ਰਾਗੁ ਗਉੜੀ ਬੈਰਾਗਣਿ₁ ਕਬੀਰ ਜੀ ॥
Raag Gauree Bairaagan, Kabeer Jee:
ਰਾਗ ਗਉੜੀ-ਬੈਰਾਗਣਿ ਵਿੱਚ, ਭਗਤ ਕਬੀਰ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥
He does not honor his ancestors while they are alive, but he holds feasts in their honor after they have died.
ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ। ਜੀਵਤ = ਜੀਊਂਦੇ। ਪਿਤਰ = ਵੱਡੇ ਵਡੇਰੇ, ਪਿਉ ਬਾਬਾ ਪੜਦਾਦਾ ਆਦਿਕ ਵਡੇਰੇ ਜੋ ਮਰ ਕੇ ਪਰਲੋਕ ਵਿਚ ਜਾ ਚੁਕੇ ਹਨ। ਸਿਰਾਧ = ਪਿਤਰਾਂ ਦੇ ਨਿਮਿਤ ਬ੍ਰਾਹਮਣਾਂ ਨੂੰ ਖੁਆਇਆ ਹੋਇਆ ਭੋਜਨ {ਮਰ ਚੁੱਕੇ ਬਜ਼ੁਰਗਾਂ ਲਈ ਹਿੰਦੂ ਲੋਕ ਸਾਲ ਦੇ ਸਾਲ ਅੱਸੂ ਦੇ ਮਹੀਨੇ ਸਰਾਧ ਕਰਦੇ ਹਨ; ਬ੍ਰਾਹਮਣਾਂ ਨੂੰ ਭੋਜਨ ਖਿਲਾਂਦੇ ਹਨ। ਨਿਸ਼ਚਾ ਇਹ ਹੁੰਦਾ ਹੈ ਕਿ ਇਹ ਖੁਆਇਆ ਹੋਇਆ ਭੋਜਨ ਪਿਤਰਾਂ ਨੂੰ ਅੱਪੜ ਜਾਇਗਾ। ਸਰਾਧ ਅੱਸੂ ਦੀ ਪੂਰਨਮਾਸ਼ੀ ਤੋਂ ਸ਼ੁਰੂ ਹੋ ਕੇ ਮੱਸਿਆ ਤਕ ਰਹਿੰਦੇ ਹਨ; ਅਖ਼ੀਰਲਾ ਸਰਾਧ ਕਾਵਾਂ ਕੁੱਤਿਆਂ ਦਾ ਭੀ ਹੁੰਦਾ ਹੈ। ਚੰਦ ਦੇ ਮਹੀਨੇ ਦੇ ਹਿਸਾਬ ਜਿਸ ਤਰੀਕ (ਥਿਤ=ਤਿਥਿ) ਨੂੰ ਕੋਈ ਮਰੇ, ਸਰਾਧਾਂ ਦੇ ਦਿਨੀਂ ਉਸੇ ਥਿਤ ਤੇ ਉਸ ਦਾ ਸ਼ਰਾਧ ਕਰਾਉਂਦੇ ਹਨ। ਬ੍ਰਾਹਮਣਾਂ ਨੂੰ ਖੁਆ ਕੇ ਕਾਵਾਂ ਕੁੱਤਿਆਂ ਨੂੰ ਭੀ ਸਰਾਧ ਦਾ ਭੋਜਨ ਖੁਆਉਂਦੇ ਹਨ}।
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥
Tell me, how can his poor ancestors receive what the crows and the dogs have eaten up? ||1||
ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ ॥੧॥ ਬਪੁਰੇ = ਵਿਚਾਰੇ। ਕੂਕਰ = ਕੁੱਤੇ ॥੧॥
ਮੋ ਕਉ ਕੁਸਲੁ ਬਤਾਵਹੁ ਕੋਈ ॥
If only someone would tell me what real happiness is!
