ਸਿਰੀਰਾਗੁ ਮਹਲਾ ੩ ॥
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ ॥
Those who contemplate the Word of the Guru's Shabad are filled with the Fear of God.
ਉਸ ਪਰਮਾਤਮਾ ਨੇ ਆਪਣਾ ਡਰ-ਅਦਬ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਪਾ ਦਿੱਤਾ ਹੈ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਇਆ ਹੈ। ਪਾਇਓਨੁ = ਪਾਇਆ ਉਨਿ, ਉਸ ਪਰਮਾਤਮਾ ਨੇ ਪਾਇਆ। ਭਉ = ਡਰ, ਅਦਬ। ਤਿਨ = ਉਹਨਾਂ ਦੇ (ਹਿਰਦੇ ਵਿਚ)।
ਸਤਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਰਿ ॥
They remain forever merged with the Sat Sangat, the True Congregation; they dwell upon the Glories of the True One.
ਉਹ ਬੰਦੇ ਸਦਾ-ਥਿਰ ਪ੍ਰਭੂ ਦੇ ਗੁਣ (ਆਪਣੇ ਹਿਰਦੇ ਵਿਚ) ਸਾਂਭ ਕੇ ਸਦਾ ਸਾਧ ਸੰਗਤਿ ਵਿਚ ਮਿਲੇ ਰਹਿੰਦੇ ਹਨ। ਸਚੇ ਕੇ = ਸਦਾ-ਥਿਰ ਪ੍ਰਭੂ। ਸਾਰਿ = (ਹਿਰਦੇ ਵਿਚ) ਸੰਭਾਲ ਕੇ।
ਦੁਬਿਧਾ ਮੈਲੁ ਚੁਕਾਈਅਨੁ ਹਰਿ ਰਾਖਿਆ ਉਰ ਧਾਰਿ ॥
They cast off the filth of their mental duality, and they keep the Lord enshrined in their hearts.
ਉਸ (ਪਰਮਾਤਮਾ) ਨੇ ਆਪ ਉਹਨਾਂ ਬੰਦਿਆਂ ਦੀ ਦੁਬਿਧਾ ਦੀ ਮੈਲ ਦੂਰ ਕਰ ਦਿੱਤੀ ਹੈ, ਉਹ ਬੰਦੇ ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ। ਦੁਬਿਧਾ = ਦੁ-ਕਿਸਮਾ-ਪਨ, ਮੇਰ-ਤੇਰ, ਡਾਂਵਾਂ ਡੋਲ ਹਾਲਤ। ਚੁਕਾਈਅਨੁ = ਚੁਕਾਈ ਉਨਿ, ਉਸ ਪਰਮਾਤਮਾ ਨੇ ਦੂਰ ਕਰ ਦਿੱਤੀ। ਉਰ ਧਾਰਿ = ਹਿਰਦੇ ਵਿਚ ਧਾਰ ਕੇ।
ਸਚੀ ਬਾਣੀ ਸਚੁ ਮਨਿ ਸਚੇ ਨਾਲਿ ਪਿਆਰੁ ॥੧॥
True is their speech, and true are their minds. They are in love with the True One. ||1||
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਉਹਨਾਂ ਦੇ ਮਨ ਵਿਚ ਵੱਸਦੀ ਹੈ, ਸਦਾ-ਥਿਰ ਪ੍ਰਭੂ (ਆਪ) ਉਹਨਾਂ ਦੇ ਮਨ ਵਿਚ ਵੱਸਦਾ ਹੈ, ਉਹਨਾਂ ਬੰਦਿਆਂ ਦਾ ਸਦਾ-ਥਿਰ ਪ੍ਰਭੂ ਨਾਲ ਪਿਆਰ ਹੋ ਜਾਂਦਾ ਹੈ ॥੧॥ ਸਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ॥੧॥
ਮਨ ਮੇਰੇ ਹਉਮੈ ਮੈਲੁ ਭਰ ਨਾਲਿ ॥
O my mind, you are filled with the filth of egotism.
