ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ

Nanak proclaimed Lehna's succession - he earned it.

(ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲਹਣਾ ਜੀ ਨੂੰ ਦੇ ਦਿੱਤਾ, ਤਾਂ) ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੁੰਮ ਦੀ ਬਰਕਤਿ ਨਾਲ, ਬਾਬਾ ਲਹਣਾ ਜੀ ਦੀ ਵਡਿਆਈ ਦੀ ਧੁੰਮ ਪੈ ਗਈ; ਲਹਣੇ ਦੀ = ਲਹਿਣੇ ਦੀ (ਦੋਹੀ), ਬਾਬਾ ਲਹਣਾ ਜੀ ਦੀ ਵਡਿਆਈ ਦੀ ਧੁੰਮ। ਫੇਰਾਈਐ = ਫਿਰ ਗਈ, ਪਸਰ ਗਈ, ਖਿੱਲਰ ਗਈ। ਨਾਨਕਾ ਦੋਹੀ ਖਟੀਐ = (ਗੁਰੂ) ਨਾਨਕ ਦੀ ਦੁਹਾਈ ਦੀ ਬਰਕਤਿ ਨਾਲ। ਦੋਹੀ = ਸੋਭਾ ਦੀ ਧੁੰਮ। ਖਟੀਐ = ਖੱਟੀ ਦੇ ਕਾਰਨ, ਬਰਕਤਿ ਨਾਲ।

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ

They shared the One Light and the same way; the King just changed His body.

ਕਿਉਂਕਿ, (ਬਾਬਾ ਲਹਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਸਾਹਿਬ ਵਾਲੀ) ਜੋਤਿ ਸੀ, ਜੀਵਨ ਦਾ ਢੰਗ ਭੀ ਉਹੀ (ਗੁਰੂ ਨਾਨਕ ਸਾਹਿਬ ਵਾਲਾ) ਸੀ, ਗੁਰੂ (ਨਾਨਕ ਦੇਵ ਜੀ) ਨੇ (ਕੇਵਲ ਸਰੀਰ ਹੀ) ਮੁੜ ਵਟਾਇਆ ਸੀ। ਸਾਇ = ਉਹੀ। ਜੁਗਤਿ = ਜੀਵਚ ਦਾ ਢੰਗ। ਸਹਿ = ਸਹੁ (ਗੁਰੂ) ਨੇ। ਕਾਇਆ = ਸਰੀਰ।

ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ

The immaculate canopy waves over Him, and He sits on the throne in the Guru's shop.

(ਬਾਬਾ ਲਹਣਾ ਦੇ ਸਿਰ ਉਤੇ) ਸੁੰਦਰ ਰੱਬੀ ਛਤਰ ਝੁੱਲ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੀ ਹੱਟੀ ਵਿਚ (ਬਾਬਾ ਲਹਣਾ) (ਗੁਰੂ ਨਾਨਕ ਦੇਵ ਜੀ ਪਾਸੋਂ 'ਨਾਮ' ਪਦਾਰਥ ਲੈ ਕੇ ਵੰਡਣ ਲਈ) ਗੱਦੀ ਮੱਲ ਕੇ ਬੈਠਾ ਹੈ। ਸੁ ਛਤੁ ਨਿਰੰਜਨੀ = ਸੁੰਦਰ ਰੱਬੀ ਛਤਰ। ਮਲਿ = ਮੱਲ ਕੇ, ਸਾਂਭ ਕੇ। ਗੁਰ ਹਟੀਐ = ਗੁਰੂ (ਨਾਨਕ) ਦੀ ਹੱਟੀ ਵਿਚ, ਗੁਰੂ ਨਾਨਕ ਦੇ ਘਰ ਵਿਚ।

ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ

He does as the Guru commands; He tasted the tasteless stone of Yoga.

