ਬਸੰਤੁ ਹਿੰਡੋਲ ਮਹਲਾ

Basant Hindol, First Mehl:

ਬਸੰਤ ਹਿੰਡੋਲ ਪਹਿਲੀ ਪਾਤਿਸ਼ਾਹੀ।

ਸਾਚਾ ਸਾਹੁ ਗੁਰੂ ਸੁਖਦਾਤਾ ਹਰਿ ਮੇਲੇ ਭੁਖ ਗਵਾਏ

The Guru is the True Banker, the Giver of peace; He unites the mortal with the Lord, and satisfies his hunger.

ਗੁਰੂ ਐਸਾ ਸ਼ਾਹ ਹੈ ਜਿਸ ਦੇ ਪਾਸ ਪ੍ਰਭੂ ਦੇ ਨਾਮ ਦਾ ਧਨ ਸਦਾ ਹੀ ਟਿਕਿਆ ਰਹਿੰਦਾ ਹੈ, (ਇਸ ਵਾਸਤੇ) ਗੁਰੂ ਸੁਖ ਦੇਣ ਦੇ ਸਮਰੱਥ ਹੈ, ਗੁਰੂ ਪ੍ਰਭੂ ਨਾਲ ਮਿਲਾ ਦੇਂਦਾ ਹੈ, ਤੇ ਮਾਇਆ ਇਕੱਠੀ ਕਰਨ ਦੀ ਭੁੱਖ ਮਨੁੱਖ ਦੇ ਮਨ ਵਿਚੋਂ ਕੱਢ ਦੇਂਦਾ ਹੈ। ਸਾਹੁ = ਸ਼ਾਹੁ, ਉਹ ਧਨੀ ਜੋ ਹੋਰ ਵਪਾਰੀਆਂ ਨੂੰ ਵਣਜ-ਵਪਾਰ ਕਰਨ ਲਈ ਰਾਸਿ-ਪੂੰਜੀ ਦੇਂਦਾ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ, ਸਦਾ ਹੀ ਧਨਾਢ ਟਿਕੇ ਰਹਿਣ ਵਾਲਾ। ਭੁਖ = ਮਾਇਆ ਦਾ ਲਾਲਚ। ਗਵਾਏ = ਦੂਰ ਕਰਦਾ ਹੈ।

ਕਰਿ ਕਿਰਪਾ ਹਰਿ ਭਗਤਿ ਦ੍ਰਿੜਾਏ ਅਨਦਿਨੁ ਹਰਿ ਗੁਣ ਗਾਏ ॥੧॥

Granting His Grace, He implants devotional worship of the Lord within; and then night and day, we sing the Glorious Praises of the Lord. ||1||

ਗੁਰੂ ਮੇਹਰ ਕਰ ਕੇ (ਸਰਨ ਆਏ ਸਿੱਖ ਦੇ ਮਨ ਵਿਚ) ਪ੍ਰਭੂ ਨੂੰ ਮਿਲਣ ਦੀ ਤਾਂਘ ਪੱਕੀ ਕਰ ਦੇਂਦਾ ਹੈ (ਕਿਉਂਕਿ ਗੁਰੂ ਆਪ) ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ (ਆਪਣੀ ਸੁਰਤ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਟਿਕਾਈ ਰੱਖਦਾ ਹੈ) ॥੧॥ ਕਰਿ = ਕਰ ਕੇ। ਦ੍ਰਿੜਾਏ = (ਮਨ ਵਿਚ) ਪੱਕੀ ਕਰ ਦੇਂਦਾ ਹੈ। ਅਨਦਿਨੁ = ਹਰ ਰੋਜ਼ ॥੧॥

ਮਤ ਭੂਲਹਿ ਰੇ ਮਨ ਚੇਤਿ ਹਰੀ

O my mind, do not forget the Lord; keep Him in your consciousness.