ਹੇ ਮੇਰੇ ਮਨ! ਸੰਸਾਰ-ਸਮੁੰਦਰ ਵਿਚ ਹਉਮੈ ਦੀ ਮੈਲ (ਪ੍ਰਬਲ) ਹੈ। ਭਰਨਾਲਿ = ਭਰਨਾਲ ਵਿਚ, ਸਮੁੰਦਰ ਵਿਚ, ਸੰਸਾਰ-ਸਮੁੰਦਰ ਵਿਚ {ਵੇਖੋ ਭਾਈ ਗੁਰਦਾਸ ਜੀ ਵਾਰ ੨੬, ਪਉੜੀ ੮}।
ਹਰਿ ਨਿਰਮਲੁ ਸਦਾ ਸੋਹਣਾ ਸਬਦਿ ਸਵਾਰਣਹਾਰੁ ॥੧॥ ਰਹਾਉ ॥
The Immaculate Lord is eternally Beautiful. We are adorned with the Word of the Shabad. ||1||Pause||
ਪਰਮਾਤਮਾ (ਇਸ) ਮੈਲ ਤੋਂ ਬਿਨਾ ਹੈ ਤੇ (ਇਸ ਵਾਸਤੇ) ਸਦਾ ਸੋਹਣਾ ਹੈ। (ਉਹ ਨਿਰਮਲ ਪਰਮਾਤਮਾ ਜੀਵਾਂ ਨੂੰ ਗੁਰੂ ਦੇ) ਸ਼ਬਦ ਵਿਚ ਜੋੜ ਕੇ ਸੋਹਣਾ ਬਣਾਣ ਦੇ ਸਮਰੱਥ ਹੈ (ਹੇ ਮਨ! ਤੂੰ ਭੀ ਗੁਰੂ ਦੇ ਸ਼ਬਦ ਵਿਚ ਜੁੜ) ॥੧॥ ਰਹਾਉ ॥ ਸਬਦਿ = ਗੁਰੂ ਦੇ ਸ਼ਬਦ ਵਿਚ (ਜੋੜ ਕੇ)। ਸਵਾਰਣਹਾਰੁ = ਸੋਹਣਾ ਬਣਾਣ ਦੇ ਸਮਰੱਥ॥੧॥ਰਹਾਉ॥
ਸਚੈ ਸਬਦਿ ਮਨੁ ਮੋਹਿਆ ਪ੍ਰਭਿ ਆਪੇ ਲਏ ਮਿਲਾਇ ॥
God joins to Himself those whose minds are fascinated with the True Word of His Shabad.
ਜਿਨ੍ਹਾਂ ਮਨੁੱਖਾਂ ਦਾ ਮਨ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਮਸਤ ਰਹਿੰਦਾ ਹੈ, ਉਹਨਾਂ ਨੂੰ ਸਦਾ-ਥਿਰ ਪ੍ਰਭੂ ਨੇ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ। ਪ੍ਰਭਿ = ਪ੍ਰਭੂ ਨੇ।
ਅਨਦਿਨੁ ਨਾਮੇ ਰਤਿਆ ਜੋਤੀ ਜੋਤਿ ਸਮਾਇ ॥
Night and day, they are attuned to the Naam, and their light is absorbed into the Light.
ਹਰ ਵੇਲੇ ਪ੍ਰਭੂ ਦੇ ਨਾਮ ਵਿਚ ਹੀ ਰੰਗੇ ਰਹਿਣ ਕਰ ਕੇ ਉਹਨਾਂ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਜੋਤੀ = ਪਰਮਾਤਮਾ ਦੀ ਜੋਤਿ ਵਿਚ।
ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਗੁਰ ਬੂਝ ਨ ਪਾਇ ॥
Through His Light, God is revealed. Without the True Guru, understanding is not obtained.
