ਗਉੜੀ ਮਹਲਾ ੧ ॥
Gauree, First Mehl:
ਗਊੜੀ ਪਹਿਲੀ ਪਾਤਸ਼ਾਹੀ।
ਉਲਟਿਓ ਕਮਲੁ ਬ੍ਰਹਮੁ ਬੀਚਾਰਿ ॥
The inverted heart-lotus has been turned upright, through reflective meditation on God.
ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਚਿੱਤ ਜੋੜਿਆਂ ਹਿਰਦਾ-ਕਮਲ ਮਾਇਆ ਦੇ ਮੋਹ ਵਲੋਂ ਹਟ ਜਾਂਦਾ ਹੈ, ਉਲਟਿਓ = ਪਰਤਿਆ ਹੈ, ਮਾਇਆ ਦੇ ਮੋਹ ਵਲੋਂ ਹਟਿਆ ਹੈ। ਕਮਲੁ = ਹਿਰਦਾ-ਕਮਲ। ਬ੍ਰਹਮੁ ਬੀਚਾਰਿ = ਬ੍ਰਹਮ ਨੂੰ ਵਿਚਾਰ ਕੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਚਿੱਤ ਜੋੜਿਆਂ।
ਅੰਮ੍ਰਿਤ ਧਾਰ ਗਗਨਿ ਦਸ ਦੁਆਰਿ ॥
From the Sky of the Tenth Gate, the Ambrosial Nectar trickles down.
ਦਿਮਾਗ਼ ਵਿਚ ਭੀ (ਸਿਫ਼ਤ-ਸਾਲਾਹ ਦੀ ਬਰਕਤ ਨਾਲ) ਨਾਮ-ਅੰਮ੍ਰਿਤ ਦੀ ਵਰਖਾ ਹੁੰਦੀ ਹੈ (ਤੇ ਮਾਇਆ ਵਾਲੇ ਝੰਬੇਲਿਆਂ ਦੀ ਅਸ਼ਾਂਤੀ ਮਿੱਟ ਕੇ ਠੰਢ ਪੈਂਦੀ ਹੈ)। ਅੰਮ੍ਰਿਤ ਧਾਰ = ਅੰਮ੍ਰਿਤ ਦੀ ਧਾਰ, ਨਾਮ-ਅੰਮ੍ਰਿਤ ਦੀ ਵਰਖਾ। ਗਗਨਿ = ਗਗਨ ਵਿਚ, ਆਕਾਸ਼ ਵਿਚ, ਚਿੱਤ-ਰੂਪ ਆਕਾਸ਼ ਵਿਚ, ਚਿਦਾਕਾਸ਼ ਵਿਚ। ਦਸ ਦੁਆਰਿ = ਦਸਵੇਂ ਦੁਆਰ ਵਿਚ, ਦਿਮਾਗ਼ ਵਿਚ। ਅੰਮ੍ਰਿਤਧਾਰ ਦਸ ਦੁਆਰਿ = ਦਿਮਾਗ਼ ਵਿਚ ਨਾਮ ਦੀ ਵਰਖਾ ਹੁੰਦੀ ਹੈ, ਦਿਮਾਗ਼ ਵਿਚ ਠੰਢ ਪੈਂਦੀ ਹੈ (ਭਾਵ, ਦਿਮਾਗ਼ ਵਿਚ ਪਹਿਲਾਂ ਦੁਨੀਆ ਦੇ ਝੰਮੇਲਿਆਂ ਦੀ ਤੇਜ਼ੀ ਸੀ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਸ਼ਾਂਤੀ ਹੋ ਗਈ)।
ਤ੍ਰਿਭਵਣੁ ਬੇਧਿਆ ਆਪਿ ਮੁਰਾਰਿ ॥੧॥
The Lord Himself is pervading the three worlds. ||1||
(ਫਿਰ ਦਿਲ ਨੂੰ ਭੀ ਤੇ ਦਿਮਾਗ਼ ਨੂੰ ਭੀ ਇਹ ਯਕੀਨ ਹੋ ਜਾਂਦਾ ਹੈ ਕਿ) ਪ੍ਰਭੂ ਆਪ ਸਾਰੇ ਜਗਤ (ਦੇ ਜ਼ੱਰੇ ਜ਼ੱਰੇ) ਵਿਚ ਮੌਜੂਦ ਹੈ ॥੧॥ ਤ੍ਰਿਭਵਣੁ = ਤਿੰਨ ਭਵਨ, ਸਾਰਾ ਸੰਸਾਰ। ਬੇਧਿਆ = ਵਿੰਨ੍ਹ ਲਿਆ, ਵਿਆਪਕ। ਮੁਰਾਰਿ = {ਮੁਰ ਦਾ ਅਰੀ} ਪਰਮਾਤਮਾ ॥੧॥
ਰੇ ਮਨ ਮੇਰੇ ਭਰਮੁ ਨ ਕੀਜੈ ॥
O my mind, do not give in to doubt.
