ਸਿਰੀਰਾਗੁ ਮਹਲਾ ੫ ॥
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ ॥
In the first watch of the night, O my merchant friend, the Lord placed your soul in the womb.
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਮਨੁੱਖਾ ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਪਰਮਾਤਮਾ ਮਾਂ ਦੇ ਪੇਟ ਵਿਚ (ਜੀਵ ਦਾ) ਪੈਂਤੜਾ ਰੱਖਦਾ ਹੈ। ਧਰਿ = ਧਰੇ, ਧਰਦਾ ਹੈ। ਪਾਇਤਾ = ਪੈਂਤੜਾ। ਉਦਰੈ ਮਾਹਿ = ਮਾਂ ਦੇ ਪੇਟ ਵਿਚ।
ਦਸੀ ਮਾਸੀ ਮਾਨਸੁ ਕੀਆ ਵਣਜਾਰਿਆ ਮਿਤ੍ਰਾ ਕਰਿ ਮੁਹਲਤਿ ਕਰਮ ਕਮਾਹਿ ॥
In the tenth month, you were made into a human being, O my merchant friend, and you were given your allotted time to perform good deeds.
ਹੇ ਵਣਜਾਰੇ ਮਿਤ੍ਰ! (ਫਿਰ) ਦਸਾਂ ਮਹੀਨਿਆਂ ਵਿਚ ਪ੍ਰਭੂ ਮਨੁੱਖ (ਦਾ ਸਾਬਤ ਬੁੱਤ) ਬਣਾ ਦੇਂਦਾ ਹੈ। (ਜੀਵਾਂ ਨੂੰ ਜਿੰਦਗੀ ਦਾ) ਮੁਕਰਰ ਸਮਾ ਦੇਂਦਾ ਹੈ (ਜਿਸ ਵਿਚ ਜੀਵ ਚੰਗੇ ਮੰਦੇ) ਕਰਮ ਕਮਾਂਦੇ ਹਨ। ਮਾਸੀ = ਮਾਸੀਂ, ਮਹੀਨੀਂ, ਮਹੀਨਿਆਂ ਪਿਛੋਂ। ਮਾਨਸੁ = ਮਨੁੱਖ (ਦਾ ਬੱਚਾ)। ਕਰਿ = ਕਰੇ, ਕਰਦਾ ਹੈ। ਦੇਂਦਾ ਹੈ। ਮੁਹਲਤਿ = (ਉਮਰ-ਰੂਪ) ਸਮਾਂ। ਕਮਾਹਿ = ਕਮਾਂਦੇ ਹਨ।
ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ ॥
You were given this time to perform good deeds, according to your pre-ordained destiny.
ਪਰਮਾਤਮਾ ਜੀਵ ਲਈ ਜ਼ਿੰਦਗੀ ਦਾ ਸਮਾ ਮੁਕਰਰ ਕਰ ਦੇਂਦਾ ਹੈ। ਪਿੱਛੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਭੂ ਜੀਵ ਦੇ ਮੱਥੇ ਤੇ ਧੁਰੋਂ ਜਿਹੋ ਜਿਹਾ ਲੇਖ ਲਿਖ ਦੇਂਦਾ ਹੈ, ਉਹੋ ਜਿਹੇ ਕਰਮ ਜੀਵ ਕਮਾਂਦੇ ਹਨ। ਲਿਖਤੁ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖ। ਧੁਰਿ = ਧੁਰ ਤੋਂ, ਹਜ਼ੂਰੀ ਤੋਂ।
ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ ॥
God placed you with your mother, father, brothers, sons and wife.
