ਗਉੜੀ ਪੂਰਬੀ ਮਹਲਾ ੪ ॥
Gauree Poorbee, Fourth Mehl:
ਗਊੜੀ ਪੂਰਬੀ ਪਾਤਸ਼ਾਹੀ ਚੋਥੀ।
ਗੁਰਮਤਿ ਬਾਜੈ ਸਬਦੁ ਅਨਾਹਦੁ ਗੁਰਮਤਿ ਮਨੂਆ ਗਾਵੈ ॥
Through the Guru's Teachings, the unstruck music resounds; through the Guru's Teachings, the mind sings.
ਗੁਰੂ ਦੀ ਮਤਿ ਉਤੇ ਤੁਰਿਆਂ ਹੀ ਗੁਰੂ ਦਾ ਸ਼ਬਦ ਮਨੁੱਖ ਦੇ ਹਿਰਦੇ ਵਿਚ ਇਕ-ਰਸ ਪ੍ਰਭਾਵ ਪਾਈ ਰੱਖਦਾ ਹੈ (ਤੇ ਹੋਰ ਕੋਈ ਮਾਇਕ ਰਸ ਆਪਣਾ ਜ਼ੋਰ ਨਹੀਂ ਪਾ ਸਕਦਾ), ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਹੀ ਮਨੁੱਖ ਦਾ ਮਨ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ। ਬਾਜੈ = ਵੱਜਦਾ ਹੈ, ਪੂਰਾ ਪ੍ਰਭਾਵ ਪਾ ਲੈਂਦਾ ਹੈ (ਜਿਵੇਂ ਢੋਲ ਵੱਜਿਆਂ ਕੋਈ ਹੋਰ ਨਿੱਕਾ-ਮੋਟਾ ਖੜਾਕ ਸੁਣਿਆ ਨਹੀਂ ਜਾ ਸਕਦਾ)। ਅਨਾਹਦੁ = (अनाहत = ਬਿਨਾ ਵਜਾਏ) ਇੱਕ-ਰਸ।
ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧੰਨੁ ਗੁਰੂ ਲਿਵ ਲਾਵੈ ॥੧॥
By great good fortune, I received the Blessed Vision of the Guru's Darshan. Blessed, blessed is the Guru, who has led me to love the Lord. ||1||
ਕੋਈ ਵੱਡੇ ਭਾਗਾਂ ਵਾਲਾ ਮਨੁੱਖ ਗੁਰੂ ਦਾ ਦਰਸਨ ਪ੍ਰਾਪਤ ਕਰਦਾ ਹੈ। ਸਦਕੇ ਗੁਰੂ ਤੋਂ, ਸਦਕੇ ਗੁਰੂ ਤੋਂ। ਗੁਰੂ (ਮਨੁੱਖ ਦੇ ਅੰਦਰ ਪਰਮਾਤਮਾ ਦੇ ਮਿਲਾਪ ਦੀ) ਲਗਨ ਪੈਦਾ ਕਰਦਾ ਹੈ ॥੧॥ ਧਨੁ ਧੰਨੁ = ਸ਼ਾਬਾਸ਼-ਯੋਗ। ਲਿਵ = ਲਗਨ ॥੧॥
ਗੁਰਮੁਖਿ ਹਰਿ ਲਿਵ ਲਾਵੈ ॥੧॥ ਰਹਾਉ ॥
The Gurmukh is lovingly centered on the Lord. ||1||Pause||
ਗੁਰੂ ਦੇ ਸਨਮੁਖ ਰਹਿ ਕੇ ਹੀ ਮਨੁੱਖ (ਆਪਣੇ ਅੰਦਰ) ਹਰੀ ਦੇ ਮਿਲਾਪ ਦੀ ਲਗਨ ਪੈਦਾ ਕਰ ਸਕਦਾ ਹੈ ॥੧॥ ਰਹਾਉ ॥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ॥੧॥ ਰਹਾਉ ॥
ਹਮਰਾ ਠਾਕੁਰੁ ਸਤਿਗੁਰੁ ਪੂਰਾ ਮਨੁ ਗੁਰ ਕੀ ਕਾਰ ਕਮਾਵੈ ॥
My Lord and Master is the Perfect True Guru. My mind works to serve the Guru.
