ਮਾਰੂ ਮਹਲਾ ੧ ॥
Maaroo, Fifth Mehl:
ਮਾਰੂ ਪਹਿਲੀ ਪਾਤਿਸ਼ਾਹੀ।
ਮਨਮੁਖੁ ਲਹਰਿ ਘਰੁ ਤਜਿ ਵਿਗੂਚੈ ਅਵਰਾ ਕੇ ਘਰ ਹੇਰੈ ॥
The self-willed manmukh, in a fit of passion, abandons his home, and is ruined; then, he spies on the homes of others.
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਤਿਆਗ ਦੇ) ਜੋਸ਼ ਵਿਚ ਆਪਣਾ ਘਰ ਤਿਆਗ ਕੇ (ਫਿਰ ਰੋਟੀ ਆਦਿਕ ਦੀ ਖ਼ਾਤਰ) ਹੋਰਨਾਂ ਦੇ ਘਰ ਤੱਕਦਾ ਫਿਰਦਾ ਹੈ। ਮਨਮੁਖੁ = ਉਹ ਬੰਦਾ ਜਿਸ ਨੇ ਆਪਣਾ ਮੂੰਹ ਆਪਣੇ ਮਨ ਵਲ ਕੀਤਾ ਹੋਇਆ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ। ਲਹਰਿ = (ਤਿਆਗ ਦੀ) ਲਹਿਰ, (ਤਿਆਗ ਦਾ) ਜੋਸ਼। ਤਜਿ = ਤਿਆਗ ਕੇ। ਵਿਗੁਚੈ = ਖ਼ੁਆਰ ਹੁੰਦਾ ਹੈ। ਅਵਰਾ ਕੇ = ਹੋਰਨਾਂ ਦੇ। ਹੇਰੈ = ਤੱਕਦਾ ਹੈ {ਨੋਟ: ਲਫ਼ਜ਼ 'ਘਰੁ' ਅਤੇ 'ਘਰ' ਦਾ ਫ਼ਰਕ ਚੇਤੇ ਰੱਖਣਾ}।
ਗ੍ਰਿਹ ਧਰਮੁ ਗਵਾਏ ਸਤਿਗੁਰੁ ਨ ਭੇਟੈ ਦੁਰਮਤਿ ਘੂਮਨ ਘੇਰੈ ॥
He neglects his household duties, and does not meet with the True Guru; he is caught in the whirlpool of evil-mindedness.
ਗ੍ਰਿਹਸਤ ਨਿਬਾਹੁਣ ਦਾ ਫ਼ਰਜ਼ (ਕਿਰਤ ਕਰਨੀ) ਛੱਡ ਦੇਂਦਾ ਹੈ (ਇਸ ਗ਼ਲਤ ਤਿਆਗ ਨਾਲ ਉਸ ਨੂੰ) ਸਤਿਗੁਰੂ (ਭੀ) ਨਹੀਂ ਮਿਲਦਾ, ਤੇ ਆਪਣੀ ਭੈੜੀ ਮੱਤ ਦੀ ਘੁੰਮਣ-ਘੇਰੀ ਵਿਚ (ਗੋਤੇ ਖਾਂਦਾ ਹੈ)। ਗ੍ਰਿਹ ਧਰਮੁ = ਗ੍ਰਿਹਸਤ ਦਾ ਫ਼ਰਜ਼। ਭੇਟੈ = ਮਿਲਦਾ ਹੈ। ਘੂਮਨ ਘੇਰੈ = ਘੁੰਮਣਘੇਰੀ ਵਿਚ (ਫਸ ਜਾਂਦਾ ਹੈ)।
ਦਿਸੰਤਰੁ ਭਵੈ ਪਾਠ ਪੜਿ ਥਾਕਾ ਤ੍ਰਿਸਨਾ ਹੋਇ ਵਧੇਰੈ ॥
Wandering in foreign lands and reading scriptures, he grows weary, and his thirsty desires only increase.
(ਆਪਣਾ ਘਰ ਛੱਡ ਕੇ) ਹੋਰ ਹੋਰ ਦੇਸਾਂ (ਦਾ) ਰਟਨ ਕਰਦਾ ਫਿਰਦਾ ਹੈ, (ਧਰਮ-ਪੁਸਤਕਾਂ ਦੇ) ਪਾਠ ਪੜ੍ਹ ਪੜ੍ਹ ਕੇ ਭੀ ਥੱਕ ਜਾਂਦਾ ਹੈ, (ਪਰ ਮਾਇਆ ਦੀ) ਤ੍ਰਿਸ਼ਨਾ (ਮੁੱਕਣ ਦੇ ਥਾਂ ਸਗੋਂ) ਵਧਦੀ ਜਾਂਦੀ ਹੈ। ਦਿਸੰਤਰੁ = ਦੇਸ ਦੇਸ ਅੰਤਰ, ਹੋਰ ਹੋਰ ਦੇਸ। ਪੜਿ = ਪੜ੍ਹ ਕੇ। ਤ੍ਰਿਸ਼ਨਾ = ਮਾਇਆ ਦਾ ਲਾਲਚ।
ਕਾਚੀ ਪਿੰਡੀ ਸਬਦੁ ਨ ਚੀਨੈ ਉਦਰੁ ਭਰੈ ਜੈਸੇ ਢੋਰੈ ॥੧॥
His perishable body does not remember the Word of the Shabad; like a beast, he fills his belly. ||1||
ਹੋਛੀ ਮੱਤ ਵਾਲਾ (ਮਨਮੁਖ) ਗੁਰੂ ਦੇ ਸ਼ਬਦ ਨੂੰ ਨਹੀਂ ਵਿਚਾਰਦਾ, (ਤੇ ਲੋਕਾਂ ਦੇ ਘਰਾਂ ਤੋਂ ਵੇਹਲੜ) ਪਸ਼ੂਆਂ ਵਾਂਗ ਆਪਣਾ ਢਿੱਡ ਭਰਦਾ ਹੈ ॥੧॥ ਕਾਚੀ ਪਿੰਡੀ = ਹੋਛੀ ਮੱਤ ਵਾਲਾ। ਉਦਰੁ = ਪੇਟ, ਢਿੱਡ। ਢੋਰ = ਪਸ਼ੂ ॥੧॥
ਬਾਬਾ ਐਸੀ ਰਵਤ ਰਵੈ ਸੰਨਿਆਸੀ ॥
O Baba, this is the way of life of the Sannyaasi, the renunciate.
