ਸੂਹੀ ਮਹਲਾ ੪ ॥
Soohee, Fourth Mehl:
ਸੂਹੀ ਚੌਥੀ ਪਾਤਿਸ਼ਾਹੀ।
ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ॥
Wherever the Lord is worshipped in adoration, there the Lord becomes one's friend and helper.
ਹੇ ਭਾਈ! ਜਿਸ ਭੀ ਥਾਂ ਪਰਮਾਤਮਾ ਦਾ ਆਰਾਧਨ ਕੀਤਾ ਜਾਏ, ਉਹ ਮਿੱਤਰ ਪਰਮਾਤਮਾ ਉੱਥੇ ਹੀ ਆ ਮਦਦਗਾਰ ਬਣਦਾ ਹੈ। ਮਿਤੁ = ਮਿੱਤਰ। ਸਹਾਈ = ਮਦਦਗਾਰ।
ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ॥੧॥
By Guru's Grace, the Lord comes to dwell in the mind; He cannot be obtained in any other way. ||1||
(ਪਰ ਉਹ) ਪਰਮਾਤਮਾ ਗੁਰੂ ਦੀ ਕਿਰਪਾ ਨਾਲ (ਹੀ ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਉਸ ਨੂੰ ਲੱਭਿਆ ਨਹੀਂ ਜਾ ਸਕਦਾ ॥੧॥ ਤੇ = ਤੋਂ, ਨਾਲ। ਮਨਿ = ਮਨ ਵਿਚ। ਹੋਰਤੁ ਬਿਧਿ = ਕਿਸੇ ਹੋਰ ਤਰੀਕੇ ਨਾਲ। {ਹੋਰਤੁ = ਹੋਰ ਦੀ ਰਾਹੀਂ। ਜਿਤੁ = ਜਿਸ ਦੀ ਰਾਹੀਂ। ਤਿਤੁ = ਉਸ ਦੀ ਰਾਹੀਂ ॥੧॥
ਹਰਿ ਧਨੁ ਸੰਚੀਐ ਭਾਈ ॥
So gather in the wealth of the Lord, O Siblings of Destiny,
ਹੇ ਭਾਈ! ਉਸ ਹਰੀ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ, ਸੰਚੀਐ = ਇਕੱਠਾ ਕਰਨਾ ਚਾਹੀਦਾ ਹੈ। ਭਾਈ = ਹੇ ਭਾਈ!
ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥੧॥ ਰਹਾਉ ॥
so that in this world and the next, the Lord shall be your friend and companion. ||1||Pause||
ਜੇਹੜਾ ਹਰੀ ਇਸ ਲੋਕ ਵਿਚ ਅਤੇ ਪਰਲੋਕ ਵਿਚ ਮਿੱਤਰ ਬਣਦਾ ਹੈ ॥੧॥ ਰਹਾਉ ॥ ਜਿ ਹਰਿ = ਜੇਹੜਾ ਹਰੀ! ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਸਖਾਈ = ਮਿੱਤਰ ॥੧॥ ਰਹਾਉ ॥
ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥
In the company of the Sat Sangat, the True Congregation, you shall earn the wealth of the Lord; this wealth of the Lord is not obtained anywhere else, by any other means, at all.
ਹੇ ਭਾਈ! ਸਤਸੰਗੀਆਂ ਨਾਲ (ਮਿਲ ਕੇ) ਪਰਮਾਤਮਾ ਦਾ ਨਾਮ-ਧਨ ਖੱਟਿਆ ਜਾ ਸਕਦਾ ਹੈ, (ਸਤਸੰਗ ਤੋਂ ਬਿਨਾ) ਕਿਸੇ ਭੀ ਹੋਰ ਥਾਂ, ਕਿਸੇ ਭੀ ਹੋਰ ਜਤਨ ਨਾਲ ਹਰਿ-ਨਾਮ ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸੰਗਿ = ਨਾਲ। ਸਤ ਸੰਗਤੀ ਸੰਗਿ = ਸਤਸੰਗੀਆਂ ਨਾਲ (ਰਲ ਕੇ)। ਖਟੀਐ = ਖੱਟਿਆ ਜਾ ਸਕਦਾ ਹੈ। ਹੋਰਥੈ = ਕਿਸੇ ਹੋਰ ਥਾਂ। ਹੋਰਤੁ ਉਪਾਇ = ਕਿਸੇ ਹੋਰ ਜਤਨ ਨਾਲ। ਕਿਤੈ = ਕਿਸੇ ਭੀ ਥਾਂ।
ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨ ਜਾਈ ॥੨॥
The dealer in the Lord's Jewels purchases the wealth of the Lord's jewels; the dealer in cheap glass jewels cannot acquire the Lord's wealth by empty words. ||2||