ਮਾਂ ਪਿਓ ਭਰਾ ਪੁੱਤਰ ਇਸਤ੍ਰੀ (ਆਦਿਕ) ਇਹਨਾਂ ਸੰਬੰਧੀਆਂ ਵਿਚ ਪ੍ਰਭੂ ਜੀਵ ਨੂੰ ਰਚਾ-ਮਚਾ ਦੇਂਦਾ ਹੈ। ਸੁਤ = ਪੁੱਤਰ। ਬਨਿਤਾ = ਇਸਤ੍ਰੀ। ਤਿਨ ਭਤਿਰਿ = ਉਹਨਾਂ (ਪੁੱਤਰ ਇਸਤ੍ਰੀ ਆਦਿਕ ਸਨਬੰਧੀਆਂ) ਵਿਚ। ਸੰਜੋਇਆ = ਰਲਾ ਦਿੱਤਾ, ਪਰਚਾ ਦਿੱਤਾ।
ਕਰਮ ਸੁਕਰਮ ਕਰਾਏ ਆਪੇ ਇਸੁ ਜੰਤੈ ਵਸਿ ਕਿਛੁ ਨਾਹਿ ॥
God Himself is the Cause of causes, good and bad-no one has control over these things.
ਇਸ ਜੀਵ ਦੇ ਇਖ਼ਤਿਆਰ ਵਿਚ ਕੁਝ ਨਹੀਂ, ਪਰਮਾਤਮਾ ਆਪ ਹੀ ਇਸ ਪਾਸੋਂ ਚੰਗੇ ਮੰਦੇ ਕਰਮ ਕਰਾਂਦਾ ਹੈ। ਸੁਕਰਮ = ਚੰਗੇ ਕੰਮ। ਵਸਿ = ਵੱਸ ਵਿਚ।
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਧਰਿ ਪਾਇਤਾ ਉਦਰੈ ਮਾਹਿ ॥੧॥
Says Nanak, O mortal, in the first watch of the night, the soul is placed in the womb. ||1||
ਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਪਰਮਾਤਮਾ ਪ੍ਰਾਣੀ ਦਾ ਪੈਤੜਾ ਮਾਂ ਦੇ ਪੇਟ ਵਿਚ ਰੱਖ ਦੇਂਦਾ ਹੈ ॥੧॥
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ ॥
In the second watch of the night, O my merchant friend, the fullness of youth rises in you like waves.
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਸਿਖਰ ਤੇ ਪਹੁੰਚੀ ਹੋਈ ਜੁਆਨੀ (ਜੀਵ ਦੇ ਅੰਦਰ) ਉਛਾਲੇ ਮਾਰਦੀ ਹੈ। ਭਰਿ ਜੁਆਨੀ = ਭਰੀ ਜੁਆਨੀ, ਪੂਰੇ ਜ਼ੋਰ ਤੇ ਪਹੁੰਚੀ ਹੋਈ ਜੁਆਨੀ। ਲਹਰੀ = ਲਹਰਾਂ {ਲਫਜ਼ 'ਲਹਰਿ' ਤੋਂ ਬਹੁ-ਵਚਨ} ਉਛਾਲੇ। ਦੇਇ = ਦੇਂਦੀ ਹੈ।
ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ ॥
You do not distinguish between good and evil, O my merchant friend-your mind is intoxicated with ego.
ਹੇ ਵਣਜਾਰੇ ਮਿਤ੍ਰ! ਤਦੋਂ ਜੀਵ ਦਾ ਮਨ ਹਉਮੈ ਅਹੰਕਾਰ ਵਿਚ ਮਸਤ ਰਹਿੰਦਾ ਹੈ, ਤੇ ਉਹ ਚੰਗੇ ਮੰਦੇ ਕੰਮ ਵਿਚ ਤਮੀਜ਼ ਨਹੀਂ ਕਰਦਾ। ਮਤਾ = ਮੱਤਾ, ਮਸਤ। ਅਹੰਮੇਇ = ਅਹੰਮੇਵ ਵਿਚ {ਅਹੰਮੇਵ = ਅਹੰ ਏਵ, ਮੈਂ ਹੀ, ਮੈਂ ਹੀ} ਹਉਮੈ ਵਿਚ, ਅਹੰਕਾਰ ਵਿਚ।
ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ ॥
Mortal beings do not distinguish between good and evil, and the road ahead is treacherous.
