ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ

Some sing of His Power-who has that Power?

ਜਿਸ ਕਿਸੇ ਮਨੁੱਖ ਨੂੰ ਸਮਰਥਾ ਹੁੰਦੀ ਹੈ, ਉਹ ਰੱਬ ਦੇ ਤਾਣ ਨੂੰ ਗਾਉਂਦਾ ਹੈ, (ਭਾਵ, ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ ਤੇ ਉਸ ਦੇ ਉਹ ਕੰਮ ਕਥਨ ਕਰਦਾ ਹੈ, ਜਿਨ੍ਹਾਂ ਤੋਂ ਉਸ ਦੀ ਵੱਡੀ ਤਾਕਤ ਪਰਗਟ ਹੋਵੇ)। ਕੋ = ਕੋਈ ਮਨੁੱਖ। ਤਾਣੁ = ਬਲ, ਅਕਾਲ ਪੁਰਖ ਦੀ ਤਾਕਤ। ਕਿਸੈ = ਜਿਸ ਕਿਸੇ ਮਨੁੱਖ ਨੂੰ। ਤਾਣੁ = ਸਮਰਥਾ।

ਗਾਵੈ ਕੋ ਦਾਤਿ ਜਾਣੈ ਨੀਸਾਣੁ

Some sing of His Gifts, and know His Sign and Insignia.

ਕੋਈ ਮਨੁੱਖ ਉਸ ਦੀਆਂ ਦਾਤਾਂ ਨੂੰ ਹੀ ਗਾਉਂਦਾ ਹੈ, (ਕਿਉਂਕਿ ਇਹਨਾਂ ਦਾਤਾਂ ਨੂੰ ਉਹ ਰੱਬ ਦੀ ਰਹਿਮਤ ਦਾ) ਨਿਸ਼ਾਨ ਸਮਝਦਾ ਹੈ। ਦਾਤਿ = ਬਖਸ਼ੇ ਹੋਏ ਪਦਾਰਥ। ਨੀਸਾਣੁ = (ਬਖ਼ਸ਼ਸ਼ ਦਾ) ਨਿਸ਼ਾਨ।

ਗਾਵੈ ਕੋ ਗੁਣ ਵਡਿਆਈਆ ਚਾਰ

Some sing of His Glorious Virtues, Greatness and Beauty.

ਕੋਈ ਮਨੁੱਖ ਰੱਬ ਦੇ ਸੋਹਣੇ ਗੁਣ ਤੇ ਸੋਹਣੀਆਂ ਵਡਿਆਈਆਂ ਵਰਣਨ ਕਰਦਾ ਹੈ। ਚਾਰ = ਸੁੰਦਰ, ਸੋਹਣੀਆਂ।

ਗਾਵੈ ਕੋ ਵਿਦਿਆ ਵਿਖਮੁ ਵੀਚਾਰੁ

Some sing of knowledge obtained of Him, through difficult philosophical studies.

