੂੰ। ਤੈ = ਉਸ ਨੂੰ। ਦੇਇ = ਦੇਂਦਾ ਹੈ॥੨॥
ਹਉਮੈ ਸਭਾ ਗਣਤ ਹੈ ਗਣਤੈ ਨਉ ਸੁਖੁ ਨਾਹਿ ॥
In egotism, all must account for their actions. In this accounting, there is no peace.
(ਜਿੱਥੇ) ਹਉਮੈ (ਹੈ ਉੱਥੇ) ਨਿਰੀ ਚਿੰਤਾ ਹੈ, ਚਿੰਤਾ ਨੂੰ ਸੁੱਖ ਨਹੀਂ ਹੋ ਸਕਦਾ। ਗਣਤ = ਚਿੰਤਾ। ਨਉ = ਨੂੰ। ਬਿਖੁ = ਜ਼ਹਰ, ਵਿਕਾਰਾਂ ਦਾ ਜ਼ਹਰ {ਨੋਟ: ਲਫ਼ਜ਼ 'ਬਿਖੁ' ਇਸਤ੍ਰੀ-ਲਿੰਗ ਹੈ, ਪਰ ਹੈ ਇਹੁ (ੁ) = ਅੰਤ। ਸੰਬੰਧਕ ਨਾਲ ਭੀ ਇਹ (ੁ) ਕਾਇਮ ਰਹਿੰਦਾ ਹੈ}।
ਬਿਖੁ ਕੀ ਕਾਰ ਕਮਾਵਣੀ ਬਿਖੁ ਹੀ ਮਾਹਿ ਸਮਾਹਿ ॥
Acting in evil and corruption, people are immersed in corruption.
(ਹਉਮੈ ਦੇ ਅਧੀਨ ਰਹਿ ਕੇ ਆਤਮਕ ਮੌਤ ਲਿਆਉਣ ਵਾਲੀ ਵਿਕਾਰਾਂ ਦੀ) ਜ਼ਹਰ ਵਾਲੇ ਕੰਮ ਕੀਤਿਆਂ ਜੀਵ ਉਸ ਜ਼ਹਰ ਵਿਚ ਹੀ, ਮਗਨ ਰਹਿੰਦੇ ਹਨ।
ਬਿਨੁ ਨਾਵੈ ਠਉਰੁ ਨ ਪਾਇਨੀ ਜਮਪੁਰਿ ਦੂਖ ਸਹਾਹਿ ॥੩॥
Without the Name, they find no place of rest. In the City of Death, they suffer in agony. ||3||
ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਸ਼ਾਂਤੀ ਵਾਲੀ ਥਾਂ ਪ੍ਰਾਪਤ ਨਹੀਂ ਕਰ ਸਕਦੇ, ਤੇ ਜਮ ਦੇ ਦਰ ਤੇ ਦੁੱਖ ਸਹਿੰਦੇ ਰਹਿੰਦੇ ਹਨ ॥੩॥ ਠਉਰੁ = ਥਾਂ, ਸ਼ਾਂਤੀ। ਪਾਇਨੀ = ਪਾਇਨਿ, ਪਾਂਦੇ। ਜਮਪੁਰਿ = ਜਮ ਦੀ ਪੁਰੀ ਵਿਚ। ਸਹਾਹਿ = ਸਹਹਿ, ਸਹਿੰਦੇ ਹਨ॥੩॥
ਜੀਉ ਪਿੰਡੁ ਸਭੁ ਤਿਸ ਦਾ ਤਿਸੈ ਦਾ ਆਧਾਰੁ ॥
Body and soul all belong to Him; He is the Support of all.
ਜਦੋਂ ਇਹ ਸਮਝ ਆ ਜਾਂਦੀ ਹੈ, ਕਿ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪਰਮਾਤਮਾ ਦਾ ਹੀ ਹੈ ਤੇ ਪਰਮਾਤਮਾ ਦਾ ਹੀ (ਸਭ ਜੀਵਾਂ ਨੂੰ) ਆਸਰਾ-ਸਹਾਰਾ ਹੈ, ਜੀਉ = ਜਿੰਦ। ਪਿੰਡੁ = ਸਰੀਰ। ਤਿਸੁ ਦਾ = ਉਸ (ਪਰਮਾਤਮਾ) ਦਾ। ਆਧਾਰੁ = ਆਸਰਾ।
ਗੁਰ ਪਰਸਾਦੀ ਬੁਝੀਐ ਤਾ ਪਾਏ ਮੋਖ ਦੁਆਰੁ ॥
By Guru's Grace, understanding comes, and then the Door of Liberation is found.
ਤਦੋਂ ਜਦੋਂ ਗੁਰੂ ਦੀ ਕਿਰਪਾ ਨਾਲ ਜੀਵ ਵਿਕਾਰਾਂ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਪਰਸਾਦ = ਕਿਰਪਾ (प्रसाद)। ਬੁਝੀਐ = ਸਮਝ ਆਉਂਦੀ ਹੈ। ਮੋਖ ਦੁਆਰੁ = (ਵਿਕਾਰਾਂ ਤੋਂ) ਖ਼ਲਾਸੀ ਦਾ ਦਰਵਾਜ਼ਾ।
ਨਾਨਕ ਨਾਮੁ ਸਲਾਹਿ ਤੂੰ ਅੰਤੁ ਨ ਪਾਰਾਵਾਰੁ ॥੪॥੨੪॥੫੭॥
O Nanak, sing the Praises of the Naam, the Name of the Lord; He has no end or limitation. ||4||24||57||
ਹੇ ਨਾਨਕ! ਉਸ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਸਮਰੱਥਾ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੪॥੨੪॥੫੭॥ ਪਾਰਾਵਾਰੁ = ਪਾਰ ਅਵਾਰ, ਪਾਰਲਾ ਤੇ ਉਰਲਾ ਬੰਨਾ॥੪॥