ਸਿਰੀਰਾਗੁ ਮਹਲਾ ੪ ॥
Siree Raag, Fourth Mehl:
ਸਿਰੀ ਰਾਗ, ਚਉਥੀ ਪਾਤਸ਼ਾਹੀ।
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ ॥
In the first watch of the night, O my merchant friend, the Lord places you in the womb.
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ ਪਰਮਾਤਮਾ (ਜੀਵ ਨੂੰ) ਮਾਂ ਦੇ ਪੇਟ ਵਿਚ ਨਿਵਾਸ ਦੇਂਦਾ ਹੈ। ਰੈਣਿ = ਰਾਤ, ਜ਼ਿੰਦਗੀ-ਰੂਪ ਰਾਤ। ਪਹਿਲੈ ਪਹਰੈ = ਪਹਿਲੇ ਪਹਰ ਵਿਚ। ਵਣਜਾਰਿਆ ਮ੍ਰਿਤਾ = ਹਰੀ ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! ਉਦਰ ਮੰਝਾਰਿ = (ਮਾਂ ਦੇ) ਪੇਟ ਵਿਚ। ਸਮਾਰਿ = ਸਮਾਰੈ, ਸੰਭਲਦਾ ਹੈ। ਅਗਨੀ = ਮਾਂ ਦੇ ਪੇਟ ਦੀ ਅੱਗ।
ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ ॥
You meditate on the Lord, and chant the Lord's Name, O my merchant friend. You contemplate the Name of the Lord, Har, Har.
(ਮਾਂ ਦੇ ਪੇਟ ਵਿਚ ਜੀਵ), ਹੇ ਵਣਜਾਰੇ ਜੀਵ-ਮਿਤ੍ਰ! ਪਰਮਾਤਮਾ ਦਾ ਧਿਆਨ ਧਰਦਾ ਹੈ ਪਰਮਾਤਮਾ ਦਾ ਨਾਮ ਉਚਾਰਦਾ ਹੈ, ਤੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਈ ਰੱਖਦਾ ਹੈ।
ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ ॥
Chanting the Name of the Lord, Har, Har, and meditating on it within the fire of the womb, your life is sustained by dwelling on the Naam.
(ਮਾਂ ਦੇ ਪੇਟ ਵਿਚ ਜੀਵ) ਪਰਮਾਤਮਾ ਦਾ ਨਾਮ ਜਪਦਾ ਹੈ ਆਰਾਧਦਾ ਹੈ, ਹਰਿ-ਨਾਮ ਜਪ ਕੇ ਅੱਗ ਵਿਚ ਜੀਉਂਦਾ ਰਹਿੰਦਾ ਹੈ। ਜਪਿ = ਜਪ ਕੇ। ਜੀਵਿਆ = ਜੀਊਂਦਾ ਰਿਹਾ।
ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ ॥
You are born and you come out, and your mother and father are delighted to see your face.
(ਮਾਂ ਦੇ ਪੇਟ ਤੋਂ) ਬਾਹਰ (ਆ ਕੇ) ਜਨਮ ਲੈਂਦਾ ਹੈ (ਮਾਂ ਪਿਉ ਦੇ) ਮੂੰਹ ਲੱਗਦਾ ਹੈ, ਮਾਂ ਪਿਉ ਖ਼ੁਸ਼ ਹੁੰਦੇ ਹਨ। ਮੁਖਿ ਲਾਗਾ = (ਮਾਂ ਪਿਉ ਦੇ) ਮੂੰਹ ਲੱਗਾ, ਮਾਂ ਪਿਉ ਨੂੰ ਦਿੱਸਿਆ। ਸਰਸੇ = ਪ੍ਰਸੰਨ {ਸ-ਰਸ}। ਥੀਵਿਆ = ਹੋਏ।
ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ ਕਰਿ ਹਿਰਦੈ ਗੁਰਮੁਖਿ ਬੀਚਾਰਿ ॥
Remember the One, O mortal, to whom the child belongs. As Gurmukh, reflect upon Him within your heart.
