ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਲੋਕਨ ਕੀਆ ਵਡਿਆਈਆ ਬੈਸੰਤਰਿ ਪਾਗਉ ॥
The glories of the world, I cast into the fire.
(ਹੇ ਭਾਈ! ਪਰਮਾਤਮਾ ਦੇ ਮਿਲਾਪ ਦੇ ਟਾਕਰੇ ਤੇ) ਲੋਕਾਂ ਵਲੋਂ ਮਿਲ ਰਹੀਆਂ ਇੱਜ਼ਤਾਂ ਨੂੰ ਤਾਂ ਮੈਂ ਅੱਗ ਵਿਚ ਪਾ ਦੇਣ ਨੂੰ ਤਿਆਰ ਹਾਂ। ਕੀਆ = ਕੀਆਂ, ਦੀਆਂ। ਬੈਸੰਤਰਿ = ਅੱਗ ਵਿਚ। ਪਾਗਉ = ਪਾਗਉਂ, ਮੈਂ ਪਾ ਦਿਆਂ।
ਜਿਉ ਮਿਲੈ ਪਿਆਰਾ ਆਪਨਾ ਤੇ ਬੋਲ ਕਰਾਗਉ ॥੧॥
I chant those words, by which I may meet my Beloved. ||1||
(ਦੁਨੀਆ ਦੇ ਲੋਕਾਂ ਦੀ ਖ਼ੁਸ਼ਾਮਦ ਕਰਨ ਦੇ ਥਾਂ) ਮੈਂ ਤਾਂ ਉਹੀ ਬੋਲ ਬੋਲਾਂਗਾ, ਜਿਨ੍ਹਾਂ ਦਾ ਸਦਕਾ ਮੈਨੂੰ ਮੇਰਾ ਪਿਆਰਾ ਪ੍ਰਭੂ ਮਿਲ ਪਏ ॥੧॥ ਤੇ = {ਬਹੁ-ਵਚਨ} ਉਹ। ਕਰਾਗਉ = ਕਰਾਗਉਂ, ਮੈਂ ਕਰਾਂਗਾ ॥੧॥
ਜਉ ਪ੍ਰਭ ਜੀਉ ਦਇਆਲ ਹੋਇ ਤਉ ਭਗਤੀ ਲਾਗਉ ॥
When God becomes Merciful, then He enjoins me to His devotional service.
ਹੇ ਭਾਈ! ਜਦੋਂ ਪ੍ਰਭੂ ਜੀ ਮੇਰੇ ਉਤੇ ਦਇਆਵਾਨ ਹੋਣ, ਤਦੋਂ ਹੀ ਮੈਂ ਉਸ ਦੀ ਭਗਤੀ ਵਿਚ ਲੱਗ ਸਕਦਾ ਹਾਂ। ਜਉ = ਜਦੋਂ। ਲਾਗਊ = ਲਾਗਉਂ, ਮੈਂ ਲੱਗਦਾ ਹਾਂ।
ਲਪਟਿ ਰਹਿਓ ਮਨੁ ਬਾਸਨਾ ਗੁਰ ਮਿਲਿ ਇਹ ਤਿਆਗਉ ॥੧॥ ਰਹਾਉ ॥
My mind clings to worldly desires; meeting with the Guru, I have renounced them. ||1||Pause||
ਇਹ ਮਨ (ਸੰਸਾਰਕ ਪਦਾਰਥਾਂ ਦੀਆਂ) ਵਾਸਨਾਂ ਵਿਚ ਫਸਿਆ ਰਹਿੰਦਾ ਹੈ, ਗੁਰੂ ਦੀ ਸਰਨ ਪੈ ਕੇ ਹੀ ਇਹ ਵਾਸ਼ਨਾਂ ਛੱਡੀਆਂ ਜਾ ਸਕਦੀਆਂ ਹਨ (ਮੈਂ ਛੱਡ ਸਕਦਾ ਹਾਂ) ॥੧॥ ਰਹਾਉ ॥ ਲਪਟਿ ਰਹਿਓ = ਚੰਬੜ ਰਿਹਾ ਹੈ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਇਹ = ਇਹ ਵਾਸਨਾ। ਤਿਆਗਉਂ = ਮੈਂ ਤਿਆਗ ਦਿਆਂਗਾ ॥੧॥ ਰਹਾਉ ॥
ਕਰਉ ਬੇਨਤੀ ਅਤਿ ਘਨੀ ਇਹੁ ਜੀਉ ਹੋਮਾਗਉ ॥
I pray with intense devotion, and offer this soul to Him.
