ਗਉੜੀ ਪੂਰਬੀ ਮਹਲਾ ੪ ॥
Gauree Poorbee, Fourth Mehl:
ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
ਹਮ ਅਹੰਕਾਰੀ ਅਹੰਕਾਰ ਅਗਿਆਨ ਮਤਿ ਗੁਰਿ ਮਿਲਿਐ ਆਪੁ ਗਵਾਇਆ ॥
I am egotistical and conceited, and my intellect is ignorant. Meeting the Guru, my selfishness and conceit have been abolished.
(ਗੁਰੂ ਤੋਂ ਬਿਨਾ) ਅਸੀਂ ਜੀਵ ਅਹੰਕਾਰੀ ਹੋਏ ਰਹਿੰਦੇ ਹਾਂ, ਸਾਡੀ ਮਤਿ ਅਹੰਕਾਰ ਤੇ ਅਗਿਆਨਤਾ ਵਾਲੀ ਬਣੀ ਰਹਿੰਦੀ ਹੈ। ਜਦੋਂ ਗੁਰੂ ਮਿਲ ਪਏ, ਤਦੋਂ ਆਪਾ-ਭਾਵ ਦੂਰ ਹੋ ਜਾਂਦਾ ਹੈ। ਹਮ = ਅਸੀਂ ਜੀਵ। ਗੁਰਿ ਮਿਲਿਐ = ਜਦੋਂ ਗੁਰੂ ਮਿਲ ਪਏ। ਆਪੁ = ਆਪਾ-ਭਾਵ।
ਹਉਮੈ ਰੋਗੁ ਗਇਆ ਸੁਖੁ ਪਾਇਆ ਧਨੁ ਧੰਨੁ ਗੁਰੂ ਹਰਿ ਰਾਇਆ ॥੧॥
The illness of egotism is gone, and I have found peace. Blessed, blessed is the Guru, the Sovereign Lord King. ||1||
(ਗੁਰੂ ਦੀ ਮਿਹਰ ਨਾਲ ਜਦੋਂ) ਹਉਮੈ ਦਾ ਰੋਗ ਦੂਰ ਹੁੰਦਾ ਹੈ, ਤਦੋਂ ਆਤਮਕ ਆਨੰਦ ਮਿਲਦਾ ਹੈ। ਇਹ ਸਾਰੀ ਮਿਹਰ ਗੁਰੂ ਦੀ ਹੀ ਹੈ, ਗੁਰੂ ਦੀ ਹੀ ਹੈ ॥੧॥ ਸੁਖੁ = ਆਤਮਕ ਆਨੰਦ। ਧਨੁ ਧੰਨੁ = ਸਲਾਹੁਣ-ਯੋਗ ॥੧॥
ਰਾਮ ਗੁਰ ਕੈ ਬਚਨਿ ਹਰਿ ਪਾਇਆ ॥੧॥ ਰਹਾਉ ॥
I have found the Lord, through the Teachings of the Guru. ||1||Pause||
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਹੀ ਰਾਮ ਨਾਲ ਹਰੀ ਨਾਲ ਮਿਲਾਪ ਹੁੰਦਾ ਹੈ ॥੧॥ ਰਹਾਉ ॥ ਬਚਨਿ = ਬਚਨ ਦੀ ਰਾਹੀਂ, ਉਪਦੇਸ਼ ਦੀ ਬਰਕਤਿ ਨਾਲ ॥੧॥ ਰਹਾਉ ॥
ਮੇਰੈ ਹੀਅਰੈ ਪ੍ਰੀਤਿ ਰਾਮ ਰਾਇ ਕੀ ਗੁਰਿ ਮਾਰਗੁ ਪੰਥੁ ਬਤਾਇਆ ॥
My heart is filled with love for the Sovereign Lord King; the Guru has shown me the path and the way to find Him.
(ਗੁਰੂ ਦੀ ਕਿਰਪਾ ਨਾਲ ਹੀ) ਮੇਰੇ ਹਿਰਦੇ ਵਿਚ ਪਰਮਾਤਮਾ (ਦੇ ਚਰਨਾਂ) ਦੀ ਪ੍ਰੀਤਿ ਪੈਦਾ ਹੋਈ ਹੈ, ਗੁਰੂ ਨੇ (ਹੀ ਪਰਮਾਤਮਾ ਦੇ ਮਿਲਾਪ ਦਾ) ਰਸਤਾ ਦੱਸਿਆ ਹੈ। ਹੀਅਰੈ = ਹਿਰਦੇ ਵਿਚ। ਰਾਇ = ਪ੍ਰਕਾਸ਼-ਰੂਪ। ਗੁਰਿ = ਗੁਰੂ ਨੇ। ਮਾਰਗੁ = ਰਸਤਾ। ਪੰਥੁ = ਰਸਤਾ।
ਮੇਰਾ ਜੀਉ ਪਿੰਡੁ ਸਭੁ ਸਤਿਗੁਰ ਆਗੈ ਜਿਨਿ ਵਿਛੁੜਿਆ ਹਰਿ ਗਲਿ ਲਾਇਆ ॥੨॥
My soul and body all belong to the Guru; I was separated, and He has led me into the Lord's Embrace. ||2||
ਮੈਂ ਆਪਣੀ ਜਿੰਦ ਆਪਣਾ ਸਰੀਰ ਸਭ ਕੁਝ ਗੁਰੂ ਦੇ ਅੱਗੇ ਰੱਖ ਦਿੱਤਾ ਹੈ, ਕਿਉਂਕਿ ਗੁਰੂ ਨੇ ਹੀ ਮੈਨੂੰ ਵਿੱਛੁੜੇ ਹੋਏ ਨੂੰ ਪਰਮਾਤਮਾ ਦੇ ਗਲ ਨਾਲ ਲਾ ਦਿੱਤਾ ਹੈ ॥੨॥ ਜੀਉ = ਜਿੰਦ। ਪਿੰਡੁ = ਸਰੀਰ। ਜਿਨਿ = ਜਿਸ ਨੇ, ਕਿਉਂਕਿ ਉਸ ਨੇ। ਗਲਿ = ਗਲ ਨਾਲ ॥੨॥
ਮੇਰੈ ਅੰਤਰਿ ਪ੍ਰੀਤਿ ਲਗੀ ਦੇਖਨ ਕਉ ਗੁਰਿ ਹਿਰਦੇ ਨਾਲਿ ਦਿਖਾਇਆ ॥
Deep within myself, I would love to see the Lord; the Guru has inspired me to see Him within my heart.