ਹੇ ਮੇਰੇ ਮਨ! (ਮਾਇਆ ਦੀ ਖ਼ਾਤਰ) ਭਟਕਣ ਛੱਡ ਦੇ (ਅਤੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜ)। ਭਰਮੁ = ਭਟਕਣਾ, ਮਾਇਆ ਦੀ ਦੌੜ-ਭੱਜ।
ਮਨਿ ਮਾਨਿਐ ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥
When the mind surrenders to the Name, it drinks in the essence of Ambrosial Nectar. ||1||Pause||
(ਹੇ ਭਾਈ!) ਜਦੋਂ ਮਨ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਚੰਗੀ ਲੱਗਣ ਲੱਗ ਪੈਂਦੀ ਹੈ, ਤਦੋਂ ਇਹ ਸਿਫ਼ਤ-ਸਾਲਾਹ ਦਾ ਸੁਆਦ ਮਾਣਨ ਲੱਗ ਪੈਂਦਾ ਹੈ ॥੧॥ ਰਹਾਉ ॥ ਮਨਿ ਮਾਨਿਐ = ਜੇ ਮਨ ਮੰਨ ਜਾਏ, ਜੇ ਮਨ ਨਾਮ-ਰਸ ਵਿਚ ਟਿਕ ਜਾਏ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਪੀਜੈ = ਪੀ ਲਈਦਾ ਹੈ ॥੧॥ ਰਹਾਉ ॥
ਜਨਮੁ ਜੀਤਿ ਮਰਣਿ ਮਨੁ ਮਾਨਿਆ ॥
So win the game of life; let your mind surrender and accept death.
(ਸਿਫ਼ਤ-ਸਾਲਾਹ ਵਿਚ ਜੁੜਿਆਂ) ਜਨਮ-ਮਨੋਰਥ ਪ੍ਰਾਪਤ ਕਰ ਕੇ ਮਨ ਨੂੰ ਸੁਆਰਥ ਦਾ ਮੁੱਕ ਜਾਣਾ ਪਸੰਦ ਆ ਜਾਂਦਾ ਹੈ। ਜੀਤਿ = ਜਿੱਤ ਕੇ। ਜਨਮੁ ਜੀਤਿ = ਜਨਮ ਜਿੱਤ ਕੇ, ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਕੇ। ਮਰਣਿ = ਮਰਨ ਵਿਚ, ਸੁਆਰਥ ਦੀ ਮੌਤ ਵਿਚ। ਮਨੁ ਮਾਨਿਆ = ਮਨ ਪਤੀਜ ਜਾਂਦਾ ਹੈ। ਮਰਣਿ ਮਨੁ ਮਾਨਿਆ = ਆਪਾ-ਭਾਵ ਵਲੋਂ ਮੌਤ ਵਿਚ ਮਨ ਪਤੀਜ ਜਾਂਦਾ ਹੈ, ਮਨ ਨੂੰ ਇਹ ਗੱਲ ਪਸੰਦ ਆ ਜਾਂਦੀ ਹੈ ਕਿ ਖ਼ੁਦਗ਼ਰਜ਼ੀ ਨਾਹ ਰਹੇ।
ਆਪਿ ਮੂਆ ਮਨੁ ਮਨ ਤੇ ਜਾਨਿਆ ॥
When the self dies, the individual mind comes to know the Supreme Mind.