(ਹੇ ਭਾਈ! ਪ੍ਰਭੂ ਦੇ ਦਰ ਤੇ) ਮੈਂ ਬੜੀ ਅਧੀਨਗੀ ਨਾਲ ਅਰਦਾਸਾਂ ਕਰਾਂਗਾ, ਆਪਣੀ ਇਹ ਜਿੰਦ ਭੀ ਕੁਰਬਾਨ ਕਰ ਦਿਆਂਗਾ। ਕਰਉ = ਕਰਉਂ, ਮੈਂ ਕਰਦਾ ਹਾਂ। ਅਤਿ ਘਨੀ = ਬਹੁਤ ਵਧੀਕ। ਜੀਉ = ਜਿੰਦ। ਹੋਮਾਗਉ = ਹੋਮਾਗਉਂ, ਮੈਂ ਵਾਰ ਦਿਆਂਗਾ।
ਅਰਥ ਆਨ ਸਭਿ ਵਾਰਿਆ ਪ੍ਰਿਅ ਨਿਮਖ ਸੋਹਾਗਉ ॥੨॥
I would sacrifice all other riches, for a moment's union with my Beloved. ||2||
ਪਿਆਰੇ ਦੇ ਇਕ ਪਲ ਭਰ ਦੇ ਮਿਲਾਪ ਦੇ ਆਨੰਦ ਦੇ ਵੱਟੇ ਵਿਚ ਮੈਂ (ਦੁਨੀਆ ਦੇ) ਸਾਰੇ ਪਦਾਰਥ ਸਦਕੇ ਕਰ ਦਿਆਂਗਾ ॥੨॥ ਅਰਥ ਆਨ = ਹੋਰ (ਸਾਰੇ) ਪਦਾਰਥ। ਸਭਿ = ਸਾਰੇ। ਵਾਰਿਆ = ਕੁਰਬਾਨ ਕੀਤੇ। ਪ੍ਰਿਅ ਸੁਹਾਗਉ = ਪਿਆਰੇ ਦੇ ਸੁਹਾਗ ਤੋਂ, ਪਿਆਰੇ ਦੇ ਮਿਲਾਪ ਦੇ ਆਨੰਦ ਤੋਂ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ ॥੨॥
ਪੰਚ ਸੰਗੁ ਗੁਰ ਤੇ ਛੁਟੇ ਦੋਖ ਅਰੁ ਰਾਗਉ ॥
Through the Guru, I am rid of the five villains, as well as emotional love and hate.
