ਛੰਤੁ ॥
Chhant:
ਛੰਤੁ। ਛੰਤੁ।
ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀ ਮਨ ਐਸੀ ਪ੍ਰੀਤਿ ਹਰੇ ॥
Just like water, which loves milk so much that it will not let it burn - O my mind, so love the Lord.
ਪਰਮਾਤਮਾ ਤੇ ਜੀਵਾਤਮਾ ਦੇ ਪਿਆਰ ਦੀ ਮਰਯਾਦਾ ਪਾਣੀ ਤੇ ਦੁੱਧ ਦੇ ਪਿਆਰ ਵਰਗੀ ਹੈ। (ਜਦੋਂ ਪਾਣੀ ਦੁੱਧ ਨਾਲ ਇੱਕ-ਰੂਪ ਹੋ ਜਾਂਦਾ ਹੈ) ਤਦੋਂ (ਪਾਣੀ) ਦੁੱਧ ਨੂੰ ਸੇਕ ਨਹੀਂ ਲੱਗਣ ਦੇਂਦਾ। ਹੇ ਮਨ! ਪਰਮਾਤਮਾ ਦਾ ਪਿਆਰ ਇਹੋ ਜਿਹਾ ਹੀ ਹੈ (ਉਹ ਜੀਵ ਨੂੰ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦਾ)। ਨਿਆਈ = ਵਾਂਗ। ਰੀਤਿ = ਮਰਯਾਦਾ। ਅਬ = ਹੁਣ, ਤਦੋਂ। ਆਚ = ਸੇਕ। ਮਨ = ਹੇ ਮਨ! ਹਰੇ = ਹਰੀ ਦੀ।
ਅਬ ਉਰਝਿਓ ਅਲਿ ਕਮਲੇਹ ਬਾਸਨ ਮਾਹਿ ਮਗਨ ਇਕੁ ਖਿਨੁ ਭੀ ਨਾਹਿ ਟਰੈ ॥
The bumble bee becomes enticed by the lotus, intoxicated by its fragrance, and does not leave it, even for a moment.
(ਜਦੋਂ ਕੌਲ-ਫੁੱਲ ਖਿੜਦਾ ਹੈ ਆਪਣੀ ਸੁਗੰਧੀ ਖਿਲਾਰਦਾ ਹੈ) ਤਦੋਂ ਭੌਰਾ ਕੌਲ-ਫੁੱਲ਼ ਦੀ ਸੁਗੰਧੀ ਵਿਚ ਮਸਤ ਹੋ ਜਾਂਦਾ ਹੈ (ਕੌਲ-ਫੁੱਲ ਤੋਂ) ਇਕ ਖਿਨ ਵਾਸਤੇ ਭੀ ਪਰੇ ਨਹੀਂ ਹਟਦਾ ਤੇ (ਫੁੱਲ ਦੀਆਂ ਪੱਤੀਆਂ ਵਿਚ) ਫਸ ਜਾਂਦਾ ਹੈ। ਉਰਝਿਓ = ਫਸ ਗਿਆ। ਅਲਿ = ਭੌਰਾ। ਬਾਸਨ = ਸੁਗੰਧੀ। ਮਗਨ = ਮਸਤ। ਟਰੈ = ਟਾਲਦਾ, ਪਰੇ ਹਟਦਾ।
ਖਿਨੁ ਨਾਹਿ ਟਰੀਐ ਪ੍ਰੀਤਿ ਹਰੀਐ ਸੀਗਾਰ ਹਭਿ ਰਸ ਅਰਪੀਐ ॥
Do not let up your love for the Lord, even for an instant; dedicate all your decorations and pleasures to Him.
