ਰਾਮਕਲੀ ਮਹਲਾ ੫ ॥
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਸਗਲ ਸਿਆਨਪ ਛਾਡਿ ॥
Abandon all your clever tricks.
ਹੇ ਭਾਈ! ਇਹੋ ਜਿਹੇ ਸਾਰੇ ਖ਼ਿਆਲ ਛੱਡ ਦੇਹ ਕਿ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਤੂੰ ਬੜਾ ਸਿਆਣਾ ਹੈਂ, ਸਗਲ ਸਿਆਨਪ = ਸਾਰੀਆਂ ਚਤੁਰਾਈਆਂ, ਇਹੋ ਜਿਹੇ ਖ਼ਿਆਲ ਕਿ ਤੂੰ ਬੜਾ ਸਿਆਣਾ ਹੈਂ।
ਕਰਿ ਸੇਵਾ ਸੇਵਕ ਸਾਜਿ ॥
Become His servant, and serve Him.
ਸੇਵਕ ਵਾਲੀ ਭਾਵਨਾ ਨਾਲ (ਗੁਰੂ ਦੇ ਦਰ ਤੇ) ਸੇਵਾ ਕਰਿਆ ਕਰ। ਸੇਵਕ ਸਾਜਿ = ਸੇਵਕ ਦੀ ਮਰਯਾਦਾ ਨਾਲ, ਸੇਵਕ ਬਣ ਕੇ।
ਅਪਨਾ ਆਪੁ ਸਗਲ ਮਿਟਾਇ ॥
Totally erase your self-conceit.
(ਜਿਹੜਾ ਮਨੁੱਖ ਗੁਰੂ ਦੇ ਦਰ ਤੇ) ਆਪਣਾ ਸਾਰਾ ਆਪਾ-ਭਾਵ ਮਿਟਾ ਦੇਂਦਾ ਹੈ, ਆਪੁ = ਆਪਾ-ਭਾਵ।
ਮਨ ਚਿੰਦੇ ਸੇਈ ਫਲ ਪਾਇ ॥੧॥
You shall obtain the fruits of your mind's desires. ||1||
ਉਹੀ ਮਨ ਦੇ ਚਿਤਵੇ ਹੋਏ ਫਲ ਪ੍ਰਾਪਤ ਕਰਦਾ ਹੈ ॥੧॥ ਮਨ ਚਿੰਦੇ = ਮਨ ਦੇ ਚਿਤਵੇ ਹੋਏ। ਪਾਇ = ਪਾਂਦਾ ਹੈ ॥੧॥
ਹੋਹੁ ਸਾਵਧਾਨ ਅਪੁਨੇ ਗੁਰ ਸਿਉ ॥
Be awake and aware with your Guru.
ਹੇ ਭਾਈ! ਆਪਣੇ ਗੁਰੂ ਦੇ ਉਪਦੇਸ਼ ਵਲ, ਪੂਰਾ ਧਿਆਨ ਰੱਖਿਆ ਕਰ, ਸਾਵਧਾਨ = ਸ-ਅਵਧਾਨ, ਅਵਧਾਨ ਸਹਿਤ, ਧਿਆਨ ਸਹਿਤ। ਗੁਰ ਸਿਉ = ਗੁਰੂ ਨਾਲ।
ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ॥੧॥ ਰਹਾਉ ॥
Your hopes and desires shall be fulfilled, and you shall obtain all treasures from the Guru. ||1||Pause||
ਤੇਰੀ (ਹਰੇਕ) ਆਸ ਪੂਰੀ ਹੋ ਜਾਇਗੀ, ਤੇਰਾ (ਹਰੇਕ) ਮਨ ਦਾ ਫੁਰਨਾ ਪੂਰਾ ਹੋ ਜਾਇਗਾ। ਆਪਣੇ ਗੁਰੂ ਪਾਸੋਂ ਤੂੰ ਸਾਰੇ ਖ਼ਜ਼ਾਨੇ ਹਾਸਲ ਕਰ ਲਏਂਗਾ ॥੧॥ ਰਹਾਉ ॥ ਮਨਸਾ = ਮਨ ਦਾ ਫੁਰਨਾ। ਪਾਵਹਿ = ਤੂੰ ਪ੍ਰਾਪਤ ਕਰੇਂਗਾ। ਨਿਧਾਨ = ਖ਼ਜ਼ਾਨੇ ॥੧॥ ਰਹਾਉ ॥
ਦੂਜਾ ਨਹੀ ਜਾਨੈ ਕੋਇ ॥
Let no one think that God and Guru are separate.
ਹੇ ਭਾਈ! ਗੁਰੂ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਵੱਖਰੀ ਹਸਤੀ) ਨਹੀਂ ਜਾਣਦਾ। ਜਾਨੈ = ਜਾਣਦਾ।
ਸਤਗੁਰੁ ਨਿਰੰਜਨੁ ਸੋਇ ॥
The True Guru is the Immaculate Lord.
