ਮਨੁ ਕਰਿ ਮਕਾ ਕਿਬਲਾ ਕਰਿ ਦੇਹੀ ॥
Let your mind be Mecca, and your body the temple of worship.
ਹੇ ਮੁੱਲਾਂ! ਮਨ ਨੂੰ ਮੱਕਾ ਅਤੇ ਪਰਮਾਤਮਾ ਨੂੰ ਕਿਬਲਾ ਬਣਾ। (ਅੰਤਹਕਰਨ ਮੱਕਾ ਹੈ ਅਤੇ ਸਭ ਸਰੀਰਾਂ ਦਾ ਸੁਆਮੀ ਕਰਤਾਰ ਉਸ ਵਿਚ ਪੂਜ੍ਯ ਹੈ)। ਮਕਾ = ਮੱਕਾ, ਅਰਬ ਦੇਸ ਦਾ ਸ਼ਹਿਰ ਜਿੱਥੇ ਮੁਸਲਮਾਨ ਹੱਜ ਕਰਨ ਜਾਂਦੇ ਹਨ। ਕਿਬਲਾ = ਕਾਬੇ ਦੀ ਚਾਰ = ਦੀਵਾਰੀ ਜਿਸ ਦੀ ਜ਼ਿਆਰਤ ਕਰਦੇ ਹਨ। ਕਿਬਲਾ = (ਕ੍ਰਿ: ਵਿ:) ਸਾਹਮਣੇ, ਸਨਮੁਖ। (੨) ਜਿਸ ਵਲ ਮੂੰਹ ਕਰੀਏ, ਅਜਿਹਾ ਧਰਮ = ਮੰਦਰ, ਕਾਬਾ। ਮੱਕੇ ਵਿਚ ਮੁਸਲਮਾਨਾਂ ਦਾ ਪਰਸਿੱਧ ਮੰਦਰ।
ਬੋਲਨਹਾਰੁ ਪਰਮ ਗੁਰੁ ਏਹੀ ॥੧॥
Let the Supreme Guru be the One who speaks. ||1||
ਬੋਲਣਹਾਰ ਜੀਵਾਤਮਾ ਬਾਂਗ ਦੇਣ ਵਾਲਾ ਅਤੇ ਆਗੂ ਹੋ ਕੇ ਨਿਮਾਜ਼ ਪੜ੍ਹਣ ਵਾਲਾ ਪਰਮ ਗੁਰ (ਇਮਾਮ) ਹੈ ॥੧॥ ਪਰਮ ਗੁਰੁ = ਵੱਡਾ ਪੀਰ ॥੧॥
ਕਹੁ ਰੇ ਮੁਲਾਂ ਬਾਂਗ ਨਿਵਾਜ ॥
O Mullah, utter the call to prayer.
ਹੇ ਮੁੱਲਾਂ! ਇਹ ਦਸ ਦਰਵਾਜ਼ਿਆਂ (ਇੰਦ੍ਰਿਆਂ) ਵਾਲਾ ਸਰੀਰ ਹੀ ਅਸਲ ਮਸੀਤ ਹੈ, ਰੇ ਮੁਲਾਂ = ਹੇ ਮੁੱਲਾਂ!
ਏਕ ਮਸੀਤਿ ਦਸੈ ਦਰਵਾਜ ॥੧॥ ਰਹਾਉ ॥
The one mosque has ten doors. ||1||Pause||
ਇਸ ਵਿਚ ਟਿਕ ਕੇ ਬਾਂਗ ਦੇਹ ਤੇ ਨਿਮਾਜ਼ ਪੜ੍ਹ ॥੧॥ ਰਹਾਉ ॥ ਦਸੈ ਦਰਵਾਜ = ਦਸ ਦਰਵਾਜ਼ਿਆਂ ਵਾਲੀ ॥੧॥ ਰਹਾਉ ॥
ਮਿਸਿਮਿਲਿ ਤਾਮਸੁ ਭਰਮੁ ਕਦੂਰੀ ॥
So slaughter your evil nature, doubt and cruelty;
(ਹੇ ਮੁੱਲਾਂ! ਪਸ਼ੂ ਦੀ ਕੁਰਬਾਨੀ ਦੇਣ ਦੇ ਥਾਂ ਆਪਣੇ ਅੰਦਰੋਂ) ਕ੍ਰੋਧੀ ਸੁਭਾਉ, ਭਟਕਣਾ ਤੇ ਕਦੂਰਤ ਦੂਰ ਕਰ, ਮਿਸਿਮਿਲਿ = {ਬਿਸਮਿਲੁ, ਬਿਸਮਿੱਲਾ, ਅੱਲਾ ਦੇ ਨਾਮ ਤੇ। ਬੱਕਰਾ ਆਦਿਕ ਪਸ਼ੂ ਮਾਰਨ ਵੇਲੇ ਮੁਸਲਮਾਨ ਮੂੰਹੋਂ 'ਬਿਸਮਿੱਲਾ' ਆਖਦਾ ਹੈ, ਭਾਵ ਇਹ, ਕਿ ਰੱਬ ਅੱਗੇ ਭੇਟ ਕਰਦਾ ਹੈ। ਇੱਥੋਂ ਇਸ ਦਾ ਅਰਥ 'ਜੀਵ ਨੂੰ ਕੋਹਣਾ' ਬਣ ਗਿਆ ਹੈ} ਮਾਰ ਦੇਹ। ਤਾਮਸੁ = ਤਮੋ ਵਾਲਾ ਸੁਭਾਉ, ਕ੍ਰੋਧ ਆਦਿਕ ਵਾਲਾ ਸੁਭਾਉ। ਕਦੂਰੀ = ਕਦੂਰਤਿ, ਮਨ ਦੀ ਮੈਲ।