ਮੈਨੂੰ ਕੋਈ ਧਿਰ ਦੱਸੋ ਕਿ (ਪਿਤਰਾਂ ਦੇ ਨਮਿਤ ਸਰਾਧ ਖੁਆਉਣ ਨਾਲ ਪਿਛੇ ਘਰ ਵਿਚ) ਸੁਖ-ਆਨੰਦ ਕਿਵੇਂ ਹੋ ਜਾਂਦਾ ਹੈ। ਕੁਸਲੁ = ਸੁਖ-ਸਾਂਦ, ਅਨੰਦ।
ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ ॥੧॥ ਰਹਾਉ ॥
Speaking of happiness and joy, the world is perishing. How can happiness be found? ||1||Pause||
ਸਾਰਾ ਸੰਸਾਰ (ਇਸੇ ਭਰਮ-ਵਹਿਮ ਵਿਚ) ਖਪ ਰਿਹਾ ਹੈ ਕਿ (ਪਿਤਰਾਂ ਨਿਮਿਤ ਸਰਾਧ ਕੀਤਿਆਂ ਘਰ ਵਿਚ) ਸੁਖ-ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥
Making gods and goddesses out of clay, people sacrifice living beings to them.
ਮਿੱਟੀ ਦੇ ਦੇਵੀ-ਦੇਵਤੇ ਬਣਾ ਕੇ ਲੋਕ ਉਸ ਦੇਵੀ ਜਾਂ ਦੇਵਤੇ ਅੱਗੇ (ਬੱਕਰੇ ਆਦਿਕ ਦੀ) ਕੁਰਬਾਨੀ ਦੇਂਦੇ ਹਨ। ਕਰਿ = ਬਣਾ ਕੇ। ਜੀਉ ਦੇਹੀ = ਬੱਕਰੇ ਆਦਿਕ ਦੀ ਕੁਰਬਾਨੀ ਦੇਂਦੇ ਹਨ। {❀ ਨੋਟ: ਵਿਆਹ-ਸ਼ਾਦੀਆਂ ਸਮੇ ਪੁਰਾਣੇ ਖ਼ਿਆਲਾਂ ਵਾਲੇ ਹਿੰਦੂ ਸੱਜਣ ਆਪਣੇ ਘਰਾਂ ਵਿਚ ਲੜਕੇ ਲੜਕੀ ਨੂੰ ਮਾਈਏਂ ਪਾਣ ਵਾਲੇ ਦਿਨ 'ਵੱਡੇ ਅੱਡਦੇ' ਹਨ (ਭਾਵ) ਘਰ ਵਿਚ ਇਕ ਨਿਵੇਕਲੇ ਥਾਂ ਪੋਚਾ ਦੇ ਕੇ ਮਿੱਟੀ ਦੇ 'ਵੱਡੇ' ਬਣਾ ਕੇ ਉਹਨਾਂ ਦੇ ਅੱਗੇ ਪਾਣੀ ਦਾ ਘੜਾ ਭਰ ਕੇ ਰੱਖਦੇ ਹਨ। ਵਿਆਹ ਵਾਲੇ ਕੁੜੀ ਤੇ ਮੁੰਡਾ ਮੱਥਾ ਟੇਕਦੇ ਹਨ, ਤੇ ਇਸ ਤਰ੍ਹਾਂ ਆਪਣੇ ਪਿਤਰਾਂ ਪਾਸੋਂ 'ਕੁਸ਼ਲ' ਦੀ ਅਸੀਸ ਲੈਂਦੇ ਹਨ}
ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥੨॥
Such are your dead ancestors, who cannot ask for what they want. ||2||
(ਹੇ ਭਾਈ! ਇਸੇ ਤਰ੍ਹਾਂ) ਦੇ (ਮਿੱਟੀ ਦੇ ਬਣਾਏ ਹੋਏ) ਤੁਹਾਡੇ ਪਿਤਰ ਅਖਵਾਉਂਦੇ ਹਨ, (ਉਹਨਾਂ ਅੱਗੇ ਭੀ ਜੋ ਤੁਹਾਡਾ ਚਿੱਤ ਕਰਦਾ ਹੈ ਧਰ ਦੇਂਦੇ ਹੋ) ਉਹ ਆਪਣੇ ਮੂੰਹੋਂ ਮੰਗਿਆ ਕੁਝ ਨਹੀਂ ਲੈ ਸਕਦੇ ॥੨॥
ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥
You murder living beings and worship lifeless things; at your very last moment, you shall suffer in terrible pain.
