ਪਉੜੀ ॥
Pauree:
ਪਉੜੀ।
ਨਾਇ ਮੰਨਿਐ ਸੁਖੁ ਊਪਜੈ ਨਾਮੇ ਗਤਿ ਹੋਈ ॥
With faith in the Name, peace wells up; the Name brings emancipation.
ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ (ਮਨ ਵਿਚ) ਸੁਖ ਪੈਦਾ ਹੁੰਦਾ ਹੈ, ਨਾਮ ਵਿਚ (ਗਿੱਝਿਆਂ) ਹੀ ਉੱਚੀ ਆਤਮਕ ਅਵਸਥਾ ਬਣਦੀ ਹੈ; ਨਾਇ ਮੰਨਿਐ = (ਪੂਰਬ ਪੂਰਨ ਕਾਰਦੰਤਕ, Locative Absolute) ਜੇ ਨਾਮ ਮੰਨ ਲਈਏ, ਜੇ ਇਹ ਮੰਨ ਲਈਏ ਕਿ ਨਾਮ ਸਿਮਰਨਾ ਜ਼ਿੰਦਗੀ ਦਾ ਅਸਲ ਮਨੋਰਥ ਹੈ, ਜੇ ਮਨ ਨਾਮ ਵਿਚ ਪਤੀਜ ਜਾਏ, ਜੇ ਮਨ ਨਾਮ ਵਿਚ ਗਿੱਝ ਜਾਏ। ਗਤਿ = ਉੱਚੀ ਆਤਮਕ ਅਵਸਥਾ।
ਨਾਇ ਮੰਨਿਐ ਪਤਿ ਪਾਈਐ ਹਿਰਦੈ ਹਰਿ ਸੋਈ ॥
With faith in the Name, honor is obtained. The Lord is enshrined in the heart.
ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ ਇੱਜ਼ਤ ਮਿਲਦੀ ਹੈ ਤੇ ਹਿਰਦੇ ਵਿਚ ਉਹ ਪ੍ਰਭੂ (ਆ ਵੱਸਦਾ ਹੈ); ਪਤਿ = ਇੱਜ਼ਤ।
ਨਾਇ ਮੰਨਿਐ ਭਵਜਲੁ ਲੰਘੀਐ ਫਿਰਿ ਬਿਘਨੁ ਨ ਹੋਈ ॥
With faith in the Name, one crosses over the terrifying world-ocean, and no obstructions are ever again encountered.
ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਤੇ (ਜ਼ਿੰਦਗੀ ਦੇ ਰਾਹ ਵਿਚ) ਕੋਈ ਰੋਕ ਨਹੀਂ ਪੈਂਦੀ; ਭਵਜਲੁ = ਸੰਸਾਰ-ਸਮੁੰਦਰ। ਬਿਘਨੁ = ਰੁਕਾਵਟ।
ਨਾਇ ਮੰਨਿਐ ਪੰਥੁ ਪਰਗਟਾ ਨਾਮੇ ਸਭ ਲੋਈ ॥
With faith in the Name, the Path is revealed; through the Name, one is totally enlightened.
ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ ਜੀਵਨ ਦਾ ਰਸਤਾ ਪ੍ਰਤੱਖ ਸਾਫ਼ ਦਿੱਸਣ ਲੱਗ ਪੈਂਦਾ ਹੈ ਕਿਉਂਕਿ ਨਾਮ ਵਿਚ ਸਾਰਾ ਚਾਨਣ ਹੈ (ਆਤਮਕ ਜੀਵਨ ਦੀ ਸੂਝ ਹੈ)। ਪੰਥੁ = (ਜ਼ਿੰਦਗੀ ਦਾ ਅਸਲ) ਰਸਤਾ। ਪਰਗਟਾ = ਪ੍ਰਤੱਖ। ਲੋਈ = ਚਾਨਣ, ਆਤਮਕ ਜੀਵਨ ਦੀ ਸੂਝ।
ਨਾਨਕ ਸਤਿਗੁਰਿ ਮਿਲਿਐ ਨਾਉ ਮੰਨੀਐ ਜਿਨ ਦੇਵੈ ਸੋਈ ॥੯॥
O Nanak, meeting with the True Guru, one comes to have faith in the Name; he alone has faith, who is blessed with it. ||9||
(ਪਰ) ਹੇ ਨਾਨਕ! ਜੇ ਸਤਿਗੁਰੂ ਮਿਲੇ ਤਾਂ ਹੀ ਨਾਮ-ਸਿਮਰਨ (ਜ਼ਿੰਦਗੀ ਦਾ ('ਪਰਗਟ ਪੰਥ') ਮੰਨਿਆ ਜਾ ਸਕਦਾ ਹੈ (ਤੇ ਇਹ ਦਾਤ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਨੂੰ ਉਹ ਪ੍ਰਭੂ ਆਪ ਦੇਂਦਾ ਹੈ ॥੯॥ ਸਤਿਗੁਰਿ ਮਿਲਿਐ = (ਪੂਰਬ ਪੂਰਨ ਕਾਰਦੰਤਕ) ਜੇ ਗੁਰੂ ਮਿਲ ਪਏ। ਨਾਉ ਮੰਨੀਐ = ਨਾਮ ਨੂੰ ਮੰਨ ਲਈਦਾ ਹੈ, ਇਹ ਮੰਨ ਲਈਦਾ ਹੈ ਕਿ ਨਾਮ ਸਿਮਰਨਾ ਜ਼ਿੰਦਗੀ ਦਾ 'ਪਰਗਟ ਪੰਥ' ਹੈ। ਜਿਨ੍ਹ੍ਹ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ)। ਸੋਈ = ਉਹ ਪ੍ਰਭੂ ॥੯॥