ਹੇ (ਮੇਰੇ) ਮਨ! ਪਰਮਾਤਮਾ ਨੂੰ (ਸਦਾ) ਚੇਤੇ ਰੱਖ। ਮਤ ਭੂਲਹਿ = ਕਿਤੇ ਭੁਲਾ ਨਾਹ ਦੇਈਂ। ਚੇਤਿ = ਯਾਦ ਕਰ, ਸਿਮਰ।

ਬਿਨੁ ਗੁਰ ਮੁਕਤਿ ਨਾਹੀ ਤ੍ਰੈ ਲੋਈ ਗੁਰਮੁਖਿ ਪਾਈਐ ਨਾਮੁ ਹਰੀ ॥੧॥ ਰਹਾਉ

Without the Guru, no one is liberated anywhere in the three worlds. The Gurmukh obtains the Lord's Name. ||1||Pause||

(ਵੇਖੀਂ, ਮਾਇਆ ਦੀ ਭੁੱਖ ਵਿਚ ਫਸ ਕੇ) ਕਿਤੇ (ਉਸ ਨੂੰ) ਭੁਲਾ ਨਾ ਦੇਈਂ। (ਪਰ) ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਗੁਰੂ ਦੀ ਸਰਨ ਪੈਣ ਤੋਂ ਬਿਨਾ ਮਾਇਆ ਦੀ ਭੁੱਖ ਤੋਂ ਖ਼ਲਾਸੀ ਨਹੀਂ ਹੋ ਸਕਦੀ (ਭਾਵੇਂ) ਤਿੰਨਾਂ ਲੋਕਾਂ ਵਿਚ ਹੀ (ਦੌੜ-ਭੱਜ ਕਰ ਕੇ ਵੇਖ ਲੈ), (ਇਸ ਵਾਸਤੇ, ਹੇ ਮਨ! ਗੁਰੂ ਦਾ ਪੱਲਾ ਫੜ) ॥੧॥ ਰਹਾਉ ॥ ਮੁਕਤਿ = ਮਾਇਆ ਦੇ ਲਾਲਚ ਵਲੋਂ ਖ਼ਲਾਸੀ। ਤ੍ਰੈ ਲੋਈ = ਤਿੰਨਾਂ ਹੀ ਲੋਕਾਂ ਵਿਚ, ਸਾਰੀ ਹੀ ਸ੍ਰਿਸ਼ਟੀ ਵਿਚ ਕਿਤੇ ਭੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਾਮੁ ਹਰੀ = ਹਰੀ ਦਾ ਨਾਮ ॥੧॥ ਰਹਾਉ ॥

ਬਿਨੁ ਭਗਤੀ ਨਹੀ ਸਤਿਗੁਰੁ ਪਾਈਐ ਬਿਨੁ ਭਾਗਾ ਨਹੀ ਭਗਤਿ ਹਰੀ

Without devotional worship, the True Guru is not obtained. Without good destiny, devotional worship of the Lord is not obtained.

ਦਿਲੀ ਖਿੱਚ ਤੋਂ ਬਿਨਾ ਸਤਿਗੁਰੂ ਭੀ ਨਹੀਂ ਮਿਲਦਾ (ਭਾਵ, ਗੁਰੂ ਦੀ ਕਦਰ ਨਹੀਂ ਪਾ ਸਕੀਦੀ), ਤੇ ਭਾਗਾਂ ਤੋਂ ਬਿਨਾ (ਪਿਛਲੇ ਸੰਸਕਾਰਾਂ ਦੀ ਰਾਸਿ-ਪੂੰਜੀ ਤੋਂ ਬਿਨਾ) ਪ੍ਰਭੂ ਨੂੰ ਮਿਲਣ ਦੀ ਤਾਂਘ (ਮਨ ਵਿਚ) ਨਹੀਂ ਉਪਜਦੀ। ਭਗਤੀ = ਲਗਨ, ਦਿਲੀ ਖਿੱਚ, ਸਰਧਾ। ਭਗਤਿ ਹਰੀ = ਪ੍ਰਭੂ ਨੂੰ ਮਿਲਣ ਲਈ ਤਾਂਘ।

ਬਿਨੁ ਭਾਗਾ ਸਤਸੰਗੁ ਪਾਈਐ ਕਰਮਿ ਮਿਲੈ ਹਰਿ ਨਾਮੁ ਹਰੀ ॥੨॥

Without good destiny, the Sat Sangat, the True Congregation, is not obtained. By the grace of one's good karma, the Lord's Name is received. ||2||

