ਗਉੜੀ

Gauree:

ਗਉੜੀ।

ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ

One who remains dead while yet alive, will live even after death; thus he merges into the Primal Void of the Absolute Lord.

ਜੋ ਮਨੁੱਖ ਮੁੜ ਮੁੜ ਜਤਨ ਕਰ ਕੇ ਮਨ ਵਿਕਾਰਾਂ ਦੇ ਫੁਰਨਿਆਂ ਵਲੋਂ ਹਟਾ ਲੈਂਦਾ ਹੈ, ਉਹ ਫਿਰ (ਅਸਲ ਜੀਵਨ) ਜੀਊਂਦਾ ਹੈ ਤੇ ਉਸ ਅਵਸਥਾ ਵਿਚ ਜਿਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ, ਇਉਂ ਲੀਨ ਹੁੰਦਾ ਹੈ, ਜੀਵਤ ਮਰੈ = ਜੀਊਂਦਾ ਹੀ ਮਰ ਜਾਂਦਾ ਹੈ, ਨਫ਼ਸਾਨੀ ਖ਼ਾਹਸ਼ਾਂ ਵਲੋਂ ਮਰਦਾ ਹੈ, ਮਨ ਨੂੰ ਵਿਕਾਰਾਂ ਦੇ ਫੁਰਨਿਆਂ ਵਲੋਂ ਹਟਾ ਲੈਂਦਾ ਹੈ। ਮਰੈ ਮਰੈ = ਮੁੜ ਮੁੜ ਮਰਦਾ ਹੈ, ਮੁੜ ਮੁੜ ਜਤਨ ਕਰ ਕੇ (ਨਫ਼ਸਾਨੀ ਖ਼ਾਹਸ਼ਾਂ ਵਲੋਂ) ਮਰਦਾ ਹੈ। ਐਸੇ = ਇਉਂ। ਫੁਨਿ = ਫਿਰ। ਜੀਵੈ = ਜੀਊ ਪੈਂਦਾ ਹੈ। ਸੁੰਨਿ = ਸੁੰਨ ਵਿਚ, ਸੁੰਞ ਵਿਚ, ਉਸ ਹਾਲਤ ਵਿਚ ਜਿਥੇ ਵਿਕਾਰਾਂ ਵਲੋਂ ਸੁੰਞ ਹੈ, ਉਸ ਅਵਸਥਾ ਵਿਚ ਜਿਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ।

ਅੰਜਨ ਮਾਹਿ ਨਿਰੰਜਨਿ ਰਹੀਐ ਬਹੁੜਿ ਭਵਜਲਿ ਪਾਇਆ ॥੧॥

Remaining pure in the midst of impurity, he will never again fall into the terrifying world-ocean. ||1||

ਕਿ ਮਾਇਆ ਵਿਚ ਰਹਿੰਦਾ ਹੋਇਆ ਭੀ ਉਹ ਮਾਇਆ-ਰਹਿਤ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ਤੇ ਮੁੜ (ਮਾਇਆ ਦੀ) ਘੁੰਮਣਘੇਰ ਵਿਚ ਨਹੀਂ ਪੈਂਦਾ ॥੧॥ ਅੰਜਨ = ਕਾਲਖ, ਮਾਇਆ, ਦੁਨੀਆ। ਨਿਰੰਜਨਿ = ਨਿਰੰਜਨ ਵਿਚ, ਅੰਜਨ-ਰਹਿਤ ਪ੍ਰਭੂ ਵਿਚ। ਬਹੁੜਿ = ਮੁੜ ਕੇ, ਫਿਰ। ਭਵਜਲਿ = ਭਵਜਲ ਵਿਚ, ਘੁੰਮਣਘੇਰ ਵਿਚ ॥੧॥

ਮੇਰੇ ਰਾਮ ਐਸਾ ਖੀਰੁ ਬਿਲੋਈਐ

O my Lord, this is the milk to be churned.