ਲੋਕੀ ਜੀਉਂਦੇ ਜੀਵਾਂ ਨੂੰ (ਦੇਵੀ ਦੇਵਤਿਆਂ ਅੱਗੇ ਭੇਟ ਕਰਨ ਲਈ) ਮਾਰਦੇ ਹਨ (ਤੇ ਇਸ ਤਰ੍ਹਾਂ ਮਿੱਟੀ ਆਦਿਕ ਦੇ ਬਣਾਏ ਹੋਏ) ਨਿਰਜਿੰਦ ਦੇਵਤਿਆਂ ਨੂੰ ਪੂਜਦੇ ਹਨ; ਆਪਣਾ ਅੱਗਾ ਵਿਗਾੜੀ ਜਾ ਰਹੇ ਹਨ। ਸਰਜੀਉ = ਜਿੰਦ ਵਾਲੇ, ਜੀਊਂਦੇ ਜੀਵ। ਨਿਰਜੀਉ = ਨਿਰਜਿੰਦ ਦੇਵਤਿਆਂ ਤੇ ਪਿਤਰਾਂ ਨੂੰ ਜੋ ਮਿੱਟੀ ਦੇ ਬਣਾਏ ਹੁੰਦੇ ਹਨ। ਕਾਲ = ਸਮਾਂ।
ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ ॥੩॥
You do not know the value of the Lord's Name; you shall drown in the terrifying world-ocean. ||3||
(ਐਸੇ ਲੋਕਾਂ ਨੂੰ) ਉਸ ਆਤਮਕ ਅਵਸਥਾ ਦੀ ਸਮਝ ਨਹੀਂ ਪੈਂਦੀ ਜੋ ਪ੍ਰਭੂ ਦਾ ਨਾਮ ਸਿਮਰਦਿਆਂ ਬਣਦੀ ਹੈ। ਲੋਕ ਲੋਕਾਚਾਰੀ ਰਸਮਾਂ ਦੇ ਡਰ ਵਿਚ ਗ਼ਰਕ ਹੋ ਰਹੇ ਹਨ ॥੩॥ ਗਤਿ = ਹਾਲਤ, ਅਵਸਥਾ। ਰਾਮ ਨਾਮ ਕੀ ਗਤਿ = ਉਹ ਆਤਮਕ ਅਵਸਥਾ ਜੋ ਪ੍ਰਭੂ ਦਾ ਨਾਮ ਸਿਮਰਿਆਂ ਬਣਦੀ ਹੈ। ਸੰਸਾਰੀ ਭੈ = ਸੰਸਾਰੀ ਡਰ ਵਿਚ, ਲੋਕਾਚਾਰੀ ਰਸਮਾਂ ਦੇ ਡਰ ਵਿਚ, ਲੋਕਲਾਜ ਵਿਚ ॥੩॥
ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥
You worship gods and goddesses, but you do not know the Supreme Lord God.
(ਅਜਿਹੇ ਲੋਕ ਮਿੱਟੀ ਦੇ ਬਣਾਏ ਹੋਏ) ਦੇਵੀ-ਦੇਵਤਿਆਂ ਨੂੰ ਪੂਜਦੇ ਹਨ ਤੇ ਸਹਿਮੇ ਭੀ ਰਹਿੰਦੇ ਹਨ (ਕਿਉਂਕਿ ਅਸਲ 'ਕੁਸ਼ਲ' ਦੇਣ ਵਾਲੇ) ਅਕਾਲ ਪੁਰਖ ਨੂੰ ਉਹ ਜਾਣਦੇ ਹੀ ਨਹੀਂ ਹਨ। ਡੋਲਹਿ = ਡੋਲਦੇ ਹਨ, ਸਹਿਮੇ ਰਹਿੰਦੇ ਹਨ।
ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥੪॥੧॥੪੫॥
Says Kabeer, you have not remembered the Lord who has no ancestors; you are clinging to your corrupt ways. ||4||1||45||
ਕਬੀਰ ਆਖਦਾ ਹੈ-ਉਹ ਜਾਤ-ਕੁਲ-ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਉਹ (ਸਦਾ) ਮਾਇਆ ਨਾਲ ਲਪਟੇ ਰਹਿੰਦੇ ਹਨ ॥੪॥੧॥੪੫॥ ਅਕੁਲੁ = {ਅ-ਕੁਲੁ} ਉਹ ਪ੍ਰਭੂ ਜੋ ਕਿਸੇ ਕੁਲ-ਜਾਤ ਵਿਚ ਨਹੀਂ ਜੰਮਦਾ। ਬਿਖਿਆ = ਮਾਇਆ ॥੪॥੧॥੪੫॥