ਕੋਈ ਮਨੁੱਖ ਵਿੱਦਿਆ ਦੇ ਬਲ ਨਾਲ ਅਕਾਲ ਪੁਰਖ ਦੇ ਕਠਨ ਗਿਆਨ ਨੂੰ ਗਾਉਂਦਾ ਹੈ (ਭਾਵ, ਸ਼ਾਸਤਰ ਆਦਿਕ ਦੁਆਰਾ ਆਤਮਕ ਫ਼ਿਲਾਸਫ਼ੀ ਦੇ ਔਖੇ ਵਿਸ਼ਿਆਂ 'ਤੇ ਵਿਚਾਰ ਕਰਦਾ ਹੈ)। ਵਿਦਿਆ = ਵਿੱਦਿਆ ਦੁਆਰਾ। ਵਿਖਮੁ = ਕਠਨ, ਔਖਾ। ਵੀਚਾਰੁ = ਗਿਆਨ। (ਨੋਟ: ਸ਼ਬਦ 'ਚਾਰ' ਵਿਸ਼ੇਸ਼ਣ ਹੈ, ਜੋ ਇਕ-ਵਚਨ ਪੁਲਿੰਗ ਨਾਲ 'ਚਾਰੁ' ਹੋ ਜਾਂਦਾ ਹੈ ਤੇ ਬਹੁ-ਵਚਨ ਨਾਲ ਜਾਂ ਇਸਤ੍ਰੀ-ਲਿੰਗ ਨਾਲ 'ਚਾਰ' ਰਹਿੰਦਾ ਹੈ। ਪਰ ਸ਼ਬਦ 'ਚਾਰਿ' 'ਚਹੁੰ' ਦੀ ਗਿਣਤੀ ਦਾ ਵਾਚਕ ਹੈ। ਜਿਵੇਂ: (੧) ਚਾਰਿ ਕੁੰਟ ਦਹ ਦਿਸ ਭ੍ਰਮੇ, ਥਕਿ ਆਏ ਪ੍ਰਭ ਕੀ ਸਾਮ। (੨) ਚਾਰਿ ਪਦਾਰਥ ਕਹੈ ਸਭੁ ਕੋਈ। (੩) ਚਚਾ ਚਰਨ ਕਮਲ ਗੁਰ ਲਾਗਾ। ਧਨਿ ਧਨਿ ਉਆ ਦਿਨ ਸੰਜੋਗ ਸਭਾਗਾ। ਚਾਰਿ ਕੁੰਟ ਦਹਦਿਸ ਭ੍ਰਮਿ ਆਇਓ। ਭਈ ਕ੍ਰਿਪਾ ਤਬ ਦਰਸਨੁ ਪਾਇਓ। ਚਾਰ ਬਿਚਾਰ, ਬਿਨਸਿਓ ਸਭ ਦੂਆ। ਸਾਧ ਸੰਗਿ ਮਨੁ ਨਿਰਮਲੁ ਹੂਆ। (੪) ਤਟਿ ਤੀਰਥਿ ਨਹੀ ਮਨੁ ਪਤੀਆਇ। ਚਾਰ ਅਚਾਰ ਰਹੇ ਉਰਝਾਇ॥੨॥

ਗਾਵੈ ਕੋ ਸਾਜਿ ਕਰੇ ਤਨੁ ਖੇਹ

Some sing that He fashions the body, and then again reduces it to dust.

ਕੋਈ ਮਨੁੱਖ ਇਉਂ ਗਾਉਂਦਾ ਹੈ, 'ਅਕਾਲ ਪੁਰਖ ਸਰੀਰ ਨੂੰ ਬਣਾ ਕੇ (ਫਿਰ) ਸੁਆਹ ਕਰ ਦੇਂਦਾ ਹੈ'। ਸਾਜਿ = ਪੈਦਾ ਕਰਕੇ, ਬਣਾ ਕੇ। ਤਨੁ = ਸਰੀਰ ਨੂੰ। ਖੇਹ = ਸੁਆਹ।

ਗਾਵੈ ਕੋ ਜੀਅ ਲੈ ਫਿਰਿ ਦੇਹ

Some sing that He takes life away, and then again restores it.