ਹੇ ਪ੍ਰਾਣੀਹੋ! ਜਿਸ ਪਰਮਾਤਮਾ ਦਾ ਭੇਜਿਆ ਹੋਇਆ ਇਹ ਬਾਲਕ ਜੰਮਿਆ ਹੈ, ਉਸ ਦਾ ਧਿਆਨ ਧਰੋ, ਗੁਰੂ ਦੀ ਰਾਹੀਂ ਆਪਣੇ ਹਿਰਦੇ ਵਿਚ (ਉਸ ਦੇ ਗੁਣਾਂ ਦਾ) ਵਿਚਾਰ ਕਰੋ। ਜਿਸ ਕੀ ਵਸਤੁ = ਜਿਸ (ਪਰਮਾਤਮਾ) ਦੀ ਦਿੱਤੀ ਹੋਈ ਇਹ ਚੀਜ਼ (ਇਹ ਬਾਲਕ)। ਕਰਿ ਬੀਚਾਰਿ = ਵਿਚਾਰ ਕਰ ਕੇ।
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹਰਿ ਜਪੀਐ ਕਿਰਪਾ ਧਾਰਿ ॥੧॥
Says Nanak, O mortal, in the first watch of the night, dwell upon the Lord, who shall shower you with His Grace. ||1||
ਨਾਨਕ ਆਖਦਾ ਹੈ- ਹੇ ਪ੍ਰਾਣੀ! ਜੇ ਪਰਮਾਤਮਾ ਮਿਹਰ ਕਰੇ ਤਾਂ (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਵਿਚ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ॥੧॥ ਕਿਰਪਾ ਧਾਰਿ = (ਜੇ) ਕਿਰਪਾ ਧਾਰੇ ॥੧॥
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਾਗਾ ਦੂਜੈ ਭਾਇ ॥
In the second watch of the night, O my merchant friend, the mind is attached to the love of duality.
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ) ਦੂਜੇ ਪਹਰ ਵਿਚ (ਜੀਵ ਦਾ) ਮਨ (ਪਰਮਾਤਮਾ ਨੂੰ ਭੁਲਾ ਕੇ) ਹੋਰ ਦੇ ਪਿਆਰ ਵਿਚ ਲੱਗ ਜਾਂਦਾ ਹੈ। ਦੂਜੈ ਭਾਇ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ।
ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ ਲੇ ਮਾਤ ਪਿਤਾ ਗਲਿ ਲਾਇ ॥
Mother and father hug you close in their embrace, claiming, "He is mine, he is mine"; so is the child brought up, O my merchant friend.
ਹੇ ਵਣਜਾਰੇ ਮਿਤ੍ਰ। (ਇਹ) ਮੇਰਾ (ਪੁਤ੍ਰ ਹੈ, ਇਹ) ਮੇਰਾ (ਪੁਤ੍ਰ ਹੈ, ਇਹ) ਆਖ ਆਖ ਕੇ (ਬਾਲਕ) ਪਾਲਿਆ ਜਾਂਦਾ ਹੈ। ਮਾਂ ਪਿਉ ਫੜ ਕੇ ਗਲ ਨਾਲ ਲਾਂਦੇ ਹਨ। ਕਰਿ = ਕਰ ਕੇ, ਆਖ ਆਖ ਕੇ। ਪਾਲੀਐ = ਪਾਲਿਆ ਜਾਂਦਾ ਹੈ। ਗਲਿ = ਗਲ ਵਿਚ, ਗਲ ਨਾਲ। ਲੇ = ਲੈ ਕੇ।
ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ ॥
Your mother and father constantly hug you close in their embrace; in their minds, they believe that you will provide for them and support them.