(ਜੁਆਨੀ ਦੇ ਮਦ ਵਿਚ) ਪ੍ਰਾਣੀ ਇਹ ਨਹੀਂ ਪਛਾਣਦਾ, ਕਿ ਜੋ ਕੁਝ ਮੈਂ ਕਰ ਰਿਹਾ ਹਾਂ ਚੰਗਾ ਹੈ ਜਾਂ ਮੰਦਾ (ਵਿਕਾਰਾਂ ਵਿਚ ਪੈ ਜਾਂਦਾ ਹੈ, ਤੇ) ਪਰਲੋਕ ਵਿਚ ਔਖਾ ਪੈਂਡਾ ਝਾਗਦਾ ਹੈ। ਆਗੈ = ਪਰਲੋਕ ਵਿਚ। ਪੰਥੁ = ਰਸਤਾ। ਕਰਾਰਾ = ਕਰੜਾ, ਸਖ਼ਤ, ਔਖਾ।
ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ ॥
They never serve the Perfect True Guru, and the cruel tyrant Death stands over their heads.
(ਹਉਮੈ ਵਿਚ ਮਸਤ ਮਨੁੱਖ) ਪੂਰੇ ਗੁਰੂ ਦੀ ਸਰਨ ਨਹੀਂ ਪੈਂਦਾ, (ਇਸ ਵਾਸਤੇ ਉਸ ਦੇ) ਸਿਰ ਉੱਤੇ ਜ਼ਾਲਮ ਜਮ ਆ ਖਲੋਂਦੇ ਹਨ। ਸਿਰਿ = ਸਿਰ ਉੱਤੇ। ਠਾਢੇ = ਖਲੋਤੇ ਹੋਏ। ਜੰਦਾਰਾ = ਅਵੈੜੇ, ਅਜੋੜ, ਜ਼ਾਲਮ {ਜੰਦਾਲ}।
ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ ॥
When the Righteous Judge seizes you and interrogates you, O madman, what answer will you give him then?
(ਜੁਆਨੀ ਦੇ ਨਸ਼ੇ ਵਿਚ ਮਨੁੱਖ ਕਦੇ ਨਹੀਂ ਸੋਚਦਾ ਕਿ ਹਉਮੈ ਵਿਚ) ਝੱਲੇ ਹੋ ਚੁਕੇ ਨੂੰ ਜਦੋਂ ਧਰਮਰਾਜ ਆ ਫੜੇਗਾ, ਤਦੋਂ (ਆਪਣੀਆਂ ਮੰਦੀਆਂ ਕਰਤੂਤਾਂ ਬਾਰੇ) ਉਸ ਨੂੰ ਕੀਹ ਜਵਾਬ ਦੇਵੇਗਾ? ਪਕਰਸਿ = ਫੜੇਗਾ। ਬਵਰੇ = ਕਮਲੇ ਜੀਵ ਨੂੰ। ਕਰੇਇ = ਕਰਦਾ ਹੈ, ਕਰੇਗਾ।
ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਭਰਿ ਜੋਬਨੁ ਲਹਰੀ ਦੇਇ ॥੨॥
Says Nanak, in the second watch of the night, O mortal, the fullness of youth tosses you about like waves in the storm. ||2||
ਨਾਨਕ ਆਖਦਾ ਹੈ- (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਸਿਖਰ ਤੇ ਪੁੰਹਚਿਆ ਹੋਇਆ ਜੋਬਨ (ਮਨੁੱਖ ਦੇ ਅੰਦਰ) ਉਛਾਲੇ ਮਾਰਦਾ ਹੈ ॥੨॥
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ ॥
In the third watch of the night, O my merchant friend, the blind and ignorant person gathers poison.
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੇ) ਰਾਤ ਦੇ ਤੀਜੇ ਪਹਰ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਹੋਇਆ ਤੇ ਗਿਆਨ ਤੋਂ ਸੱਖਣਾ ਮਨੁੱਖ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਧਨ-ਰੂਪ) ਜ਼ਹਰ ਇਕੱਠਾ ਕਰਦਾ ਰਹਿੰਦਾ ਹੈ। ਬਿਖੁ = (ਆਤਮਕ ਮੌਤ ਲਿਆਉਣ ਵਾਲਾ) ਜ਼ਹਰ, ਮਾਇਆ। ਸੰਚੈ = ਇਕੱਠਾ ਕਰਦਾ ਹੈ, ਜੋੜਦਾ ਹੈ। ਅੰਧੁ = ਅੰਨ੍ਹਾ ਮਨੁੱਖ। ਅਗਿਆਨੁ = ਗਿਆਨ ਹੀਨ ਮਨੁੱਖ।
ਪੁਤ੍ਰਿ ਕਲਤ੍ਰਿ ਮੋਹਿ ਲਪਟਿਆ ਵਣਜਾਰਿਆ ਮਿਤ੍ਰਾ ਅੰਤਰਿ ਲਹਰਿ ਲੋਭਾਨੁ ॥
He is entangled in emotional attachment to his wife and sons, O my merchant friend, and deep within him, the waves of greed are rising up.