ਕੋਈ ਇਉਂ ਗਾਉਂਦਾ ਹੈ, 'ਹਰੀ (ਸਰੀਰਾਂ ਵਿਚੋਂ) ਜਿੰਦਾਂ ਕੱਢ ਕੇ ਫਿਰ (ਦੂਜੇ ਸਰੀਰਾਂ ਵਿਚ) ਪਾ ਦੇਂਦਾ ਹੈ'। ਜੀਅ = ਜੀਵਾਤਮਾ, ਜਿੰਦਾਂ। ਲੈ = ਲੈ ਕੇ। ਦੇਹ = ਦੇ ਦੇਂਦਾ ਹੈ। ❀ ਨੋਟ: 'ਜੀਉ' ਤੋਂ 'ਜੀਅ' ਬਹੁ-ਵਚਨ ਹੈ। ਇੱਥੇ ਸ਼ਬਦ 'ਦੇਹ' ਦਾ 'ਹ' ਪਹਿਲੀ ਤੁਕ ਦੇ 'ਖੇਹ' ਨਾਲ ਮਿਲਾਉਣ ਲਈ ਵਰਤਿਆ ਹੈ। ਉਂਞ ਸ਼ਬਦ 'ਦੇਹ' ਨਾਂਵ ਦਾ ਅਰਥ ਹੈ 'ਸਰੀਰ', ਜਿਵੇਂ 'ਭਰੀਐ ਹਥੁ ਪੈਰੁ ਤਨੁ ਦੇਹ'। ਸ਼ਬਦ 'ਦੇ', 'ਦੇਹਿ' ਅਤੇ 'ਦੇਹ' ਨੂੰ ਚੰਗੀ ਤਰ੍ਹਾਂ ਸਮਝਣ ਲਈ ਜਪੁਜੀ ਵਿਚੋਂ ਹੇਠ ਲਿਖੀਆਂ ਤੁਕਾਂ ਦਿੱਤੀਆਂ ਜਾਂਦੀਆਂ ਹਨ: (੧) ਦੇਂਦਾ ਦੇ ਲੈਦੇ ਥਕਿ ਪਾਹਿ। ਪਉੜੀ ੩। (੨) ਆਖਹਿ ਮੰਗਹਿ ਦੇਹਿ ਦੇਹਿ, ਦਾਤਿ ਕਰੇ ਦਾਤਾਰੁ।੪। (੩) ਗੁਰਾ ਇਕ ਦੇਹਿ ਬੁਝਾਈ।੫। (੪) ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣ ਦੇ।੭। (੫) ਭਰੀਐ ਹਥੁ ਪੈਰੁ ਤਨੁ ਦੇਹ।੨੦। (੬) ਦੇ ਸਾਬੂਣੁ ਲਈਐ ਓਹੁ ਧੋਇ।੨੦। (੭) ਆਪੇ ਜਾਣੈ ਆਪੇ ਦੇਇ।੨੫। ਦੇ = ਦੇਂਦਾ ਹੈ। ਦੇ = ਦੇ ਕੇ। ਦੇਇ = ਦੇਂਦਾ ਹੈ। ਦੇਇ = ਦੇ ਕੇ। ਦੇਹ = ਸਰੀਰ। ਦੇਹਿ= ਦੇਹ (ਹੁਕਮੀ ਭਵਿਖਤ ਕਾਲ)।

ਗਾਵੈ ਕੋ ਜਾਪੈ ਦਿਸੈ ਦੂਰਿ

Some sing that He seems so very far away.

ਕੋਈ ਮਨੁੱਖ ਆਖਦਾ ਹੈ, 'ਅਕਾਲ ਪੁਰਖ ਦੂਰ ਜਾਪਦਾ ਹੈ, ਦੂਰ ਦਿੱਸਦਾ ਹੈ'; ਜਾਪੈ = ਜਾਪਦਾ ਹੈ, ਪਰਤੀਤ ਹੁੰਦਾ ਹੈ।

ਗਾਵੈ ਕੋ ਵੇਖੈ ਹਾਦਰਾ ਹਦੂਰਿ

Some sing that He watches over us, face to face, ever-present.

ਪਰ ਕੋਈ ਆਖਦਾ ਹੈ, '(ਨਹੀਂ, ਨੇੜੇ ਹੈ), ਸਭ ਥਾਈਂ ਹਾਜ਼ਰ ਹੈ, ਸਭ ਨੂੰ ਵੇਖ ਰਿਹਾ ਹੈ'। ਹਾਦਰਾ ਹਦੂਰਿ = ਹਾਜ਼ਰ ਨਾਜ਼ਰ, ਸਭ ਥਾਈਂ ਹਾਜ਼ਰ।

ਕਥਨਾ ਕਥੀ ਆਵੈ ਤੋਟਿ

There is no shortage of those who preach and teach.