ਇਸ ਗੱਲ ਦੀ ਸੂਝ ਮਨ ਅੰਦਰੋਂ ਹੀ ਪੈ ਜਾਂਦੀ ਹੈ ਕਿ ਆਪਾ-ਭਾਵ ਮੁੱਕ ਗਿਆ ਹੈ। ਆਪਿ = ਆਪਾ-ਭਾਵ ਵਲੋਂ। ਮਨ ਤੇ = ਮਨ ਤੋਂ, ਅੰਦਰੋਂ ਹੀ। ਜਾਨਿਆ = ਸਮਝ ਆ ਜਾਂਦੀ ਹੈ।
ਨਜਰਿ ਭਈ ਘਰੁ ਘਰ ਤੇ ਜਾਨਿਆ ॥੨॥
As the inner vision is awakened, one comes to know one's own home, deep within the self. ||2||
ਜਦੋਂ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਹਿਰਦੇ ਵਿਚ ਹੀ ਇਹ ਅਨੁਭਵ ਹੋ ਜਾਂਦਾ ਹੈ ਕਿ ਸੁਰਤ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਹੈ ॥੨॥ ਨਜਰਿ = ਪ੍ਰਭੂ ਦੀ ਮਿਹਰ ਦੀ ਨਜ਼ਰ। ਘਰੁ = ਪਰਮਾਤਮਾ ਦਾ ਟਿਕਾਣਾ, ਪ੍ਰਭੂ-ਚਰਨਾਂ ਵਿਚ ਟਿਕਾਓ। ਘਰ ਤੇ = ਘਰ ਤੋਂ, ਹਿਰਦੇ ਵਿਚ ਹੀ ॥੨॥
ਜਤੁ ਸਤੁ ਤੀਰਥੁ ਮਜਨੁ ਨਾਮਿ ॥
The Naam, the Name of the Lord, is austerity, chastity and cleansing baths at sacred shrines of pilgrimage.
ਪਰਮਾਤਮਾ ਦੇ ਨਾਮ ਵਿਚ ਜੁੜਨਾ ਹੀ ਜਤ ਸਤ ਤੇ ਤੀਰਥ-ਇਸ਼ਨਾਨ (ਦਾ ਉੱਦਮ) ਹੈ। ਜਤੁ = ਇੰਦ੍ਰਿਆਂ ਨੂੰ ਰੋਕਣਾ। ਸਤੁ = ਪਵਿਤ੍ਰ ਆਚਰਨ। ਮਜਨੁ = ਮੱਜਨੁ, ਚੁੱਭੀ, ਇਸ਼ਨਾਨ। ਨਾਮਿ = ਨਾਮ ਵਿਚ।
ਅਧਿਕ ਬਿਥਾਰੁ ਕਰਉ ਕਿਸੁ ਕਾਮਿ ॥
What good are ostentatious displays?
ਮੈਂ (ਜਤ ਸਤ ਆਦਿਕ ਵਾਲਾ) ਬਹੁਤਾ ਖਿਲਾਰਾ ਖਿਲਾਰਾਂ ਭੀ ਕਿਉਂ? (ਇਹ ਸਾਰੇ ਉੱਦਮ ਤਾਂ ਲੋਕ-ਵਿਖਾਵੇ ਦੇ ਹੀ ਹਨ, ਅਧਿਕ = ਬਹੁਤਾ। ਕਰਾਉ = ਕਰਾਉਂ, ਮੈਂ ਕਰਾਂ। ਕਿਸੁ ਕਾਮਿ = ਕਿਸ ਕੰਮ ਲਈ? ਕਾਹਦੇ ਲਈ?
