ਸੂਹੀ ਮਹਲਾ ੪ ॥
Soohee, Fourth Mehl:
ਸੂਹੀ ਚੌਥੀ ਪਾਤਸ਼ਾਹੀ।
ਜਿਸ ਨੋ ਹਰਿ ਸੁਪ੍ਰਸੰਨੁ ਹੋਇ ਸੋ ਹਰਿ ਗੁਣਾ ਰਵੈ ਸੋ ਭਗਤੁ ਸੋ ਪਰਵਾਨੁ ॥
That mortal, with whom the Lord is pleased, repeats the Glorious Praises of the Lord; he alone is a devotee, and he alone is approved.
ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਚੰਗੀ ਤਰ੍ਹਾਂ ਖ਼ੁਸ਼ ਹੁੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਹ ਮਨੁੱਖ (ਉਸ ਦੀਆਂ ਨਜ਼ਰਾਂ ਵਿਚ) ਭਗਤ ਹੈ (ਉਸ ਦੇ ਦਰ ਤੇ) ਕਬੂਲ ਹੈ। ਜਿਸ ਨੋ, ਜਿਸ ਕੈ, ਤਿਸ ਕੀ, ਜਿਸ ਤੇ, ਤਿਸ ਕਾ = {ਲਫ਼ਜ਼ 'ਜਿਸੁ' 'ਤਿਸੁ' ਦਾ (ੁ) ਸੰਬੰਧਕ 'ਨੋ' 'ਕੈ', 'ਕੀ', 'ਕਾ' ਦੇ ਕਾਰਨ ਉਡ ਗਿਆ ਹੈ}। ਸੁਪ੍ਰਸੰਨੁ = ਚੰਗੀ ਤਰ੍ਹਾਂ ਖ਼ੁਸ਼। ਰਵੈ = ਚੇਤੇ ਕਰਦਾ ਹੈ। ਪਰਵਾਨੁ = ਕਬੂਲ।
ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਹਰਿ ਪੁਰਖੁ ਭਗਵਾਨੁ ॥੧॥
How can his glory be described? Within his heart, the Primal Lord, the Lord God, abides. ||1||
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਪੁਰਖ ਆ ਵੱਸਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ॥੧॥ ਮਹਿਮਾ = ਵਡਿਆਈ। ਵਰਨੀਐ = ਬਿਆਨ ਕੀਤੀ ਜਾਏ। ਕੈ ਹਿਰਦੇ = ਦੇ ਹਿਰਦੇ ਵਿਚ ॥੧॥
ਗੋਵਿੰਦ ਗੁਣ ਗਾਈਐ ਜੀਉ ਲਾਇ ਸਤਿਗੁਰੂ ਨਾਲਿ ਧਿਆਨੁ ॥੧॥ ਰਹਾਉ ॥
Sing the Glorious Praises of the Lord of the Universe; focus your meditation on the True Guru. ||1||Pause||
ਹੇ ਭਾਈ! ਆਓ, ਚਿੱਤ ਜੋੜ ਕੇ, ਗੁਰੂ (ਦੀ ਬਾਣੀ) ਨਾਲ ਸੁਰਤ ਜੋੜ ਕੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੀਏ ॥੧॥ ਰਹਾਉ ॥ ਗਾਈਐ = ਆਓ, ਗਾਵੀਏ। ਜੀਉ ਲਾਇ = ਚਿੱਤ ਜੋੜ ਕੇ ॥੧॥ ਰਹਾਉ ॥
ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨੁ ॥
He is the True Guru - service to the True Guru is fruitful and rewarding. By this service, the greatest treasure is obtained.
ਹੇ ਭਾਈ! ਉਹ ਗੁਰੂ (ਐਸਾ ਸਮਰਥ ਹੈ) ਕਿ ਉਸ ਪਾਸੋਂ ਸਭ ਤੋਂ ਉੱਚਾ ਖ਼ਜ਼ਾਨਾ ਮਿਲ ਜਾਂਦਾ ਹੈ, ਉਸ ਗੁਰੂ ਦੀ ਦੱਸੀ ਹੋਈ ਉਹ ਸੇਵਾ ਭੀ ਫਲ ਲਿਆਉਂਦੀ ਹੈ। ਸਫਲ = ਕਾਮਯਾਬ। ਤੇ = ਤੋਂ। ਨਿਧਾਨੁ = ਖ਼ਜ਼ਾਨਾ।
ਜੋ ਦੂਜੈ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ ਸੋ ਨਿਹਫਲ ਸਭੁ ਅਗਿਆਨੁ ॥੨॥
The faithless cynics in their love of duality and sensual desires, harbor foul-smelling urges. They are totally useless and ignorant. ||2||
ਜੇਹੜੇ ਮਾਇਆ-ਵੇੜ੍ਹੇ ਮਨੁੱਖ ਮਾਇਆ ਦੇ ਪਿਆਰ ਵਿਚ (ਫਸ ਕੇ) ਮਨ ਦੀਆਂ ਵਾਸਨਾਂ (ਪੂਰੀਆਂ ਕਰਨ) ਦੀ ਖ਼ਾਤਰ ਵਿਸ਼ੇ ਵਿਕਾਰਾਂ ਵਿਚ ਲੱਗੇ ਰਹਿੰਦੇ ਹਨ, ਉਹ ਜੀਵਨ ਵਿਅਰਥ ਗਵਾ ਲੈਂਦੇ ਹਨ, ਉਹਨਾਂ ਦਾ ਸਾਰਾ ਜੀਵਨ ਹੀ ਆਤਮਕ ਜੀਵਨ ਵਲੋਂ ਬੇ-ਸਮਝੀ ਹੈ ॥੨॥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਕਾਮਨਾ ਅਰਥਿ = ਮਨ ਦੀਆਂ ਵਾਸਨਾਂ ਦੀ ਖ਼ਾਤਰ। ਦੁਰਗੰਧ = ਵਿਸ਼ੇ ਵਿਕਾਰ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ ॥੨॥
ਜਿਸ ਨੋ ਪਰਤੀਤਿ ਹੋਵੈ ਤਿਸ ਕਾ ਗਾਵਿਆ ਥਾਇ ਪਵੈ ਸੋ ਪਾਵੈ ਦਰਗਹ ਮਾਨੁ ॥
One who has faith - his singing is approved. He is honored in the Court of the Lord.