ਮਾਂ ਮੁੜ ਮੁੜ ਗਲ ਨਾਲ ਲਾਂਦੀ ਹੈ, ਪਿਉ ਮੁੜ ਮੁੜ ਗਲ ਨਾਲ ਲਾਂਦਾ ਹੈ। ਮਾਂ ਆਪਣੇ ਮਨ ਵਿਚ ਸਮਝਦੀ ਹੈ, ਪਿਉ ਆਪਣੇ ਮਨ ਵਿਚ ਸਮਝਦਾ ਹੈ ਕਿ (ਸਾਨੂੰ) ਖੱਟ ਕਮਾ ਕੇ ਖਵਾਇਗਾ। ਸੇਤੀ = ਨਾਲ। ਮਨਿ = ਮਨ ਵਿਚ। ਖਟਿ = ਖੱਟ ਕੇ, ਕਮਾ ਕੇ।
ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ ॥
The fool does not know the One who gives; instead, he clings to the gift.
ਮੂਰਖ (ਮਨੁੱਖ) ਉਸ ਪਰਮਾਤਮਾ ਨੂੰ ਨਹੀਂ ਪਛਾਣਦਾ (ਨਹੀਂ ਯਾਦ ਕਰਦਾ) ਜੇਹੜਾ (ਪੁਤ੍ਰ ਧਨ ਆਦਿਕ) ਦੇਂਦਾ ਹੈ, ਪਰਮਾਤਮਾ ਦੇ ਦਿੱਤੇ ਹੋਏ (ਪੁਤ੍ਰ ਧਨ ਆਦਿਕ) ਨਾਲ ਮੋਹ ਕਰਦਾ ਹੈ। ਮੂੜਾ = ਮੂਰਖ ਜੀਵ। ਦਿਤੇ ਨੋ ਲਪਟਾਏ = ਪਰਮਾਤਮਾ ਦੀ ਦਿੱਤੀ ਹੋਈ ਦਾਤ ਨੂੰ ਚੰਬੜਦਾ ਹੈ, ਪ੍ਰਭੂ ਦੀ ਦਿੱਤੀ ਦਾਤ ਨਾਲ ਮੋਹ ਕਰਦਾ ਹੈ।
ਕੋਈ ਗੁਰਮੁਖਿ ਹੋਵੈ ਸੁ ਕਰੈ ਵੀਚਾਰੁ ਹਰਿ ਧਿਆਵੈ ਮਨਿ ਲਿਵ ਲਾਇ ॥
Rare is the Gurmukh who reflects upon, meditates upon, and within his mind, is lovingly attached to the Lord.
ਜੇਹੜਾ ਕੋਈ (ਵਡ-ਭਾਗੀ ਮਨੁੱਖ) ਗੁਰੂ ਦੀ ਸਰਨ ਪੈਂਦਾ ਹੈ ਉਹ (ਇਸ ਅਸਲੀਅਤ ਦੀ) ਵਿਚਾਰ ਕਰਦਾ ਹੈ, ਤੇ ਸੁਰਤ ਜੋੜ ਕੇ ਆਪਣੇ ਮਨ ਵਿਚ ਪਰਮਾਤਮਾ ਦਾ ਧਿਆਨ ਧਰਦਾ ਹੈ। ਲਿਵ ਲਾਇ = ਸੁਰਤ ਜੋੜ ਕੇ।
ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਤਿਸੁ ਕਾਲੁ ਨ ਕਬਹੂੰ ਖਾਇ ॥੨॥
Says Nanak, in the second watch of the night, O mortal, death never devours you. ||2||
ਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਦੂਜੇ ਪਹਰ ਵਿਚ (ਜੇਹੜਾ) ਪ੍ਰਾਣੀ (ਪਰਮਾਤਮਾ ਦਾ ਧਿਆਨ ਧਰਦਾ ਹੈ, ਉਸ ਨੂੰ) ਆਤਮਕ ਮੌਤ ਕਦੇ ਭੀ ਨਹੀਂ ਖਾਂਦੀ ॥੨॥ ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ ॥੨॥
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਗਾ ਆਲਿ ਜੰਜਾਲਿ ॥
In the third watch of the night, O my merchant friend, your mind is entangled in worldly and household affairs.