(ਗੁਰੂ ਦੀ ਕਿਰਪਾ ਨਾਲ ਹੀ) ਮੇਰੇ ਅੰਦਰ ਪਰਮਾਤਮਾ ਦਾ ਦਰਸਨ ਕਰਨ ਦੀ ਤਾਂਘ ਪੈਦਾ ਹੋਈ, ਗੁਰੂ ਨੇ (ਹੀ) ਮੈਨੂੰ ਮੇਰੇ ਹਿਰਦੇ ਵਿਚ ਵੱਸਦਾ ਮੇਰੇ ਨਾਲ ਵੱਸਦਾ ਪਰਮਾਤਮਾ ਵਿਖਾ ਦਿੱਤਾ। ਗੁਰਿ = ਗੁਰੂ ਨੇ।
ਸਹਜ ਅਨੰਦੁ ਭਇਆ ਮਨਿ ਮੋਰੈ ਗੁਰ ਆਗੈ ਆਪੁ ਵੇਚਾਇਆ ॥੩॥
Within my mind, intuitive peace and bliss have arisen; I have sold myself to the Guru. ||3||
ਮੇਰੇ ਮਨ ਵਿਚ (ਹੁਣ) ਆਤਮਕ ਅਡੋਲਤਾ ਦਾ ਸੁਖ ਪੈਦਾ ਹੋ ਗਿਆ ਹੈ, (ਉਸ ਦੇ ਇਵਜ਼ ਵਿਚ) ਮੈਂ ਆਪਣਾ ਆਪ ਗੁਰੂ ਦੇ ਅੱਗੇ ਵੇਚ ਦਿੱਤਾ ਹੈ ॥੩॥ ਸਹਜ ਅਨੰਦੁ = ਆਤਮਕ ਅਡੋਲਤਾ ਦਾ ਸੁਖ। ਮਨਿ ਮੋਰੈ = ਮੇਰੇ ਮਨ ਵਿਚ ॥੩॥
ਹਮ ਅਪਰਾਧ ਪਾਪ ਬਹੁ ਕੀਨੇ ਕਰਿ ਦੁਸਟੀ ਚੋਰ ਚੁਰਾਇਆ ॥
I am a sinner - I have committed so many sins; I am a villainous, thieving thief.
ਮੈਂ ਬਥੇਰੇ ਪਾਪ ਅਪਰਾਧ ਕਰਦਾ ਰਿਹਾ, ਕਈ ਭੈੜ ਕਰਦਾ ਰਿਹਾ ਤੇ ਲੁਕਾਂਦਾ ਰਿਹਾ ਜਿਵੇਂ ਚੋਰ ਆਪਣੀ ਚੋਰੀ ਲੁਕਾਂਦੇ ਹਨ। ਕੀਨੇ = ਕੀਤੇ, ਕਰਦੇ ਰਹੇ। ਦੁਸਟੀ = ਦੁਸ਼ਟਤਾਈ, ਵਿਕਾਰ। ਚੋਰ ਚੁਰਾਇਆ = ਚੋਰਾਂ ਵਾਂਗ ਚੋਰੀ ਕੀਤੀ।
ਅਬ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਲਾਜ ਹਰਿ ਭਾਇਆ ॥੪॥੧੧॥੨੫॥੬੩॥
Now, Nanak has come to the Lord's Sanctuary; preserve my honor, Lord, as it pleases Your Will. ||4||11||25||63||
ਪਰ ਹੁਣ, ਹੇ ਨਾਨਕ! (ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ, ਜੇ ਤੇਰੀ ਮਿਹਰ ਹੋਵੇ ਤਾਂ ਮੇਰੀ ਇੱਜ਼ਤ ਰੱਖ (ਮੈਨੂੰ ਵਿਕਾਰਾਂ ਤੋਂ ਬਚਾਈ ਰੱਖ) ॥੪॥੧੧॥੨੫॥੬੩॥ ਹਰਿ ਭਾਇਆ = ਜੇ, ਹੇ ਹਰੀ! ਤੈਨੂੰ ਚੰਗਾ ਲੱਗੇ, ਜੇ ਤੇਰੀ ਮਿਹਰ ਹੋਵੇ ॥੪॥