ਹੇ ਭਾਈ! ਜਿਸ ਮਨੁੱਖ ਨੂੰ (ਗੁਰੂ ਉੱਤੇ) ਸਰਧਾ ਹੁੰਦੀ ਹੈ, ਉਸ ਦਾ ਹਰਿ-ਜਸ ਗਾਣਾ (ਹਰੀ ਦੀ ਹਜ਼ੂਰੀ ਵਿਚ) ਕਬੂਲ ਪੈਂਦਾ ਹੈ; ਉਹ ਮਨੁੱਖ ਪਰਮਾਤਮਾ ਦੀ ਦਰਗਾਹ ਵਿਚ ਆਦਰ ਪਾਂਦਾ ਹੈ। ਪਰਤੀਤਿ = ਸਰਧਾ, ਨਿਸਚਾ। ਥਾਇ ਪਵੈ = ਪਰਵਾਨ ਹੁੰਦਾ ਹੈ। ਮਾਨੁ = ਆਦਰ।
ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ ॥੩॥
Those who lack faith may close their eyes, hypocritically pretending and faking devotion, but their false pretenses shall soon wear off. ||3||
ਪਰ ਜੇਹੜੇ ਫ਼ਰੇਬੀ ਮਨੁੱਖ (ਗੁਰੂ ਉਤੇ) ਨਿਸਚਾ ਰੱਖਣ ਤੋਂ ਬਿਨਾ ਝੂਠ-ਮੂਠ ਹੀ ਅੱਖਾਂ ਮੀਟਦੇ ਹਨ (ਮਾਨੋ, ਸਮਾਧੀ ਲਾਈ ਬੈਠੇ ਹਨ) ਉਹਨਾਂ ਦਾ (ਆਪਣੀ ਉੱਚਤਾ ਬਾਰੇ) ਝੂਠਾ ਅਹੰਕਾਰ (ਆਖ਼ਰ) ਲਹਿ ਜਾਇਗਾ ॥੩॥ ਕਪਟੀ = ਫ਼ਰੇਬੀ। ਕੂੜੀ ਕੂੜੀ = ਝੂਠ-ਮੂਠ। ਗੁਮਾਨੁ = ਮਾਣ, ਅਹੰਕਾਰ ॥੩॥
ਜੇਤਾ ਜੀਉ ਪਿੰਡੁ ਸਭੁ ਤੇਰਾ ਤੂੰ ਅੰਤਰਜਾਮੀ ਪੁਰਖੁ ਭਗਵਾਨੁ ॥
My soul and body are totally Yours, Lord; You are the Inner-knower, the Searcher of hearts, my Primal Lord God.
ਹੇ ਪ੍ਰਭੂ! ਜਿਤਨਾ ਭੀ (ਜੀਵਾਂ ਦਾ) ਜਿੰਦ-ਸਰੀਰ ਹੈ, ਇਹ ਸਭ ਤੇਰਾ ਦਿੱਤਾ ਹੋਇਆ ਹੈ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਸਰਬ-ਵਿਆਪਕ ਪ੍ਰਭੂ ਹੈਂ। ਜੀਉ = ਜਿੰਦ। ਪਿੰਡੁ = ਸਰੀਰ। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ।
ਦਾਸਨਿ ਦਾਸੁ ਕਹੈ ਜਨੁ ਨਾਨਕੁ ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ ਵਖਿਆਨੁ ॥੪॥੪॥੧੧॥
So speaks servant Nanak, the slave of Your slaves; as You make me speak, so do I speak. ||4||4||11||
ਹੇ ਪ੍ਰਭੂ! ਤੇਰੇ ਦਾਸਾਂ ਦਾ ਦਾਸ ਨਾਨਕ ਆਖਦਾ ਹੈ-(ਹੇ ਪ੍ਰਭੂ!) ਤੂੰ ਜੋ ਕੁਝ ਮੈਥੋਂ ਅਖਵਾਂਦਾ ਹੈਂ, ਮੈਂ ਉਹੀ ਕੁਝ ਆਖਦਾ ਹਾਂ ॥੪॥੪॥੧੧॥ ਦਾਸਨਿ ਦਾਸੁ = ਦਾਸਾਂ ਦਾ ਦਾਸ। ਵਖਿਆਨੁ = ਬਿਆਨ। ਕਰੀ = ਕਰੀਂ, ਮੈਂ ਕਰਦਾ ਹਾਂ ॥੪॥੪॥੧੧॥