(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਮੇਰੇ ਅੰਦਰੋਂ ਕਾਮਾਦਿਕ) ਪੰਜਾਂ ਦਾ ਸਾਥ ਮੁੱਕ ਗਿਆ ਹੈ, (ਮੇਰੇ ਅੰਦਰੋਂ) ਦ੍ਵੈਖ ਅਤੇ ਮੋਹ ਦੂਰ ਹੋ ਗਏ ਹਨ। ਪੰਚ ਸੰਗ = (ਕਾਮਾਦਿਕ) ਪੰਜਾਂ ਦਾ ਸਾਥ। ਤੇ = ਤੋਂ, ਦੀ ਰਾਹੀਂ। ਛੁਟੇ = ਦੂਰ ਹੁੰਦਾ ਹੈ। ਦੋਖ = ਦ੍ਵੈਖ। ਰਾਗਉ = ਰਾਗ, ਮੋਹ। ਅਰੁ = ਅਤੇ {ਲਫ਼ਜ਼ 'ਅਰਿ' ਅਤੇ 'ਅਰੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।
ਰਿਦੈ ਪ੍ਰਗਾਸੁ ਪ੍ਰਗਟ ਭਇਆ ਨਿਸਿ ਬਾਸੁਰ ਜਾਗਉ ॥੩॥
My heart is illumined, and the Lord has become manifest; night and day, I remain awake and aware. ||3||
ਮੇਰੇ ਹਿਰਦੇ ਵਿਚ (ਸਹੀ ਜੀਵਨ ਦਾ) ਚਾਨਣ ਹੋ ਗਿਆ ਹੈ, ਹੁਣ ਮੈਂ (ਕਾਮਾਦਿਕਾਂ ਦੇ ਹੱਲੇ ਵੱਲੋਂ) ਰਾਤ ਦਿਨ ਸੁਚੇਤ ਰਹਿੰਦਾ ਹਾਂ ॥੩॥ ਰਿਦੈ = ਹਿਰਦੇ ਵਿਚ। ਪ੍ਰਗਾਸੁ = ਚਾਨਣ, ਸਹੀ ਜੀਵਨ ਦਾ ਚਾਨਣ। ਨਿਸਿ = ਰਾਤ। ਬਾਸੁਰ = ਦਿਨ। ਜਾਗਉ = ਜਾਗਉਂ, ਮੈਂ ਜਾਗਦਾ ਹਾਂ, ਮੈਂ (ਕਾਮਾਦਿਕ ਦੇ ਰੌਲੇ ਤੋਂ) ਸੁਚੇਤ ਰਹਿੰਦਾ ਹਾਂ ॥੩॥
ਸਰਣਿ ਸੋਹਾਗਨਿ ਆਇਆ ਜਿਸੁ ਮਸਤਕਿ ਭਾਗਉ ॥
The blessed soul-bride seeks His Sanctuary; her destiny is recorded on her forehead.
ਜਿਸ ਮਨੁੱਖ ਦੇ ਮੱਥੇ ਉੱਤੇ ਚੰਗੇ ਭਾਗ ਜਾਗਦੇ ਹਨ, ਉਹ ਸੁਹਾਗਣ ਇਸਤ੍ਰੀ ਵਾਂਗ (ਗੁਰੂ ਦੀ) ਸਰਨ ਪੈਂਦਾ ਹੈ। ਜਿਸੁ ਮਸਤਕਿ = ਜਿਸ ਦੇ ਮੱਥੇ ਉਤੇ। ਭਾਗਉ = ਚੰਗਾ ਭਾਗ, ਚੰਗੀ ਕਿਸਮਤ।
ਕਹੁ ਨਾਨਕ ਤਿਨਿ ਪਾਇਆ ਤਨੁ ਮਨੁ ਸੀਤਲਾਗਉ ॥੪॥੨॥੩੨॥
Says Nanak, she obtains her Husband Lord; her body and mind are cooled and soothed. ||4||2||32||
ਨਾਨਕ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ) ਉਸ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ, ਉਸ ਦਾ ਮਨ ਉਸ ਦਾ ਸਰੀਰ (ਕਾਮਾਦਿਕਾਂ ਵਲੋਂ ਖ਼ਲਾਸੀ ਪ੍ਰਾਪਤ ਕਰ ਕੇ) ਠੰਢਾ-ਠਾਰ ਹੋ ਜਾਂਦਾ ਹੈ ॥੪॥੨॥੩੨॥ ਤਿਨਿ = ਉਸ ਨੇ। ਸੀਤਲਾਗਉ = ਸੀਤਲ, ਠੰਢਾ-ਠਾਰ ॥੪॥੨॥੩੨॥