ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ

He who did the work, is accepted as Guru; so which is better - the thistle or the rice?

ਜਿਸ (ਗੁਰੂ ਅੰਗਦ ਦੇਵ ਜੀ) ਨੇ (ਨਿਮ੍ਰਤਾ ਵਿਚ ਰਹਿ ਕੇ ਸਤਿਗੁਰੂ ਦਾ ਹੁਕਮ ਮੰਨਣ ਦੀ ਘਾਲ-ਕਮਾਈ) ਕੀਤੀ, ਉਹ ਮੰਨਣ-ਜੋਗ ਹੋ ਗਿਆ। (ਦੋਹਾਂ ਵਿਚੋਂ) ਕੌਣ ਸ੍ਰੇਸ਼ਟ ਹੈ? ਜਿਵਾਂਹ ਕਿ ਮੁੰਜੀ? (ਮੁੰਜੀ ਹੀ ਚੰਗੀ ਹੈ, ਜੋ ਨੀਵੇਂ ਥਾਂ ਪਲਦੀ ਹੈ। ਇਸੇ ਤਰ੍ਹਾਂ ਜੋ ਨੀਵਾਂ ਰਹਿ ਕੇ ਹੁਕਮ ਮੰਨਦਾ ਹੈ ਉਹ ਆਦਰ ਪਾ ਲੈਂਦਾ ਹੈ)। ਜਿਨਿ = ਜਿਸ (ਗੁਰੂ ਅੰਗਦ ਦੇਵ ਜੀ) ਨੇ। ਕੀਤੀ = (ਗੁਰੂ ਦਾ ਹੁਕਮ ਮੰਨਣ ਦੀ ਘਾਲ-ਕਮਾਈ) ਕੀਤੀ। ਮੰਨਣਾ = ਮੰਨਣ-ਯੋਗ, ਆਦਰ-ਯੋਗ। ਕੋ = ਕੌਣ, ਹੋਰ ਕੌਣ? ਸਾਲੁ = ਸਾਰ, ਸ੍ਰੇਸ਼ਟ, ਚੰਗਾ। ਜਿਵਾਹੇ = ਜਿਵਾਹਾਂ। {ਜਿਵਾਂਹ ਬੇਟ ਦੇ ਇਲਾਕੇ ਵਿਚ ਉਥੇ ਉੱਗਦੀ ਹੈ ਜਿਥੇ ਦਰਿਆ ਦੇ ਹੜ੍ਹਾਂ ਨਾਲ ਭਲ ਪੈ ਕੇ ਥਾਂ ਉੱਚੀ ਹੋ ਜਾਂਦੀ ਹੈ। ਵਰਖਾ-ਰੁਤੇ ਸੜ ਜਾਂਦੀ ਹੈ। ਪੋਹਲੀ ਵਾਂਗ ਜਿਵਾਂਹ ਨੂੰ ਕੰਡੇ ਹੁੰਦੇ ਹਨ}। ਸਾਲੀ = ਸ਼ਾਲੀ, ਮੁੰਜੀ ਜੋ ਨੀਵੇਂ ਥਾਂ ਹੀ ਪਲ੍ਹਰ ਸਕਦੀ ਹੈ)।

ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ

The Righteous Judge of Dharma considered the arguments and made the decision.

ਗੁਰੂ ਅੰਗਦ ਸਾਹਿਬ ਧਰਮ ਦਾ ਰਾਜਾ ਹੋ ਗਿਆ ਹੈ, ਧਰਮ ਦਾ ਦੇਵਤਾ ਹੋ ਗਿਆ ਹੈ, ਜੀਵਾਂ ਦੀਆਂ ਅਰਜ਼ੋਈਆਂ ਸੁਣ ਕੇ ਪਰਮਾਤਮਾ ਨਾਲ ਜੋੜਨ ਦਾ ਵਿਚੋਲਾ-ਪਨ ਕਰ ਰਿਹਾ ਹੈ। ਲੈ ਗਲਾ = ਗੱਲਾਂ ਸੁਣ ਕੇ, ਅਰਜ਼ੋਈਆਂ ਸੁਣ ਕੇ। ਦਲਾਲੀ = ਵਿਚੋਲਾ-ਪਨ।

ਸਤਿਗੁਰੁ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ

Whatever the True Guru says, the True Lord does; it comes to pass instantaneously.

