ਬਸੰਤੁ ਮਹਲਾ ਘਰੁ ਦੁਤੁਕੇ

Basant, Fifth Mehl, First House, Du-Thukay:

ਰਾਗ ਬਸੰਤੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਤੁਕੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਗੁਰੁ ਸੇਵਉ ਕਰਿ ਨਮਸਕਾਰ

I serve the Guru, and humbly bow to Him.

ਮੈਂ ਗੁਰੂ ਅੱਗੇ ਸਿਰ ਨਿਵਾ ਕੇ ਗੁਰੂ ਦੀ ਸੇਵਾ ਕਰਦਾ ਹਾਂ। ਸੇਵਉ = ਸੇਵਉਂ, ਮੈਂ ਸੇਵਾ ਕਰਦਾ ਹਾਂ। ਕਰਿ = ਕਰ ਕੇ।

ਆਜੁ ਹਮਾਰੈ ਮੰਗਲਚਾਰ

Today is a day of celebration for me.

ਹੁਣ ਮੇਰੇ ਹਿਰਦੇ ਵਿਚ ਬੜਾ ਆਨੰਦ ਬਣਿਆ ਪਿਆ ਹੈ। (ਇਹ ਸਾਰੀ ਮਿਹਰ ਗੁਰੂ ਦੀ ਹੀ ਹੈ)। ਆਜੁ = ਅੱਜ, ਹੁਣ ਜਦੋਂ ਕਿ ਮੈਂ ਪ੍ਰਭੂ ਦੇ ਗੁਣ ਗਾਏ ਹਨ। ਹਮਾਰੈ = ਮੇਰੇ ਹਿਰਦੇ ਵਿਚ। ਮੰਗਲਚਾਰ = ਮੰਗਲਾਚਾਰ, ਆਨੰਦ ਦਾ ਸਮਾ।

ਆਜੁ ਹਮਾਰੈ ਮਹਾ ਅਨੰਦ

Today I am in supreme bliss.

ਹੁਣ ਮੇਰੇ ਅੰਦਰ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ। ਮਹਾ = ਬੜਾ।

ਚਿੰਤ ਲਥੀ ਭੇਟੇ ਗੋਬਿੰਦ ॥੧॥

My anxiety is dispelled, and I have met the Lord of the Universe. ||1||

(ਗੁਣ ਗਾਵਨ ਦੀ ਬਰਕਤਿ ਨਾਲ) ਮੈਨੂੰ ਗੋਬਿੰਦ ਜੀ ਮਿਲ ਪਏ ਹਨ, ਮੇਰੀ ਹਰੇਕ ਚਿੰਤਾ ਦੂਰ ਹੋ ਗਈ ਹੈ ॥੧॥ ਲਥੀ = ਲਹਿ ਗਈ ਹੈ, ਦੂਰ ਹੋ ਗਈ ਹੈ। ਭੇਟੇ = ਮਿਲ ਪਏ ਹਨ ॥੧॥

ਆਜੁ ਹਮਾਰੈ ਗ੍ਰਿਹਿ ਬਸੰਤ

Today, it is springtime in my household.

ਹੇ ਬੇਅੰਤ ਪ੍ਰਭੂ! ਤਦੋਂ ਤੋਂ ਹੁਣ ਮੇਰੇ ਹਿਰਦੇ-ਘਰ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਹਮਾਰੈ ਗ੍ਰਿਹਿ = ਮੇਰੇ ਹਿਰਦੇ-ਘਰ ਵਿਚ। ਬਸੰਤ = ਖਿੜਾਉ, ਖ਼ੁਸ਼ੀ, ਆਤਮਕ ਆਨੰਦ।

ਗੁਨ ਗਾਏ ਪ੍ਰਭ ਤੁਮੑ ਬੇਅੰਤ ॥੧॥ ਰਹਾਉ

I sing Your Glorious Praises, O Infinite Lord God. ||1||Pause||

ਜਦੋਂ ਤੋਂ ਮੈਂ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ ਹਨ ॥੧॥ ਰਹਾਉ ॥ ਪ੍ਰਭ ਬੇਅੰਤ = ਹੇ ਬੇਅੰਤ ਪ੍ਰਭੂ! ॥੧॥ ਰਹਾਉ ॥

ਆਜੁ ਹਮਾਰੈ ਬਨੇ ਫਾਗ

Today, I am celebrating the festival of Phalgun.

(ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮੇਰੇ ਅੰਦਰ (ਮਾਨੋ) ਫੱਗਣ ਦੀ ਹੋਲੀ ਬਣੀ ਪਈ ਹੈ, ਹਮਾਰੈ = ਮੇਰੇ ਹਿਰਦੇ ਵਿਚ। ਫਾਗ = ਫੱਗਣ ਦਾ ਮਹੀਨਾ, ਫੱਗਣ ਮਹੀਨੇ ਦਾ ਤਿਉਹਾਰ, ਹੋਲੀ।

ਪ੍ਰਭ ਸੰਗੀ ਮਿਲਿ ਖੇਲਨ ਲਾਗ

Joining with God's companions, I have begun to play.

ਪ੍ਰਭੂ ਦੇ ਸੰਤ ਜਨ (ਸਾਧ ਸੰਗਤ ਵਿਚ) ਮਿਲ ਕੇ (ਇਹ ਹੋਲੀ) ਖੇਡਣ ਲੱਗ ਪਏ ਹਨ। ਪ੍ਰਭ ਸੰਗੀ = ਪ੍ਰਭੂ ਦੇ ਸੰਗੀ = ਸਾਥੀ, ਸੰਤ ਜਨ। ਮਿਲਿ = ਮਿਲ ਕੇ।

ਹੋਲੀ ਕੀਨੀ ਸੰਤ ਸੇਵ

I celebrate the festival of Holi by serving the Saints.

(ਇਹ ਹੋਲੀ ਕੀਹ ਹੈ?) ਸੰਤ ਜਨਾਂ ਦੀ ਸੇਵਾ ਨੂੰ ਮੈਂ ਹੋਲੀ ਬਣਾਇਆ ਹੈ। ਸੰਤ ਸੇਵ = ਸੰਤ ਜਨਾਂ ਦੀ ਸੇਵਾ।

ਰੰਗੁ ਲਾਗਾ ਅਤਿ ਲਾਲ ਦੇਵ ॥੨॥

I am imbued with the deep crimson color of the Lord's Divine Love. ||2||

(ਸੰਤ ਜਨਾਂ ਦੀ ਸੰਗਤ ਦੀ ਬਰਕਤਿ ਨਾਲ) ਮੇਰੇ ਅੰਦਰ ਪਰਮਾਤਮਾ ਦੇ ਪਿਆਰ ਦਾ ਗੂੜ੍ਹਾ (ਆਤਮਕ) ਰੰਗ ਚੜ੍ਹ ਗਿਆ ਹੈ ॥੨॥ ਅਤਿ = ਬਹੁਤ ਗੂੜ੍ਹਾ। ਰੰਗੁ ਦੇਵ = ਪ੍ਰਭੂ ਦੇਵ ਦੇ ਪਿਆਰ ਦਾ ਰੰਗ ॥੨॥

ਮਨੁ ਤਨੁ ਮਉਲਿਓ ਅਤਿ ਅਨੂਪ

My mind and body have blossomed forth, in utter, incomparable beauty.

(ਪ੍ਰਭੂ ਦੇ ਗੁਣ ਗਾਵਣ ਦੀ ਬਰਕਤਿ ਨਾਲ) ਮੇਰਾ ਮਨ ਸੋਹਣਾ ਖਿੜ ਪਿਆ ਹੈ ਮੇਰਾ ਤਨ ਬਹੁਤ ਸੋਹਣਾ ਖਿੜ ਪਿਆ ਹੈ। ਮਉਲਿਓ = ਖਿੜ ਪਿਆ ਹੈ, ਆਤਮਕ ਜੀਵਨ ਵਾਲਾ ਬਣ ਗਿਆ ਹੈ। ਅਨੂਪ = ਸੋਹਣਾ।

ਸੂਕੈ ਨਾਹੀ ਛਾਵ ਧੂਪ

They do not dry out in either sunshine or shade;

ਹੁਣ ਸੁਖ ਹੋਣ ਚਾਹੇ ਦੁੱਖ ਹੋਣ (ਮੇਰੇ ਮਨ ਤਨ ਵਿਚ) ਆਤਮਕ ਖਿੜਾਉ ਦੀ ਤਰਾਵਤ ਕਦੇ ਮੁੱਕਦੀ ਨਹੀਂ। ਸੂਕੈ ਨਾਹੀ = ਆਤਮਕ ਜੀਵਨ ਦੀ ਤਰਾਵਤ ਮੁੱਕਦੀ ਨਹੀਂ। ਛਾਵ ਧੂਪ = ਸੁਖਾਂ ਦੁੱਖਾਂ ਵੇਲੇ।

ਸਗਲੀ ਰੂਤੀ ਹਰਿਆ ਹੋਇ

they flourish in all seasons.

