ਭੁਜੰਗ ਛੰਦ ॥
ਭੁਜੰਗ ਛੰਦ:
ਹਠ੍ਰਯੋ ਆਪੁ ਦਾਨਵ ਗਦਾ ਹਾਥ ਲੈ ਕੈ ॥
ਹੱਥ ਵਿਚ ਗਦਾ ਲੈ ਕੇ ਦੈਂਤ ਆਪ ਡਟ ਗਿਆ।
ਲਈ ਕਾਢਿ ਕਾਤੀ ਮਹਾ ਕੋਪ ਕੈ ਕੈ ॥
ਬਹੁਤ ਅਧਿਕ ਕ੍ਰੋਧ ਕਰ ਕੇ ਤਲਵਾਰ ਕਢ ਲਈ।
ਜਿਤੇ ਆਨਿ ਢੂਕੇ ਤਿਤੇ ਖੇਤ ਮਾਰੇ ॥
(ਉਸ ਨਾਲ) ਜੋ ਵੀ ਲੜਾਈ ਲਈ ਆਣ ਢੁਕੇ, ਉਹ ਸਾਰੇ ਰਣਭੂਮੀ ਵਿਚ ਮਾਰੇ ਗਏ।
ਗਿਰੇ ਭਾਤਿ ਐਸੀ ਨ ਜਾਵੈ ਬਿਚਾਰੇ ॥੧੬॥
(ਉਹ) ਇਸ ਤਰ੍ਹਾਂ ਡਿਗੇ ਕਿ ਵਿਚਾਰੇ ਵੀ ਨਹੀਂ ਜਾ ਸਕਦੇ ॥੧੬॥
ਕਿਤੇ ਹਾਕ ਮਾਰੈ ਕਿਤੇ ਘੂੰਮ ਘੂੰਮੈ ॥
ਕਿਤਨਿਆਂ ਨੂੰ ਲਲਕਾਰ ਕੇ ਮਾਰਿਆ ਹੈ ਅਤੇ ਕਿਤਨੇ ਹੀ ਘੁੰਮ ਘੁੰਮ ਕੇ ਮਾਰੇ ਹਨ।
ਕਿਤੇ ਜੁਧ ਜੋਧਾ ਪਰੇ ਆਨਿ ਭੂਮੈ ॥
ਕਿਤਨੇ ਹੀ ਯੋਧੇ ਯੁੱਧ-ਭੂਮੀ ਵਿਚ ਆਣ ਡਿਗੇ ਹਨ।
ਕਿਤੇ ਪਾਨਿ ਮਾਗੈ ਕਿਤੇ ਹੂਹ ਛੋਰੈਂ ॥
ਕਿਤਨੇ ਪਾਣੀ ਮੰਗ ਰਹੇ ਹਨ, ਕਿਤਨੇ ਹਾਲ-ਦੁਹਾਈ ਪਾ ਰਹੇ ਹਨ
ਕਿਤੇ ਜੁਧ ਸੌਡੀਨ ਕੇ ਸੀਸ ਤੋਰੈ ॥੧੭॥
ਅਤੇ ਕਿਤਨੇ ਹੀ ਸੂਰਮਿਆਂ ਦੇ ਸੀਸ ਤੋੜ ਦਿੱਤੇ ਹਨ ॥੧੭॥
ਕਹੂੰ ਬਾਜ ਜੂਝੈ ਕਹੂੰ ਰਾਜ ਮਾਰੇ ॥
ਕਿਤੇ ਘੋੜੇ, ਕਿਤੇ ਰਾਜੇ ਮਾਰੇ ਗਏ ਹਨ।
ਕਹੂੰ ਛੇਤ੍ਰ ਛਤ੍ਰੀ ਕਰੀ ਤਾਜ ਡਾਰੇ ॥
ਕਿਤੇ ਰਣ-ਭੂਮੀ ਵਿਚ ਸੂਰਮਿਆਂ ਦੇ ਹਾਥੀ ਅਤੇ ਮੁਕਟ ਪਏ ਹਨ।