(ਇਸੇ ਤਰ੍ਹਾਂ ਹੇ ਭਾਈ!) ਪਰਮਾਤਮਾ ਦੀ ਪ੍ਰੀਤਿ ਤੋਂ ਇਕ ਖਿਨ ਲਈ ਭੀ ਪਰੇ ਨਹੀਂ ਹਟਣਾ ਚਾਹੀਦਾ, ਸਾਰੇ ਸਰੀਰਕ ਸੁਹਜ ਸਾਰੇ ਮਾਇਕ ਸੁਆਦ (ਉਸ ਪ੍ਰੀਤਿ ਤੋਂ) ਸਦਕੇ ਕਰ ਦੇਣੇ ਚਾਹੀਦੇ ਹਨ। ਟਰੀਐ = ਹਟਣਾ ਚਾਹੀਦਾ। ਹਭਿ = ਸਾਰੇ। ਰਸ = ਸੁਆਦ। ਅਰਪੀਐ = ਭੇਟਾ ਕਰ ਦੇਣੇ ਚਾਹੀਦੇ ਹਨ।
ਜਹ ਦੂਖੁ ਸੁਣੀਐ ਜਮ ਪੰਥੁ ਭਣੀਐ ਤਹ ਸਾਧਸੰਗਿ ਨ ਡਰਪੀਐ ॥
Where painful cries are heard, and the Way of Death is shown, there, in the Saadh Sangat, the Company of the Holy, you shall not be afraid.
(ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ) ਜਿੱਥੇ ਜਮਾਂ (ਦੇ ਦੇਸ) ਦਾ ਰਸਤਾ ਦੱਸਿਆ ਜਾਂਦਾ ਹੈ ਜਿੱਥੇ ਸੁਣੀਦਾ ਹੈ (ਕਿ ਜਮਾਂ ਪਾਸੋਂ) ਦੁੱਖ (ਮਿਲਦਾ ਹੈ) ਉਥੇ ਗੁਰੂ ਦੀ ਸੰਗਤਿ ਕਰਨ ਦੀ ਬਰਕਤਿ ਨਾਲ ਕੋਈ ਡਰ ਨਹੀਂ ਆਉਂਦਾ। ਜਹ = ਜਿੱਥੇ। ਪੰਥੁ = ਰਸਤਾ। ਭਣੀਐ = ਆਖਿਆ ਜਾਂਦਾ ਹੈ। ਤਹ = ਉਥੇ। ਨ ਡਰਪੀਐ = ਨਹੀਂ ਡਰੀਦਾ।
ਕਰਿ ਕੀਰਤਿ ਗੋਵਿੰਦ ਗੁਣੀਐ ਸਗਲ ਪ੍ਰਾਛਤ ਦੁਖ ਹਰੇ ॥
Sing the Kirtan, the Praises of the Lord of the Universe, and all sins and sorrows shall depart.
ਸੋ, ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ, ਉਹ ਪਰਮਾਤਮਾ ਸਾਰੇ ਪਛੁਤਾਵੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ। ਕੀਰਤਿ = ਸਿਫ਼ਤਿ-ਸਾਲਾਹ। ਗੁਣੀਐ = ਗੁਣਾਂ ਦੀ। ਪ੍ਰਾਛਤ = ਪਛਤਾਵੇ। ਹਰੇ = ਦੂਰ ਕਰ ਦੇਂਦਾ ਹੈ।
ਕਹੁ ਨਾਨਕ ਛੰਤ ਗੋਵਿੰਦ ਹਰਿ ਕੇ ਮਨ ਹਰਿ ਸਿਉ ਨੇਹੁ ਕਰੇਹੁ ਐਸੀ ਮਨ ਪ੍ਰੀਤਿ ਹਰੇ ॥੧॥
Says Nanak, chant the Hymns of the Lord, the Lord of the Universe, O mind, and enshrine love for the Lord; love the Lord this way in your mind. ||1||
ਨਾਨਕ ਆਖਦਾ ਹੈ- (ਹੇ ਮਨ! ਗੋਬਿੰਦ ਹਰੀ ਦੀਆਂ ਸਿਫ਼ਤਾਂ ਦੇ ਗੀਤ ਗਾਂਦਾ ਰਹੁ। ਪਰਮਾਤਮਾ ਨਾਲ ਪਿਆਰ ਬਣਾਈ ਰੱਖ। ਹੇ ਮਨ! ਪਰਮਾਤਮਾ ਦੀ ਪ੍ਰੀਤਿ ਇਹੋ ਜਿਹੀ ਹੈ (ਕਿ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦੀ, ਤੇ ਜਮਾਂ ਦੇ ਵੱਸ ਪੈਣ ਨਹੀਂ ਦੇਂਦੀ) ॥੧॥ ਛੰਤ = ਸਿਫ਼ਤਿ-ਸਾਲਾਹ ਦੇ ਗੀਤ। ਮਨ = ਹੇ ਮਨ! ਕਰੇਹੁ = ਕਰ। ਹਰੇ = ਹਰੀ ਦੀ ॥੧॥
ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਐਸਾ ਨੇਹੁ ਕਰੇਹੁ ॥
As the fish loves the water, and is not content even for an instant outside it, O my mind, love the Lord in this way.