ਹਰਿ ਨਾਮ ਧਨ ਦਾ ਸਤਸੰਗੀ ਵਾਪਾਰੀ ਨਾਮ ਧਨ ਖ਼ਰੀਦਦਾ ਹੈ, ਨਾਸਵੰਤ ਪਦਾਰਥਾਂ ਦੇ ਵਪਾਰੀ (ਮਾਇਕ ਪਦਾਰਥ ਹੀ ਖ਼ਰੀਦਦੇ ਹਨ ਉਹਨਾਂ ਦੀ) ਸਿੱਖਿਆ ਨਾਲ ਹਰਿ-ਨਾਮ-ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ ॥੨॥ ਵਿਹਾਝੇ = ਖ਼ਰੀਦਦਾ ਹੈ। ਕਚੈ ਕੇ ਵਾਪਾਰੀਏ = ਕੱਚ ਦਾ ਵਪਾਰ ਕਰਨ ਵਾਲੇ (ਕੱਚ ਹੀ ਵਿਹਾਝਦੇ ਹਨ)। ਵਾਕਿ = (ਉਹਨਾਂ ਦੇ) ਵਾਕ ਨਾਲ, (ਉਹਨਾਂ ਦੀ) ਸਿੱਖਿਆ ਨਾਲ ॥੨॥
ਹਰਿ ਧਨੁ ਰਤਨੁ ਜਵੇਹਰੁ ਮਾਣਕੁ ਹਰਿ ਧਨੈ ਨਾਲਿ ਅੰਮ੍ਰਿਤ ਵੇਲੈ ਵਤੈ ਹਰਿ ਭਗਤੀ ਹਰਿ ਲਿਵ ਲਾਈ ॥
The Lord's wealth is like jewels, gems and rubies. At the appointed time in the Amrit Vaylaa, the ambrosial hours of the morning, the Lord's devotees lovingly center their attention on the Lord, and the wealth of the Lord.
ਹੇ ਭਾਈ! ਪਰਮਾਤਮਾ ਦਾ ਨਾਮ (ਭੀ) ਧਨ (ਹੈ, ਇਹ ਧਨ) ਰਤਨ ਜਵਾਹਰ ਮੋਤੀ (ਵਰਗਾ ਕੀਮਤੀ) ਹੈ। ਪ੍ਰਭੂ ਦੇ ਭਗਤਾਂ ਨੇ ਵੱਤਰ ਦੇ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ (ਉਸ ਵੇਲੇ ਉੱਠ ਕੇ ਜਦੋਂ ਆਤਮਕ ਜੀਵਨ ਪਲ੍ਹਰਦਾ ਹੈ) ਇਸ ਹਰਿ-ਨਾਮ ਧਨ ਨਾਲ ਸੁਰਤ ਜੋੜੀ ਹੁੰਦੀ ਹੈ। ਜਵੇਹਰੁ = ਜਵਾਹਰ। ਮਾਣਕੁ = ਮੋਤੀ। ਅੰਮ੍ਰਿਤ ਵੇਲੈ = ਆਤਮਕ ਜੀਵਨ ਦੇਣ ਵਾਲੇ ਸਮੇ ਵਿਚ। ਵਤੈ = ਵੱਤਰ ਦੇ ਵੇਲੇ। ਹਰਿ ਭਗਤੀ = ਹਰੀ ਦੇ ਭਗਤਾਂ ਨੇ। ਲਿਵ = ਲਗਨ। ਲਿਵ ਲਾਈ = ਸੁਰਤ ਜੋੜੀ।
ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ ॥ ਹਲਤਿ ਪਲਤਿ ਹਰਿ ਧਨੈ ਕੀ ਭਗਤਾ ਕਉ ਮਿਲੀ ਵਡਿਆਈ ॥੩॥
The devotees of the Lord plant the seed of the Lord's wealth in the ambrosial hours of the Amrit Vaylaa; they eat it, and spend it, but it is never exhausted. In this world and the next, the devotees are blessed with glorious greatness, the wealth of the Lord. ||3||
ਵੱਤਰ ਦੇ ਵੇਲੇ ਅੰਮ੍ਰਿਤ ਵੇਲੇ (ਉੱਠ ਕੇ) ਬੀਜਿਆ ਹੋਇਆ ਇਹ ਹਰਿ-ਨਾਮ-ਧਨ ਭਗਤ ਜਨ ਆਪ ਵਰਤਦੇ ਰਹਿੰਦੇ ਹਨ, ਹੋਰਨਾਂ ਨੂੰ ਵੰਡਦੇ ਰਹਿੰਦੇ ਹਨ, ਪਰ ਇਹ ਮੁੱਕਦਾ ਨਹੀਂ। ਭਗਤ ਜਨਾਂ ਨੂੰ ਇਸ ਲੋਕ ਵਿਚ ਪਰਲੋਕ ਵਿਚ ਇਸ ਹਰਿ-ਨਾਮ-ਧਨ ਦੇ ਕਾਰਨ ਇੱਜ਼ਤ ਮਿਲਦੀ ਹੈ ॥੩॥ ਨਿਖੁਟੈ = ਮੁੱਕਦਾ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਕਉ = ਨੂੰ ॥੩॥
ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰੁ ਹੈ ਸਾਚਾ ਇਹੁ ਹਰਿ ਧਨੁ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨ ਜਾਈ ॥
The wealth of the Fearless Lord is permanent, forever and ever, and true. This wealth of the Lord cannot be destroyed by fire or water; neither thieves nor the Messenger of Death can take it away.