ਹੇ ਪਿਆਰੇ ਪ੍ਰਭੂ! ਤਦੋਂ ਹੀ ਦੁੱਧ ਰਿੜਕਿਆ ਜਾ ਸਕਦਾ ਹੈ (ਭਾਵ, ਸਿਮਰਨ ਦਾ ਸਫਲ ਉੱਦਮ ਕੀਤਾ ਜਾ ਸਕਦਾ ਹੈ) ਮੇਰੇ ਰਾਮ = ਹੇ ਪਿਆਰੇ ਪ੍ਰਭੂ! ਖੀਰੁ = ਦੁੱਧ। ਬਿਲੋਈਐ = ਰਿੜਕਿਆ ਜਾਂਦਾ ਹੈ।

ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮ੍ਰਿਤੁ ਪੀਓਈਐ ॥੧॥ ਰਹਾਉ

Through the Guru's Teachings, hold your mind steady and stable, and in this way, drink in the Ambrosial Nectar. ||1||Pause||

ਤੇ, ਇਸੇ ਤਰੀਕੇ ਨਾਲ ਹੀ (ਭਾਵ, ਜੇ ਤੂੰ ਮੇਰੇ ਮਨ ਨੂੰ ਅਡੋਲ ਰੱਖੇਂ) ਤੇਰਾ ਨਾਮ-ਅੰਮ੍ਰਿਤ ਪੀਤਾ ਜਾ ਸਕਦਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੀ ਮੱਤ ਦੇ ਕੇ ਮੇਰਾ ਕਮਜ਼ੋਰ ਮਨ (ਮਾਇਆ ਵਲੋਂ) ਅਡੋਲ ਰੱਖ ॥੧॥ ਰਹਾਉ ॥ ਮਨੂਆ = ਕਮਜ਼ੋਰ ਮਨ। ਅਸਥਿਰੁ ਰਾਖਹੁ = (ਹੇ ਮੇਰੇ ਰਾਮ! ਤੂੰ) ਅਡੋਲ ਰੱਖ। ਇਨ ਬਿਧਿ = ਇਸ ਤਰੀਕੇ ਨਾਲ (ਭਾਵ, ਜੇ ਤੂੰ ਮੇਰੇ ਮਨ ਨੂੰ ਅਡੋਲ ਰੱਖੇਂ)। ਪੀਓਈਐ = ਪੀ ਲਈਦਾ ਹੈ ॥੧॥ ਰਹਾਉ ॥

ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ

The Guru's arrow has pierced the hard core of this Dark Age of Kali Yuga, and the state of enlightenment has dawned.

ਜਿਸ ਮਨੁੱਖ ਨੇ ਸਤਿਗੁਰੂ ਦੇ (ਸ਼ਬਦ-ਰੂਪ) ਤੀਰ ਨਾਲ ਕਰੜੀ ਮਨੋ-ਕਲਪਣਾ ਵਿੰਨ੍ਹ ਲਈ ਹੈ (ਭਾਵ, ਮਨ ਦੀ ਵਿਕਾਰਾਂ ਵਲ ਦੀ ਦੌੜ ਰੋਕ ਲਈ ਹੈ) ਉਸ ਦੇ ਅੰਦਰ ਪ੍ਰਕਾਸ਼-ਪਦ ਪੈਦਾ ਹੋ ਜਾਂਦਾ ਹੈ (ਭਾਵ, ਉਸ ਦੇ ਅੰਦਰ ਉਹ ਅਵਸਥਾ ਬਣ ਜਾਂਦੀ ਹੈ ਜਿੱਥੇ ਐਸਾ ਆਤਮਕ ਚਾਨਣ ਹੋ ਜਾਂਦਾ ਹੈ ਕਿ ਉਹ ਮਾਇਆ ਦੇ ਹਨੇਰੇ ਵਿਚ ਨਹੀਂ ਫਸਦਾ)। ਕੈ = ਦੀ ਰਾਹੀਂ। ਗੁਰ ਕੈ ਬਾਣਿ = ਗੁਰੂ ਦੇ (ਸ਼ਬਦ-ਰੂਪ) ਤੀਰ ਨਾਲ। ਬਜਰ = ਕਰੜੀ। ਕਲ = (ਮਨੋ-) ਕਲਪਣਾ। ਛੇਦੀ = ਵਿੱਝ ਗਈ। ਪਦੁ ਪਰਗਾਸਾ = ਪਰਕਾਸ਼ ਦਾ ਦਰਜਾ, ਉਹ ਹਾਲਤ ਜਿਥੇ ਸਹੀ ਸਮਝ ਪੈਦਾ ਹੋ ਜਾਂਦੀ ਹੈ।