ਪਰਮਾਤਮਾ ਉਸ ਅੰਦਰਲੀ ਜੋਤਿ ਦੀ ਰਾਹੀਂ ਹੀ ਦਿੱਸਦਾ ਹੈ, ਪਰ ਗੁਰੂ ਤੋਂ ਬਿਨਾ ਉਸ ਜੋਤਿ (ਚਾਨਣ) ਦੀ ਸਮਝ ਨਹੀਂ ਪੈਂਦੀ। ਹੂ = ਤੋਂ ਹੀ। ਜੋਤੀ ਹੂ = ਅੰਦਰਲੇ ਚਾਨਣ ਤੋਂ ਹੀ। ਜਾਪਦਾ = ਦਿੱਸਦਾ ਹੈ। ਬੂਝ = ਸਮਝ।
ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ ॥੨॥
The True Guru comes to meet those who have such pre-ordained destiny. ||2||
(ਤੇ) ਗੁਰੂ ਉਹਨਾਂ ਬੰਦਿਆਂ ਨੂੰ ਆ ਕੇ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ (ਪ੍ਰਭੂ ਦੀ ਦਰਗਾਹ ਤੋਂ) ਲੇਖ ਲਿਖਿਆ ਹੋਵੇ ॥੨॥ ਭੇਟਿਆ = ਮਿਲਿਆ॥੨॥
ਵਿਣੁ ਨਾਵੈ ਸਭ ਡੁਮਣੀ ਦੂਜੈ ਭਾਇ ਖੁਆਇ ॥
Without the Name, all are miserable. In the love of duality, they are ruined.
ਸਾਰੀ ਹੀ ਲੁਕਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਦੁਬਿਧਾ ਵਿਚ ਫਸੀ ਰਹਿੰਦੀ ਹੈ, ਤੇ ਮਾਇਆ ਦੇ ਪਿਆਰ ਵਿਚ (ਪੈ ਕੇ ਸਹੀ ਜੀਵਨ-ਰਾਹ ਤੋਂ) ਖੁੰਝ ਜਾਂਦੀ ਹੈ। ਡੁਮਣੀ = ਦੁ-ਮਨੀ, ਦੁ-ਦਿੱਤੀ, ਦੁਬਿਧਾ ਵਿਚ ਫਸੀ ਹੋਈ। ਦੂਜੈ ਭਾਇ = ਹੋਰ ਪਿਆਰ ਵਿਚ। ਖੁਆਇ = ਖੁੰਝ ਜਾਂਦੀ ਹੈ, ਕੁਰਾਹੇ ਪੈ ਜਾਂਦੀ ਹੈ।
ਤਿਸੁ ਬਿਨੁ ਘੜੀ ਨ ਜੀਵਦੀ ਦੁਖੀ ਰੈਣਿ ਵਿਹਾਇ ॥
Without Him, I cannot survive even for an instant, and my life-night passes in anguish.
ਉਸ (ਪ੍ਰਭੂ-ਨਾਮ) ਤੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਨਹੀਂ ਮਾਣ ਸਕਦੀ, ਦੁੱਖਾਂ ਵਿਚ ਹੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ। ਤਿਸੁ ਬਿਨ = ਉਸ (ਨਾਮ) ਤੋਂ ਬਿਨਾ। ਜੀਵਦੀ = ਆਤਮਕ ਜੀਵਨ ਪ੍ਰਾਪਤ ਕਰਦੀ। ਰੈਣਿ = (ਜ਼ਿੰਦਗੀ ਦੀ) ਰਾਤ। ਦੁਖੀ = ਦੁੱਖਾਂ ਵਿਚ।
ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ ਜਾਇ ॥
Wandering in doubt, the spiritually blind come and go in reincarnation, over and over again.
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝ ਜਾਂਦਾ ਹੈ, ਤੇ ਮੁੜ ਮੁੜ ਜੰਮਦਾ ਰਹਿੰਦਾ ਹੈ। ਅੰਧੁਲਾ = (ਮਾਇਆ ਦੇ ਮੋਹ ਵਿਚ) ਅੰਨ੍ਹਾ।
ਨਦਰਿ ਕਰੇ ਪ੍ਰਭੁ ਆਪਣੀ ਆਪੇ ਲਏ ਮਿਲਾਇ ॥੩॥
When God Himself bestows His Glance of Grace, He blends us into Himself. ||3||
ਜਦੋਂ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਆਪ ਹੀ (ਉਸ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ॥੩॥ ਪ੍ਰਭੂ ਆਪੇ ਲਏ ਮਿਲਾਇ = {ਨੋਟ: ਵੇਖੋ ਬੰਦ ਨੰ: ੨ ਵਿਚ "ਪ੍ਰਭਿ ਆਪੇ ਲਏ ਮਿਲਾਇ।'' ਇਹਨਾਂ ਦੇ ਅਰਥਾਂ ਵਿਚ ਦੇ ਵਿਆਕਰਨਿਕ ਫ਼ਰਕ ਦਾ ਧਿਆਨ ਰੱਖਣ ਦੀ ਲੋੜ ਹੈ}॥੩॥
ਸਭੁ ਕਿਛੁ ਸੁਣਦਾ ਵੇਖਦਾ ਕਿਉ ਮੁਕਰਿ ਪਇਆ ਜਾਇ ॥
He hears and sees everything. How can anyone deny Him?