ਹੇ (ਮੇਰੇ) ਮਨ! ਤੂੰ (ਪਰਮਾਤਮਾ ਨਾਲ) ਇਹੋ ਜਿਹਾ ਪ੍ਰੇਮ ਬਣਾ ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ (ਮੱਛੀ ਪਾਣੀ ਤੋਂ ਬਿਨਾ) ਇਕ ਖਿਨ ਭੀ ਨਹੀਂ ਜੀਊ ਸਕਦੀ; ਨੀਰ = ਪਾਣੀ। ਧੀਰੇ = ਧੀਰਜ ਕਰਦੀ। ਮਨ = ਹੇ ਮਨ! ਨੇਹੁ = ਪ੍ਰੇਮ। ਕਰੇਹੁ = ਕਰ।
ਜੈਸੀ ਚਾਤ੍ਰਿਕ ਪਿਆਸ ਖਿਨੁ ਖਿਨੁ ਬੂੰਦ ਚਵੈ ਬਰਸੁ ਸੁਹਾਵੇ ਮੇਹੁ ॥
Like the song-bird, thirsting for the rain-drops, chirping each and every moment to the beautiful rain clouds.
ਜਿਹੋ ਜਿਹਾ (ਪਪੀਹੇ ਦਾ ਪ੍ਰੇਮ ਵਰਖਾ-ਬੂੰਦ ਨਾਲ ਹੈ), ਪਪੀਹਾ ਤਿਹਾਇਆ ਹੈ (ਪਰ ਹੋਰ ਪਾਣੀ ਨਹੀਂ ਪੀਂਦਾ, ਉਹ) ਮੁੜ ਮੁੜ ਵਰਖਾ ਦੀ ਕਣੀ ਮੰਗਦਾ ਹੈ, ਤੇ ਬੱਦਲ ਨੂੰ ਆਖਦਾ ਹੈ-ਹੇ ਸੋਹਣੇ (ਮੇਘ)! ਵਰਖਾ ਕਰ। ਚਾਤ੍ਰਿਕ = ਪਪੀਹਾ। ਬੂੰਦ = ਵਰਖਾ ਦੀ ਕਣੀ। ਚਵੈ = ਬੋਲਦਾ ਹੈ। ਚਵੈ ਮੇਹੁ = ਚਵੈ ਮੇਘੁ, ਬੱਦਲ ਨੂੰ ਆਖਦਾ ਹੈ। ਸੁਹਾਵੇ = ਹੇ ਸੋਹਣੇ (ਮੇਘ)! ਬਰਸੁ = ਵਰਖਾ ਕਰ।
ਹਰਿ ਪ੍ਰੀਤਿ ਕਰੀਜੈ ਇਹੁ ਮਨੁ ਦੀਜੈ ਅਤਿ ਲਾਈਐ ਚਿਤੁ ਮੁਰਾਰੀ ॥
So love the Lord, and give to Him this mind of yours; totally focus your consciousness on the Lord.