ਹੇ ਭਾਈ! ਇਸ ਹਰਿ-ਨਾਮ-ਧਨ ਨੂੰ ਕਿਸੇ ਕਿਸਮ ਦਾ ਕੋਈ ਡਰ-ਖ਼ਤਰਾ ਨਹੀਂ, ਇਹ ਸਦਾ ਹੀ ਕਾਇਮ ਰਹਿਣ ਵਾਲਾ ਹੈ, ਸਦਾ ਹੀ ਟਿਕਿਆ ਰਹਿੰਦਾ ਹੈ। ਅੱਗ, ਚੋਰ, ਪਾਣੀ, ਮੌਤ-ਕਿਸੇ ਪਾਸੋਂ ਭੀ ਇਸ ਧਨ ਦਾ ਨੁਕਸਾਨ ਨਹੀਂ ਕੀਤਾ ਜਾ ਸਕਦਾ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਸਾਚਾ = ਸਦਾ ਟਿਕੇ ਰਹਿਣ ਵਾਲਾ। ਤਸਕਰ = ਚੋਰ।
ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ ਜਾਗਾਤੀ ਡੰਡੁ ਨ ਲਗਾਈ ॥੪॥
Thieves cannot even approach the Lord's wealth; Death, the tax collector cannot tax it. ||4||
ਕੋਈ ਲੁਟੇਰਾ ਇਸ ਹਰਿ-ਨਾਮ-ਧਨ ਦੇ ਨੇੜੇ ਨਹੀਂ ਢੁਕ ਸਕਦਾ। ਜਮ ਮਸੂਲੀਆ ਇਸ ਧਨ ਨੂੰ ਮਸੂਲ ਨਹੀਂ ਲਾ ਸਕਦਾ ॥੪॥ ਉਚਕਾ = ਉਚੱਕਾ, ਚੁੱਕ ਕੇ ਲੈ ਜਾਣ ਵਾਲਾ, ਲੁਟੇਰਾ। ਜਾਗਾਤੀ = ਮਸੂਲੀਆ। ਡੰਡੁ = ਡੰਨ ॥੪॥
ਸਾਕਤੀ ਪਾਪ ਕਰਿ ਕੈ ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ ਜਾਈ ॥
The faithless cynics commit sins and gather in their poisonous wealth, but it shall not go along with them for even a single step.