(ਹੁਣ ਮੇਰਾ ਮਨ) ਸਾਰੇ ਸਮਿਆਂ ਵਿਚ ਹੀ ਆਤਮਕ ਜੀਵਨ ਨਾਲ ਭਰਪੂਰ ਰਹਿੰਦਾ ਹੈ। ਸਗਲੀ ਰੂਤੀ = ਸਾਰੀਆਂ ਰੁੱਤਾਂ ਵਿਚ, ਹਰ ਸਮੇ। ਹਰਿਆ = ਆਤਮਕ ਜੀਵਨ ਵਾਲਾ।

ਸਦ ਬਸੰਤ ਗੁਰ ਮਿਲੇ ਦੇਵ ॥੩॥

It is always springtime, when I meet with the Divine Guru. ||3||

ਮੈਨੂੰ ਗੁਰਦੇਵ ਜੀ ਮਿਲ ਪਏ ਹਨ, ਮੇਰੇ ਅੰਦਰ ਸਦਾ ਖਿੜਾਉ ਬਣਿਆ ਰਹਿੰਦਾ ਹੈ ॥੩॥ ਗੁਰ ਮਿਲੇ ਦੇਵ = ਗੁਰਦੇਵ ਜੀ ਮਿਲ ਪਏ ਹਨ। ਸਦ ਬਸੰਤ = ਸਦਾ ਆਤਮਕ ਖਿੜਾਉ ॥੩॥

ਬਿਰਖੁ ਜਮਿਓ ਹੈ ਪਾਰਜਾਤ

The wish-fulfilling Elysian Tree has sprouted and grown.

(ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਮੇਰੇ ਅੰਦਰੋਂ, ਮਾਨੋ, ਸਾਰੀਆਂ ਮਨੋ-ਕਾਮਨਾ ਪੂਰੀਆਂ ਕਰਨ ਵਾਲਾ ਸਵਰਗੀ) ਪਾਰਜਾਤ ਰੁੱਖ ਉੱਗ ਪਿਆ ਹੈ, ਬਿਰਖੁ = ਰੁੱਖ। ਜਮਿਓ ਹੈ = ਉੱਗ ਪਿਆ ਹੈ। ਪਾਰਜਾਤ ਬਿਰਖੁ = ਪਾਰਜਾਤ ਰੁੱਖ, ਮਨੋ-ਕਾਮਨਾ ਪੂਰੀਆਂ ਕਰਨ ਵਾਲਾ ਸਵਰਗ ਦਾ ਰੁੱਖ।

ਫੂਲ ਲਗੇ ਫਲ ਰਤਨ ਭਾਂਤਿ

It bears flowers and fruits, jewels of all sorts.

ਜਿਸ ਨੂੰ ਭਾਂਤ ਭਾਂਤ ਦੇ ਕੀਮਤੀ ਫੁੱਲ ਤੇ ਫਲ ਲੱਗੇ ਹੋਏ ਹਨ। ਭਾਂਤਿ = ਕਈ ਕਿਸਮਾਂ ਦੇ।

ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ

I am satisfied and fulfilled, singing the Glorious Praises of the Lord.

ਸਦਾ ਹਰੀ ਦੇ ਗੁਣ ਗਾ ਗਾ ਕੇ (ਮਨੁੱਖ ਮਾਇਆ ਦੇ ਮੋਹ ਵਲੋਂ) ਪੂਰਨ ਤੌਰ ਤੇ ਰੱਜ ਜਾਂਦੇ ਹਨ। ਤ੍ਰਿਪਤਿ ਅਘਾਨੇ = (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ। ਗਾਇ = ਗਾ ਕੇ।

ਜਨ ਨਾਨਕ ਹਰਿ ਹਰਿ ਹਰਿ ਧਿਆਇ ॥੪॥੧॥

Servant Nanak meditates on the Lord, Har, Har, Har. ||4||1||

ਦਾਸ ਨਾਨਕ ਆਖਦਾ ਹੈ- ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰ ਕੇ (ਮਾਇਆ ਦਾ ਮੋਹ ਦੂਰ ਹੁੰਦਾ ਹੈ) ॥੪॥੧॥ ਧਿਆਇ = ਸਿਮਰ ਕੇ ॥੪॥੧॥