(ਬਾਬਾ ਲਹਣਾ ਜੀ) ਗੁਰੂ ਨਾਨਕ ਸਾਹਿਬ ਦੇ ਫੁਰਮਾਏ ਹੋਏ ਹੁਕਮ ਨੂੰ ਪਾਲ ਰਹੇ ਹਨ-ਇਹ 'ਹੁਕਮ ਪਾਲਣ'-ਰੂਪ ਜੋਗ ਦੀ ਕਮਾਈ ਅਲੂਣੀ ਸਿਲ ਚੱਟਣ (ਵਾਂਗ ਬੜੀ ਕਰੜੀ ਕਾਰ) ਹੈ। ਕਰਹਿ = (ਬਾਬਾ ਲਹਣਾ ਜੀ) ਕਰਦੇ ਹਨ। ਗੁਰ ਫੁਰਮਾਇਆ = ਗੁਰੂ ਦਾ ਫੁਰਮਾਇਆ ਹੋਇਆ ਹੁਕਮ। ਜੋਗੁ = 'ਗੁਰ ਫੁਰਮਾਇਆ'-ਰੂਪ ਜੋਗ। ਸਿਲ ਅਲੂਣੀ ਚਟੀਐ = (ਗੁਰੂ ਦਾ ਹੁਕਮ ਕਮਾਇਣ-ਰੂਪ ਜੋਗ, ਜੋ) ਅਲੂਣੀ ਸਿਰ ਚੱਟਣ ਸਮਾਨ (ਬੜਾ ਕਰੜਾ ਕੰਮ) ਹੈ।

ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਆਵੀ ਖਟੀਐ

The Langar - the Kitchen of the Guru's Shabad has been opened, and its supplies never run short.

(ਗੁਰੂ ਨਾਨਕ ਦੀ ਹੱਟੀ ਵਿਚ) ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ ਦਾ) ਲੰਗਰ ਚੱਲ ਰਿਹਾ ਹੈ, (ਪਰ ਬਾਬਾ ਲਹਣਾ ਜੀ ਦੀ) ਨਾਮ-ਕਮਾਈ ਵਿਚ ਕੋਈ ਘਾਟਾ ਨਹੀਂ ਪੈਂਦਾ। ਗੁਰ ਸਬਦਿ = ਸਤਿਗੁਰੂ ਦੇ ਸ਼ਬਦ ਦੀ ਰਾਹੀਂ। ਆਵੀ = ਆਉਂਦੀ। ਹਰਿ ਤੋਟਿ...ਖਟੀਐ = ਹਰਿ ਖਟੀਐ ਤੋਟਿ ਨ ਆਵੀ, ਹਰਿ-ਨਾਮ ਦੀ ਖੱਟੀ ਵਿਚ ਘਾਟਾ ਨਹੀਂ ਪੈਂਦਾ; (ਭਾਵ,) ਬਾਬਾ ਲਹਣਾ ਜੀ ਦੇ ਦਰ ਉਤੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਨਾਮ ਦਾ ਭੰਡਾਰਾ ਵਰਤ ਰਿਹਾ ਹੈ, (ਇਤਨਾ ਵੰਡਿਆਂ ਭੀ) ਬਾਬਾ ਲਹਣਾ ਜੀ ਦੀ ਨਾਮ-ਕਮਾਈ ਵਿਚ ਕੋਈ ਘਾਟਾ ਨਹੀਂ ਪੈਂਦਾ।

ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ

Whatever His Master gave, He spent; He distributed it all to be eaten.