ਹੇ ਵਣਜਾਰੇ ਮਿਤ੍ਰ! ਤਦੋਂ ਮਨੁੱਖ ਮਾਇਆ ਦਾ ਲੋਭੀ ਹੋ ਜਾਂਦਾ ਹੈ। ਇਸ ਦੇ ਅੰਦਰ (ਲੋਭ ਦੀਆਂ) ਲਹਿਰ ਉੱਠਦੀਆਂ ਹਨ, ਮਨੁੱਖ ਪੁੱਤਰ (ਦੇ ਮੋਹ) ਵਿਚ, ਇਸਤ੍ਰੀ (ਦੇ ਮੋਹ) ਵਿਚ, (ਮਾਇਆ ਦੇ) ਮੋਹ ਵਿਚ ਫਸਿਆ ਰਹਿੰਦਾ ਹੈ। ਪੁਤ੍ਰਿ = ਪੁੱਤ (ਦੇ ਮੋਹ) ਵਿਚ। ਕਲਤ੍ਰਿ = ਕਲਤ੍ਰ (ਦੇ ਮੋਹ) ਵਿਚ, ਇਸ੍ਰਤੀ (ਦੇ ਮੋਹ) ਵਿਚ {कलत्रं = ਇਸਤ੍ਰੀ। ਵੇਖੋ 'ਗੁਰਬਾਣੀ ਵਿਆਕਰਣ'}। ਲੋਭਾਨੁ = ਲੋਭਵਾਨ, ਲੋਭੀ।
ਅੰਤਰਿ ਲਹਰਿ ਲੋਭਾਨੁ ਪਰਾਨੀ ਸੋ ਪ੍ਰਭੁ ਚਿਤਿ ਨ ਆਵੈ ॥
The waves of greed are rising up within him, and he does not remember God.
ਪ੍ਰਾਣੀ ਦੇ ਅੰਦਰ (ਲੋਭ ਦੀਆਂ) ਲਹਿਰਾਂ ਉੱਠਦੀਆਂ ਹਨ, ਮਨੁੱਖ ਲੋਭੀ ਹੋਇਆ ਰਹਿੰਦਾ ਹੈ, ਉਹ ਪਰਮਾਤਮਾ ਕਦੇ ਇਸ ਦੇ ਚਿੱਤ ਵਿਚ ਨਹੀਂ ਆਉਂਦਾ। ਚਿਤਿ = ਚਿੱਤ ਵਿਚ।
ਸਾਧਸੰਗਤਿ ਸਿਉ ਸੰਗੁ ਨ ਕੀਆ ਬਹੁ ਜੋਨੀ ਦੁਖੁ ਪਾਵੈ ॥
He does not join the Saadh Sangat, the Company of the Holy, and he suffers in terrible pain through countless incarnations.
ਮਨੁੱਖ ਤਦੋਂ ਸਾਧ ਸੰਗਤਿ ਨਾਲ ਮੇਲ-ਮਿਲਾਪ ਨਹੀਂ ਰੱਖਦਾ, (ਆਖ਼ਰ) ਕਈ ਜੂਨਾਂ ਵਿਚ (ਭਟਕਦਾ) ਦੁੱਖ ਸਹਾਰਦਾ ਹੈ। ਸੰਗੁ = ਸਾਥ।
ਸਿਰਜਨਹਾਰੁ ਵਿਸਾਰਿਆ ਸੁਆਮੀ ਇਕ ਨਿਮਖ ਨ ਲਗੋ ਧਿਆਨੁ ॥
He has forgotten the Creator, his Lord and Master, and he does not meditate on Him, even for an instant.
