ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥
By His Command, bodies are created; His Command cannot be described.
ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ। ਹੁਕਮੀ = ਹੁਕਮ ਵਿਚ, ਅਕਾਲ ਪੁਰਖ ਦੇ ਹੁਕਮ ਅਨੁਸਾਰ। ਹੋਵਨਿ = ਹੁੰਦੇ ਹਨ, ਹੋਂਦ ਵਿਚ ਆਉਂਦੇ ਹਨ, ਬਣ ਜਾਂਦੇ ਹਨ। ਆਕਾਰ = ਸਰੂਪ, ਸ਼ਕਲਾਂ, ਸਰੀਰ। ਨ ਕਹਿਆ ਜਾਈ = ਕਹਿਆ ਨ ਜਾਈ, ਕਥਨ ਨਹੀਂ ਕੀਤਾ ਜਾ ਸਕਦਾ।
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
By His Command, souls come into being; by His Command, glory and greatness are obtained.
ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ 'ਤੇ) ਸ਼ੋਭਾ ਮਿਲਦੀ ਹੈ। ਜੀਅ-ਜੀਅ ਜੰਤ। ਹੁਕਮਿ = ਹੁਕਮ ਅਨੁਸਾਰ। ਵਡਿਆਈ = ਆਦਰ, ਸ਼ੋਭਾ।
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥
By His Command, some are high and some are low; by His Written Command, pain and pleasure are obtained.
ਰੱਬ ਦੇ ਹੁਕਮ ਵਿਚ ਕੋਈ ਮਨੁੱਖ ਚੰਗਾ (ਬਣ ਜਾਂਦਾ) ਹੈ, ਕੋਈ ਭੈੜਾ। ਉਸ ਦੇ ਹੁਕਮ ਵਿਚ ਹੀ (ਆਪਣੇ ਕੀਤੇ ਹੋਏ ਕਰਮਾਂ ਦੇ) ਲਿਖੇ ਅਨੁਸਾਰ ਦੁੱਖ ਤੇ ਸੁਖ ਭੋਗੀਦੇ ਹਨ। ਉਤਮੁ = ਸ੍ਰੇਸ਼ਟ, ਚੰਗਾ। ਲਿਖਿ = ਲਿਖ ਕੇ, ਲਿਖੇ ਅਨੁਸਾਰ। ਪਾਈਅਹਿ = ਪਾਈਦੇ ਹਨ, ਭੋਗੀਦੇ ਹਨ।
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
Some, by His Command, are blessed and forgiven; others, by His Command, wander aimlessly forever.
ਹੁਕਮ ਵਿਚ ਹੀ ਕਦੀ ਮਨੁੱਖਾਂ ਉੱਤੇ (ਅਕਾਲ ਪੁਰਖ ਦੇ ਦਰ ਤੋਂ) ਬਖ਼ਸ਼ਸ਼ ਹੁੰਦੀ ਹੈ, ਅਤੇ ਉਸ ਦੇ ਹੁਕਮ ਵਿਚ ਹੀ ਕਈ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿਚ ਭਵਾਈਦੇ ਹਨ। ਇਕਨਾ = ਕਈ ਮਨੁੱਖਾਂ ਨੂੰ। ਬਖਸੀਸ = ਦਾਤ, ਬਖ਼ਸ਼ਸ਼। ਇਕਿ = ਕਈ ਮਨੁੱਖ। ਭਵਾਈਅਹਿ = ਭਵਾਈਦੇ ਹਨ, ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ।
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
Everyone is subject to His Command; no one is beyond His Command.
ਹਰੇਕ ਜੀਵ ਰੱਬ ਦੇ ਹੁਕਮ ਵਿਚ ਹੀ ਹੈ, ਕੋਈ ਜੀਵ ਹੁਕਮ ਤੋਂ ਬਾਹਰ (ਭਾਵ, ਹੁਕਮ ਤੋ ਆਕੀ) ਨਹੀਂ ਹੋ ਸਕਦਾ। ਅੰਦਰਿ = ਰੱਬ ਦੇ ਹੁਕਮ ਵਿਚ ਹੀ। ਸਭੁ ਕੋ = ਹਰੇਕ ਜੀਵ। ਬਾਹਰਿ ਹੁਕਮ = ਹੁਕਮ ਤੋਂ ਬਾਹਰ।
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥
O Nanak, one who understands His Command, does not speak in ego. ||2||
ਹੇ ਨਾਨਕ! ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ (ਭਾਵ, ਫਿਰ ਉਹ ਸੁਆਰਥੀ ਜੀਵਨ ਛੱਡ ਦੇਂਦਾ ਹੈ) ॥੨॥ ਹੁਕਮੈ = ਹੁਕਮ ਨੂੰ। ਬੁਝੈ = ਸਮਝ ਲਏ। ਹਉਮੈ ਕਹੈ ਨ = ਹਉਮੈ ਦੇ ਬਚਨ ਨਹੀਂ ਆਖਦਾ, ਮੈਂ ਮੈਂ ਨਹੀਂ ਆਖਦਾ, ਸੁਆਰਥੀ ਨਹੀਂ ਬਣਦਾ ॥੨॥