(ਅਸੀਂ ਜੀਵ ਜੋ ਕੁਝ ਕਰਦੇ ਹਾਂ ਜਾਂ ਬੋਲਦੇ ਚਿਤਵਦੇ ਹਾਂ) ਉਹ ਸਭ ਕੁਝ ਪਰਮਾਤਮਾ ਵੇਖਦਾ ਸੁਣਦਾ ਹੈ (ਇਸ ਵਾਸਤੇ ਉਸ ਦੀ ਹਜ਼ੂਰੀ ਵਿਚ ਆਪਣੇ ਕੀਤੇ ਤੇ ਚਿਤਵੇ ਮੰਦ ਕਰਮਾਂ ਤੋਂ) ਮੁੱਕਰਿਆ ਨਹੀਂ ਜਾ ਸਕਦਾ।
ਪਾਪੋ ਪਾਪੁ ਕਮਾਵਦੇ ਪਾਪੇ ਪਚਹਿ ਪਚਾਇ ॥
Those who sin again and again, shall rot and die in sin.
(ਤਾਹੀਏਂ) ਜੇਹੜੇ ਬੰਦੇ (ਸਾਰੀ ਉਮਰ) ਪਾਪ ਹੀ ਪਾਪ ਕਮਾਂਦੇ ਰਹਿੰਦੇ ਹਨ, ਉਹ (ਸਦਾ) ਪਾਪ ਵਿਚ ਸੜਦੇ ਭੁੱਜਦੇ ਰਹਿੰਦੇ ਹਨ। ਪਾਪੋ ਪਾਪੁ = ਪਾਪ ਹੀ ਪਾਪ। ਪਚਹਿ = ਖ਼ੁਆਰ ਹੁੰਦੇ ਹਨ। ਪਾਪੇ = ਪਾਪਿ ਹੀ, ਪਾਪ ਵਿਚ ਹੀ।
ਸੋ ਪ੍ਰਭੁ ਨਦਰਿ ਨ ਆਵਈ ਮਨਮੁਖਿ ਬੂਝ ਨ ਪਾਇ ॥
God's Glance of Grace does not come to them; those self-willed manmukhs do not obtain understanding.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ (ਇਹ) ਸਮਝ ਨਹੀਂ ਪੈਂਦੀ, ਉਸ ਨੂੰ ਉਹ (ਸਭ ਕੁਝ ਵੇਖਣ ਸੁਣਨ ਵਾਲਾ) ਪਰਮਾਤਮਾ ਨਜ਼ਰ ਨਹੀਂ ਆਉਂਦਾ। ਪਾਇ = (ਬੂਝ) ਪਾਇ, ਸਮਝ ਹਾਸਲ ਕਰਦਾ ਹੈ।
ਜਿਸੁ ਵੇਖਾਲੇ ਸੋਈ ਵੇਖੈ ਨਾਨਕ ਗੁਰਮੁਖਿ ਪਾਇ ॥੪॥੨੩॥੫੬॥
They alone see the Lord, unto whom He reveals Himself. O Nanak, the Gurmukhs find Him. ||4||23||56||
(ਪਰ ਕਿਸੇ ਜੀਵ ਦੇ ਭੀ ਕੀ ਵੱਸ?) ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਆਪ ਵਿਖਾਂਦਾ ਹੈ, ਉਹੀ (ਉਸ ਨੂੰ) ਵੇਖ ਸਕਦਾ ਹੈ, ਉਸੇ ਮਨੁੱਖ ਨੂੰ ਗੁਰੂ ਦੀ ਸਰਨ ਪੈ ਕੇ ਇਹ ਸਮਝ ਪੈਂਦੀ ਹੈ ॥੪॥੨੩॥੫੬॥{35-36}