ਮਨੁੱਖ (ਆਪਣੇ) ਸਿਰਜਨਹਾਰ ਮਾਲਕ ਨੂੰ ਭੁਲਾ ਦੇਂਦਾ ਹੈ, ਅੱਖ ਝਮਕਣ ਦੇ ਸਮੇਂ ਜਿਤਨਾ ਸਮਾ ਭੀ ਪਰਮਾਤਮਾ ਵਿਚ ਸੁਰਤ ਨਹੀਂ ਜੋੜਦਾ। ਨਿਮਖ = ਅੱਖ ਝਮਕਣ ਜਿਤਨਾ ਸਮਾ।
ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਬਿਖੁ ਸੰਚੇ ਅੰਧੁ ਅਗਿਆਨੁ ॥੩॥
Says Nanak, in the third watch of the night, the blind and ignorant person gathers poison. ||3||
ਨਾਨਕ ਆਖਦਾ ਹੈ- (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਅੰਨ੍ਹਾ ਗਿਆਨ-ਹੀਨ ਮਨੁੱਖ (ਆਤਮਕ ਮੌਤ ਲਿਆਉਣ ਵਾਲਾ ਧਨ-ਰੂਪ) ਜ਼ਹਰ (ਹੀ) ਇਕੱਠਾ ਕਰਦਾ ਰਹਿੰਦਾ ਹੈ ॥੩॥
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਦਿਨੁ ਨੇੜੈ ਆਇਆ ਸੋਇ ॥
In the fourth watch of the night, O my merchant friend, that day is drawing near.
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਉਹ ਦਿਨ ਨੇੜੇ ਆ ਜਾਂਦਾ ਹੈ, (ਜਦੋਂ ਇੱਥੋਂ ਕੂਚ ਕਰਨਾ ਹੁੰਦਾ ਹੈ)। ਸੋਇ = ਉਹ।
ਗੁਰਮੁਖਿ ਨਾਮੁ ਸਮਾਲਿ ਤੂੰ ਵਣਜਾਰਿਆ ਮਿਤ੍ਰਾ ਤੇਰਾ ਦਰਗਹ ਬੇਲੀ ਹੋਇ ॥
As Gurmukh, remember the Naam, O my merchant friend. It shall be your Friend in the Court of the Lord.
ਹੇ ਵਣਜਹਾਰੇ ਮਿਤ੍ਰ! ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾ, ਨਾਮ ਹੀ ਪ੍ਰਭੂ ਦੀ ਦਰਗਾਹ ਵਿਚ ਤੇਰਾ ਮਦਦਗਾਰ ਬਣੇਗਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਬੇਲੀ = ਮਦਦਗਾਰ।
ਗੁਰਮੁਖਿ ਨਾਮੁ ਸਮਾਲਿ ਪਰਾਣੀ ਅੰਤੇ ਹੋਇ ਸਖਾਈ ॥
As Gurmukh, remember the Naam, O mortal; in the end, it shall be your only companion.
ਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖ, ਨਾਮ ਹੀ ਅਖ਼ੀਰ ਸਮੇ ਸਾਥੀ ਬਣਦਾ ਹੈ। ਅੰਤੇ = ਅਖ਼ੀਰ ਵੇਲੇ। ਸਖਾਈ = ਮਿੱਤਰ, ਸਾਥੀ।
ਇਹੁ ਮੋਹੁ ਮਾਇਆ ਤੇਰੈ ਸੰਗਿ ਨ ਚਾਲੈ ਝੂਠੀ ਪ੍ਰੀਤਿ ਲਗਾਈ ॥
This emotional attachment to Maya shall not go with you; it is false to fall in love with it.
ਮਾਇਆ ਦਾ ਇਹ ਮੋਹ (ਜਿਸ ਵਿਚ ਤੂੰ ਫਸਿਆ ਪਿਆ ਹੈਂ) ਤੇਰੇ ਨਾਲ ਨਹੀਂ ਜਾ ਸਕਦਾ, ਤੂੰ ਇਸ ਨਾਲ ਝੂਠਾ ਪਿਆਰ ਪਾਇਆ ਹੋਇਆ ਹੈ। ਸੰਗਿ = ਨਾਲ। ਝੂਠੀ = ਤੋੜ ਨਾਹ ਨਿਭਣ ਵਾਲੀ।
ਸਗਲੀ ਰੈਣਿ ਗੁਦਰੀ ਅੰਧਿਆਰੀ ਸੇਵਿ ਸਤਿਗੁਰੁ ਚਾਨਣੁ ਹੋਇ ॥
The entire night of your life has passed away in darkness; but by serving the True Guru, the Divine Light shall dawn within.
