ਮਾਲੀ ਗਉੜਾ ਮਹਲਾ ੫ ॥
Maalee Gauraa, Fifth Mehl:
ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।
ਪ੍ਰਭ ਸਮਰਥ ਦੇਵ ਅਪਾਰ ॥
God is all-powerful, divine and infinite.
ਹੇ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ! ਹੇ ਪ੍ਰਕਾਸ਼-ਰੂਪ! ਹੇ ਬੇਅੰਤ! ਪ੍ਰਭ = ਹੇ ਪ੍ਰਭੂ! ਸਮਰਥ = ਹੇ ਸਭ ਤਾਕਤਾਂ ਦੇ ਮਾਲਕ! ਦੇਵ = ਹੇ ਪ੍ਰਕਾਸ਼-ਰੂਪ! ਅਪਾਰ = ਹੇ ਬੇਅੰਤ!
ਕਉਨੁ ਜਾਨੈ ਚਲਿਤ ਤੇਰੇ ਕਿਛੁ ਅੰਤੁ ਨਾਹੀ ਪਾਰ ॥੧॥ ਰਹਾਉ ॥
Who knows Your wondrous plays? You have no end or limitation. ||1||Pause||
ਤੇਰੇ ਚੋਜਾਂ ਨੂੰ ਕੋਈ ਭੀ ਨਹੀਂ ਜਾਣ ਸਕਦਾ। ਤੇਰੇ ਚੋਜਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥ ਰਹਾਉ ॥ ਜਾਨੈ = ਜਾਣਦਾ ਹੈ। ਚਲਿਤ = ਤਮਾਸ਼ੇ, ਕੌਤਕ। ਪਾਰ = ਪਾਰਲਾ ਬੰਨਾ ॥੧॥ ਰਹਾਉ ॥
ਇਕ ਖਿਨਹਿ ਥਾਪਿ ਉਥਾਪਦਾ ਘੜਿ ਭੰਨਿ ਕਰਨੈਹਾਰੁ ॥
In an instant, You establish and disestablish; You create and destroy, O Creator Lord.
ਸਭ ਕੁਝ ਕਰ ਸਕਣ ਵਾਲਾ ਪਰਮਾਤਮਾ ਘੜ ਕੇ ਪੈਦਾ ਕਰ ਕੇ (ਉਸ ਨੂੰ) ਇਕ ਖਿਨ ਵਿਚ ਭੰਨ ਕੇ ਨਾਸ ਕਰ ਦੇਂਦਾ ਹੈ। ਖਿਨਹਿ = ਖਿਨ ਵਿਚ। ਥਾਪਿ = ਪੈਦਾ ਕਰ ਕੇ। ਉਥਾਪਦਾ = ਨਾਸ ਕਰਦਾ ਹੈ। ਘੜਿ = ਘੜ ਕੇ। ਭੰਨਿ = ਭੰਨ ਕੇ। ਕਰਨੈਹਾਰੁ = ਸਭ ਕੁਝ ਕਰ ਸਕਣ ਵਾਲਾ।
ਜੇਤ ਕੀਨ ਉਪਾਰਜਨਾ ਪ੍ਰਭੁ ਦਾਨੁ ਦੇਇ ਦਾਤਾਰ ॥੧॥
As many beings as You created, God, so many You bless with Your blessings. ||1||
ਜਿਤਨੀ ਭੀ ਸ੍ਰਿਸ਼ਟੀ ਉਸ ਨੇ ਪੈਦਾ ਕੀਤੀ ਹੈ, ਦਾਤਾਂ ਦੇਣ ਵਾਲਾ ਉਹ ਪ੍ਰਭੂ (ਸਾਰੀ ਸ੍ਰਿਸ਼ਟੀ ਨੂੰ) ਦਾਨ ਦੇਂਦਾ ਹੈ ॥੧॥ ਜੇਤ ਉਪਾਰਜਨਾ = ਜਿਤਨੀ ਭੀ ਸ੍ਰਿਸ਼ਟੀ। ਕੀਨ = ਪੈਦਾ ਕੀਤੀ ਹੈ। ਦੇਇ = ਦੇਂਦਾ ਹੈ। ਦਾਤਾਰ = ਦਾਤਾਂ ਦੇਣ ਵਾਲਾ ॥੧॥
ਹਰਿ ਸਰਨਿ ਆਇਓ ਦਾਸੁ ਤੇਰਾ ਪ੍ਰਭ ਊਚ ਅਗਮ ਮੁਰਾਰ ॥
I have come to Your Sanctuary, Lord; I am Your slave, O Inaccessible Lord God.
ਹੇ ਹਰੀ! ਹੇ ਪ੍ਰਭੂ! ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਮੁਰਾਰਿ! ਤੇਰਾ ਦਾਸ (ਨਾਨਕ) ਤੇਰੀ ਸਰਨ ਆਇਆ ਹੈ। ਹਰਿ = ਹੇ ਹਰੀ! ਪ੍ਰਭ = ਹੇ ਪ੍ਰਭੂ! ਊਚ = ਹੇ ਸਭ ਤੋਂ ਉੱਚੇ! ਅਗਮ = ਹੇ ਅਪਹੁੰਚ! ਮੁਰਾਰ = ਹੇ ਮੁਰਾਰਿ!
ਕਢਿ ਲੇਹੁ ਭਉਜਲ ਬਿਖਮ ਤੇ ਜਨੁ ਨਾਨਕੁ ਸਦ ਬਲਿਹਾਰ ॥੨॥੨॥੭॥
Lift me up and pull me out of the terrifying, treacherous world-ocean; servant Nanak is forever a sacrifice to You. ||2||2||7||
(ਆਪਣੇ ਦਾਸ ਨੂੰ) ਔਖੇ ਸੰਸਾਰ-ਸਮੁੰਦਰ ਵਿਚੋਂ ਬਾਹਰ ਕੱਢ ਲੈ। ਦਾਸ ਨਾਨਕ ਤੈਥੋਂ ਸਦਾ ਸਦਕੇ ਜਾਂਦਾ ਹੈ ॥੨॥੨॥੭॥ ਭਉਜਲ ਬਿਖਮ ਤੇ = ਔਖੇ ਸੰਸਾਰ-ਸਮੁੰਦਰ ਤੋਂ। ਤੇ = ਤੋਂ, ਵਿਚੋਂ। ਸਦ = ਸਦਾ ॥੨॥੨॥੭॥