ਭਾਖਿ ਲੇ ਪੰਚੈ ਹੋਇ ਸਬੂਰੀ ॥੨॥
consume the five demons and you shall be blessed with contentment. ||2||
ਕਾਮਾਦਿਕ ਪੰਜਾਂ ਨੂੰ ਮੁਕਾ ਦੇਹ, ਤੇਰੇ ਅੰਦਰ ਸ਼ਾਂਤੀ ਪੈਦਾ ਹੋਵੇਗੀ ॥੨॥ ਭਾਖਿ ਲੇ = ਖਾ ਲੈ, ਮੁਕਾ ਦੇਹ। ਪੰਚੈ = ਕਾਮਾਦਿਕ ਪੰਜਾਂ ਨੂੰ। ਸਬੂਰੀ = ਸਬਰ, ਧੀਰਜ, ਸ਼ਾਂਤੀ ॥੨॥
ਹਿੰਦੂ ਤੁਰਕ ਕਾ ਸਾਹਿਬੁ ਏਕ ॥
Hindus and Muslims have the same One Lord and Master.
ਹਿੰਦੂ ਤੇ ਮੁਸਲਮਾਨ ਦੋਹਾਂ ਦਾ ਮਾਲਕ ਪ੍ਰਭੂ ਆਪ ਹੀ ਹੈ।
ਕਹ ਕਰੈ ਮੁਲਾਂ ਕਹ ਕਰੈ ਸੇਖ ॥੩॥
What can the Mullah do, and what can the Shaykh do? ||3||
ਮੁੱਲਾਂ ਜਾਂ ਸ਼ੇਖ਼ (ਬਣਿਆਂ ਪ੍ਰਭੂ ਦੀ ਹਜ਼ੂਰੀ ਵਿਚ) ਕੋਈ ਖ਼ਾਸ ਵੱਡਾ ਮਰਾਤਬਾ ਨਹੀਂ ਮਿਲ ਜਾਂਦਾ ॥੩॥ ਕਹ = ਕੀਹ? ॥੩॥
ਕਹਿ ਕਬੀਰ ਹਉ ਭਇਆ ਦਿਵਾਨਾ ॥
Says Kabeer, I have gone insane.
ਕਬੀਰ ਆਖਦਾ ਹੈ ਕਿ (ਮੇਰੀਆਂ ਇਹ ਗੱਲਾਂ ਤੰਗ-ਦਿਲ ਲੋਕਾਂ ਨੂੰ ਪਾਗਲਾਂ ਵਾਲੀਆਂ ਜਾਪਦੀਆਂ ਹਨ; ਲੋਕਾਂ ਦੇ ਭਾਣੇ) ਮੈਂ ਪਾਗਲ ਹੋ ਗਿਆ ਹਾਂ, ਦਿਵਾਨਾ = ਪਾਗਲ, ਕਮਲਾ।
ਮੁਸਿ ਮੁਸਿ ਮਨੂਆ ਸਹਜਿ ਸਮਾਨਾ ॥੪॥੪॥
Slaughtering, slaughtering my mind, I have merged into the Celestial Lord. ||4||4||
ਪਰ ਮੇਰਾ ਮਨ ਹੌਲੇ ਹੌਲੇ (ਅੰਦਰਲਾ ਹੱਜ ਕਰ ਕੇ ਹੀ) ਅਡੋਲ ਅਵਸਥਾ ਵਿਚ ਟਿਕ ਗਿਆ ਹੈ ॥੪॥੪॥ ਮੁਸਿ ਮੁਸਿ = ਸਹਿਜੇ ਸਹਿਜੇ। ਮਨੂਆ = ਅੰਞਾਣਾ ਮਨ। ਸਹਜਿ = ਸਹਿਜ ਅਵਸਥਾ ਵਿਚ ॥੪॥੪॥