ਗੁਰੂ ਉਸ ਮਾਇਆ-ਰਹਿਤ ਨਿਰਲੇਪ ਪ੍ਰਭੂ ਨੂੰ ਹੀ (ਹਰ ਥਾਂ) ਜਾਣਦਾ ਹੈ। ਨਿਰੰਜਨੁ = {ਨਿਰ-ਅੰਜਨੁ} ਮਾਇਆ-ਰਹਿਤ ਪ੍ਰਭੂ ਨੂੰ।
ਮਾਨੁਖ ਕਾ ਕਰਿ ਰੂਪੁ ਨ ਜਾਨੁ ॥
Do not believe that He is a mere human being;
(ਇਸ ਵਾਸਤੇ ਗੁਰੂ ਨੂੰ) ਨਿਰਾ ਮਨੁੱਖ ਦਾ ਰੂਪ ਹੀ ਨਾਹ ਸਮਝ ਰੱਖ। ਨ ਜਾਨੁ = ਨਾਹ ਸਮਝ।
ਮਿਲੀ ਨਿਮਾਨੇ ਮਾਨੁ ॥੨॥
He gives honor to the dishonored. ||2||
(ਗੁਰੂ ਦੇ ਦਰ ਤੋਂ ਉਸੇ ਮਨੁੱਖ ਨੂੰ) ਆਦਰ ਮਿਲਦਾ ਹੈ ਜੋ (ਆਪਣੀ ਸਿਆਣਪ ਦਾ) ਅਹੰਕਾਰ ਛੱਡ ਦੇਂਦਾ ਹੈ ॥੨॥ ਮਿਲੀ = ਮਿਲਦਾ ਹੈ। ਮਾਨੁ = ਆਦਰ ॥੨॥
ਗੁਰ ਕੀ ਹਰਿ ਟੇਕ ਟਿਕਾਇ ॥
Hold tight to the Support of the Guru, the Lord.
ਹੇ ਭਾਈ! ਪ੍ਰਭੂ ਦੇ ਰੂਪ ਗੁਰੂ ਦਾ ਹੀ ਆਸਰਾ-ਪਰਨਾ ਫੜ, ਟੇਕ = ਆਸਰਾ। ਟੇਕ ਟਿਕਾਇ = ਆਸਰਾ ਲੈ।
ਅਵਰ ਆਸਾ ਸਭ ਲਾਹਿ ॥
Give up all other hopes.
ਹੋਰ (ਆਸਰਿਆਂ ਦੀਆਂ) ਸਭ ਆਸਾਂ (ਮਨ ਵਿਚੋਂ) ਦੂਰ ਕਰ ਦੇਹ। ਲਾਹਿ = ਦੂਰ ਕਰ ਦੇ।
ਹਰਿ ਕਾ ਨਾਮੁ ਮਾਗੁ ਨਿਧਾਨੁ ॥
Ask for the treasure of the Name of the Lord,
(ਗੁਰੂ ਦੇ ਦਰ ਤੋਂ ਹੀ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਮੰਗਿਆ ਕਰ, ਮਾਗੁ = ਮੰਗ। ਨਿਧਾਨੁ = ਖ਼ਜ਼ਾਨਾ।
ਤਾ ਦਰਗਹ ਪਾਵਹਿ ਮਾਨੁ ॥੩॥
and then you shall be honored in the Court of the Lord. ||3||
ਤਦੋਂ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ-ਸਤਕਾਰ ਪ੍ਰਾਪਤ ਕਰੇਂਗਾ ॥੩॥
ਗੁਰ ਕਾ ਬਚਨੁ ਜਪਿ ਮੰਤੁ ॥
Chant the Mantra of the Guru's Word.
ਹੇ ਭਾਈ! ਗੁਰੂ ਦਾ ਬਚਨ ਗੁਰੂ ਦਾ ਸ਼ਬਦ-ਮੰਤ੍ਰ (ਸਦਾ) ਜਪਿਆ ਕਰ, ਮੰਤੁ = ਮੰਤਰ, ਉਪਦੇਸ਼। ਜਪਿ = ਜਪਿਆ ਕਰ।
ਏਹਾ ਭਗਤਿ ਸਾਰ ਤਤੁ ॥
This is the essence of true devotional worship.
ਇਹੀ ਵਧੀਆ ਭਗਤੀ ਹੈ, ਇਹੀ ਹੈ ਭਗਤੀ ਦੀ ਅਸਲੀਅਤ। ਸਾਰ = ਸ੍ਰੇਸ਼ਟ। ਤਤੁ = ਅਸਲੀਅਤ।
ਸਤਿਗੁਰ ਭਏ ਦਇਆਲ ॥
When the True Guru becomes merciful,
ਜਿਨ੍ਹਾਂ ਮਨੁੱਖਾਂ ਉਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ,
ਨਾਨਕ ਦਾਸ ਨਿਹਾਲ ॥੪॥੨੮॥੩੯॥
slave Nanak is enraptured. ||4||28||39||
ਹੇ ਨਾਨਕ! ਉਹ ਦਾਸ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ ॥੪॥੨੮॥੩੯॥ ਨਿਹਾਲ = ਪ੍ਰਸੰਨ, ਚੜ੍ਹਦੀ ਕਲਾ ਵਾਲੇ ॥੪॥੨੮॥੩੯॥