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ ਵਿਚ (ਮਨੁੱਖ ਦਾ) ਮਨ ਘਰ ਦੇ ਮੋਹ ਵਿਚ ਲੱਗ ਜਾਂਦਾ ਹੈ, ਦੁਨੀਆ ਦੇ ਧੰਧਿਆਂ ਦੇ ਮੋਹ ਵਿਚ ਫਸ ਜਾਂਦਾ ਹੈ। ਆਲਿ = {आलय} ਘਰ ਵਿਚ, ਘਰ (ਦੇ ਮੋਹ) ਵਿਚ। ਜੰਜਾਲਿ = ਜੰਜਾਲ ਵਿਚ, ਦੁਨੀਆ ਦੇ ਝੰਬੇਲੇ ਵਿਚ।
ਧਨੁ ਚਿਤਵੈ ਧਨੁ ਸੰਚਵੈ ਵਣਜਾਰਿਆ ਮਿਤ੍ਰਾ ਹਰਿ ਨਾਮਾ ਹਰਿ ਨ ਸਮਾਲਿ ॥
You think of wealth, and gather wealth, O my merchant friend, but you do not contemplate the Lord or the Lord's Name.
ਮਨੁੱਖ ਧਨ (ਹੀ) ਚਿਤਾਰਦਾ ਹੈ ਧਨ (ਹੀ) ਇਕੱਠਾ ਕਰਦਾ ਹੈ, ਤੇ ਪਰਮਾਤਮਾ ਦਾ ਨਾਮ ਕਦੇ ਭੀ ਹਿਰਦੇ ਵਿਚ ਨਹੀਂ ਵਸਾਂਦਾ। ਚਿਤਵੈ = ਚਿਤਾਰਦਾ ਹੈ। ਸੰਚਵੈ = ਇਕੱਠਾ ਕਰਦਾ ਹੈ, ਜੋੜਦਾ ਹੈ। ਨ ਸਮਾਲਿ = ਨ ਸਮਾਲੇ, ਨਹੀਂ ਯਾਦ ਕਰਦਾ।
ਹਰਿ ਨਾਮਾ ਹਰਿ ਹਰਿ ਕਦੇ ਨ ਸਮਾਲੈ ਜਿ ਹੋਵੈ ਅੰਤਿ ਸਖਾਈ ॥
You never dwell upon the Name of the Lord, Har, Har, who will be your only Helper and Support in the end.
(ਮੋਹ ਵਿਚ ਫਸ ਕੇ ਮਨੁੱਖ) ਕਦੇ ਭੀ ਪਰਮਾਤਮਾ ਦਾ ਉਹ ਨਾਮ ਆਪਣੇ ਹਿਰਦੇ ਵਿਚ ਨਹੀਂ ਵਸਾਂਦਾ ਜੇਹੜਾ ਅਖ਼ੀਰ ਵੇਲੇ ਸਾਥੀ ਬਣਦਾ ਹੈ। ਜਿ = ਜੇਹੜਾ। ਅੰਤਿ = ਆਖ਼ਰ ਵਿਚ। ਸਖਾਈ = ਸਹਾਈ, ਮਿੱਤਰ।
ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ ॥
This wealth, property and Maya are false. In the end, you must leave these, and depart in sorrow.
ਇਹ ਧਨ-ਪਦਾਰਥ ਇਹ ਮਾਇਆ ਸਦਾ ਸਾਥ ਨਿਬਾਹੁਣ ਵਾਲੇ ਨਹੀਂ ਹਨ, ਅਤੇ ਸਮਾ ਆਉਣ ਤੇ ਪਛੁਤਾਂਦਾ ਹੋਇਆ ਇਹਨਾਂ ਨੂੰ ਛੱਡ ਕੇ ਜਾਂਦਾ ਹੈ। ਸੰਪੈ = ਧਨ-ਪਦਾਰਥ। ਝੂਠੀ = ਝੂਠੇ ਸੰਬੰਧ ਵਾਲੀ, ਸਾਥ ਨਾਹ ਨਿਬਾਹੁਣ ਵਾਲੀ।
ਜਿਸ ਨੋ ਕਿਰਪਾ ਕਰੇ ਗੁਰੁ ਮੇਲੇ ਸੋ ਹਰਿ ਹਰਿ ਨਾਮੁ ਸਮਾਲਿ ॥
Those whom the Lord, in His Mercy, unites with the Guru, reflect upon the Name of the Lord, Har, Har.
ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ, ਤੇ ਉਹ ਸਦਾ ਪਰਮਾਤਮਾ ਦਾ ਨਾਮ ਹਿਰਦੇ ਵਿਚ ਸੰਭਾਲਦਾ ਹੈ। ਸਮਾਲਿ = ਸਮਾਲੈ, ਸਮ੍ਹਾਲਦਾ ਹੈ।
ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਸੇ ਜਾਇ ਮਿਲੇ ਹਰਿ ਨਾਲਿ ॥੩॥
Says Nanak, in the third watch of the night, O mortal, they go, and are united with the Lord. ||3||
ਨਾਨਕ ਆਖਦਾ ਹੈ- ਜੇਹੜੇ ਪ੍ਰਾਣੀ ਹਰਿ ਨਾਮ ਸੰਭਾਲਦੇ ਹਨ, ਉਹ ਪਰਮਾਤਮਾ ਵਿਚ ਜਾ ਮਿਲਦੇ ਹਨ ॥੩॥{76-77} ਸੇ = ਉਹ ਬੰਦੇ ॥੩॥{76-77}
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਚਲਣ ਵੇਲਾ ਆਦੀ ॥
In the fourth watch of the night, O my merchant friend, the Lord announces the time of departure.
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ ਪਰਮਾਤਮਾ (ਜੀਵ ਦੇ ਇੱਥੋਂ) ਤੁਰਨ ਦਾ ਸਮਾ ਲੈ (ਹੀ) ਆਉਂਦਾ ਹੈ। ਆਦੀ = ਲਿਆਂਦਾ ਹੈ, ਲੈ ਆਉਂਦਾ ਹੈ (ਆਂਦੀ)।
ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ ॥
Serve the Perfect True Guru, O my merchant friend; your entire life-night is passing away.
ਹੇ ਵਣਜਾਰੇ ਜੀਵ-ਮਿਤ੍ਰ! ਗੁਰੂ ਨੂੰ ਅਭੁੱਲ ਜਾਣ ਕੇ ਗੁਰੂ ਦੀ ਸਰਨ ਪਵੋ, (ਜ਼ਿੰਦਗੀ ਦੀ) ਸਾਰੀ ਰਾਤ ਬੀਤਦੀ ਜਾ ਰਹੀ ਹੈ। ਕਰਿ ਪੂਰਾ = ਪੂਰਾ ਜਾਣ ਕੇ, ਅਭੁੱਲ ਜਾਣ ਕੇ। ਸੇਵਹੁ = ਸਰਨੀ ਪਵੋ। ਰੈਣਿ = ਰਾਤ, ਉਮਰ। ਚਲੀ ਵਿਹਾਦੀ = ਲੰਘਦੀ ਜਾ ਰਹੀ ਹੈ।
ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਨ ਕਰਿਹੁ ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ ॥
Serve the Lord each and every instant-do not delay! You shall become eternal throughout the ages.
(ਹੇ ਜੀਵ-ਮਿਤ੍ਰ!) ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰੋ, (ਇਸ ਕੰਮ ਵਿਚ) ਬਿਲਕੁਲ ਆਲਸ ਨਾਹ ਕਰੋ, ਸਿਮਰਨ ਦੀ ਬਰਕਤਿ ਨਾਲ ਹੀ ਸਦਾ ਵਾਸਤੇ ਅਟੱਲ ਆਤਮਕ ਜੀਵਨ ਵਾਲੇ ਬਣ ਸਕੋਗੇ। ਸੇਵਹੁ = ਸਿਮਰੋ। ਖਿਨੁ ਖਿਨੁ = ਹਰੇਕ ਖਿਨ (ਵਿਚ), ਸੁਆਸ ਸੁਆਸ। ਮੂਲਿ = ਬਿਲਕੁਲ ਹੀ। ਜਿਤੁ = ਜਿਸ (ਉੱਦਮ) ਦੀ ਰਾਹੀਂ। ਅਸਥਿਰੁ = ਅਟੱਲ, ਅਟੱਲ ਆਤਮਕ ਜੀਵਨ ਵਾਲੇ।
ਹਰਿ ਸੇਤੀ ਸਦ ਮਾਣਹੁ ਰਲੀਆ ਜਨਮ ਮਰਣ ਦੁਖ ਖੋਵਹੁ ॥
Enjoy ecstasy forever with the Lord, and do away with the pains of birth and death.