(ਹੁਣ) ਸਤਿਗੁਰੂ (ਅੰਗਦ ਦੇਵ) ਜੋ ਬਚਨ ਬੋਲਦਾ ਹੈ ਅਕਾਲ ਪੁਰਖ ਉਹੀ ਕਰਦਾ ਹੈ, ਉਹੀ ਗੱਲ ਤੁਰਤ ਹੋ ਜਾਂਦੀ ਹੈ। ਸਚਾ = ਅਕਾਲ ਪੁਰਖ। ਕਰੇ = ਵਰਤੋਂ ਵਿਚ ਲਿਆਉਂਦਾ ਹੈ। ਸਾ = ਉਹੀ। ਦਰਹਾਲੀ = ਤੁਰਤ, ਉਸੇ ਵੇਲੇ।

ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ

Guru Angad was proclaimed, and the True Creator confirmed it.

ਗੁਰੂ ਅੰਗਦ ਦੇਵ (ਜੀ) ਵਡਿਆਈ ਦੀ ਧੁੰਮ ਪੈ ਗਈ ਹੈ, ਸੱਚੇ ਕਰਤਾਰ ਨੇ ਪੱਕੀ ਕਰ ਕੇ ਕਾਇਮ ਕਰ ਦਿੱਤੀ ਹੈ। ਦੋਹੀ ਫਿਰੀ = ਵਡਿਆਈ ਦੀ ਧੁੰਮ ਪੈ ਗਈ। ਕਰਤੈ = ਕਰਤਾਰ ਨੇ। ਬੰਧਿ = ਬੰਨ੍ਹ ਕੇ, ਪੱਕੀ ਕਰ ਕੇ। ਬਹਾਲੀ = ਟਿਕਾ ਦਿੱਤੀ, ਕਾਇਮ ਕਰ ਦਿੱਤੀ।

ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ

Nanak merely changed his body; He still sits on the throne, with hundreds of branches reaching out.

ਸੈਂਕੜੇ ਸੇਵਕਾਂ ਵਾਲਾ ਗੁਰੂ ਨਾਨਕ ਸਰੀਰ ਵਟਾ ਕੇ (ਭਾਵ, ਗੁਰੂ ਅੰਗਦ ਦੇਵ ਜੀ ਦੇ ਸਰੂਪ ਵਿਚ) ਗੱਦੀ ਸੰਭਾਲ ਕੇ ਬੈਠਾ ਹੋਇਆ ਹੈ (ਗੁਰੂ ਅੰਗਦ ਦੇਵ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਵਾਲੀ ਹੀ ਜੋਤਿ ਹੈ, ਕੇਵਲ ਸਰੀਰ ਪਲਟਿਆ ਹੈ)। ਕਾਇਆ = ਸਰੀਰ। ਪਲਟੁ ਕਰਿ = ਵਟਾ ਕੇ। ਮਲਿ ਤਖਤੁ = ਗੱਦੀ ਸੰਭਾਲ ਕੇ। ਸੈ ਡਾਲੀ = ਸੈਂਕੜੇ ਡਾਲੀਆਂ ਵਾਲਾ, ਸੈਂਕੜੇ ਸਿੱਖਾਂ ਵਾਲਾ।

ਦਰੁ ਸੇਵੇ ਉਮਤਿ ਖੜੀ ਮਸਕਲੈ ਹੋਇ ਜੰਗਾਲੀ

Standing at His door, His followers serve Him; by this service, their rust is scraped off.