ਚਲੇ ਭਾਜਿ ਜੋਧਾ ਸਭੈ ਹਾਰਿ ਮਾਨੀ ॥
ਸਾਰੇ ਯੋਧੇ ਹਾਰ ਮੰਨ ਕੇ ਭਜੀ ਜਾ ਰਹੇ ਹਨ
ਕਛੂ ਲਾਜ ਕੀ ਬਾਤ ਕੈ ਨਾਹਿ ਜਾਨੀ ॥੧੮॥
ਅਤੇ ਕਿਸੇ ਨੇ ਵੀ (ਇਸ ਨੂੰ) ਲਜਾ ਦੀ ਗੱਲ ਨਹੀਂ ਸਮਝਿਆ ॥੧੮॥
ਹਠੀ ਜੇ ਫਿਰੰਗੀ ਮਹਾ ਕੋਪ ਵਾਰੈ ॥
ਜੋ ਬਹੁਤ ਕ੍ਰੋਧੀ ਅਤੇ ਹਠੀਲੇ ਵਿਦੇਸੀ (ਫਿਰੰਗੀ) ਸਨ,
ਲਰੇ ਆਨਿ ਤਾ ਸੋ ਨ ਨੈਕੈ ਪਧਾਰੇ ॥
(ਉਹ) ਉਸ ਨਾਲ ਲੜਨ ਆਏ ਅਤੇ ਜ਼ਰਾ ਜਿੰਨੇ ਵੀ ਨਹੀਂ ਟਲੇ।
ਛਕੈ ਛੋਭ ਛਤ੍ਰੀ ਮਹਾ ਕੋਪ ਢੂਕੇ ॥
ਸਾਰੇ ਛਤ੍ਰੀ ਬਹੁਤ ਰੋਹ ਨਾਲ ਭਰੇ ਹੋਏ ਆਣ ਢੁਕੇ ਹਨ
ਚਹੂੰ ਓਰ ਤੇ ਮਾਰ ਹੀ ਮਾਰਿ ਕੂਕੇ ॥੧੯॥
ਅਤੇ ਚੌਹਾਂ ਪਾਸਿਆਂ ਤੋਂ ਮਾਰੋ-ਮਾਰੋ ਕੂਕ ਰਹੇ ਹਨ ॥੧੯॥
ਜਿਤੇ ਆਨਿ ਜੂਝੇ ਸਭੈ ਖੇਤ ਘਾਏ ॥
ਕਿਤਨੇ ਹੀ (ਸੂਰਮੇ) ਆ ਕੇ ਲੜੇ ਹਨ ਅਤੇ ਰਣ-ਖੇਤਰ ਵਿਚ ਮਾਰੇ ਗਏ ਹਨ।
ਬਚੇ ਜੀਤਿ ਤੇ ਛਾਡਿ ਖੇਤੈ ਪਰਾਏ ॥
ਜਿਹੜੇ ਬਚੇ ਸਨ ਉਹ ਜੀਉਂਦੇ ਜੀ ਰਣ-ਖੇਤਰ ਨੂੰ ਛਡ ਕੇ ਭਜ ਗਏ ਹਨ।
ਹਠੇ ਜੇ ਹਠੀਲੇ ਹਠੀ ਖਗ ਕੂਟੇ ॥
ਹਠੀ ਸੂਰਮੇ ਹਠੀਲਿਆਂ ਦੀਆਂ ਤਲਵਾਰਾਂ ਨਾਲ ਕੁਟੇ ਜਾ ਰਹੇ ਹਨ
ਮਹਾਰਾਜ ਬਾਜੀਨ ਕੇ ਮੂੰਡ ਫੂਟੇ ॥੨੦॥
ਅਤੇ ਮਹਾਨ ਰਾਜਿਆਂ ਦੇ ਘੋੜਿਆਂ ਦੇ ਸਿਰ ਫੋੜੇ ਜਾ ਰਹੇ ਹਨ ॥੨੦॥