ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰ ਬਰੀ ਅਬਧ

Kabeer: O duality, you are mighty and powerful in the earth and the sky.

ਹੇ ਕਬੀਰ! ਹੇ ਦ੍ਵੈਤ! ਸਾਰੀ ਸ੍ਰਿਸ਼ਟੀ ਵਿਚ ਹੀ (ਤੂੰ ਬਹੁਤ ਬਲੀ ਹੈਂ) ਤੈਨੂੰ ਬੜੀ ਔਖਿਆਈ ਨਾਲ ਹੀ ਮੁਕਾਇਆ ਜਾ ਸਕਦਾ ਹੈ। ਧਰਤੀ ਅਰੁ ਆਕਾਸ ਮਹਿ = ਸਾਰੀ ਸ੍ਰਿਸ਼ਟੀ ਵਿਚ। ਦੁਇ = ਹੇ ਦੁਇ! ਹੇ ਦ੍ਵੈਤ! ਅਬਧ = ਅ-ਬਧ, ਜਿਸ ਦਾ ਨਾਸ ਨਾਹ ਕੀਤਾ ਜਾ ਸਕੇ। ਤੂੰ ਬਰੀ ਅਬਧ = ਤੈਨੂੰ ਬੜੀ ਔਖਿਆਈ ਨਾਲ ਮੁਕਾਇਆ ਜਾ ਸਕਦਾ ਹੈ।

ਖਟ ਦਰਸਨ ਸੰਸੇ ਪਰੇ ਅਰੁ ਚਉਰਾਸੀਹ ਸਿਧ ॥੨੦੨॥

The six Shaastras and the eighty-four Siddhas are entrenched in skepticism. ||202||

(ਹੱਜ ਕਰਨ ਤੇ ਕੁਰਬਾਨੀ ਦੇਣ ਵਾਲੇ ਮੁੱਲਾਂ, ਜਾਂ ਠਾਕੁਰ-ਪੂਜਾ ਕਰਨ ਕਰਾਣ ਵਾਲੇ ਬ੍ਰਾਹਮਣ ਤਾਂ ਕਿਤੇ ਰਹੇ) ਛੇ ਭੇਖਾਂ ਦੇ ਤਿਆਗੀ ਅਤੇ (ਜੋਗ ਦੇ ਸਾਧਨਾਂ ਵਿਚ ਪ੍ਰਪੱਕ ਹੋਏ) ਚੌਰਾਸੀ ਸਿੱਧ ਭੀ, ਹੇ ਦੁਇ! ਤੈਥੋਂ ਸਹਿਮੇ ਹੋਏ ਹਨ ॥੨੦੨॥ ਖਟ ਦਰਸਨ = ਛੇ ਭੇਖ (ਜੋਗੀ, ਜੰਗਮ, ਸਰੇਵੜੇ, ਸੰਨਿਆਸੀ, ਬੋਧੀ, ਬੈਰਾਗੀ)। ਸੰਸੇ = ਸਹਸੇ ਵਿਚ, ਸਹਿਮ ਵਿਚ। ਅਰੁ = ਅਤੇ। ਸਿਧ = ਪੁੱਗੇ ਹੋਏ ਜੋਗੀ ਜੋ ਜੋਗ ਦੇ ਸਾਧਨਾਂ ਵਿਚ ਪ੍ਰਪੱਕ ਹੋ ਚੁਕੇ ਹਨ ॥੨੦੨॥