(ਬਾਬਾ ਲਹਣਾ ਜੀ) ਅਕਾਲ ਪੁਰਖ ਦੀ ਦਿੱਤੀ ਹੋਈ ਨਾਮ- ਦਾਤ ਵੰਡ ਰਹੇ ਹਨ, ਆਪ (ਭੀ) ਵਰਤਦੇ ਹਨ ਤੇ (ਹੋਰਨਾਂ ਨੂੰ ਭੀ) ਦਬਾ-ਦਬ ਦਾਨ ਕਰ ਰਹੇ ਹਨ। ਖਰਚੇ = ਖਰਚ ਰਿਹਾ ਹੈ, ਵੰਡ ਰਿਹਾ ਹੈ। ਦਿਤਿ ਖਸੰਮ ਦੀ = ਖਸਮ (ਅਕਾਲ ਪੁਰਖ) ਦੀ (ਬਖ਼ਸ਼ੀ ਹੋਈ) ਦਾਤਿ। ਆਪ ਖਹਦੀ = (ਨਾਮ ਦੀ ਦਾਤਿ) ਆਪ ਵਰਤੀ। ਖੈਰਿ = ਖੈਰ ਵਿਚ, ਦਾਨ ਵਿਚ। ਦਬਟੀਐ = ਦਬਾ-ਦਬ ਵੰਡੀ।

ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ

The Praises of the Master were sung, and the Divine Light descended from the heavens to the earth.

(ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿਚ) ਮਾਲਕ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਹੋ ਰਹੀ ਹੈ, ਰੂਹਾਨੀ ਦੇਸਾਂ ਤੋਂ (ਉਸ ਦੇ ਦਰ ਤੇ) ਨੂਰ ਝੜ ਰਿਹਾ ਹੈ। ਨੂਰੁ = ਪ੍ਰਕਾਸ਼। ਅਰਸ = ਅਰਸ਼, ਆਸਮਾਨ, ਅਕਾਸ਼। ਕੁਰਸ = ਸੂਰਜ ਚੰਦ ਦੀ ਟਿੱਕੀ। ਅਰਸਹੁ ਕੁਰਸਹੁ = ਆਤਮਕ ਮੰਡਲ ਤੋਂ, ਰੂਹਾਨੀ ਦੇਸ ਤੋਂ। ਝਟੀਐ = ਝੱਟਿਆ ਜਾ ਰਿਹਾ ਹੈ, ਦਬਾ-ਦਬ ਸਿੰਜਿਆ ਜਾ ਰਿਹਾ ਹੈ, ਝੜ ਰਿਹਾ ਹੈ।

ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ

Gazing upon You, O True King, the filth of countless past lives is washed away.

ਹੇ ਸੱਚੇ ਸਤਿਗੁਰੂ (ਅੰਗਦ ਦੇਵ ਜੀ)! ਤੇਰਾ ਦੀਦਾਰ ਕੀਤਿਆਂ ਕਈ ਜਨਮਾਂ ਦੀ (ਵਿਕਾਰਾਂ ਦੀ) ਮੈਲ ਕੱਟੀ ਜਾ ਰਹੀ ਹੈ। ਸਚੇ ਪਾਤਿਸਾਹ = ਹੇ ਸੱਚੇ ਸਤਿਗੁਰੂ ਅੰਗਦ ਦੇਵ ਜੀ! ਜਨਮ ਜਨਮ ਦੀ = ਕਈ ਜਨਮਾਂ ਦੀ।

ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ

The Guru gave the True Command; why should we hesitate to proclaim this?

(ਹੇ ਗੁਰੂ ਅੰਗਦ ਸਾਹਿਬ ਜੀ!) ਗੁਰੂ (ਨਾਨਕ ਸਾਹਿਬ) ਨੇ ਜੋ ਭੀ ਹੁਕਮ ਕੀਤਾ, ਆਪ ਨੇ ਸੱਚ (ਕਰਕੇ ਮੰਨਿਆ, ਅਤੇ ਆਪ ਨੇ) ਉਸ ਦੇ ਮੰਨਣ ਤੋਂ ਨਾਂਹ ਨਹੀਂ ਕੀਤੀ; ਗੁਰਿ = ਗੁਰੂ (ਨਾਨਕ) ਨੇ। ਏਦੂ = ਇਸ ਤੋਂ। ਏਦੂ ਬੋਲਹੁ = ਇਸ ਬੋਲ ਤੋਂ, ਸਤਿਗੁਰੂ ਨਾਨਕ ਦੇ ਫੁਰਮਾਏ ਹੋਏ ਬੋਲ ਤੋਂ। ਕਿਉ ਹਟੀਐ = ਕਿਵੇਂ ਹਟਿਆ ਜਾ ਸਕੇ? ਭਾਵ, ਹੇ ਗੁਰੂ ਅੰਗਦ ਸਾਹਿਬ ਜੀ! ਆਪ ਨੇ ਗੁਰੂ ਨਾਨਕ ਦੇ ਫੁਰਮਾਏ ਹੋਏ ਹੁਕਮ ਦੇ ਮੰਨਣ ਤੋਂ ਨਾਹ ਨਹੀਂ ਕੀਤੀ।