ਹੇ ਪ੍ਰਭੂ! ਅਸਲ ਸੰਨਿਆਸੀ ਉਹ ਹੈ ਜੋ ਅਜੇਹਾ ਜੀਵਨ ਜੀਵੇ, ਬਾਬਾ = ਹੇ ਪ੍ਰਭੂ! ਰਵਤ ਰਵੈ = ਰਹਿਤ ਰਹੇ।
ਗੁਰ ਕੈ ਸਬਦਿ ਏਕ ਲਿਵ ਲਾਗੀ ਤੇਰੈ ਨਾਮਿ ਰਤੇ ਤ੍ਰਿਪਤਾਸੀ ॥੧॥ ਰਹਾਉ ॥
Through the Word of the Guru's Shabad, he is to enshrine love for the One Lord. Imbued with Your Name, Lord, he remains satisfied and fulfilled. ||1||Pause||
ਕਿ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਦੀ ਲਗਨ ਇਕ (ਤੇਰੇ ਚਰਨਾਂ) ਵਿਚ ਲੱਗੀ ਰਹੇ। ਤੇਰੇ ਨਾਮ-ਰੰਗ ਵਿਚ ਰੰਗੀਜ ਕੇ (ਮਾਇਆ ਵਲੋਂ) ਉਸ ਨੂੰ ਸਦਾ ਤ੍ਰਿਪਤੀ ਰਹੇਗੀ ॥੧॥ ਰਹਾਉ ॥ ਸਬਦਿ = ਸ਼ਬਦ ਦੀ ਰਾਹੀਂ। ਨਾਮਿ = ਨਾਮ ਵਿਚ। ਰਤੇ = ਰੰਗੇ ਜਾ ਕੇ। ਤ੍ਰਿਪਤਾਸੀ = ਮਾਇਆ ਦੀ ਤ੍ਰਿਸ਼ਨਾ ਵਲੋਂ ਰਜੇਵਾਂ ॥੧॥ ਰਹਾਉ ॥
ਘੋਲੀ ਗੇਰੂ ਰੰਗੁ ਚੜਾਇਆ ਵਸਤ੍ਰ ਭੇਖ ਭੇਖਾਰੀ ॥
He dyes his robes with saffron dye, and wearing these robes, he goes out begging.
ਮਨਮੁਖ ਬੰਦਾ ਗੇਰੀ ਘੋਲਦਾ ਹੈ, ਉਸ ਦਾ ਰੰਗ (ਆਪਣੇ ਕੱਪੜਿਆਂ ਉਤੇ) ਚਾੜ੍ਹਦਾ ਹੈ, ਧਾਰਮਿਕ ਪਹਿਰਾਵੇ ਵਾਲੇ ਕੱਪੜੇ ਪਾ ਕੇ ਭਿਖਾਰੀ ਬਣ ਜਾਂਦਾ ਹੈ। ਗੇਰੂ = ਗੇਰੀ। ਭੇਖ = ਸਾਧੂਆਂ ਵਾਲੇ ਪਹਿਰਾਵੇ। ਭੇਖਾਰੀ = ਮੰਗਤਾ।
ਕਾਪੜ ਫਾਰਿ ਬਨਾਈ ਖਿੰਥਾ ਝੋਲੀ ਮਾਇਆਧਾਰੀ ॥
Tearing his robes, he makes a patched coat, and puts the money in his wallet.
ਕੱਪੜੇ ਪਾੜ ਕੇ (ਪਹਿਨਣ ਲਈ) ਗੋਦੜੀ ਬਣਾਂਦਾ ਹੈ, ਤੇ (ਅੰਨ ਆਟਾ ਆਦਿਕ) ਮਾਇਆ ਪਾਣ ਲਈ ਝੋਲੀ (ਤਿਆਰ ਕਰ ਲੈਂਦਾ ਹੈ)। ਫਾਰਿ = ਪਾੜ ਕੇ। ਖਿੰਥਾ = ਗੋਦੜੀ। ਮਾਇਆਧਾਰੀ = (ਅੰਨ ਆਟਾ ਆਦਿਕ) ਮਾਇਆ ਪਾਣ ਵਾਸਤੇ ਝੋਲੀ।
ਘਰਿ ਘਰਿ ਮਾਗੈ ਜਗੁ ਪਰਬੋਧੈ ਮਨਿ ਅੰਧੈ ਪਤਿ ਹਾਰੀ ॥
From house to house he goes begging, and tries to teach the world; but his mind is blind, and so he loses his honor.