ਸਕਤਿ ਅਧੇਰ ਜੇਵੜੀ ਭ੍ਰਮੁ ਚੂਕਾ ਨਿਹਚਲੁ ਸਿਵ ਘਰਿ ਬਾਸਾ ॥੨॥

In the darkness of Maya, I mistook the rope for the snake, but that is over, and now I dwell in the eternal home of the Lord. ||2||

(ਜਿਵੇਂ ਹਨੇਰੇ ਵਿਚ) ਰੱਸੀ (ਨੂੰ ਸੱਪ ਸਮਝਣ) ਦਾ ਭੁਲੇਖਾ (ਪੈਂਦਾ ਹੈ ਤੇ ਚਾਨਣ ਹੋਇਆਂ ਉਹ ਭੁਲੇਖਾ ਮਿਟ ਜਾਂਦਾ ਹੈ ਤਿਵੇਂ) ਮਾਇਆ ਦੇ (ਪ੍ਰਭਾਵ-ਰੂਪ) ਹਨੇਰੇ ਵਿਚ (ਵਿਕਾਰਾਂ ਨੂੰ ਹੀ ਸਹੀ ਜੀਵਨ ਸਮਝ ਲੈਣ ਦਾ ਭੁਲੇਖਾ) ਨਾਮ ਦੇ ਚਾਨਣ ਨਾਲ ਮਿਟ ਜਾਂਦਾ ਹੈ, ਤੇ ਉਸ ਮਨੁੱਖ ਦਾ ਨਿਵਾਸ ਸਦਾ-ਅਨੰਦ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ ਸਦਾ ਲਈ ਹੋ ਜਾਂਦਾ ਹੈ ॥੨॥ ਸਕਤਿ = ਮਾਇਆ। ਅਧੇਰਾ = ਹਨੇਰਾ। ਜੇਵੜੀ = ਰੱਸੀ। ਭ੍ਰਮੁ = ਭੁਲੇਖਾ। ਸਿਵ ਘਰਿ = ਸ਼ਿਵ ਦੇ ਘਰ ਵਿਚ, ਸਦਾ ਅਨੰਦ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ। ਨਿਹਚਲੁ ਬਾਸਾ = ਅਟੱਲ ਟਿਕਾਣਾ ॥੨॥

ਤਿਨਿ ਬਿਨੁ ਬਾਣੈ ਧਨਖੁ ਚਢਾਈਐ ਇਹੁ ਜਗੁ ਬੇਧਿਆ ਭਾਈ

Maya has drawn her bow without an arrow, and has pierced this world, O Siblings of Destiny.

ਹੇ ਸੱਜਣ! (ਜਿਸ ਮਨੁੱਖ ਨੇ ਗੁਰ-ਸ਼ਬਦ ਰੂਪ ਤੀਰ ਦਾ ਆਸਰਾ ਲਿਆ ਹੈ) ਉਸ ਨੇ (ਮਾਨੋ,) ਤੀਰ ਕਮਾਨ ਚੜ੍ਹਾਉਣ ਤੋਂ ਬਿਨਾ ਹੀ ਇਸ ਜਗਤ ਨੂੰ ਵਿੰਨ੍ਹ ਲਿਆ ਹੈ (ਭਾਵ, ਮਾਇਆ ਦਾ ਜ਼ੋਰ ਆਪਣੇ ਉੱਤੇ ਪੈਣ ਨਹੀਂ ਦਿੱਤਾ)। ਤਿਨਿ = ਉਸ ਮਨੁੱਖ ਨੇ (ਜਿਸ ਨੇ 'ਗੁਰ ਕੈ ਬਾਣਿ ਬਜਰ ਕਲ ਛੇਦੀ')। ਬਾਣ = ਤੀਰ। ਬੇਧਿਆ = ਵਿੰਨ੍ਹ ਲਿਆ ਹੈ। ਭਾਈ = ਹੇ ਸੱਜਣ!

