ਕਬੀਰ ਮਾਇਆ ਡੋਲਨੀ ਪਵਨੁ ਵਹੈ ਹਿਵ ਧਾਰ

Kabeer, Maya is the butter-churn; the breath flows like ice water.

ਹੇ ਕਬੀਰ! ਇਹ 'ਦੁਨੀਆ' (ਮਾਇਆ') ਮਾਨੋ, ਦੁੱਧ ਦੀ ਚਾਟੀ ਹੈ, (ਇਸ ਚਾਟੀ ਵਿਚ ਨਾਮ ਦੀ) ਠੰਢਕ ਵਾਲੇ ਸੁਆਸ, ਮਾਨੋ, ਮਧਾਣੀ ਹਿਲਾਈ ਜਾ ਰਹੀ ਹੈ। ਵਹੈ = ਚੱਲਦੀ ਹੈ। ਹਿਵ = ਬਰਫ਼। ਹਿਵਧਾਰ = ਬਰਫ਼ ਦੀ ਧਾਰ ਵਾਲਾ, ਠੰਢਾ, ਸੀਤਲ। ਪਵਨੁ = ਸੁਆਸ। ਪਵਨੁ ਹਿਵਧਾਰ ਵਹੈ = (ਜਿਸ ਚਾਟੀ ਵਿਚ) ਸ਼ਾਂਤ ਸੁਆਸ-ਰੂਪ ਮਧਾਣੀ ਚੱਲਦੀ ਹੈ, ਨਾਮ ਦੀ ਠੰਢਕ ਵਾਲੇ ਸੁਆਸਾਂ ਦੀ ਮਧਾਣੀ ਹਿਲਦੀ ਹੈ।

ਜਿਨਿ ਬਿਲੋਇਆ ਤਿਨਿ ਖਾਇਆ ਅਵਰ ਬਿਲੋਵਨਹਾਰ ॥੧੯॥

Whoever does the churning eats the butter; the others are just churning-sticks. ||19||

ਜਿਸ (ਭਾਗਾਂ ਵਾਲੇ ਮਨੁੱਖ) ਨੇ (ਇਸ ਮਧਾਣੀ ਨਾਲ ਦੁੱਧ) ਰਿੜਕਿਆ ਹੈ ਉਸ ਨੇ (ਮੱਖਣ) ਖਾਧਾ ਹੈ, ਬਾਕੀ ਦੇ ਹੋਰ ਲੋਕ ਨਿਰਾ ਰਿੜਕ ਹੀ ਰਹੇ ਹਨ (ਉਹਨਾਂ ਨੂੰ ਮੱਖਣ ਖਾਣ ਨੂੰ ਨਹੀਂ ਮਿਲਦਾ) (ਭਾਵ, ਜੋ ਲੋਕ ਨਿਰਬਾਹ-ਮਾਤ੍ਰ ਮਾਇਆ ਨੂੰ ਵਰਤਦੇ ਹਨ, ਤੇ ਨਾਲ ਨਾਲ ਸੁਆਸ ਸੁਆਸ ਪਰਮਾਤਮਾ ਨੂੰ ਯਾਦ ਰੱਖਦੇ ਹਨ, ਉਹਨਾਂ ਦਾ ਜੀਵਨ ਸ਼ਾਂਤੀ-ਭਰਿਆ ਹੁੰਦਾ ਹੈ, ਮਨੁੱਖਾ ਜਨਮ ਦਾ ਅਸਲ ਮਨੋਰਥ ਉਹ ਪ੍ਰਾਪਤ ਕਰ ਲੈਂਦੇ ਹਨ। ਪਰ ਜੋ ਲੋਕ 'ਦੀਨ' ਵਿਸਾਰ ਕੇ ਨਿਰੀ 'ਦੁਨੀਆ' ਪਿੱਛੇ ਦੌੜ-ਭੱਜ ਕਰਦੇ ਹਨ, ਉਹ ਖ਼ੁਆਰ ਹੁੰਦੇ ਹਨ, ਤੇ ਜੀਵਨ ਅਜਾਈਂ ਗੰਵਾ ਜਾਂਦੇ ਹਨ) ॥੧੯॥ ਜਿਨਿ = ਜਿਸ ਮਨੁੱਖ ਨੇ। ਬਿਲੋਇਆ = (ਇਸ ਮਧਾਣੀ ਨਾਲ) ਰਿੜਕਿਆ ਹੈ। ਅਵਰ = ਹੋਰ ਲੋਕ। ਬਿਲੋਵਨਹਾਰ = ਨਿਰੇ ਰਿੜਕ ਹੀ ਰਹੇ ਹਨ ॥੧੯॥