ਸਾਰਗ ਮਹਲਾ

Saarang, Fifth Mehl:

ਸਾਰੰਗ ਪੰਜਵੀਂ ਪਾਤਿਸ਼ਾਹੀ।

ਆਇਓ ਸੁਨਨ ਪੜਨ ਕਉ ਬਾਣੀ

The mortal came to hear and chant the Word of the Guru's Bani.

(ਜਗਤ ਵਿਚ ਜੀਵ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਨ ਪੜ੍ਹਨ ਵਾਸਤੇ ਆਇਆ ਹੈ (ਇਹੀ ਹੈ ਇਸ ਦਾ ਅਸਲ ਜਨਮ-ਮਨੋਰਥ)। ਬਾਣੀ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ।

ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥੧॥ ਰਹਾਉ

But he has forgotten the Naam, the Name of the Lord, and he has become attached to other temptations. His life is totally worthless! ||1||Pause||

ਪਰ ਜਿਹੜੇ ਪ੍ਰਾਣੀ (ਪਰਮਾਤਮਾ ਦਾ) ਨਾਮ ਭੁਲਾ ਕੇ ਹੋਰ ਲਾਲਚ ਵਿਚ ਲੱਗੇ ਰਹਿੰਦੇ ਹਨ, ਉਹਨਾਂ ਦਾ ਮਨੁੱਖ ਜਨਮ ਵਿਅਰਥ ਚਲਾ ਜਾਂਦਾ ਹੈ ॥੧॥ ਰਹਾਉ ॥ ਵਿਸਾਰਿ = ਭੁਲਾ ਕੇ। ਲਗਹਿ = (ਜਿਹੜੇ) ਲੱਗਦੇ ਹਨ {ਬਹੁ-ਵਚਨ}। ਅਨ ਲਾਲਚਿ = ਹੋਰ ਲਾਲਚ ਵਿਚ {अन्य = ਹੋਰ}। ਜਨਮੁ ਪਰਾਣੀ = ਉਹਨਾਂ ਪ੍ਰਾਣੀਆਂ ਦਾ ਜਨਮ ॥੧॥ ਰਹਾਉ ॥

ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ

O my unconscious mind, become conscious and figure it out; the Saints speak the Unspoken Speech of the Lord.

ਹੇ ਮੇਰੇ ਗ਼ਾਫ਼ਿਲ ਮਨ! ਹੋਸ਼ ਕਰ, ਅਕੱਥ ਪ੍ਰਭੂ ਦੀ ਜਿਹੜੀ ਸਿਫ਼ਤ-ਸਾਲਾਹ ਸੰਤ ਜਨਾਂ ਨੇ ਦੱਸੀ ਹੈ ਉਸ ਨੂੰ ਚੇਤੇ ਕਰਿਆ ਕਰ। ਅਚੇਤ ਮਨ = ਹੇ ਗ਼ਾਫ਼ਿਲ ਮਨ! ਕਥੀ = ਬਿਆਨ ਕੀਤੀ ਹੈ। ਸੰਤਨ = ਸੰਤਾਂ ਨੇ। ਅਕਥ ਕਹਾਣੀ = ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ। ਅਕਥ = ਅ-ਕੱਥ, ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ।

ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥੧॥

So gather in your profits - worship and adore the Lord within your heart; your coming and going in reincarnation shall end. ||1||

ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਓ, ਇਹ ਲਾਭ ਖੱਟੋ। (ਇਸ ਖੱਟੀ ਨਾਲ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੧॥ ਰਿਦੈ = ਹਿਰਦੇ ਵਿਚ। ਛੁਟਕੈ = ਮੁੱਕ ਜਾਂਦੀ ਹੈ ॥੧॥

ਉਦਮੁ ਸਕਤਿ ਸਿਆਣਪ ਤੁਮੑਰੀ ਦੇਹਿ ਨਾਮੁ ਵਖਾਣੀ

Efforts, powers and clever tricks are Yours; if You bless me with them, I repeat Your Name.

ਹੇ ਪ੍ਰਭੂ! ਤੇਰਾ ਹੀ ਦਿੱਤਾ ਉੱਦਮ ਤੇਰੀ ਹੀ ਦਿੱਤੀ ਸ਼ਕਤੀ ਤੇ ਸਿਆਣਪ (ਅਸੀਂ ਜੀਵ ਵਰਤ ਸਕਦੇ ਹਾਂ), ਜੇ ਤੂੰ (ਉੱਦਮ ਸ਼ਕਤੀ ਸਿਆਣਪ) ਦੇਵੇਂ, ਤਾਂ ਹੀ ਮੈਂ ਨਾਮ ਜਪ ਸਕਦਾ ਹਾਂ। ਸਕਤਿ = ਸ਼ਕਤੀ, ਤਾਕਤਿ। ਦੇਹਿ = ਜੇ ਤੂੰ ਦੇਵੇਂ। ਤ = ਤਾਂ। ਵਖਾਣੀ = ਵਖਾਣੀਂ, ਮੈਂ ਉਚਾਰਾਂ।

ਸੇਈ ਭਗਤ ਭਗਤਿ ਸੇ ਲਾਗੇ ਨਾਨਕ ਜੋ ਪ੍ਰਭ ਭਾਣੀ ॥੨॥੫੬॥੭੯॥

They alone are devotees, and they alone are attached to devotional worship, O Nanak, who are pleasing to God. ||2||56||79||

ਹੇ ਨਾਨਕ! ਉਹੀ ਮਨੁੱਖ ਭਗਤ (ਬਣ ਸਕਦੇ ਹਨ) ਉਹੀ ਪਰਮਾਤਮਾ ਦੀ ਭਗਤੀ ਵਿਚ ਲੱਗ ਸਕਦੇ ਹਨ, ਜਿਹੜੇ ਪ੍ਰਭੂ ਨੂੰ ਪਸੰਦ ਆ ਜਾਂਦੇ ਹਨ ॥੨॥੫੬॥੭੯॥ ਸੇਈ = ਉਹ ਹੀ {ਬਹੁ-ਵਚਨ}। ਪ੍ਰਭ ਭਾਣੀ = ਪ੍ਰਭ ਨੂੰ ਭਾ ਗਏ ॥੨॥੫੬॥੭੯॥