ਹੁਕਮ ਦੇ ਵਰਣਨ ਕਰਨ ਦੀ ਤੋਟ ਨਹੀਂ ਆ ਸਕੀ (ਭਾਵ, ਵਰਣਨ ਕਰ ਕਰ ਕੇ ਹੁਕਮ ਦਾ ਅੰਤ ਨਹੀਂ ਪੈ ਸਕਿਆ, ਹੁਕਮ ਦਾ ਸਹੀ ਸਰੂਪ ਨਹੀਂ ਲੱਭ ਸਕਿਆ); ਕਥਨਾ = ਕਹਿਣਾ, ਬਿਆਨ ਕਰਨਾ। ਕਥਨਾ ਤੋਟਿ = ਕਹਿਣ ਦੀ ਟੋਟ, ਗੁਣ ਵਰਣਨ ਕਰਨ ਦਾ ਅੰਤ।

ਕਥਿ ਕਥਿ ਕਥੀ ਕੋਟੀ ਕੋਟਿ ਕੋਟਿ

Millions upon millions offer millions of sermons and stories.

ਭਾਵੇਂ ਕ੍ਰੋੜਾਂ ਹੀ ਜੀਵਾਂ ਨੇ ਬੇਅੰਤ ਵਾਰੀ (ਅਕਾਲ ਪੁਰਖ ਦੇ ਹੁਕਮ ਦਾ) ਵਰਣਨ ਕੀਤਾ ਹੈ। ਕਥਿ = ਆਖ ਕੇ। ਕਥਿ ਕਥਿ ਕਥੀ = ਆਖ ਆਖ ਕੇ ਆਖੀ ਹੈ, ਕਥਨਾ ਕਥ ਕਥ ਕੇ ਕਥੀ ਹੈ, ਬੇਅੰਤ ਵਾਰੀ ਪ੍ਰਭੂ ਦੇ ਹੁਕਮ ਦਾ ਵਰਣਨ ਕੀਤਾ ਹੈ। ਕੋਟਿ = ਕ੍ਰੋੜ, ਕ੍ਰੋੜਾਂ ਜੀਵਾਂ ਨੇ। ❀ ਨੋਟ: ਲਫ਼ਜ਼ ਕੋਟਿ, ਕੋਟੁ, ਕੋਟ ਦਾ ਨਿਰਣਾ: (੧) ਕੋਟਿ = ਕ੍ਰੋੜ (ਵਿਸ਼ੇਸ਼ਣ)। ਕੋਟਿ ਕਰਮ ਕਰੈ ਹਉ ਧਾਰੇ। ਸ੍ਰਮੁ ਪਾਵੈ ਸਗਲੇ ਬਿਰਥਾਰੇ।੩।੧੨। (ਸੁਖਮਨੀ)। ਕੋਟਿ ਖਤੇ ਖਿਨ ਬਖਸਨਹਾਰ।੩।੩੦। (ਭੈਰਉ ਮ: ੫)। (੨) ਕੋਟੁ = ਕਿਲ੍ਹਾ (ਨਾਂਵ ਇਕ-ਵਚਨ)। ਲੰਕਾ ਸਾ ਕੋਟੁ ਸਮੁੰਦ ਸੀ ਖਾਈ। (ਆਸਾ ਕਬੀਰ ਜੀ ਏਕੁ ਕੋਟਿ ਪੰਚ ਸਿਕਦਾਰਾ (ਸੂਹੀ ਕਬੀਰ ਜੀ)। (੩) ਕੋਟ = ਕਿਲ੍ਹੇ (ਨਾਂਵ, ਬਹੁ ਵਚਨ)। ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ। (ਸਿਰੀ ਰਾਗ ਮ: ੧)।

ਦੇਦਾ ਦੇ ਲੈਦੇ ਥਕਿ ਪਾਹਿ

The Great Giver keeps on giving, while those who receive grow weary of receiving.