ਦਹ ਦਿਸ ਬੂਡੀ ਪਵਨੁ ਝੁਲਾਵੈ ਡੋਰਿ ਰਹੀ ਲਿਵ ਲਾਈ ॥੩॥

The drowning person is blown around in the ten directions by the wind, but I hold tight to the string of the Lord's Love. ||3||

(ਦੁਨੀਆ ਦੇ ਕੰਮ-ਕਾਰ ਰੂਪ) ਹਵਾ ਉਸ ਦੀ (ਜ਼ਿੰਦਗੀ ਦੀ) ਗੁੱਡੀ ਨੂੰ (ਭਾਵੇਂ ਵੇਖਣ-ਮਾਤ੍ਰ) ਦਸੀਂ ਪਾਸੀਂ ਉਡਾਉਂਦੀ ਹੈ (ਭਾਵ, ਭਾਵੇਂ, ਜੀਵਨ-ਨਿਰਬਾਹ ਦੀ ਖ਼ਾਤਰ ਉਹ ਕਿਰਤ-ਕਾਰ ਕਰਦਾ ਹੈ), ਪਰ, ਉਸ ਦੀ ਸੁਰਤ ਦੀ ਡੋਰ (ਪ੍ਰਭੂ ਨਾਲ) ਜੁੜੀ ਰਹਿੰਦੀ ਹੈ ॥੩॥ ਦਹਦਿਸ = ਦਸੀਂ ਪਾਸੀਂ। ਬੂਡੀ = ਗੁੱਡੀ। ਪਵਨੁ = ਹਵਾ। ਝੁਲਾਵੈ = ਝਕੋਲੇ ਦੇਂਦੀ ਹੈ, ਉਡਾਉਂਦੀ ਹੈ। ਡੋਰਿ = ਸੁਰਤ ਦੀ ਡੋਰੀ ॥੩॥

ਉਨਮਨਿ ਮਨੂਆ ਸੁੰਨਿ ਸਮਾਨਾ ਦੁਬਿਧਾ ਦੁਰਮਤਿ ਭਾਗੀ

The disturbed mind has been absorbed in the Lord; duality and evil-mindedness have run away.

ਉਸ ਮਨੁੱਖ ਦਾ ਮਨ ਬਿਰਹੋਂ ਅਵਸਥਾ ਵਿਚ ਅੱਪੜ ਕੇ ਉਸ ਹਾਲਤ ਵਿਚ ਲੀਨ ਹੋ ਜਾਂਦਾ ਹੈ, ਜਿੱਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ। ਉਸ ਦੀ ਦੁਬਿਧਾ ਤੇ ਉਸ ਦੀ ਭੈੜੀ ਮੱਤ ਸਭ ਨਾਸ ਹੋ ਜਾਂਦੀ ਹੈ। ਉਨਮਨਿ = ਉਨਮਨ ਵਿਚ, ਬਿਰਹੋਂ ਅਵਸਥਾ ਵਿਚ, ਉਸ ਹਾਲਤ ਵਿਚ ਜਿਥੇ ਮਨ ਪ੍ਰਭੂ ਨੂੰ ਮਿਲਣ ਲਈ ਬੇਤਾਬ ਹੋ ਜਾਂਦਾ ਹੈ। ਦੁਬਿਧਾ = {ਦੁ = ਬਿਧਾ=ਦੋ ਕਿਸਮਾਂ ਦਾ, ਦੋ ਤਰ੍ਹਾਂ ਦੇ ਆਸਰੇ ਤੱਕਣ ਵਾਲੀ ਹਾਲਤ} ਦੁਚਿਤਾ-ਪਨ। ਭਾਗੀ = ਭੱਜ ਜਾਂਦੀ ਹੈ।

ਕਹੁ ਕਬੀਰ ਅਨਭਉ ਇਕੁ ਦੇਖਿਆ ਰਾਮ ਨਾਮਿ ਲਿਵ ਲਾਗੀ ॥੪॥੨॥੪੬॥

Says Kabeer, I have seen the One Lord, the Fearless One; I am attuned to the Name of the Lord. ||4||2||46||

ਕਬੀਰ ਆਖਦਾ ਹੈ- ਉਹ ਇਕ ਅਚਰਜ ਚਮਤਕਾਰਾ ਆਪਣੇ ਅੰਦਰ ਵੇਖ ਲੈਂਦਾ ਹੈ। ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿਚ ਜੁੜ ਜਾਂਦੀ ਹੈ ॥੪॥੨॥੪੬॥ ਕਬੀਰ = ਹੇ ਕਬੀਰ! ਅਨਭਉ = ਆਪਣੇ ਅੰਦਰੋਂ ਪੈਦਾ ਹੋਇਆ ਗਿਆਨ। ਇਕ ਅਨਭਉ = ਅਸਚਰਜ ਹੱਡ-ਬੀਤਿਆ ਚਮਤਕਾਰਾ। ਨਾਮਿ = ਨਾਮ ਵਿਚ ॥੪॥੨॥੪੬॥