(ਆਪ ਤਾਂ) ਹਰੇਕ ਘਰ ਵਿਚ (ਜਾ ਕੇ ਭਿੱਛਿਆ) ਮੰਗਦਾ ਹੈ ਪਰ ਜਗਤ ਨੂੰ (ਸਤ ਧਰਮ ਦਾ) ਉਪਦੇਸ਼ ਕਰਦਾ ਹੈ, ਆਪਣਾ ਮਨ ਅੰਨ੍ਹਾ ਹੋਣ ਦੇ ਕਾਰਨ ਮਨਮੁਖ ਆਪਣੀ ਇੱਜ਼ਤ ਗਵਾ ਲੈਂਦਾ ਹੈ। ਪਰਬੋਧੈ = ਉਪਦੇਸ਼ ਕਰਦਾ ਹੈ। ਮਨਿ = ਮਨ ਦੀ ਰਾਹੀਂ। ਮਨਿ ਅੰਧੈ = ਅੰਨ੍ਹੇ ਮਨ ਦੀ ਰਾਹੀਂ, ਮਨ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਣ ਦੇ ਕਾਰਨ। ਪਤਿ = ਇੱਜ਼ਤ। ਹਾਰੀ = ਗਵਾ ਲਈ।
ਭਰਮਿ ਭੁਲਾਣਾ ਸਬਦੁ ਨ ਚੀਨੈ ਜੂਐ ਬਾਜੀ ਹਾਰੀ ॥੨॥
He is deluded by doubt, and does not remember the Word of the Shabad. He loses his life in the gamble. ||2||
ਭਟਕਣਾ ਵਿਚ (ਪੈ ਕੇ ਜੀਵਨ-ਰਾਹ ਤੋਂ) ਖੁੰਝਿਆ ਹੋਇਆ ਗੁਰੂ ਦੇ ਸ਼ਬਦ ਨੂੰ ਪਛਾਣਦਾ ਨਹੀਂ (ਜਿਵੇਂ ਕੋਈ ਜੁਆਰੀਆ) ਜੂਏ ਵਿਚ ਬਾਜ਼ੀ ਹਾਰਦਾ ਹੈ (ਤਿਵੇਂ ਇਹ ਮਨਮੁਖ ਆਪਣੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ) ॥੨॥
ਅੰਤਰਿ ਅਗਨਿ ਨ ਗੁਰ ਬਿਨੁ ਬੂਝੈ ਬਾਹਰਿ ਪੂਅਰ ਤਾਪੈ ॥
Without the Guru, the fire within is not quenched; and outside, the fire still burns.
(ਆਪਣੇ ਵਲੋਂ ਤਿਆਗੀ ਬਣੇ ਹੋਏ ਮਨਮੁਖ ਦੇ) ਮਨ ਵਿਚ ਤ੍ਰਿਸ਼ਨਾ ਦੀ (ਬਲਦੀ) ਅੱਗ ਗੁਰੂ ਤੋਂ ਬਿਨਾ ਬੁੱਝਦੀ ਨਹੀਂ, ਪਰ ਬਾਹਰ ਧੂਣੀਆਂ ਤਪਾਂਦਾ ਹੈ। ਨ ਬੂਝੈ = ਨਹੀਂ ਬੁੱਝਦੀ। ਪੂਅਰ = ਧੂਣੀਆਂ। ਤਾਪੈ = ਤਪਾਂਦਾ ਹੈ, ਬਾਲਦਾ ਹੈ।
ਗੁਰ ਸੇਵਾ ਬਿਨੁ ਭਗਤਿ ਨ ਹੋਵੀ ਕਿਉ ਕਰਿ ਚੀਨਸਿ ਆਪੈ ॥
Without serving the Guru, there is no devotional worship. How can anyone, by himself, know the Lord?
ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਹੋ ਨਹੀਂ ਸਕਦੀ (ਇਹ ਮਨਮੁਖ) ਆਪਣੇ ਆਤਮਕ ਜੀਵਨ ਨੂੰ ਕਿਵੇਂ ਪਛਾਣੇ? ਚੀਨਸਿ = ਪਛਾਣੇ। ਆਪੈ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।
ਨਿੰਦਾ ਕਰਿ ਕਰਿ ਨਰਕ ਨਿਵਾਸੀ ਅੰਤਰਿ ਆਤਮ ਜਾਪੈ ॥
Slandering others, one lives in hell; within him is hazy darkness.
ਉਂਞ ਅੰਤਰ ਆਤਮੇ ਇਸ ਨੂੰ ਸੁੱਝਦਾ ਹੈ ਕਿ (ਕਿਰਤੀ ਗ੍ਰਿਹਸਤੀਆਂ ਦੀ) ਨਿੰਦਿਆ ਕਰ ਕਰ ਕੇ ਨਰਕੀ ਜੀਵਨ ਬਿਤੀਤ ਕਰ ਰਿਹਾ ਹੈ। ਅੰਤਰਿ ਆਤਮ = ਆਪਣੇ ਆਪ ਦੇ ਅੰਦਰ। ਜਾਪੈ = (ਉਸ ਨੂੰ) ਸੁੱਝਦਾ ਹੈ, ਦਿੱਸਦਾ ਹੈ।
ਅਠਸਠਿ ਤੀਰਥ ਭਰਮਿ ਵਿਗੂਚਹਿ ਕਿਉ ਮਲੁ ਧੋਪੈ ਪਾਪੈ ॥੩॥
Wandering to the eixty-eight sacred shrines of pilgrimage, he is ruined. How can the filth of sin be washed away? ||3||
ਅਠਾਹਠ ਤੀਰਥਾਂ ਉਤੇ ਭੌਂ ਕੇ ਭੀ (ਮਨਮੁਖ ਤਿਆਗੀ) ਖ਼ੁਆਰ ਹੀ ਹੁੰਦੇ ਹਨ, (ਤੀਰਥਾਂ ਤੇ ਜਾਣ ਨਾਲ) ਪਾਪਾਂ ਦੀ ਮੈਲ ਕਿਵੇਂ ਧੁਪ ਸਕਦੀ ਹੈ? ॥੩॥ ਅਠਸਠਿ = ਅੱਠ ਤੇ ਸੱਠ ਅਠਾਹਠ। ਵਿਗੂਚਹਿ = ਖ਼ੁਆਰ ਹੁੰਦੇ ਹਨ। ਪਾਪੈ = ਪਾਪ ਦੀ ॥੩॥
ਛਾਣੀ ਖਾਕੁ ਬਿਭੂਤ ਚੜਾਈ ਮਾਇਆ ਕਾ ਮਗੁ ਜੋਹੈ ॥
He sifts through the dust, and applies ashes to his body, but he is searching for the path of Maya's wealth.