ਪਰਮਾਤਮਾ ਨਾਲ ਪਿਆਰ ਪਾਣਾ ਚਾਹੀਦਾ ਹੈ (ਪਿਆਰ ਦੇ ਵੱਟੇ ਆਪਣਾ) ਇਹ ਮਨ ਉਸ ਦੇ ਹਵਾਲੇ ਕਰਨਾ ਚਾਹੀਦਾ ਹੈ (ਤੇ ਇਸ ਤਰ੍ਹਾਂ) ਮਨ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜਨਾ ਚਾਹੀਦਾ ਹੈ; ਦੀਜੈ = ਭੇਟ ਕਰ ਦੇਣਾ ਚਾਹੀਦਾ ਹੈ। ਮੁਰਾਰੀ = ਪਰਮਾਤਮਾ (ਨਾਲ)।
ਮਾਨੁ ਨ ਕੀਜੈ ਸਰਣਿ ਪਰੀਜੈ ਦਰਸਨ ਕਉ ਬਲਿਹਾਰੀ ॥
Do not take pride in yourself, but seek the Sanctuary of the Lord, and make yourself a sacrifice to the Blessed Vision of His Darshan.
ਅਹੰਕਾਰ ਨਹੀਂ ਕਰਨਾ ਚਾਹੀਦਾ, ਪਰਮਾਤਮਾ ਦੀ ਸਰਨ ਪੈਣਾ ਚਾਹੀਦਾ ਹੈ, ਉਸ ਦੇ ਦਰਸਨ ਦੀ ਖ਼ਾਤਰ ਆਪਣਾ ਆਪ ਸਦਕੇ ਕਰਨਾ ਚਾਹੀਦਾ ਹੈ। ਮਾਨੁ = ਅਹੰਕਾਰ।
ਗੁਰ ਸੁਪ੍ਰਸੰਨੇ ਮਿਲੁ ਨਾਹ ਵਿਛੁੰਨੇ ਧਨ ਦੇਦੀ ਸਾਚੁ ਸਨੇਹਾ ॥
When the Guru is totally pleased, the separated soul-bride is re-united with her Husband Lord; she sends the message of her true love.
ਜਿਸ ਜੀਵ-ਇਸਤ੍ਰੀ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਹ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੀ ਹੈ ਤੇ ਉਸ ਦੇ ਦਰ ਤੇ ਅਰਜ਼ੋਈ ਕਰਦੀ ਹੈ-ਹੇ ਵਿਛੁੜੇ ਹੋਏ ਪ੍ਰਭੂ-ਪਤੀ! ਮੈਨੂੰ (ਆ ਕੇ) ਮਿਲ। ਸੁਪ੍ਰਸੰਨੇ = ਦਇਆਵਾਨ। ਨਾਹ = ਹੇ ਨਾਥ! ਹੇ ਪ੍ਰਭੂ-ਪਤੀ! ਵਿਛੁੰਨੇ = ਹੇ ਵਿਛੁੜੇ ਹੋਏ! ਧਨ = ਜੀਵ-ਇਸਤ੍ਰੀ। ਸਾਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ।
ਕਹੁ ਨਾਨਕ ਛੰਤ ਅਨੰਤ ਠਾਕੁਰ ਕੇ ਹਰਿ ਸਿਉ ਕੀਜੈ ਨੇਹਾ ਮਨ ਐਸਾ ਨੇਹੁ ਕਰੇਹੁ ॥੨॥
Says Nanak, chant the Hymns of the Infinite Lord Master; O my mind, love Him and enshrine such love for Him. ||2||
ਹੇ ਨਾਨਕ! ਤੂੰ ਭੀ ਬੇਅੰਤ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ। ਹੇ (ਮੇਰੇ) ਮਨ! ਪਰਮਾਤਮਾ ਨਾਲ ਪਿਆਰ ਬਣਾ, ਅਜੇਹਾ ਪਿਆਰ (ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ ਜਿਹੋ ਜਿਹਾ ਪਪੀਹੇ ਦਾ ਵਰਖਾ ਬੂੰਦ ਨਾਲ ਹੈ) ॥੨॥ ਨਾਨਕ = ਹੇ ਨਾਨਕ! ਛੰਤ = ਸਿਫ਼ਤਿ-ਸਾਲਾਹ ਦੇ ਗੀਤ। ਨੇਹਾ = ਨੇਹੁ, ਪ੍ਰੇਮ ॥੨॥
ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ ॥
The chakvi bird is in love with the sun, and thinks of it constantly; her greatest longing is to behold the dawn.