ਨਰ ਨਾਰਾਇਣ ਅੰਤਰਜਾਮਿ ॥੩॥
The All-pervading Lord is the Inner-knower, the Searcher of hearts. ||3||
(ਤੇ) ਪਰਮਾਤਮਾ ਹਰੇਕ ਦੇ ਦਿਲ ਦੀ ਜਾਣਦਾ ਹੈ ॥੩॥ ਨਰ ਨਾਰਾਇਣੁ = ਪਰਮਾਤਮਾ। ਅੰਤਰਜਾਮਿ = ਦਿਲਾਂ ਦੀ ਜਾਣਨ ਵਾਲਾ ॥੩॥
ਆਨ ਮਨਉ ਤਉ ਪਰ ਘਰ ਜਾਉ ॥
If I had faith in someone else, then I would go to that one's house.
(ਮਾਇਆ ਵਾਲੀ ਭਟਕਣਾ ਮੁਕਾਣ ਵਾਸਤੇ ਪ੍ਰਭੂ-ਦਰ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੋਰ ਕੋਈ ਆਸਰਾ ਨਹੀਂ, ਸੋ) ਮੈਂ ਤਦੋਂ ਹੀ ਕਿਸੇ ਹੋਰ ਥਾਂ ਜਾਵਾਂ ਜੇ ਮੈਂ (ਪ੍ਰਭੂ ਤੋਂ ਬਿਨਾ) ਕੋਈ ਹੋਰ ਥਾਂ ਮੰਨ ਹੀ ਲਵਾਂ। ਆਨ = ਕੋਈ ਹੋਰ (ਆਸਰਾ)। ਮਨਉ = ਜੇ ਮੈਂ ਮੰਨਾਂ। ਪਰ ਘਰਿ = ਦੂਜੇ ਘਰ ਵਿਚ, ਕਿਸੇ ਹੋਰ ਥਾਂ। ਜਾਉ = ਜਾਉਂ, ਮੈਂ ਜਾਵਾਂ।
ਕਿਸੁ ਜਾਚਉ ਨਾਹੀ ਕੋ ਥਾਉ ॥
But where should I go, to beg? There is no other place for me.
ਕੋਈ ਹੋਰ ਥਾਂ ਹੀ ਨਹੀਂ, ਮੈਂ ਕਿਸ ਪਾਸੋਂ ਇਹ ਮੰਗ ਮੰਗਾਂ (ਕਿ ਮੇਰਾ ਮਨ ਭਟਕਣੋਂ ਹਟ ਜਾਏ)? ਜਾਚਉ = ਮੈਂ ਮੰਗਾਂ।
ਨਾਨਕ ਗੁਰਮਤਿ ਸਹਜਿ ਸਮਾਉ ॥੪॥੮॥
O Nanak, through the Guru's Teachings, I am intuitively absorbed in the Lord. ||4||8||
ਹੇ ਨਾਨਕ! (ਮੈਨੂੰ ਯਕੀਨ ਹੈ ਕਿ ਗੁਰੂ ਦਾ ਉਪਦੇਸ਼ ਹਿਰਦੇ ਵਿਚ ਵਸਾ ਕੇ ਉਸ ਆਤਮਕ ਅਵਸਥਾ ਵਿਚ ਲੀਨ ਰਹਿ ਸਕੀਦਾ ਹੈ (ਜਿਥੇ ਮਾਇਆ ਵਾਲੀ ਭਟਕਣਾ ਦੀ ਅਣਹੋਂਦ ਹੈ) ਜਿਥੇ ਅਡੋਲਤਾ ਹੈ ॥੪॥੮॥ ਸਹਜਿ = ਸਹਜ ਵਿਚ, ਅਡੋਲਤਾ ਵਿਚ। ਸਮਾਉ = ਸਮਾਉਂ, ਮੈਂ ਲੀਨ ਹੁੰਦਾ ਹਾਂ ॥੪॥