ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ

Kabeer, why cry at the death of a Saint? He is just going back to his home.

ਹੇ ਕਬੀਰ! ਕਿਸੇ ਸੰਤ ਦੇ ਮਰਨ ਤੇ ਅਫ਼ਸੋਸ ਕਰਨ ਦੀ ਲੋੜ ਨਹੀਂ, ਕਿਉਂਕਿ ਉਹ ਸੰਤ ਤਾਂ ਉਸ ਘਰ ਵਿਚ ਜਾਂਦਾ ਹੈ ਜਿਥੋਂ ਉਸ ਨੂੰ ਕੋਈ ਕੱਢੇਗਾ ਨਹੀਂ (ਭਾਵ, ਉਹ ਸੰਤ 'ਦੀਨ' ਦਾ ਵਪਾਰੀ ਹੋਣ ਕਰਕੇ ਪ੍ਰਭੂ-ਚਰਨਾਂ ਵਿਚ ਜਾ ਅੱਪੜਦਾ ਹੈ); ਕਿਆ ਰੋਈਐ = ਰੋਣ ਦੀ ਲੋੜ ਨਹੀਂ, ਕਿਉਂ ਰੋਣਾ ਹੋਇਆ? ਗ੍ਰਿਹਿ = ਘਰ ਵਿਚ। ਅਪੁਨੇ ਗ੍ਰਿਹਿ = ਆਪਣੇ ਘਰ ਵਿਚ, ਉਸ ਘਰ ਵਿਚ ਜੋ ਨਿਰੋਲ ਉਸ ਦਾ ਆਪਣਾ ਹੈ ਜਿਥੋਂ ਉਸ ਨੂੰ ਕੋਈ ਕੱਢੇਗਾ ਨਹੀਂ। ਜਾਇ = ਜਾਂਦਾ ਹੈ।

ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥੧੬॥

Cry for the wretched, faithless cynic, who is sold from store to store. ||16||

(ਜੇ ਅਫ਼ਸੋਸ ਕਰਨਾ ਹੈ ਤਾਂ) ਉਸ ਮੰਦ-ਭਾਗੀ (ਦੇ ਮਰਨ) ਤੇ ਅਫ਼ਸੋਸ ਕਰੋ ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ ਹੈ, (ਉਹ ਆਪਣੇ ਕੀਤੇ ਮੰਦ-ਕਰਮਾਂ ਦੇ ਵੱਟੇ) ਹਰੇਕ ਹੱਟੀ ਤੇ ਵਿਕਦਾ ਹੈ (ਭਾਵ, ਸਾਰੀ 'ਦੁਨੀਆ' ਦੀ ਖ਼ਾਤਰ ਭਟਕਣ ਕਰਕੇ ਹੁਣ ਕਈ ਜੂਨਾਂ ਵਿਚ ਭਟਕਦਾ ਹੈ) ॥੧੬॥ ਸਾਕਤ = ਰੱਬ ਨਾਲੋਂ ਟੁੱਟਾ ਹੋਇਆ, ਪਰਮਾਤਮਾ ਤੋਂ ਵਿਛੁੜਿਆ ਹੋਇਆ ਜੀਵ, ਜੋ 'ਦੁਨੀਆ' ਦੀ ਖ਼ਾਤਰ 'ਦੀਨ' ਗਵਾ ਰਿਹਾ ਹੈ। ਬਾਪੁਰਾ = ਵਿਚਾਰਾ, ਬਦਨਸੀਬ, ਮੰਦ ਭਾਗੀ। ਰੋਵਹੁ = ਅਫ਼ਸੋਸ ਕਰੋ। ਜੁ = ਜੋ। ਹਾਟੈ ਹਾਟ = ਹੱਟੀ ਹੱਟੀ ਤੇ, ਹਰੇਕ ਹੱਟੀ ਤੇ, ਇਕ ਹੱਟੀ ਤੋਂ ਦੂਜੀ ਹੱਟੀ ਤੇ। ਬਿਕਾਇ = ਵਿਕਦਾ ਫਿਰਦਾ ਹੈ, ਕੀਤੇ ਵਿਕਾਰਾਂ ਦੇ ਵੱਟੇ ਭਵਾਂਈਦਾ ਹੈ ॥੧੬॥