ਹੇ (ਮੇਰੇ) ਮਨ! (ਤੈਨੂੰ) ਪਰਮਾਤਮਾ ਨਾਲ ਪਿਆਰ ਕਰਨਾ ਚਾਹੀਦਾ ਹੈ (ਉਹੋ ਜਿਹਾ ਪਿਆਰ ਜਿਹੋ ਜਿਹਾ ਚਕਵੀ ਸੂਰਜ ਨਾਲ ਕਰਦੀ ਹੈ ਤੇ ਕੋਇਲ ਅੰਬ ਨਾਲ ਕਰਦੀ ਹੈ)। ਚਕਵੀ ਦਾ ਸੂਰਜ ਨਾਲ ਪਿਆਰ ਹੈ, ਉਹ (ਸਾਰੀ ਰਾਤ ਸੂਰਜ ਦਾ ਹੀ) ਚੇਤਾ ਕਰਦੀ ਰਹਿੰਦੀ ਹੈ, ਬੜੀ ਤਾਂਘ ਕਰਦੀ ਹੈ ਕਿ ਕਦੋਂ ਸੂਰਜ ਦਾ ਦੀਦਾਰ ਹੋਵੇਗਾ। ਸੂਰ = ਸੂਰਜ {सुर्य}। ਸਨੇਹੁ = ਪਿਆਰ। ਚਿਤਵੈ = ਚਿਤਾਰਦੀ ਹੈ। ਘਣੀ = ਬਹੁਤ। ਕਦਿ = ਕਦੋਂ? ਦਿਨੀਅਰੁ = {दिनकर} ਦਿਨ ਬਨਾਣ ਵਾਲਾ, ਸੂਰਜ।
ਕੋਕਿਲ ਅੰਬ ਪਰੀਤਿ ਚਵੈ ਸੁਹਾਵੀਆ ਮਨ ਹਰਿ ਰੰਗੁ ਕੀਜੀਐ ॥
The cuckoo is in love with the mango tree, and sings so sweetly. O my mind, love the Lord in this way.
(ਉਹੋ ਜਿਹਾ ਪਿਆਰ ਜਿਹੋ ਜਿਹਾ ਕੋਇਲ ਅੰਬ ਨਾਲ ਕਰਦੀ ਹੈ) ਕੋਇਲ ਦਾ ਅੰਬ ਨਾਲ ਪਿਆਰ ਹੈ (ਉਹ ਅੰਬ ਦੇ ਰੁੱਖ ਉਤੇ ਬੈਠ ਕੇ) ਸੋਹਣਾ ਬੋਲਦੀ ਹੈ। ਪਰਮਾਤਮਾ ਨਾਲ ਪਿਆਰ ਪਾਣਾ ਚਾਹੀਦਾ ਹੈ। ਕੋਕਿਲ = ਕੋਇਲ। ਚਵੈ ਸੁਹਾਵਿਆ = ਮਿੱਠਾ ਬੋਲਦੀ ਹੈ। ਰੰਗੁ = ਪਿਆਰ।
ਹਰਿ ਪ੍ਰੀਤਿ ਕਰੀਜੈ ਮਾਨੁ ਨ ਕੀਜੈ ਇਕ ਰਾਤੀ ਕੇ ਹਭਿ ਪਾਹੁਣਿਆ ॥
Love the Lord, and do not take pride in yourself; everyone is a guest for a single night.
(ਆਪਣੇ ਕਿਸੇ ਧਨ-ਪਦਾਰਥ ਆਦਿਕ ਦਾ) ਅਹੰਕਾਰ ਨਹੀਂ ਕਰਨਾ ਚਾਹੀਦਾ (ਇਥੇ ਅਸੀ) ਸਾਰੇ ਇਕ ਰਾਤ ਦੇ ਪ੍ਰਾਹੁਣੇ (ਹੀ) ਹਾਂ। ਹਭਿ = ਸਾਰੇ। ਪਾਹੁਣਿਆ = ਪ੍ਰਾਹੁਣੇ।
ਅਬ ਕਿਆ ਰੰਗੁ ਲਾਇਓ ਮੋਹੁ ਰਚਾਇਓ ਨਾਗੇ ਆਵਣ ਜਾਵਣਿਆ ॥
Now, why are you entangled in pleasures, and engrossed in emotional attachment? Naked we come, and naked we go.