ਪੁਤ੍ਰੀ ਕਉਲੁ ਪਾਲਿਓ ਕਰਿ ਪੀਰਹੁ ਕੰਨੑ ਮੁਰਟੀਐ

His sons did not obey His Word; they turned their backs on Him as Guru.

(ਸਤਿਗੁਰੂ ਜੀ ਦੇ) ਪੁਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ। ਪੁਤ੍ਰੀ = ਪੁਤ੍ਰਾਂ ਨੇ। ਕਉਲੁ = ਬਚਨ, ਹੁਕਮ। ਨ ਪਾਲਿਓ = ਨਹੀਂ ਮੰਨਿਆ। ਕੰਨ੍ਹ੍ਹ = ਮੋਢੇ। ਕਰਿ ਕੰਨ੍ਹ੍ਹ = ਮੋਢਾ ਕਰ ਕੇ, ਮੂੰਹ ਮੋੜ ਕੇ, ਪਿੱਠ ਕਰ ਕੇ। ਪੀਰਹੁ = ਪੀਰ ਵਲੋਂ, ਸਤਿਗੁਰੂ ਵਲੋਂ। ਮੁਰਟੀਐ = ਮੋੜਦੇ ਰਹੇ।

ਦਿਲਿ ਖੋਟੈ ਆਕੀ ਫਿਰਨੑਿ ਬੰਨੑਿ ਭਾਰੁ ਉਚਾਇਨੑਿ ਛਟੀਐ

These evil-hearted ones became rebellious; they carry loads of sin on their backs.

ਜੋ ਲੋਕ ਖੋਟਾ ਦਿਲ ਹੋਣ ਦੇ ਕਾਰਨ (ਗੁਰੂ ਵੱਲੋਂ) ਆਕੀ ਹੋਏ ਫਿਰਦੇ ਹਨ, ਉਹ ਲੋਕ (ਦੁਨੀਆ ਦੇ ਧੰਧਿਆਂ ਦੀ) ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ। ਦਿਲਿ ਖੋਟੈ = ਖੋਟਾ ਦਿਲ ਹੋਣ ਦੇ ਕਾਰਨ। ਆਕੀ ਫਿਰਨ੍ਹ੍ਹਿ = (ਜੋ) ਆਕੀ ਫਿਰਦੇ ਹਨ। ਬੰਨ੍ਹ੍ਹਿ = ਬੰਨ੍ਹ ਕੇ। ਉਚਾਇਨ੍ਹ੍ਹਿ = ਚੁੱਕਦੇ ਹਨ, ਸਹਾਰਦੇ ਹਨ। ਭਾਰੁ ਛਟੀਐ = ਛੱਟ ਦਾ ਭਾਰ। (ਨੋਟ: ਲਫ਼ਜ਼ 'ਫਿਰਨ੍ਹ੍ਹਿ', ਬੰਨ੍ਹ੍ਹਿ ਅਤੇ 'ਉਚਾਇਨ੍ਹ੍ਹਿ' ਦੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੈ)।

ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ

Whatever the Guru said, Lehna did, and so he was installed on the throne.