(ਹੇ ਭਾਈ!) ਜ਼ਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰੇ ਵਿਚ ਬੀਤਦੀ ਜਾ ਰਹੀ ਹੈ। ਗੁਰੂ ਦੀ ਸਰਨ ਪਉ (ਤਾਕਿ ਤੇਰੇ ਅੰਦਰ ਪਰਮਾਤਮਾ ਦੇ ਨਾਮ ਦਾ) ਚਾਨਣ ਹੋ ਜਾਏ। ਸਗਲੀ = ਸਾਰੀ। ਰੈਣਿ = (ਜ਼ਿੰਦਗੀ ਦੀ) ਰਾਤ। ਗੁਦਰੀ = ਗੁਜ਼ਰੀ {ਕਾਦੀ, ਕਾਜ਼ੀ, ਕਾਗਦ, ਕਾਗ਼ਜ਼}। ਅੰਧਿਆਰੀ = ਮਾਇਆ ਦੇ ਮੋਹ ਦੇ ਹਨੇਰੇ ਵਾਲੀ।
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਦਿਨੁ ਨੇੜੈ ਆਇਆ ਸੋਇ ॥੪॥
Says Nanak, O mortal, in the fourth watch of the night, that day is drawing near! ||4||
ਨਾਨਕ ਆਖਦਾ ਹੈ- ਹੇ ਪ੍ਰਾਣੀ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ ਉਹ ਦਿਨ ਨੇੜੇ ਆ ਜਾਂਦਾ ਹੈ (ਜਦੋਂ ਇਥੋਂ ਕੂਚ ਕਰਨਾ ਹੁੰਦਾ ਹੈ) ॥੪॥{77-78}
ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿਤ੍ਰਾ ਉਠਿ ਚਲੇ ਕਮਾਣਾ ਸਾਥਿ ॥
Receiving the summons from the Lord of the Universe, O my merchant friend, you must arise and depart with the actions you have committed.
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! ਜਦੋਂ ਪਰਮਾਤਮਾ ਵਲੋਂ (ਮੌਤ ਦਾ) ਲਿਖਿਆ ਹੋਇਆ (ਪਰਵਾਨਾ) ਆਉਂਦਾ ਹੈ, ਤਦੋਂ (ਇੱਥੇ) ਕਮਾਏ ਹੋਏ (ਚੰਗੇ ਮੰਦੇ ਕਰਮਾਂ ਦੇ ਸੰਸਕਾਰ ਜੀਵਾਤਮਾ ਦੇ) ਨਾਲ ਤੁਰ ਪੈਂਦੇ ਹਨ। ਉਠਿ = ਉੱਠ ਕੇ। ਕਮਾਣਾ = ਕਮਾਏ ਹੋਏ ਕਰਮਾਂ ਦੇ ਸੰਸਕਾਰ, ਆਤਮਕ ਜੀਵਨ ਦੀ ਚੰਗੀ ਮੰਦੀ ਕਮਾਈ।
ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿਤ੍ਰਾ ਓਨੀ ਤਕੜੇ ਪਾਏ ਹਾਥ ॥
You are not allowed a moment's delay, O my merchant friend; the Messenger of Death seizes you with firm hands.
ਉਸ ਵੇਲੇ ਉਹਨਾਂ ਜਮਾਂ ਨੇ ਪੱਕੇ ਹੱਥ ਪਾਏ ਹੁੰਦੇ ਹਨ, ਹੇ ਵਣਜਾਰੇ ਮਿਤ੍ਰ! ਉਹ ਰਤਾ ਭਰ ਸਮੇ ਦੀ ਢਿੱਲ-ਮਠ ਦੀ ਇਜਾਜ਼ਤ ਨਹੀਂ ਦੇਂਦੇ। ਬਿਲਮ = ਦੇਰ। ਦੇਵਨੀ = ਦੇਵਨਿ, ਦੇਂਦੇ। ਓਨੀ = ਉਹਨਾਂ (ਜਮਾਂ) ਨੇ।
ਲਿਖਿਆ ਆਇਆ ਪਕੜਿ ਚਲਾਇਆ ਮਨਮੁਖ ਸਦਾ ਦੁਹੇਲੇ ॥
Receiving the summons, people are seized and dispatched. The self-willed manmukhs are miserable forever.