ਫਿਰ ਭੀ ਤੂੰ ਕਿਉਂ (ਜਗਤ ਨਾਲ) ਪਿਆਰ ਪਾਇਆ ਹੈ, ਮਾਇਆ ਨਾਲ ਮੋਹ ਬਣਾਇਆ ਹੋਇਆ ਹੈ, (ਇਥੇ ਸਭ) ਨੰਗੇ (ਖ਼ਾਲੀ-ਹੱਥ) ਆਉਂਦੇ ਹਨ ਤੇ (ਇਥੋਂ) ਨੰਗੇ (ਖ਼ਾਲੀ-ਹੱਥ) ਹੀ ਚਲੇ ਜਾਂਦੇ ਹਨ।
ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ ਮੋਹੁ ਜੁ ਕਿਤੀਐ ॥
Seek the eternal Sanctuary of the Holy and fall at their feet, and the attachments which you feel shall depart.
ਗੁਰੂ ਦਾ ਆਸਰਾ ਲੈਣਾ ਚਾਹੀਦਾ ਹੈ, ਗੁਰੂ ਦੇ ਚਰਨੀਂ ਪੈਣਾ ਚਾਹੀਦਾ ਹੈ (ਗੁਰੂ ਦੀ ਸਰਨ ਪਿਆਂ ਹੀ ਮਨ) ਅਡੋਲ ਹੋ ਸਕਦਾ ਹੈ, ਤੇ ਤਦੋਂ ਹੀ ਇਹ ਮੋਹ ਟੁੱਟੇਗਾ ਜੇਹੜਾ ਤੂੰ (ਮਾਇਆ ਨਾਲ) ਬਣਾਇਆ ਹੋਇਆ ਹੈ। ਥਿਰੁ = ਅਡੋਲ ਚਿੱਤ। ਜੁ = ਜੇਹੜਾ ਮੋਹ। ਕਿਤੀਐ = ਤੂੰ ਬਣਾਇਆ ਹੋਇਆ ਹੈ।
ਕਹੁ ਨਾਨਕ ਛੰਤ ਦਇਆਲ ਪੁਰਖ ਕੇ ਮਨ ਹਰਿ ਲਾਇ ਪਰੀਤਿ ਕਬ ਦਿਨੀਅਰੁ ਦੇਖੀਐ ॥੩॥
Says Nanak, chant the Hymns of the Merciful Lord God, and enshrine love for the Lord, O my mind; otherwise, how will you come to behold the dawn? ||3||
ਹੇ ਨਾਨਕ! ਦਇਆ ਦੇ ਘਰ ਸਰਬ-ਵਿਆਪਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰ, ਆਪਣੇ ਮਨ ਵਿਚ ਪਰਮਾਤਮਾ ਨਾਲ ਪਿਆਰ ਬਣਾ (ਉਸੇ ਤਰ੍ਹਾਂ ਜਿਵੇਂ ਚਕਵੀ ਸਾਰੀ ਰਾਤ ਤਾਂਘ ਕਰਦੀ ਰਹਿੰਦੀ ਹੈ ਕਿ) ਕਦੋਂ ਸੂਰਜ ਦਾ ਦਰਸਨ ਹੋਵੇਗਾ ॥੩॥ ਮਨਿ = ਮਨ ਵਿਚ ॥੩॥
ਨਿਸਿ ਕੁਰੰਕ ਜੈਸੇ ਨਾਦ ਸੁਣਿ ਸ੍ਰਵਣੀ ਹੀਉ ਡਿਵੈ ਮਨ ਐਸੀ ਪ੍ਰੀਤਿ ਕੀਜੈ ॥
Like the deer in the night, who hears the sound of the bell and gives his heart - O my mind, love the Lord in this way.