(ਹੇ ਭਾਈ!) ਪੂਰਾ ਗੁਰੂ ਹੀ ਮੇਰਾ ਠਾਕੁਰ ਹੈ, ਮੇਰਾ ਮਨ ਗੁਰੂ ਦੀ ਦੱਸੀ ਹੋਈ ਕਾਰ ਹੀ ਕਰਦਾ ਹੈ। ਹਮਰਾ = ਸਾਡਾ, ਮੇਰਾ।
ਹਮ ਮਲਿ ਮਲਿ ਧੋਵਹ ਪਾਵ ਗੁਰੂ ਕੇ ਜੋ ਹਰਿ ਹਰਿ ਕਥਾ ਸੁਨਾਵੈ ॥੨॥
I massage and wash the Feet of the Guru, who recites the Sermon of the Lord. ||2||
ਮੈਂ ਆਪਣੇ ਗੁਰੂ ਦੇ ਪੈਰ ਮਲ ਮਲ ਕੇ ਧੋਂਦਾ ਹਾਂ, ਕਿਉਂਕਿ ਗੁਰੂ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ ॥੨॥ ਮਲਿ ਮਲਿ = ਮਲ ਮਲ ਕੇ, ਬੜੇ ਪ੍ਰੇਮ ਨਾਲ। ਧੋਵਹ = ਅਸੀਂ ਧੋਂਦੇ ਹਾਂ, ਮੈਂ ਧੋਂਦਾ ਹਾਂ ॥੨॥
ਹਿਰਦੈ ਗੁਰਮਤਿ ਰਾਮ ਰਸਾਇਣੁ ਜਿਹਵਾ ਹਰਿ ਗੁਣ ਗਾਵੈ ॥
The Teachings of the Guru are in my heart; the Lord is the Source of nectar. My tongue sings the Glorious Praises of the Lord.
(ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਸਭ ਰਸਾਂ ਦਾ ਘਰ ਪ੍ਰਭੂ-ਨਾਮ ਵੱਸ ਪੈਂਦਾ ਹੈ, (ਜਿਨ੍ਹਾਂ ਦੀ) ਜੀਭ ਪਰਮਾਤਮਾ ਦੇ ਗੁਣ ਗਾਂਦੀ ਹੈ। ਰਸਾਇਣੁ = (रस-अयन) ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਜਿਹਵਾ = ਜੀਭ।
ਮਨ ਰਸਕਿ ਰਸਕਿ ਹਰਿ ਰਸਿ ਆਘਾਨੇ ਫਿਰਿ ਬਹੁਰਿ ਨ ਭੂਖ ਲਗਾਵੈ ॥੩॥
My mind is immersed in, and drenched with the Lord's essence. Fulfilled with the Lord's Love, I shall never feel hunger again. ||3||
ਉਹਨਾਂ ਦੇ ਮਨ ਸਦਾ ਆਨੰਦ ਨਾਲ ਪਰਮਾਤਮਾ ਦੇ ਨਾਮ-ਰਸ ਵਿਚ ਰੱਜੇ ਰਹਿੰਦੇ ਹਨ, ਉਹਨਾਂ ਨੂੰ ਮੁੜ ਕਦੇ ਮਾਇਆ ਦੀ ਭੁੱਖ ਪੋਹ ਨਹੀਂ ਸਕਦੀ ॥੩॥ ਰਸਕਿ ਰਸਕਿ = ਮੁੜ ਮੁੜ ਰਸ ਲੈ ਕੇ, ਬੜੇ ਆਨੰਦ ਨਾਲ। ਰਸਿ = ਰਸ ਵਿਚ। ਆਘਾਨੇ = ਰੱਜੇ ਹੋਏ। ਭੂਖ = ਤ੍ਰਿਸ਼ਨਾ, ਮਾਇਆ ਦੀ ਭੁੱਖ ॥੩॥
ਕੋਈ ਕਰੈ ਉਪਾਵ ਅਨੇਕ ਬਹੁਤੇਰੇ ਬਿਨੁ ਕਿਰਪਾ ਨਾਮੁ ਨ ਪਾਵੈ ॥
People try all sorts of things, but without the Lord's Mercy, His Name is not obtained.
ਪਰ ਕੋਈ ਭੀ ਮਨੁੱਖ ਪਰਮਾਤਮਾ ਦਾ ਨਾਮ (ਪਰਮਾਤਮਾ ਦੀ) ਕਿਰਪਾ ਤੋਂ ਬਿਨਾ ਹਾਸਲ ਨਹੀਂ ਕਰ ਸਕਦਾ, ਬੇਸ਼ੱਕ ਕੋਈ ਬਥੇਰੇ ਅਨੇਕਾਂ ਉਪਾਵ ਕਰਦਾ ਰਹੇ। ਕਉ = ਨੂੰ।
ਜਨ ਨਾਨਕ ਕਉ ਹਰਿ ਕਿਰਪਾ ਧਾਰੀ ਮਤਿ ਗੁਰਮਤਿ ਨਾਮੁ ਦ੍ਰਿੜਾਵੈ ॥੪॥੧੨॥੨੬॥੬੪॥
The Lord has showered His Mercy upon servant Nanak; through the wisdom of the Guru's Teachings, he has enshrined the Naam, the Name of the Lord. ||4||12||26||64||
ਹੇ ਨਾਨਕ! ਜਿਸ ਦਾਸ ਉਤੇ ਪਰਮਾਤਮਾ ਮਿਹਰ ਕਰਦਾ ਹੈ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਦੀ ਮਤਿ ਵਿਚ ਪਰਮਾਤਮਾ ਆਪਣਾ ਨਾਮ ਪੱਕਾ ਕਰ ਦੇਂਦਾ ਹੈ ॥੪॥੧੨॥੨੬॥੬੪॥ ਦ੍ਰਿੜਾਵੈ = ਪੱਕਾ ਕਰ ਦੇਂਦਾ ਹੈ ॥੪॥