ਹੇ ਭਾਈ! ਮਾਇਆ-ਵੇੜ੍ਹੇ ਮਨੁੱਖਾਂ ਨੇ (ਸਦਾ) ਪਾਪ ਕਰ ਕਰ ਕੇ ਮਾਇਆ-ਧਨ (ਹੀ) ਜੋੜਿਆ, (ਪਰ) ਉਹਨਾਂ ਦੇ ਨਾਲ (ਜਗਤ ਤੋਂ ਤੁਰਨ ਵੇਲੇ) ਇਹ ਧਨ ਇਕ ਕਦਮ ਭੀ ਸਾਥ ਨਾਹ ਕਰ ਸਕਿਆ। ਸਾਕਤੀ = ਸਾਕਤੀਂ, ਸਾਕਤਾਂ ਨੇ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨੇ। ਬਿਖਿਆ = ਮਾਇਆ। ਸੰਚਿਆ = ਇਕੱਠਾ ਕੀਤਾ, ਜੋੜਿਆ। ਵਿਖ = ਕਦਮ। ਦੁਹੇਲੇ = ਦੁਖੀ।
ਹਲਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ ਗਇਆ ਅਗੈ ਪਲਤਿ ਸਾਕਤੁ ਹਰਿ ਦਰਗਹ ਢੋਈ ਨ ਪਾਈ ॥੫॥
In this world, the faithless cynics become miserable, as it slips away through their hands. In the world hereafter, the faithless cynics find no shelter in the Court of the Lord. ||5||
(ਇਸ ਮਾਇਆ-ਧਨ ਦੇ ਕਾਰਨ) ਮਾਇਆ-ਵੇੜ੍ਹੇ ਮਨੁੱਖ ਇਸ ਲੋਕ ਵਿਚ ਦੁਖੀ ਹੀ ਰਹੇ (ਮਰਨ ਵੇਲੇ ਇਹ ਧਨ) ਹੱਥੋਂ ਖੁੱਸ ਗਿਆ, ਅਗਾਂਹ ਪਰਲੋਕ ਵਿਚ ਜਾ ਕੇ ਮਾਇਆ-ਵੇੜ੍ਹੇ ਮਨੁੱਖ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਕੋਈ ਥਾਂ ਨਹੀਂ ਮਿਲਦੀ ॥੫॥ ਸਾਕਤ = ਮਾਇਆ-ਵੇੜ੍ਹੇ ਮਨੁੱਖ। ਹਥਹੁ = ਹੱਥ ਵਿਚੋਂ। ਛੁੜਕਿ ਗਇਆ = ਖੁੱਸ ਗਿਆ। ਅਗੈ ਪਲਤਿ = ਅਗਾਂਹ ਪਰਲੋਕ ਵਿਚ। ਸਾਕਤੁ = ਮਾਇਆ-ਵੇੜ੍ਹਿਆ ਮਨੁੱਖ {ਇਕ-ਵਚਨ}। ਢੋਈ = ਆਸਰਾ ॥੫॥
ਇਸੁ ਹਰਿ ਧਨ ਕਾ ਸਾਹੁ ਹਰਿ ਆਪਿ ਹੈ ਸੰਤਹੁ ਜਿਸ ਨੋ ਦੇਇ ਸੁ ਹਰਿ ਧਨੁ ਲਦਿ ਚਲਾਈ ॥
The Lord Himself is the Banker of this wealth, O Saints; when the Lord gives it, the mortal loads it and takes it away.
ਹੇ ਸੰਤ ਜਨੋ! ਇਸ ਹਰਿ-ਨਾਮ-ਧਨ ਦਾ ਮਾਲਕ ਪਰਮਾਤਮਾ ਆਪ ਹੀ ਹੈ। ਜਿਸ ਮਨੁੱਖ ਨੂੰ ਸ਼ਾਹ ਪ੍ਰਭੂ ਇਹ ਧਨ ਦੇਂਦਾ ਹੈ, ਉਹ ਮਨੁੱਖ (ਇਸ ਜਗਤ ਵਿਚ) ਇਹ ਹਰਿ-ਨਾਮ-ਸੌਦਾ ਵਿਹਾਝ ਕੇ ਇਥੋਂ ਤੁਰਦਾ ਹੈ। ਸਾਹੁ = ਸ਼ਾਹੁ, ਸਰਮਾਏ ਦਾ ਮਾਲਕ। ਸੰਤਹੁ = ਹੇ ਸੰਤ ਜਨੋ! ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਦੇਇ = ਦੇਂਦਾ ਹੈ। ਲਦਿ = ਲੱਦ ਕੇ।
ਇਸੁ ਹਰਿ ਧਨੈ ਕਾ ਤੋਟਾ ਕਦੇ ਨ ਆਵਈ ਜਨ ਨਾਨਕ ਕਉ ਗੁਰਿ ਸੋਝੀ ਪਾਈ ॥੬॥੩॥੧੦॥
This wealth of the Lord is never exhausted; the Guru has given this understanding to servant Nanak. ||6||3||10||
ਹੇ ਨਾਨਕ! (ਆਖ-ਹੇ ਭਾਈ!) ਇਸ ਹਰਿ-ਨਾਮ-ਧਨ ਦੇ ਵਪਾਰ ਵਿਚ ਕਦੇ ਘਾਟਾ ਨਹੀਂ ਪੈਂਦਾ। ਗੁਰੂ ਨੇ ਆਪਣੇ ਸੇਵਕ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ ॥੬॥੩॥੧੦॥ ਤੋਟਾ = ਘਾਟ। ਆਵਈ = ਆਵਏ, ਆਵੈ। ਗੁਰਿ = ਗੁਰੂ ਨੇ। ਜਨ ਕਉ = ਆਪਣੇ ਦਾਸ ਨੂੰ। ਨਾਨਕ = ਹੇ ਨਾਨਕ! ॥੬॥੩॥੧੦॥