ਸੰਗਤ (ਗੁਰੂ ਅੰਗਦ ਦੇਵ ਜੀ ਦਾ) ਦਰ (ਮੱਲ ਕੇ) ਪ੍ਰੇਮ ਨਾਲ ਸੇਵਾ ਕਰ ਰਹੀ ਹੈ (ਅਤੇ ਆਪਣੇ ਆਤਮਾ ਨੂੰ ਪਵਿਤ੍ਰ ਕਰ ਰਹੀ ਹੈ, ਜਿਵੇਂ) ਜੰਗਾਲੀ ਹੋਈ ਧਾਤ ਮਸਕਲੇ ਨਾਲ (ਸਾਫ਼) ਹੋ ਜਾਂਦੀ ਹੈ। ਉਮਤਿ = ਸੰਗਤ। ਖੜੀ = ਖਲੋਤੀ ਹੋਈ, ਸਾਵਧਾਨ ਹੋ ਕੇ, ਪ੍ਰੇਮ ਨਾਲ। ਦਰੁ ਸੇਵੇ = ਦਰਵਾਜ਼ਾ ਸੇਂਵਦੀ ਹੈ, ਦਰ ਮੱਲੀ ਬੈਠੀ ਹੈ। ਮਸਕਲੈ = ਮਸਕਲੇ ਨਾਲ। ਹੋਇ ਜੰਗਾਲੀ = ਜੰਗਾਲ ਵਾਲੀ ਧਾਤ (ਸਾਫ਼) ਹੋ ਜਾਂਦੀ ਹੈ।

ਦਰਿ ਦਰਵੇਸੁ ਖਸੰਮ ਦੈ ਨਾਇ ਸਚੈ ਬਾਣੀ ਲਾਲੀ

He is the Dervish - the Saint, at the door of His Lord and Master; He loves the True Name, and the Bani of the Guru's Word.

(ਗੁਰੂ ਨਾਨਕ ਦੇ) ਦਰ ਤੇ (ਗੁਰੂ ਅੰਗਦ) ਨਾਮ ਦੀ ਦਾਤ ਦਾ ਸੁਆਲੀ ਹੈ। ਅਕਾਲ ਪੁਰਖ ਦਾ ਸੱਚਾ ਨਾਮ ਸਿਮਰਨ ਦੀ ਬਰਕਤਿ ਨਾਲ (ਗੁਰੂ ਅੰਗਦ ਸਾਹਿਬ ਦੇ ਮੂੰਹ ਉਤੇ) ਲਾਲੀ ਬਣੀ ਹੋਈ ਹੈ। ਦਰਿ = (ਗੁਰੂ ਨਾਨਕ ਦੇ) ਦਰ ਤੇ। ਦਰਵੇਸੁ = ਨਾਮ ਦੀ ਦਾਤ ਦਾ ਸੁਆਲੀ। ਖਸੰਮ ਦੈ ਨਾਇ ਸਚੈ = ਮਾਲਕ ਦੇ ਸੱਚੇ ਨਾਮ ਦੀ ਰਾਹੀਂ, ਮਾਲਕ ਦਾ ਸੱਚਾ ਨਾਮ ਸਿਮਰਨ ਦੀ ਬਰਕਤਿ ਨਾਲ। ਬਾਣੀ = ਬਣੀ ਹੋਈ ਹੈ।

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ

Balwand says that Khivi, the Guru's wife, is a noble woman, who gives soothing, leafy shade to all.

ਹੇ ਬਲਵੰਡ! (ਗੁਰੂ ਅੰਗਦ ਦੇਵ ਜੀ ਦੀ ਪਤਨੀ) (ਮਾਤਾ) ਖੀਵੀ ਜੀ (ਭੀ ਆਪਣੇ ਪਤੀ ਵਾਂਗ) ਬੜੇ ਭਲੇ ਹਨ, ਮਾਤਾ ਖੀਵੀ ਜੀ ਦੀ ਛਾਂ ਬਹੁਤ ਪੱਤ੍ਰਾਂ ਵਾਲੀ (ਸੰਘਣੀ) ਹੈ (ਭਾਵ, ਮਾਤਾ ਖੀਵੀ ਜੀ ਦੇ ਪਾਸ ਬੈਠਿਆਂ ਭੀ ਹਿਰਦੇ ਵਿਚ ਸ਼ਾਂਤੀ-ਠੰਢ ਪੈਦਾ ਹੁੰਦੀ ਹੈ)। ਬਲਵੰਡ = ਹੇ ਬਲਵੰਡ! ਖੀਵੀ = ਗੁਰੂ ਅੰਗਦ ਜੀ ਦੀ ਪਤਨੀ (ਮਾਤਾ) ਖੀਵੀ। ਜਿਸੁ = ਜਿਸ (ਮਾਤਾ ਖੀਵੀ ਜੀ) ਦੀ। ਪਤ੍ਰਾਲੀ = ਪੱਤ੍ਰਾਂ ਵਾਲੀ, ਸੰਘਣੀ।

ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ

She distributes the bounty of the Guru's Langar; the kheer - the rice pudding and ghee, is like sweet ambrosia.

(ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਤਸੰਗ-ਰੂਪ) ਲੰਗਰ ਵਿਚ (ਨਾਮ ਦੀ) ਦੌਲਤ ਵੰਡੀ ਜਾ ਰਹੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵੰਡਿਆ ਜਾ ਰਿਹਾ ਹੈ (ਤਿਵੇਂ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿਚ ਸਭ ਨੂੰ) ਘਿਉ ਵਾਲੀ ਖੀਰ ਵੰਡੀ ਜਾ ਰਹੀ ਹੈ। ਲੰਗਰਿ = ਲੰਗਰ ਵਿਚ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਘਿਆਲੀ = ਘਿਉ ਵਾਲੀ।

ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ

The faces of the Guru's Sikhs are radiant and bright; the self-willed manmukhs are pale, like straw.

(ਗੁਰੂ ਅੰਗਦ ਦੇਵ ਜੀ ਦੇ ਦਰ ਤੇ ਆ ਕੇ) ਗੁਰਸਿੱਖਾਂ ਦੇ ਮੱਥੇ ਤਾਂ ਖਿੜੇ ਹੋਏ ਹਨ, ਪਰ ਗੁਰੂ ਵਲੋਂ ਬੇਮੁਖਾਂ ਦੇ ਮੂੰਹ (ਈਰਖਾ ਦੇ ਕਾਰਨ) ਪੀਲੇ ਪੈਂਦੇ ਹਨ। ਪਰਾਲੀ = ਮੁੰਜੀ ਦਾ ਬੂਟਾ ਜਿਸ ਨਾਲੋਂ ਦਾਣੇ ਝਾੜ ਲਏ ਹੁੰਦੇ ਹਨ, ਬੂਟੇ ਦਾ ਰੰਗ ਪੀਲਾ ਹੋ ਗਿਆ ਹੁੰਦਾ ਹੈ; ਪੀਲੇ ਮੂੰਹ ਵਾਲੇ, ਸ਼ਰਮਿੰਦੇ।

ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ

The Master gave His approval, when Angad exerted Himself heroically.

ਜਦੋਂ (ਗੁਰੂ ਅੰਗਦ ਦੇਵ ਜੀ ਨੇ) ਮਰਦਾਂ ਵਾਲੀ ਘਾਲ ਘਾਲੀ ਤਾਂ ਉਹ ਆਪਣੇ ਸਤਿਗੁਰੂ (ਗੁਰੂ ਨਾਨਕ) ਦੇ ਦਰ ਤੇ ਕਬੂਲ ਹੋਏ। ਪਏ ਕਬੂਲੁ = (ਗੁਰੂ ਅੰਗਦ ਦੇਵ ਜੀ) ਕਬੂਲ ਹੋਏ। ਖਸੰਮ ਨਾਲਿ = ਆਪਣੇ ਸਤਿਗੁਰੂ (ਗੁਰੂ ਨਾਨਕ ਦੇਵ ਜੀ) ਨਾਲ। ਮਰਦੀ ਘਾਲ = ਮਰਦਾਂ ਵਾਲੀ ਘਾਲ।

ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ ॥੩॥

Such is the Husband of mother Khivi; He sustains the world. ||3||

ਮਾਤਾ ਖੀਵੀ ਜੀ ਦਾ ਉਹ ਪਤੀ (ਗੁਰੂ ਅੰਗਦ ਦੇਵ ਐਸਾ ਸੀ) ਜਿਸ ਨੇ (ਸਾਰੀ) ਧਰਤੀ (ਦਾ ਭਾਰ) ਚੁੱਕ ਲਿਆ ਹੋਇਆ ਸੀ ॥੩॥ ਸਹੁ = ਖਸਮ। ਸੋਇ = ਉਹ। ਜਿਨਿ = ਜਿਸ ਨੇ। ਗੋਇ = ਧਰਤੀ ॥੩॥