(ਲੋਕ-ਵਿਖਾਵੇ ਲਈ) ਸੁਆਹ ਛਾਣਦਾ ਹੈ ਤੇ ਉਹ ਸੁਆਹ ਆਪਣੇ ਪਿੰਡੇ ਉਤੇ ਮਲ ਲੈਂਦਾ ਹੈ, ਪਰ (ਅੰਤਰ ਆਤਮੇ) ਮਾਇਆ ਦਾ ਰਸਤਾ ਤੱਕਦਾ ਰਹਿੰਦਾ ਹੈ (ਕਿ ਕੋਈ ਗ੍ਰਿਹਸਤੀ ਦਾਨੀ ਆ ਕੇ ਮਾਇਆ ਭੇਟ ਕਰੇ)। ਬਿਭੂਤ = ਸੁਆਹ। ਚੜਾਈ = (ਪਿੰਡੇ ਤੇ) ਮਲ ਲਈ। ਮਗੁ = ਰਸਤਾ। ਜੋਹੈ = ਤੱਕਦਾ ਹੈ।
ਅੰਤਰਿ ਬਾਹਰਿ ਏਕੁ ਨ ਜਾਣੈ ਸਾਚੁ ਕਹੇ ਤੇ ਛੋਹੈ ॥
Inwardly and outwardly, he does not know the One Lord; if someone tells him the Truth, he grows angry.
(ਬਾਹਰੋਂ ਹੋਰ ਤੇ ਅੰਦਰੋਂ ਹੋਰ ਹੋਣ ਕਰਕੇ) ਆਪਣੇ ਅੰਦਰ ਤੇ ਬਾਹਰ ਜਗਤ ਵਿਚ ਇਕ ਪਰਮਾਤਮਾ ਨੂੰ (ਵਿਆਪਕ) ਨਹੀਂ ਸਮਝ ਸਕਦਾ, (ਜੇ) ਇਹ ਸੱਚਾ ਵਾਕ ਉਸ ਨੂੰ ਆਖੀਏ ਤਾਂ ਖਿੱਝਦਾ ਹੈ। ਛੋਹੈ = ਖਿੱਝਦਾ ਹੈ।
ਪਾਠੁ ਪੜੈ ਮੁਖਿ ਝੂਠੋ ਬੋਲੈ ਨਿਗੁਰੇ ਕੀ ਮਤਿ ਓਹੈ ॥
He reads the scriptures, but tells lies; such is the intellect of one who has no guru.
(ਧਰਮ-ਪੁਸਤਕਾਂ ਦਾ) ਪਾਠ ਪੜ੍ਹਦਾ (ਤਾਂ) ਹੈ ਪਰ ਮੂੰਹੋਂ ਝੂਠ ਹੀ ਬੋਲਦਾ ਹੈ, ਗੁਰੂ-ਹੀਣ ਹੋਣ ਕਰਕੇ ਉਸ ਦੀ ਮੱਤ ਉਹ ਪਹਿਲੇ ਵਰਗੀ ਹੀ ਰਹਿੰਦੀ ਹੈ (ਭਾਵ, ਜ਼ਾਹਰਾ ਤਿਆਗ ਨਾਲ ਉਸ ਦੇ ਆਤਮਕ ਜੀਵਨ ਵਿਚ ਕੋਈ ਫ਼ਰਕ ਨਹੀਂ ਪੈਂਦਾ)। ਝੂਠੋ = ਝੂਠ ਹੀ। ਓਹੈ = ਉਹ ਪਹਿਲੀ ਹੀ।
ਨਾਮੁ ਨ ਜਪਈ ਕਿਉ ਸੁਖੁ ਪਾਵੈ ਬਿਨੁ ਨਾਵੈ ਕਿਉ ਸੋਹੈ ॥੪॥
Without chanting the Naam, how can he find peace? Without the Name, how can he look good? ||4||
ਜਦ ਤਕ ਪਰਮਾਤਮਾ ਦਾ ਨਾਮ ਨਹੀਂ ਜਪਦਾ ਤਦ ਤਕ ਆਤਮਕ ਆਨੰਦ ਨਹੀਂ ਮਿਲਦਾ, ਪ੍ਰਭੂ-ਨਾਮ ਤੋਂ ਬਿਨਾ ਜੀਵਨ ਸੁਚੱਜਾ ਨਹੀਂ ਬਣ ਸਕਦਾ ॥੪॥ ਜਪਈ = ਜਪੈ, ਜਪਦਾ। ਸੋਹੈ = ਸੋਭਦਾ ॥੪॥
ਮੂੰਡੁ ਮੁਡਾਇ ਜਟਾ ਸਿਖ ਬਾਧੀ ਮੋਨਿ ਰਹੈ ਅਭਿਮਾਨਾ ॥
Some shave their heads, some keep their hair in matted tangles; some keep it in braids, while some keep silent, filled with egotistical pride.