(ਹੇ ਜੀਵ-ਮਿਤ੍ਰ! ਸਿਮਰਨ ਦੀ ਬਰਕਤਿ ਨਾਲ ਹੀ) ਪਰਮਾਤਮਾ ਦੇ ਮਿਲਾਪ ਦਾ ਆਨੰਦ ਸਦਾ ਮਾਣੋਗੇ ਤੇ ਜਨਮ ਮਰਨ ਦੇ ਗੇੜ ਵਿੱਚ ਪਾਣ ਵਾਲੇ ਦੁਖਾਂ ਨੂੰ ਮੁਕਾ ਸਕੇਗਾ। ਰਲੀਆ = ਆਤਮਕ ਆਨੰਦ। ਜਨਮ ਮਰਣ ਦੁਖ = ਜਨਮ ਮਰਨ ਦੇ ਗੇੜ ਵਿਚ ਪਾਣ ਵਾਲੇ ਦੁੱਖ।
ਗੁਰ ਸਤਿਗੁਰ ਸੁਆਮੀ ਭੇਦੁ ਨ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ ॥
Know that there is no difference between the Guru, the True Guru, and your Lord and Master. Meeting with Him, take pleasure in the Lord's devotional service.
(ਹੇ ਜੀਵ-ਮਿਤ੍ਰ!) ਗੁਰੂ ਤੇ ਪਰਮਾਤਮਾ ਵਿਚ (ਰਤਾ ਭੀ) ਫ਼ਰਕ ਨਾਹ ਸਮਝੋ ਗੁਰੂ (ਦੇ ਚਰਨਾਂ) ਵਿੱਚ ਜੁੜ ਕੇ ਹੀ ਪਰਮਾਤਮਾ ਦੀ ਭਗਤੀ ਪਿਆਰੀ ਲੱਗਦੀ ਹੈ। ਭੇਦੁ = ਫ਼ਰਕ। ਜਿਤੁ = ਜਿਸ (ਗੁਰੂ) ਵਿਚ। ਮਿਲਿ = ਮਿਲ ਕੇ, ਜੁੜ ਕੇ। ਸੁਖਾਂਦੀ = ਪਿਆਰੀ ਲੱਗਦੀ ਹੈ।
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਸਫਲਿਓੁ ਰੈਣਿ ਭਗਤਾ ਦੀ ॥੪॥੧॥੩॥
Says Nanak, O mortal, in the fourth watch of the night, the life-night of the devotee is fruitful. ||4||1||3||
ਨਾਨਕ ਆਖਦਾ ਹੈ- ਜੇਹੜੇ ਪ੍ਰਾਣੀ (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ ਵਿਚ ਭੀ (ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ ਉਹਨਾਂ) ਭਗਤਾਂ ਦੀ (ਜ਼ਿੰਦਗੀ ਦੀ ਸਾਰੀ) ਰਾਤ ਕਾਮਯਾਬ ਰਹਿੰਦੀ ਹੈ ॥੪॥੧॥੩॥ ਸਫਲਿਉ = {ਨੋਟ: 'ੳ' ਦੇ ਨਾਲ ਦੋ ਮਾਤਰਾ ਹਨ (ੋ) ਅਤੇ (ੁ) ਅਸਲ ਲਫ਼ਜ਼ ਹੈ 'ਸਫਲਿਓ', ਇਥੇ 'ਸਫਿਲਉ' ਪੜ੍ਹਨਾ ਹੈ ॥੪॥੧॥੩॥