ਜਿਸ ਗੁਰੂ ਨਾਨਕ ਨੇ ਇਹ ਰਜ਼ਾ-ਮੰਨਣ ਦਾ ਹੁਕਮ ਫੁਰਮਾਇਆ, ਉਹ ਆਪ ਹੀ ਕਾਰ ਕਰਨ ਵਾਲਾ ਸੀ, ਜਿਸ ਨੇ ਇਹ (ਹੁਕਮ-ਖੇਡ) ਰਚੀ, ਉਸ ਨੇ ਆਪ ਹੀ ਬਾਬਾ ਲਹਣਾ ਜੀ ਨੂੰ ਹੁਕਮ ਮੰਨਣ ਦੇ) ਸਮਰੱਥ ਬਣਾਇਆ। ਜਿਨਿ = ਜਿਸ (ਗੁਰੂ ਨਾਨਕ) ਨੇ। ਆਖੀ = (ਹੁਕਮ ਮੰਨਣ ਦੀ ਸਿੱਖਿਆ) ਦੱਸੀ। ਸੋਈ = (ਉਹ ਗੁਰੂ) ਆਪ ਹੀ। ਕਰੇ = (ਹੁਕਮ ਵਿਚ ਤੁਰਨ ਦੀ ਕਾਰ) ਕਰ ਰਿਹਾ ਹੈ। ਜਿਨਿ = ਜਿਸ (ਗੁਰੂ ਨਾਨਕ) ਨੇ। ਕੀਤੀ = (ਇਹ ਰਜ਼ਾ ਵਿਚ ਤੁਰਨ ਵਾਲੀ ਖੇਡ) ਰਚਾਈ। ਤਿਨੈ = ਉਸ ਨੇ ਆਪ ਹੀ। ਥਟੀਐ = ਥੱਟਿਆ, (ਬਾਬਾ ਲਹਣਾ ਜੀ ਨੂੰ) ਥਾਪਿਆ, ਹੁਕਮ ਮੰਨਣ ਦੇ ਸਮਰੱਥ ਬਣਾਇਆ।

ਕਉਣੁ ਹਾਰੇ ਕਿਨਿ ਉਵਟੀਐ ॥੨॥

Who has lost, and who has won? ||2||

(ਪਰ ਜੀਵਾਂ ਦੇ ਕੀਹ ਵੱਸ ਹੈ? ਆਪਣੀ ਸਮਰੱਥਾ ਦੇ ਆਸਰੇ, ਇਸ ਹੁਕਮ-ਖੇਡ ਵਿਚ) ਨ ਕੋਈ ਹਾਰਨ ਵਾਲਾ ਹੈ ਤੇ ਨ ਕੋਈ ਜਿੱਤਣ-ਜੋਗਾ ਹੈ ॥੨॥ ਕਉਣੁ ਹਾਰੇ = (ਹੁਕਮ ਵਿਚ ਤੁਰਨ ਦੀ ਬਾਜ਼ੀ) ਕੌਣ ਹਾਰਿਆ? ਕਿਨਿ = ਕਿਸ ਨੇ? ਉਵਟੀਐ = ਵੱਟਿਆ, ਖੱਟਿਆ, ਬਾਜ਼ੀ ਜਿੱਤੀ, ਲਾਭ ਖੱਟਿਆ। ਕਉਣੁ ਹਾਰੇ ਕਿਨਿ ਉਵਟੀਐ = ਕੌਣ (ਇਸ ਹੁਕਮ-ਖੇਡ) ਵਿਚ ਹਾਰਿਆ, ਤੇ ਕਿਸ ਨੇ (ਲਾਭ) ਖੱਟਿਆ? ਭਾਵ, (ਆਪਣੀ ਸਮਰੱਥਾ ਨਾਲ, ਇਸ ਹੁਕਮ-ਖੇਡ ਵਿਚ) ਨ ਕੋਈ ਹਾਰਨ ਵਾਲਾ ਹੈ ਨ ਕੋਈ ਜਿੱਤਣ ਜੋਗਾ ਹੈ ॥੨॥