ਕੋਈ ਸਿਰ ਮੁਨਾ ਲੈਂਦਾ ਹੈ, ਕੋਈ ਜਟਾਂ ਦਾ ਜੂੜਾ ਬੰਨ੍ਹ ਲੈਂਦਾ ਹੈ, ਤੇ ਮੋਨ ਧਾਰ ਕੇ ਬੈਠ ਜਾਂਦਾ ਹੈ (ਇਸ ਸਾਰੇ ਭੇਖ ਦਾ) ਮਾਣ (ਭੀ ਕਰਦਾ ਹੈ)। ਮੂੰਡੁ = ਸਿਰ। ਮੁਡਾਈ = ਮੁਨਾ ਕੇ। ਸਿਖ = ਬੋਦੀ, ਚੋਟੀ। ਮੋਨਿ ਰਹੈ = ਚੁੱਪ ਸਾਧੀ ਰੱਖਦਾ ਹੈ।
ਮਨੂਆ ਡੋਲੈ ਦਹ ਦਿਸ ਧਾਵੈ ਬਿਨੁ ਰਤ ਆਤਮ ਗਿਆਨਾ ॥
Their minds waver and wander in ten directions, without loving devotion and enlightenment of the soul.
ਪਰ ਆਤਮਕ ਤੌਰ ਤੇ ਪ੍ਰਭੂ ਨਾਲ ਡੂੰਘੀ ਸਾਂਝ ਦੇ ਰੰਗ ਵਿਚ ਰੰਗੇ ਜਾਣ ਤੋਂ ਬਿਨਾ ਉਸ ਦਾ ਮਨ ਡੋਲਦਾ ਰਹਿੰਦਾ ਹੈ, ਤੇ (ਮਾਇਆ ਦੀ ਤ੍ਰਿਸ਼ਨਾ ਵਿਚ ਹੀ) ਦਸੀਂ ਪਾਸੀਂ ਦੌੜਦਾ ਫਿਰਦਾ ਹੈ। ਦਹ = ਦਸ। ਦਿਸ = ਪਾਸੇ। ਧਾਵੈ = ਦੌੜਦਾ ਹੈ, ਭਟਕਦਾ ਹੈ। ਰਤ = ਰੰਗਿਆ ਹੋਇਆ।
ਅੰਮ੍ਰਿਤੁ ਛੋਡਿ ਮਹਾ ਬਿਖੁ ਪੀਵੈ ਮਾਇਆ ਕਾ ਦੇਵਾਨਾ ॥
They abandon the Ambrosial Nectar, and drink the deadly poison, driven mad by Maya.
(ਅੰਤਰ ਆਤਮੇ) ਮਾਇਆ ਦਾ ਪ੍ਰੇਮੀ (ਰਹਿਣ ਕਰਕੇ) ਪਰਮਾਤਮਾ ਦਾ ਨਾਮ-ਅੰਮ੍ਰਿਤ ਛੱਡ ਦੇਂਦਾ ਹੈ ਤੇ (ਤ੍ਰਿਸ਼ਨਾ ਦਾ ਉਹ) ਜ਼ਹਿਰ ਪੀਂਦਾ ਰਹਿੰਦਾ ਹੈ (ਜੋ ਇਸ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)। ਬਿਖ = ਜ਼ਹਿਰ (ਜੋ ਆਤਮਕ ਮੌਤ ਲਿਆਉਂਦਾ ਹੈ)। ਦੇਵਾਨਾ = ਪਾਗਲ, ਆਸ਼ਕ।
ਕਿਰਤੁ ਨ ਮਿਟਈ ਹੁਕਮੁ ਨ ਬੂਝੈ ਪਸੂਆ ਮਾਹਿ ਸਮਾਨਾ ॥੫॥
Past actions cannot be erased; without understanding the Hukam of the Lord's Command, they become beasts. ||5||
(ਪਰ ਇਸ ਮਨਮੁਖ ਦੇ ਕੀਹ ਵੱਸ?) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਅੰਦਰੋਂ) ਮੁੱਕਦਾ ਨਹੀਂ, (ਉਹਨਾਂ ਸੰਸਕਾਰਾਂ ਦੇ ਅਸਰ ਹੇਠ ਜੀਵ) ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝ ਸਕਦਾ, (ਇਸ ਤਰ੍ਹਾਂ, ਤਿਆਗੀ ਬਣ ਕੇ ਭੀ) ਪਸ਼ੂ-ਸੁਭਾਵ ਵਿਚ ਟਿਕਿਆ ਰਹਿੰਦਾ ਹੈ ॥੫॥ ਕਿਰਤੁ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ॥੫॥
ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ ॥
With bowl in hand, wearing his patched coat, great desires well up in his mind.
(ਮਨਮੁਖ ਮਨੁੱਖ ਤਿਆਗੀ ਬਣ ਕੇ) ਹੱਥ ਵਿਚ ਚਿੱਪੀ ਫੜ ਲੈਂਦਾ ਹੈ, ਲੀਰਾਂ ਦਾ ਚੋਲਾ ਪਹਿਨ ਲੈਂਦਾ ਹੈ, ਪਰ ਮਨ ਵਿਚ ਮਾਇਆ ਦੀ ਭਾਰੀ ਤ੍ਰਿਸ਼ਨਾ ਪੈਦਾ ਹੋਈ ਰਹਿੰਦੀ ਹੈ। ਹਾਥਿ = ਹੱਥ ਵਿਚ। ਕਮੰਡਲੁ = ਚਿੱਪੀ। ਕਾਪੜੀਆ = ਲੀਰਾਂ ਦਾ ਚੋਲਾ ਪਹਿਨਣ ਵਾਲਾ ਸਾਧੂ। ਮਨਿ = ਮਨ ਵਿਚ।
ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥
Abandoning his own wife, he is engrossed in sexual desire; his thoughts are on the wives of others.