(ਪਿਛਲੇ ਸੰਸਕਾਰਾਂ ਦੀ ਰਾਸਿ-ਪੂੰਜੀ ਵਾਲੇ) ਭਾਗਾਂ ਤੋਂ ਬਿਨਾ ਗੁਰਮੁਖਾਂ ਦੀ ਸੰਗਤ ਨਹੀਂ ਮਿਲਦੀ (ਭਾਵ, ਸਤਸੰਗ ਦੀ ਕਦਰ ਨਹੀਂ ਪੈ ਸਕਦੀ), ਪ੍ਰਭੂ ਦੀ ਆਪਣੀ ਮੇਹਰ ਨਾਲ ਹੀ ਉਸ ਦਾ ਨਾਮ ਪ੍ਰਾਪਤ ਹੁੰਦਾ ਹੈ ॥੨॥ ਸਤਸੰਗੁ = ਭਲਿਆਂ ਦੀ ਸੰਗਤ। ਕਰਮਿ = (ਪ੍ਰਭੂ ਦੀ) ਮੇਹਰ ਨਾਲ ॥੨॥

ਘਟਿ ਘਟਿ ਗੁਪਤੁ ਉਪਾਏ ਵੇਖੈ ਪਰਗਟੁ ਗੁਰਮੁਖਿ ਸੰਤ ਜਨਾ

In each and every heart, the Lord is hidden; He creates and watches over all. He reveals Himself in the humble, Saintly Gurmukhs.

ਜੇਹੜਾ ਪ੍ਰਭੂ ਆਪ ਸਾਰੀ ਸ੍ਰਿਸ਼ਟੀ ਪੈਦਾ ਕਰਦਾ ਹੈ ਤੇ ਉਸ ਦੀ ਸੰਭਾਲ ਕਰਦਾ ਹੈ, ਉਹ ਹਰੇਕ ਸਰੀਰ ਵਿਚ ਲੁਕਿਆ ਬੈਠਾ ਹੈ, ਗੁਰੂ ਦੀ ਸਰਨ ਪੈਣ ਵਾਲੇ ਸੰਤ ਜਨਾਂ ਨੂੰ ਉਹ ਹਰ ਥਾਂ ਪ੍ਰਤੱਖ ਦਿੱਸਣ ਲੱਗ ਪੈਂਦਾ ਹੈ। ਘਟਿ = ਘਟ ਵਿਚ, ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਉਪਾਏ = ਪੈਦਾ ਕਰਦਾ ਹੈ। ਵੇਖੈ = ਸੰਭਾਲ ਕਰਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪਿਆਂ।

ਹਰਿ ਹਰਿ ਕਰਹਿ ਸੁ ਹਰਿ ਰੰਗਿ ਭੀਨੇ ਹਰਿ ਜਲੁ ਅੰਮ੍ਰਿਤ ਨਾਮੁ ਮਨਾ ॥੩॥

Those who chant the Name of the Lord, Har, Har, are drenched with the Lord's Love. Their minds are drenched with the Ambrosial Water of the Naam, the Name of the Lord. ||3||

ਉਹ ਸੰਤ ਜਨ ਸਦਾ ਪ੍ਰਭੂ ਦਾ ਨਾਮ ਜਪਦੇ ਹਨ, ਤੇ ਉਸ ਦੇ ਪਿਆਰ-ਰੰਗ ਵਿਚ ਮਸਤ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਪ੍ਰਭੂ ਦਾ ਆਤਮਕ ਜ਼ਿੰਦਗੀ ਦੇਣ ਵਾਲਾ ਨਾਮ-ਜਲ ਸਦਾ ਵੱਸਦਾ ਰਹਿੰਦਾ ਹੈ ॥੩॥ ਕਰਹਿ = ਕਰਦੇ ਹਨ। ਸੁ = ਉਹ ਬੰਦੇ। ਰੰਗਿ = ਰੰਗ ਵਿਚ, ਪਿਆਰ ਵਿਚ। ਭੀਨੇ = ਭਿੱਜੇ ਹੋਏ, ਮਸਤ। ਮਨਾ = ਮਨਿ, (ਉਹਨਾਂ ਦੇ) ਮਨ ਵਿਚ ॥੩॥

ਜਿਨ ਕਉ ਤਖਤਿ ਮਿਲੈ ਵਡਿਆਈ ਗੁਰਮੁਖਿ ਸੇ ਪਰਧਾਨ ਕੀਏ

Those who are blessed with the glory of the Lord's Throne - those Gurmukhs are renowned as supreme.

ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਬੰਦਿਆਂ ਨੂੰ ਹਿਰਦੇ-ਤਖ਼ਤ ਉਤੇ ਬੈਠੇ ਰਹਿਣ ਦੀ (ਭਾਵ, ਮਾਇਆ ਦੇ ਪਿੱਛੇ ਭਟਕਣ ਤੋਂ ਬਚੇ ਰਹਿਣ ਦੀ) ਇੱਜ਼ਤ ਮਿਲਦੀ ਹੈ, ਉਹਨਾਂ ਨੂੰ ਪਰਮਾਤਮਾ ਜਗਤ ਵਿਚ ਉੱਘਾ ਕਰ ਦੇਂਦਾ ਹੈ। ਕਉ = ਨੂੰ। ਤਖਤਿ = ਤਖ਼ਤ ਉਤੇ। ਤਖਤਿ ਵਡਿਆਈ = ਤਖ਼ਤ ਉਤੇ ਬੈਠਣ ਦੀ ਵਡਿਆਈ, ਹਿਰਦੇ-ਤਖ਼ਤ ਉਤੇ ਬੈਠੇ ਰਹਿਣ ਦੀ ਇਜ਼ਤ, ਮਾਇਆ ਦੇ ਪਿੱਛੇ ਭਟਕਣ ਤੋਂ ਬਚੇ ਰਹਿਣ ਦਾ ਮਾਣ। ਗੁਰਮੁਖਿ = ਗੁਰੂ ਦੀ ਰਾਹੀਂ। ਪਰਧਾਨ = ਉੱਘੇ, ਮੰਨੇ-ਪ੍ਰਮੰਨੇ।

ਪਾਰਸੁ ਭੇਟਿ ਭਏ ਸੇ ਪਾਰਸ ਨਾਨਕ ਹਰਿ ਗੁਰ ਸੰਗਿ ਥੀਏ ॥੪॥੪॥੧੨॥

Touching the philosopher's stone, they themselves becomes the philosopher's stone; they become the companions of the Lord, the Guru. ||4||4||12||

ਹੇ ਨਾਨਕ! ਗੁਰੂ-ਪਾਰਸ ਨੂੰ ਮਿਲ ਕੇ ਉਹ ਆਪ ਭੀ ਪਾਰਸ ਹੋ ਜਾਂਦੇ ਹਨ (ਉਹਨਾਂ ਦੇ ਅੰਦਰ ਭੀ ਇਹ ਸਮਰੱਥਾ ਆ ਜਾਂਦੀ ਹੈ ਕਿ ਮਾਇਆ-ਗ੍ਰਸੇ ਮਨਾਂ ਨੂੰ ਪ੍ਰਭੂ-ਚਰਨਾਂ ਵਿਚ ਜੋੜ ਸਕਣ), ਉਹ ਬੰਦੇ ਸਦਾ ਲਈ ਪਰਮਾਤਮਾ ਤੇ ਗੁਰੂ ਦੇ ਸਾਥੀ ਬਣ ਜਾਂਦੇ ਹਨ (ਉਹਨਾਂ ਦੀ ਸੁਰਤ ਸਦਾ ਗੁਰੂ-ਪ੍ਰਭੂ ਦੇ ਚਰਨਾਂ ਵਿਚ ਟਿਕੀ ਰਹਿੰਦੀ ਹੈ ॥੪॥੪॥੧੨॥ ਪਾਰਸੁ = ਗੁਰੂ-ਪਾਰਸ। ਭੇਟਿ = ਛੁਹ ਕੇ, ਮਿਲ ਕੇ। ਪਾਰਸ = ਲੋਹਾ ਆਦਿਕ ਧਾਤਾਂ ਨੂੰ ਸੋਨਾ ਬਣਾ ਦੇਣ ਦੀ ਸਮਰੱਥਾ ਰੱਖਣ ਵਾਲੇ। ਗੁਰ ਸੰਗਿ = ਗੁਰੂ ਦੇ ਸੰਗੀ। ਥੀਏ = ਬਣ ਗਏ ॥੪॥੪॥੧੨॥