ਦਾਤਾਰ ਅਕਾਲ ਪੁਰਖ (ਸਭ ਜੀਆਂ ਨੂੰ ਰਿਜ਼ਕ) ਦੇ ਰਿਹਾ ਹੈ, ਪਰ ਜੀਵ ਲੈ ਲੈ ਕੇ ਥੱਕ ਪੈਂਦੇ ਹਨ। ਦੇਦਾ = ਦੇਂਦਾ, ਦੇਣ ਵਾਲਾ, ਦਾਤਾਰ ਰੱਬ। ਦੇ = (ਸਦਾ) ਦੇਂਦਾ ਹੈ, ਦੇ ਰਿਹਾ ਹੈ। ਲੈਦੇ = ਲੈਂਦੇ, ਲੈਣ ਵਾਲੇ ਜੀਵ। ਥਕਿ ਪਾਹਿ = ਥਕ ਪੈਂਦੇ ਹਨ।

ਜੁਗਾ ਜੁਗੰਤਰਿ ਖਾਹੀ ਖਾਹਿ

Throughout the ages, consumers consume.

(ਸਭ ਜੀਵ) ਸਦਾ ਤੋਂ ਹੀ (ਰੱਬ ਦੇ ਦਿੱਤੇ ਪਦਾਰਥ) ਖਾਂਦੇ ਚਲੇ ਆ ਰਹੇ ਹਨ। *** ਜੁਗਾ ਜੁਗੰਤਰਿ = ਜੁਗ ਜੁਗ ਅੰਤਰਿ, ਸਾਰੇ ਜੁਗਾਂ ਵਿਚ ਹੀ, ਸਦਾ ਤੋਂ ਹੀ। ਖਾਹੀ ਖਾਹਿ = ਖਾਂਦੇ ਹੀ ਖਾਂਦੇ ਹਨ, ਵਰਤਦੇ ਚਲੇ ਆ ਰਹੇ ਹਨ।

ਹੁਕਮੀ ਹੁਕਮੁ ਚਲਾਏ ਰਾਹੁ

The Commander, by His Command, leads us to walk on the Path.

ਹੁਕਮ ਵਾਲੇ ਰੱਬ ਦਾ ਹੁਕਮ ਹੀ (ਸੰਸਾਰ ਦੀ ਕਾਰ ਵਾਲਾ) ਰਸਤਾ ਚਲਾ ਰਿਹਾ ਹੈ। ਹੁਕਮੀ = ਹੁਕਮ ਦਾ ਮਾਲਕ ਅਕਾਲ ਪੁਰਖ। ਹੁਕਮੀ ਹੁਕਮੁ = ਹੁਕਮ ਵਾਲੇ ਹਰੀ ਦਾ ਹੁਕਮ। ਰਾਹੁ = ਰਸਤਾ, ਸੰਸਾਰ ਦੀ ਕਾਰ।

ਨਾਨਕ ਵਿਗਸੈ ਵੇਪਰਵਾਹੁ ॥੩॥

O Nanak, He blossoms forth, Carefree and Untroubled. ||3||

ਹੇ ਨਾਨਕ! ਉਹ ਨਿਰੰਕਾਰ ਸਦਾ ਵੇਪਰਵਾਹ ਹੈ ਤੇ ਪਰਸੰਨ ਹੈ ॥੩॥ ਨਾਨਕ = ਹੇ ਨਾਨਕ! ਵਿਗਸੈ = ਖਿੜ ਰਿਹਾ ਹੈ, ਪਰਸੰਨ ਹੈ। ਵੇਪਰਵਾਹੁ = ਬੇਫਿਕਰ, ਚਿੰਤਾ ਤੋਂ ਰਹਿਤ॥੩॥