(ਆਪਣੇ ਵਲੋਂ ਤਿਆਗੀ ਬਣ ਕੇ) ਆਪਣੀ ਇਸਤ੍ਰੀ ਛੱਡ ਕੇ ਆਏ ਨੂੰ ਕਾਮ-ਵਾਸਨਾ ਨੇ ਆ ਦਬਾਇਆ, ਤਾਂ ਪਰਾਈ ਨਾਰ ਨਾਲ ਚਿੱਤ ਜੋੜਦਾ ਹੈ। ਤਜਿ = ਛੱਡ ਕੇ। ਕਾਮਿ = ਕਾਮ-ਵਾਸਨਾ ਹੇਠ। ਵਿਆਪਿਆ = ਨੱਪਿਆ ਗਿਆ।
ਸਿਖ ਕਰੇ ਕਰਿ ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ ॥
He teaches and preaches, but does not contemplate the Shabad; he is bought and sold on the street.
ਚੇਲੇ ਬਣਾਂਦਾ ਹੈ, ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ, ਕਾਮ-ਵਾਸਨਾ ਵਿਚ ਗ੍ਰਸਿਆ ਹੋਇਆ ਹੈ, ਤੇ (ਇਸ ਤਰ੍ਹਾਂ ਸੰਨਿਆਸੀ ਬਣਨ ਦੇ ਥਾਂ ਲੋਕਾਂ ਦੀਆਂ ਨਜ਼ਰਾਂ ਵਿਚ) ਮਸਖ਼ਰਾ ਬਣਿਆ ਹੋਇਆ ਹੈ। ਸਿਖ = (ਅਨੇਕਾਂ) ਸੇਵਕ। ਲੰਪਟੁ = (ਮਾਇਆ ਵਿਚ, ਵਿਕਾਰ ਵਿਚ) ਖਚਿਤ। ਬਾਜਾਰੀ = ਮਸਖ਼ਰਾ।
ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ ॥੬॥
With poison within, he pretends to be free of doubt; he is ruined and humiliated by the Messenger of Death. ||6||
(ਮਨਮੁਖ ਦੇ) ਅੰਦਰ (ਆਤਮਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਦਾ) ਜ਼ਹਿਰ ਹੈ, ਬਾਹਰ (ਲੋਕਾਂ ਨੂੰ ਵਿਖਾਣ ਵਾਸਤੇ) ਸ਼ਾਂਤੀ ਧਾਰਨ ਕੀਤੀ ਹੋਈ ਹੈ। (ਅਜੇਹੇ ਪਖੰਡੀ ਨੂੰ) ਆਤਮਕ ਮੌਤ-ਖ਼ੁਆਰ ਕਰਦੀ ਹੈ ॥੬॥ ਨਿਭਰਾਤੀ = ਭਟਕਣਾ ਦਾ ਅਭਾਵ, ਸ਼ਾਂਤੀ। ਖੁਆਰੀ = ਦੁਰਗਤੀ ॥੬॥
ਸੋ ਸੰਨਿਆਸੀ ਜੋ ਸਤਿਗੁਰ ਸੇਵੈ ਵਿਚਹੁ ਆਪੁ ਗਵਾਏ ॥
He alone is a Sannyaasi, who serves the True Guru, and removes his self-conceit from within.
ਅਸਲ ਸੰਨਿਆਸੀ ਉਹ ਹੈ ਜੋ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਤੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ। ਆਪੁ = ਆਪਾ-ਭਾਵ।
ਛਾਦਨ ਭੋਜਨ ਕੀ ਆਸ ਨ ਕਰਈ ਅਚਿੰਤੁ ਮਿਲੈ ਸੋ ਪਾਏ ॥
He does not ask for clothes or food; without asking, he accepts whatever he receives.
(ਲੋਕਾਂ ਪਾਸੋਂ) ਕੱਪੜੇ ਤੇ ਭੋਜਨ ਦੀ ਆਸ ਬਣਾਈ ਨਹੀਂ ਰੱਖਦਾ, ਸਹਿਜ ਸੁਭਾਇ ਜੋ ਮਿਲ ਜਾਂਦਾ ਹੈ ਉਹ ਲੈ ਲੈਂਦਾ ਹੈ। ਛਾਦਨ = ਕੱਪੜਾ। ਅਚਿੰਤੁ = ਸਹਜ ਸੁਭਾਇ, ਸੋਚਾਂ ਕਰਨ ਤੋਂ ਬਿਨਾ।
ਬਕੈ ਨ ਬੋਲੈ ਖਿਮਾ ਧਨੁ ਸੰਗ੍ਰਹੈ ਤਾਮਸੁ ਨਾਮਿ ਜਲਾਏ ॥
He does not speak empty words; he gathers in the wealth of tolerance, and burns away his anger with the Naam.