ਹੇ (ਮੇਰੇ) ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਪਾਣਾ ਚਾਹੀਦਾ ਹੈ ਜਿਹੋ ਜਿਹਾ ਪਿਆਰ ਹਰਨ ਪਾਂਦਾ ਹੈ, ਰਾਤ ਵੇਲੇ ਹਰਨ ਘੰਡੇ ਹੇੜੇ ਦੀ ਆਵਾਜ਼ ਆਪਣੇ ਕੰਨੀਂ ਸੁਣ ਕੇ ਆਪਣਾ ਹਿਰਦਾ (ਉਸ ਆਵਾਜ਼ ਦੇ) ਹਵਾਲੇ ਕਰ ਦੇਂਦਾ ਹੈ। ਨਿਸਿ = ਰਾਤ ਵੇਲੇ। ਕੁਰੰਕ = ਹਰਨ। ਨਾਦ = (ਘੰਡੇ ਹੇੜੇ ਦੀ) ਆਵਾਜ਼। ਸ੍ਰਵਣੀ = ਕੰਨਾਂ ਨਾਲ। ਹੀਉ = ਹਿਰਦਾ। ਡਿਵੈ = ਦੇਂਦਾ ਹੈ। ਮਨ = ਹੇ ਮਨ!
ਜੈਸੀ ਤਰੁਣਿ ਭਤਾਰ ਉਰਝੀ ਪਿਰਹਿ ਸਿਵੈ ਇਹੁ ਮਨੁ ਲਾਲ ਦੀਜੈ ॥
Like the wife, who is bound by love to her husband, and serves her beloved - like this, give your heart to the Beloved Lord.
ਜਿਵੇਂ ਜਵਾਨ ਇਸਤ੍ਰੀ ਆਪਣੇ ਪਤੀ ਦੇ ਪਿਆਰ ਵਿਚ ਬੱਝੀ ਹੋਈ ਪਤੀ ਦੀ ਸੇਵਾ ਕਰਦੀ ਹੈ, (ਉਸੇ ਤਰ੍ਹਾਂ ਹੇ ਭਾਈ!) ਆਪਣਾ ਇਹ ਮਨ ਸੋਹਣੇ ਪ੍ਰਭੂ ਨੂੰ ਦੇਣਾ ਚਾਹੀਦਾ ਹੈ, ਤੇ ਉਸ ਦੇ ਮਿਲਾਪ ਦਾ ਆਨੰਦ ਮਾਣਨਾ ਚਾਹੀਦਾ ਹੈ। ਤਰੁਣਿ = ਜਵਾਨ ਇਸਤ੍ਰੀ। ਉਰਝੀ = ਫਸੀ ਹੋਈ। ਸਿਵੈ = ਸੇਵਾ ਕਰਦੀ ਹੈ। ਲਾਲ = ਸੁਹਣੇ (ਹਰੀ) ਨੂੰ।
ਮਨੁ ਲਾਲਹਿ ਦੀਜੈ ਭੋਗ ਕਰੀਜੈ ਹਭਿ ਖੁਸੀਆ ਰੰਗ ਮਾਣੇ ॥
Give your heart to your Beloved Lord, and enjoy His bed, and enjoy all pleasure and bliss.
(ਜੇਹੜੀ ਜੀਵ-ਇਸਤ੍ਰੀ ਆਪਣਾ ਮਨ ਪ੍ਰਭੂ-ਪਤੀ ਦੇ ਹਵਾਲੇ ਕਰਦੀ ਹੈ ਉਹ ਉਸ) ਦੇ ਮਿਲਾਪ ਦੀਆਂ ਸਾਰੀਆਂ ਖ਼ੁਸ਼ੀਆਂ ਮਿਲਾਪ ਦੇ ਸਾਰੇ ਆਨੰਦ ਮਾਣਦੀ ਹੈ। ਲਾਲਹਿ = ਲਾਲ ਨੂੰ। ਹਭਿ = ਸਾਰੀਆਂ।
ਪਿਰੁ ਅਪਨਾ ਪਾਇਆ ਰੰਗੁ ਲਾਲੁ ਬਣਾਇਆ ਅਤਿ ਮਿਲਿਓ ਮਿਤ੍ਰ ਚਿਰਾਣੇ ॥
I have obtained my Husband Lord, and I am dyed in the deep crimson color of His Love; after such a long time, I have met my Friend.