ਜਦੋਂ ਕਰਤਾਰ ਵਲੋਂ (ਮੌਤ ਦਾ) ਲਿਖਿਆ ਹੋਇਆ ਹੁਕਮ ਆਉਂਦਾ ਹੈ (ਉਹ ਜਮ ਜੀਵ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਫਿਰ) ਸਦਾ ਦੁਖੀ ਰਹਿੰਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਦੁਹੇਲੇ = ਦੁਖੀ।
ਜਿਨੀ ਪੂਰਾ ਸਤਿਗੁਰੁ ਸੇਵਿਆ ਸੇ ਦਰਗਹ ਸਦਾ ਸੁਹੇਲੇ ॥
But those who serve the Perfect True Guru are forever happy in the Court of the Lord.
ਜਿਨ੍ਹਾਂ ਨੇ ਪੂਰੇ ਗੁਰੂ ਦਾ ਆਸਰਾ ਲਈ ਰੱਖਿਆ, ਉਹ ਪਰਮਾਤਮਾ ਦੀ ਦਰਗਾਹ ਵਿਚ ਸਦਾ ਸੌਖੇ ਰਹਿੰਦੇ ਹਨ। ਸੁਹੇਲੇ = ਸੌਖੇ।
ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ ॥
The body is the field of karma in this age; whatever you plant, you shall harvest.
(ਹੇ ਵਣਜਾਰੇ ਮਿਤ੍ਰ!) ਮਨੁੱਖਾ ਜੀਵਨ ਵਿਚ (ਮਨੁੱਖ ਦਾ) ਸਰੀਰ ਕਰਮ ਕਮਾਣ ਲਈ ਧਰਤੀ (ਸਮਾਨ) ਹੈ, (ਜਿਸ ਵਿਚ) ਜਿਹੋ ਜਿਹਾ (ਕੋਈ) ਬੀਜਦਾ ਹੈ ਉਹੀ ਖਾਂਦਾ ਹੈ। ਕਰਮ ਧਰਤੀ = ਕਰਮ ਕਮਾਣ ਲਈ ਧਰਤੀ। ਜੁਗ ਅੰਤਰਿ = ਜੁਗ ਵਿਚ, ਜਗਤ ਵਿਚ, ਮਨੁੱਖਾ ਜਵਿਨ ਵਿਚ {ਨੋਟ: ਇਥੇ ਲਫ਼ਜ਼ 'ਜੁਗ' ਕਿਸੇ ਖ਼ਾਸ ਸਤਜੁਗ ਕਲਿਜੁਗ ਆਦਿਕ ਵਾਸਤੇ ਨਹੀਂ ਹੈ}। ਖਾਤਿ = ਖਾਂਦਾ ਹੈ।
ਕਹੁ ਨਾਨਕ ਭਗਤ ਸੋਹਹਿ ਦਰਵਾਰੇ ਮਨਮੁਖ ਸਦਾ ਭਵਾਤਿ ॥੫॥੧॥੪॥
Says Nanak, the devotees look beautiful in the Court of the Lord; the self-willed manmukhs wander forever in reincarnation. ||5||1||4||
ਨਾਨਕ ਆਖਦਾ ਹੈ- ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ , ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ ॥੫॥੧॥੪॥ ਸੋਹਹਿ = ਸੋਭਦੇ ਹਨ। ਦਰਵਾਰੇ = ਪ੍ਰਭੂ ਦੇ ਦਰਬਾਰ ਵਿਚ। ਭਵਾਤਿ = ਜਨਮ ਮਰਨ ਵਿਚ ਪਾਏ ਜਾਂਦੇ ਹਨ ॥੫॥੧॥੪॥