ਬਹੁਤ ਵਧ-ਘਟ ਬੋਲ ਨਹੀਂ ਬੋਲਦਾ ਰਹਿੰਦਾ, ਦੂਜਿਆਂ ਦੀ ਵਧੀਕੀ ਨੂੰ ਸਹਾਰਨ ਦਾ ਸੁਭਾਉ-ਰੂਪ ਧਨ ਆਪਣੇ ਅੰਦਰ ਇਕੱਠਾ ਕਰਦਾ ਹੈ, ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਅੰਦਰੋਂ ਕ੍ਰੋਧ ਸਾੜ ਦੇਂਦਾ ਹੈ। ਖਿਮਾ = ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਉ। ਸੰਗ੍ਰਹੈ = ਇਕੱਠਾ ਕਰਦਾ ਹੈ। ਤਾਮਸੁ = ਤਮੋ ਗੁਣ, ਕ੍ਰੋਧ। ਨਾਮਿ ਦੀ ਰਾਹੀਂ।
ਧਨੁ ਗਿਰਹੀ ਸੰਨਿਆਸੀ ਜੋਗੀ ਜਿ ਹਰਿ ਚਰਣੀ ਚਿਤੁ ਲਾਏ ॥੭॥
Blessed is such a householder, Sannyaasi and Yogi, who focuses his consciousness on the Lord's feet. ||7||
ਜੇਹੜਾ ਮਨੁੱਖ ਸਦਾ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ, ਉਹ ਭਾਗਾਂ ਵਾਲਾ ਹੈ ਚਾਹੇ ਉਹ ਗ੍ਰਿਹਸਤੀ ਹੈ ਚਾਹੇ ਸੰਨਿਆਸੀ ਹੈ ਚਾਹੇ ਜੋਗੀ ਹੈ ॥੭॥ ਧਨੁ = ਭਾਗਾਂ ਵਾਲਾ। ਗਿਰਹੀ = ਗ੍ਰਿਹਸਤੀ ॥੭॥
ਆਸ ਨਿਰਾਸ ਰਹੈ ਸੰਨਿਆਸੀ ਏਕਸੁ ਸਿਉ ਲਿਵ ਲਾਏ ॥
Amidst hope, the Sannyaasi remains unmoved by hope; he remains lovingly focused on the One Lord.
ਅਸਲ ਸੰਨਿਆਸੀ ਉਹ ਹੈ ਜੋ ਮਾਇਕ ਆਸਾਂ ਵਲੋਂ ਨਿਰਾਸ ਰਹਿੰਦਾ ਹੈ ਤੇ ਇਕ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ। ਏਕਸੁ ਸਿਉ = ਸਿਰਫ਼ ਇੱਕ (ਪਰਮਾਤਮਾ) ਨਾਲ। ਲਿਵ = ਲਗਨ।
ਹਰਿ ਰਸੁ ਪੀਵੈ ਤਾ ਸਾਤਿ ਆਵੈ ਨਿਜ ਘਰਿ ਤਾੜੀ ਲਾਏ ॥
He drinks in the sublime essence of the Lord, and so finds peace and tranquility; in the home of his own being, he remains absorbed in the deep trance of meditation.
ਜਦੋਂ ਮਨੁੱਖ ਪਰਮਾਤਮਾ ਦਾ ਨਾਮ-ਰਸ ਪੀਂਦਾ ਹੈ ਤੇ ਅੰਤਰ ਆਤਮੇ ਪ੍ਰਭੂ-ਚਰਨਾਂ ਵਿਚ ਜੁੜਦਾ ਹੈ ਤਦੋਂ ਇਸ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ। ਨਿਜ ਘਰਿ = ਆਪਣੇ ਘਰ ਵਿਚ, ਉਸ ਘਰ ਵਿਚ ਜੋ ਸਦਾ ਆਪਣਾ ਹੈ।
ਮਨੂਆ ਨ ਡੋਲੈ ਗੁਰਮੁਖਿ ਬੂਝੈ ਧਾਵਤੁ ਵਰਜਿ ਰਹਾਏ ॥
His mind does not waver; as Gurmukh, he understands. He restrains it from wandering out.
ਜਦੋਂ ਮਨੁੱਖ ਗੁਰੂ ਦੀ ਸਰਨ ਪੈ ਕੇ (ਸਹੀ ਜੀਵਨ-ਰਾਹ) ਸਮਝਦਾ ਹੈ ਉਸ ਦਾ ਮਨ ਮਾਇਆ ਦੀ ਤ੍ਰਿਸ਼ਨਾ ਵਿਚ ਡੋਲਦਾ ਨਹੀਂ, ਮਾਇਆ ਪਿੱਛੇ ਦੌੜਦੇ ਮਨ ਨੂੰ ਉਹ ਰੋਕ ਕੇ ਰੱਖਦਾ ਹੈ। ਵਰਜਿ = ਰੋਕ ਕੇ। ਰਹਾਏ = ਰੱਖੋ।
ਗ੍ਰਿਹੁ ਸਰੀਰੁ ਗੁਰਮਤੀ ਖੋਜੇ ਨਾਮੁ ਪਦਾਰਥੁ ਪਾਏ ॥੮॥
Following the Guru's Teachings, he searches the home of his body, and obtains the wealth of the Naam. ||8||
ਗੁਰੂ ਦੀ ਸਿੱਖਿਆ ਲੈ ਕੇ (ਜੰਗਲ ਭਾਲਣ ਦੇ ਥਾਂ) ਸਰੀਰ-ਘਰ ਨੂੰ ਖੋਜਦਾ ਹੈ ਤੇ ਪਰਮਾਤਮਾ ਦਾ ਨਾਮ-ਸਰਮਾਇਆ ਪ੍ਰਾਪਤ ਕਰ ਲੈਂਦਾ ਹੈ ॥੮॥ ਗ੍ਰਿਹੁ = ਘਰ। ਪਦਾਰਥੁ = ਸਰਮਾਇਆ ॥੮॥
ਬ੍ਰਹਮਾ ਬਿਸਨੁ ਮਹੇਸੁ ਸਰੇਸਟ ਨਾਮਿ ਰਤੇ ਵੀਚਾਰੀ ॥
Brahma, Vishnu and Shiva are exalted, imbued with contemplative meditation on the Naam.