ਉਹ ਆਪਣੇ ਪ੍ਰਭੂ-ਪਤੀ ਨੂੰ (ਆਪਣੇ ਅੰਦਰ ਹੀ) ਲੱਭ ਲੈਂਦੀ ਹੈ, ਉਹ ਆਪਣੀ ਆਤਮਾ ਨੂੰ ਗੂੜ੍ਹਾ ਪ੍ਰੇਮ-ਰੰਗ ਚਾੜ੍ਹ ਲੈਂਦੀ ਹੈ (ਜਿਵੇਂ ਸੁਹਾਗਣ ਲਾਲ ਕੱਪੜਾ ਪਹਿਨਦੀ ਹੈ) ਉਹ ਮੁੱਢ ਕਦੀਮਾਂ ਦੇ ਮਿੱਤਰ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ। ਅਤਿ ਚਿਰਾਣੇ = ਮੁੱਢ ਕਦੀਮਾਂ ਦੇ।
ਗੁਰੁ ਥੀਆ ਸਾਖੀ ਤਾ ਡਿਠਮੁ ਆਖੀ ਪਿਰ ਜੇਹਾ ਅਵਰੁ ਨ ਦੀਸੈ ॥
When the Guru became my advocate, then I saw the Lord with my eyes. No one else looks like my Beloved Husband Lord.
(ਹੇ ਸਖੀ! ਜਦੋਂ ਤੋਂ) ਗੁਰੂ ਮੇਰਾ ਵਿਚੋਲਾ ਬਣਿਆ ਹੈ, ਮੈਂ ਪ੍ਰਭੂ-ਪਤੀ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ, ਮੈਨੂੰ ਪ੍ਰਭੂ-ਪਤੀ ਵਰਗਾ ਹੋਰ ਕੋਈ ਨਹੀਂ ਦਿੱਸਦਾ। ਸਾਖੀ = ਗਵਾਹ, ਵਿਚੋਲਾ। ਡਿਠਮੁ = ਮੈਂ ਵੇਖ ਲਿਆ ਹੈ। ਆਖੀ = ਅੱਖਾਂ ਨਾਲ।
ਕਹੁ ਨਾਨਕ ਛੰਤ ਦਇਆਲ ਮੋਹਨ ਕੇ ਮਨ ਹਰਿ ਚਰਣ ਗਹੀਜੈ ਐਸੀ ਮਨ ਪ੍ਰੀਤਿ ਕੀਜੈ ॥੪॥੧॥੪॥
Says Nanak, chant the Hymns of the merciful and fascinating Lord, O mind. Grasp the lotus feet of the Lord, and enshrine such love for Him in your mind. ||4||1||4||
ਹੇ ਨਾਨਕ! (ਆਖ-) ਹੇ ਮੇਰੇ ਮਨ! ਦਇਆ ਦੇ ਘਰ, ਤੇ ਮਨ ਨੂੰ ਮੋਹ ਲੈਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹੁ। ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪ੍ਰੇਮ ਪਾਣਾ ਚਾਹੀਦਾ ਹੈ (ਜਿਹੋ ਜਿਹਾ ਹਰਨ ਨਾਦ ਨਾਲ ਪਾਂਦਾ ਹੈ ਜਿਹੋ ਜਿਹਾ ਜਵਾਨ ਇਸਤ੍ਰੀ ਆਪਣੇ ਪਤੀ ਨਾਲ ਪਾਂਦੀ ਹੈ) ॥੪॥੧॥੪॥ ਮੋਹਨ = ਮਨ ਨੂੰ ਮੋਹ ਲੈਣ ਵਾਲਾ ਹਰੀ {ਖ਼ਿਆਲ ਕਰਨਾ ਜੀ, ਲਫ਼ਜ਼ 'ਮੋਹਨ' ਪਰਮਾਤਮਾ ਵਾਸਤੇ ਹੈ। "ਮੋਹਨ ਤੇਰੈ ਊਚੇ ਮੰਦਰਿ" = ਉਥੇ ਭੀ 'ਮੋਹਨ' ਪਰਮਾਤਮਾ ਹੀ ਹੈ}। ਗਹੀਜੈ = ਪਕੜ ਲੈਣਾ ਚਾਹੀਦਾ ਹੈ ॥੪॥੧॥੪॥