ਸਲੋਕ ਮਃ ੩ ॥
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
ਵਿਣੁ ਸਤਿਗੁਰ ਸੇਵੇ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥
Without serving the True Guru, no one finds peace; mortals die and are reborn, over and over again.
ਸਤਿਗੁਰੂ ਦੇ ਦੱਸੇ ਰਾਹ ਉਤੇ ਤੁਰਨ ਤੋਂ ਬਿਨਾ ਸੁਖ ਨਹੀਂ ਮਿਲਦਾ (ਗੁਰੂ ਤੋਂ ਖੁੰਝੇ ਹੋਏ ਜੀਵ) ਮੁੜ ਮੁੜ ਜੰਮਦੇ ਮਰਦੇ ਹਨ, ਵਾਰੋ ਵਾਰ = ਬਾਰ ਬਾਰ, ਮੁੜ ਮੁੜ।
ਮੋਹ ਠਗਉਲੀ ਪਾਈਅਨੁ ਬਹੁ ਦੂਜੈ ਭਾਇ ਵਿਕਾਰ ॥
They have been given the drug of emotional attachment; in love with duality, they are totally corrupt.
ਮੋਹ ਦੀ ਠਗ-ਬੂਟੀ ਉਸ ਪ੍ਰਭੂ ਨੇ (ਐਸੀ) ਪਾਈ ਹੈ ਕਿ (ਰੱਬ ਵਲੋਂ ਬੇ-ਸੁਰਤ ਹੋ ਕੇ) ਮਾਇਆ ਦੇ ਪਿਆਰ ਵਿਚ (ਫਸ ਕੇ) ਬਥੇਰੇ ਮੰਦੇ ਕਰਮ ਕਰਦੇ ਹਨ, ਠਗਉਲੀ = ਠਗ-ਮੂਰੀ, ਠਗ-ਬੂਟੀ, ਉਹ ਬੂਟੀ ਜੋ ਠੱਗ ਕਿਸੇ ਓਭੜ ਨੂੰ ਖਵਾ ਕੇ ਬੇਹੋਸ਼ ਕਰ ਲੈਂਦੇ ਹਨ ਤੇ ਲੁੱਟ ਲੈਂਦੇ ਹਨ। ਪਾਈਅਨੁ = ਪਾਈ ਹੈ ਉਸ (ਪ੍ਰਭੂ) ਨੇ। ਬਹੁ ਵਿਕਾਰ = ਕਈ ਮੰਦੇ ਕਰਮ। ਦੂਜੈ ਭਾਇ = (ਪ੍ਰਭੂ ਨੂੰ ਛੱਡ ਕੇ) ਕਿਸੇ ਹੋਰ ਦੇ ਪਿਆਰ ਵਿਚ।
ਇਕਿ ਗੁਰ ਪਰਸਾਦੀ ਉਬਰੇ ਤਿਸੁ ਜਨ ਕਉ ਕਰਹਿ ਸਭਿ ਨਮਸਕਾਰ ॥
Some are saved, by Guru's Grace. Everyone humbly bows before such humble beings.
ਪਰ ਕਈ (ਭਾਗਾਂ ਵਾਲੇ ਬੰਦੇ) ਸਤਿਗੁਰੂ ਦੀ ਕਿਰਪਾ ਨਾਲ (ਇਸ ਠਗ-ਬੂਟੀ ਤੋਂ) ਬਚ ਜਾਂਦੇ ਹਨ, (ਜੋ ਜੋ ਬਚਦਾ ਹੈ) ਉਸ ਨੂੰ ਸਾਰੇ ਲੋਕ ਸਿਰ ਨਿਵਾਂਦੇ ਹਨ। ਇਕਿ = ਕਈ ਬੰਦੇ (ਲਫ਼ਜ਼ 'ਇਕ' ਤੋਂ ਬਹੁ-ਵਚਨ)। ਉਬਰੇ = ਬਚ ਜਾਂਦੇ ਹਨ। ਸਭਿ = ਸਾਰੇ ਜੀਵ। ਕਰਹਿ ਨਮਸਕਾਰ = ਸਿਰ ਨਿਵਾਉਂਦੇ ਹਨ।
ਨਾਨਕ ਅਨਦਿਨੁ ਨਾਮੁ ਧਿਆਇ ਤੂ ਅੰਤਰਿ ਜਿਤੁ ਪਾਵਹਿ ਮੋਖ ਦੁਆਰ ॥੧॥
O Nanak, meditate on the Naam, deep within yourself, day and night. You shall find the Door of Salvation. ||1||
ਹੇ ਨਾਨਕ! ਤੂੰ ਭੀ ਹਰ ਰੋਜ਼ (ਆਪਣੇ) ਹਿਰਦੇ ਵਿਚ ਪ੍ਰਭੂ ਦਾ ਨਾਮ ਸਿਮਰ, ਜਿਸ (ਸਿਮਰਨ ਦੀ) ਬਰਕਤਿ ਨਾਲ ਤੂੰ (ਇਸ 'ਮੋਹ-ਠਗਉਲੀ' ਤੋਂ) ਬਚਣ ਦਾ ਵਸੀਲਾ ਹਾਸਲ ਕਰ ਲਏਂਗਾ ॥੧॥ ਅਨਦਿਨੁ = ਹਰ ਰੋਜ਼। ਅੰਤਰਿ = ਹਿਰਦੇ ਵਿਚ। ਜਿਤੁ = ਜਿਸ (ਸਿਮਰਨ) ਦੀ ਬਰਕਤਿ ਨਾਲ। ਮੋਖ ਦੁਆਰ = (ਮੋਹ-ਠਗਉਲੀ ਤੋਂ) ਬਚਣ ਦਾ ਰਾਹ ॥੧॥