ਬ੍ਰਹਮਾ ਹੋਵੇ, ਵਿਸ਼ਨੂੰ ਹੋਵੇ, ਸ਼ਿਵ ਹੋਵੇ, ਉਹੀ ਸਭ ਤੋਂ ਉੱਤਮ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੀਜ ਕੇ ਸੁੰਦਰ ਵਿਚਾਰ ਦੇ ਮਾਲਕ ਬਣ ਗਏ। ਮਹੇਸੁ = ਸ਼ਿਵ। ਸਰੇਸਟ = ਸਭ ਤੋਂ ਉੱਤਮ। ਨਾਮਿ ਰਤੇ = ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ। ਵੀਚਾਰੀ = ਵਿਚਾਰਵਾਨ।
ਖਾਣੀ ਬਾਣੀ ਗਗਨ ਪਤਾਲੀ ਜੰਤਾ ਜੋਤਿ ਤੁਮਾਰੀ ॥
The sources of creation, speech, the heavens and the underworld, all beings and creatures, are infused with Your Light.
ਹੇ ਪ੍ਰਭੂ! (ਭਾਵੇਂ) ਚੌਹਾਂ ਖਾਣੀਆਂ ਦੇ ਜੀਵਾਂ ਵਿਚ ਤੇ ਉਹਨਾਂ ਦੀਆਂ ਬੋਲੀਆਂ ਵਿਚ, ਪਾਤਾਲ ਆਕਾਸ਼ ਵਿਚ ਸਭ ਜੀਵਾਂ ਦੇ ਅੰਦਰ ਤੇਰੀ ਹੀ ਜੋਤਿ ਹੈ। ਖਾਣੀ = ਜਗਤ-ਉਤਪੱਤੀ ਦੀਆਂ ਚਾਰ ਖਾਣਾਂ = ਅੰਡਜ, ਜੇਰਜ, ਸੇਤਜ, ਉਤਭੁਜ (੧. ਅੰਡਜ = ਆਂਡਿਆਂ ਵਿਚੋਂ ਪੈਦਾ ਹੋਣ ਵਾਲੇ ਪੰਛੀ ਆਦਿਕ। ੨. ਜੇਰਜ = ਜਿਓਰ ਵਿਚੋਂ ਜੰਮਣ ਵਾਲੇ, ਪਸ਼ੂ ਮਨੁੱਖ। ੩. ਸੇਤਜ = ਮੁੜ੍ਹਕੇ ਅਤੇ ਧਰਤੀ ਦੇ ਹੁੰਮ ਨਾਲ ਪੈਦਾ ਹੋਣ ਵਾਲੇ, ਜੂਆਂ, ਚੀਚ ਵਹੁਟੀਆਂ ਆਦਿਕ। ੪. ਉਤਭੁਜ = ਧਰਤੀ ਵਿਚੋਂ ਜੰਮਣ ਵਾਲੇ ਰੁੱਖ ਆਦਿਕ}। ਬਾਣੀ = ਬੋਲੀ, ਸਭ ਦੇਸਾਂ ਦੇ ਜੀਵਾਂ ਦੀਆਂ ਵਖ-ਵਖ ਬੋਲੀਆਂ। ਗਗਨ = ਆਕਾਸ਼। ਪਤਾਲੀ = ਪਾਤਾਲਾਂ ਵਿਚ।
ਸਭਿ ਸੁਖ ਮੁਕਤਿ ਨਾਮ ਧੁਨਿ ਬਾਣੀ ਸਚੁ ਨਾਮੁ ਉਰ ਧਾਰੀ ॥
All comforts and liberation are found in the Naam, and the vibrations of the Guru's Bani; I have enshrined the True Name within my heart.
ਪਰ ਜਿਨ੍ਹਾਂ ਨੇ ਤੇਰੇ ਸਦਾ-ਥਿਰ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ ਜਿਨ੍ਹਾਂ ਦੇ ਅੰਦਰ ਤੇਰੇ ਨਾਮ ਦੀ ਰੌ ਜਾਰੀ ਹੈ ਜਿਨ੍ਹਾਂ ਦੀ ਸੁਰਤ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਹੈ ਉਹਨਾਂ ਨੂੰ ਹੀ ਸਾਰੇ ਸੁਖ ਹਨ ਉਹਨਾਂ ਨੂੰ ਹੀ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਮਿਲਦੀ ਹੈ। ਸਭਿ = ਸਾਰੇ। ਮੁਕਤਿ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ। ਨਾਮ ਧੁਨਿ = ਨਾਮ ਦੀ ਰੌ। ਬਾਣੀ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਉਰ ਧਾਰੀ = ਹਿਰਦੇ ਵਿਚ ਟਿਕਿਆ। ਉਰ = ਹਿਰਦਾ।
ਨਾਮ ਬਿਨਾ ਨਹੀ ਛੂਟਸਿ ਨਾਨਕ ਸਾਚੀ ਤਰੁ ਤੂ ਤਾਰੀ ॥੯॥੭॥
Without the Naam, no one is saved; O Nanak, with the Truth, cross over to the other side. ||9||7||
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ ਮਾਇਆ ਦੇ ਮੋਹ ਤੋਂ ਬਚ ਨਹੀਂ ਸਕਦਾ, ਤੂੰ ਭੀ ਇਹੀ ਤਾਰੀ ਤਰ ਜਿਸ ਨਾਲ ਕਦੇ ਡੁੱਬਣ ਦਾ ਖ਼ਤਰਾ ਨਹੀਂ ਹੋਵੇਗਾ ॥੯॥੭॥ ਨਹੀ ਛੂਟਸਿ = ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਸਾਚੀ ਤਾਰੀ = ਉਹ ਤਾਰੀ ਜੋ ਸਦਾ-ਥਿਰ ਰਹੇ, ਉਹ ਤਾਰੀ ਜਿਸ ਵਿਚ ਡੁੱਬਣ ਦਾ ਖ਼ਤਰਾ ਨਾਹ ਹੋਵੇ ॥੯॥੭॥