ਕੇਦਾਰਾ ਮਹਲਾ

Kaydaaraa, Fifth Mehl:

ਕੇਦਾਰਾ ਪੰਜਵੀਂ ਪਾਤਿਸ਼ਾਹੀ।

ਸੰਤਹ ਧੂਰਿ ਲੇ ਮੁਖਿ ਮਲੀ

I take the dust of the feet of the Saints and apply it to my face.

ਹੇ ਭਾਈ ! (ਜਿਸ ਮਨੁੱਖ ਨੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਲੈ ਕੇ (ਆਪਣੇ) ਮੱਥੇ ਉੱਤੇ ਮਲ ਲਈ (ਤੇ, ਸੰਤਾਂ ਦੀ ਸੰਗਤ ਵਿਚ ਜਿਸ ਨੇ ਪਰਮਾਤਮਾ ਦੇ ਗੁਣ ਗਾਏ), ਧੂਰਿ = ਚਰਨ-ਧੂੜ। ਲੇ = (ਜਿਸ ਨੇ) ਲੈ ਕੇ। ਮੁਖਿ = (ਆਪਣੇ) ਮੂੰਹ ਉੱਤੇ।

ਗੁਣਾ ਅਚੁਤ ਸਦਾ ਪੂਰਨ ਨਹ ਦੋਖ ਬਿਆਪਹਿ ਕਲੀ ਰਹਾਉ

Hearing of the Imperishable, Eternally Perfect Lord, pain does not afflict me, even in this Dark Age of Kali Yuga. ||Pause||

ਅਬਿਨਾਸ਼ੀ ਤੇ ਸਰਬ-ਵਿਆਪਕ ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਣ ਦੀ ਬਰਕਤਿ ਨਾਲ ਜਗਤ ਦੇ ਵਿਕਾਰ ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦੇ ॥ ਰਹਾਉ॥ ਅਚੁਤ = {च्युत to fall} ਅਬਿਨਾਸ਼ੀ। ਗੁਣਾ ਅਚੁਤ = ਅਬਿਨਾਸ਼ੀ ਪ੍ਰਭੂ ਦੇ ਗੁਣ (ਹਿਰਦੇ ਵਿਚ ਵਸਾਣ) ਨਾਲ। ਪੂਰਨ = ਸਰਬ-ਵਿਆਪਕ। ਦੋਖ ਕਲੀ = ਕਲਿਜੁਗ ਦੇ ਵਿਕਾਰ, ਜਗਤ ਦੇ ਵਿਕਾਰ {ਨੋਟ: ਲਫ਼ਜ਼ 'ਕਲੀ' ਇਥੇ ਕਿਸੇ ਖ਼ਾਸ 'ਜੁਗ' ਦਾ ਲਖਾਇਕ ਨਹੀਂ ਹੈ} ॥ ਰਹਾਉ॥

ਗੁਰ ਬਚਨਿ ਕਾਰਜ ਸਰਬ ਪੂਰਨ ਈਤ ਊਤ ਹਲੀ

Through the Guru's Word, all affairs are resolved, and the mind is not tossed about here and there.

(ਜਿਸ ਮਨੁੱਖ ਨੇ ਸੰਤ ਜਨਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਈ) ਗੁਰੂ ਦੇ ਉਪਦੇਸ਼ ਦਾ ਸਦਕਾ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ, ਉਸ ਦਾ ਮਨ ਇਧਰ ਉਧਰ ਨਹੀਂ ਡੋਲਦਾ, ਬਚਨਿ = ਬਚਨ ਦੀ ਰਾਹੀਂ। ਸਰਬ = ਸਾਰੇ। ਈਤ ਊਤ = ਇਧਰ ਉਧਰ। ਹਲੀ = ਡੋਲਦਾ।

ਪ੍ਰਭ ਏਕ ਅਨਿਕ ਸਰਬਤ ਪੂਰਨ ਬਿਖੈ ਅਗਨਿ ਜਲੀ ॥੧॥

Whoever sees the One God to be pervading in all the many beings, does not burn in the fire of corruption. ||1||

(ਉਸ ਨੂੰ ਇਉਂ ਦਿੱਸ ਪੈਂਦਾ ਹੈ ਕਿ) ਇਕ ਪਰਮਾਤਮਾ ਅਨੇਕਾਂ ਰੂਪਾਂ ਵਿਚ ਸਭ ਥਾਈਂ ਵਿਆਪਕ ਹੈ, ਉਹ ਮਨੁੱਖ ਵਿਕਾਰਾਂ ਦੀ ਅੱਗ ਵਿਚ ਨਹੀਂ ਸੜਦਾ (ਉਸ ਦਾ ਆਤਮਕ ਜੀਵਨ ਵਿਕਾਰਾਂ ਦੀ ਅੱਗ ਵਿਚ ਤਬਾਹ ਨਹੀਂ ਹੁੰਦਾ) ॥੧॥ ਬਿਖੈ ਅਗਨਿ = ਵਿਸ਼ਿਆਂ ਦੀ ਅੱਗ (ਵਿਚ)। ਜਲੀ = ਸੜਦਾ ॥੧॥

ਗਹਿ ਭੁਜਾ ਲੀਨੋ ਦਾਸੁ ਅਪਨੋ ਜੋਤਿ ਜੋਤੀ ਰਲੀ

The Lord grasps His slave by the arm, and his light merges into the Light.

ਪ੍ਰਭੂ ਆਪਣੇ ਜਿਸ ਦਾਸ ਨੂੰ (ਉਸ ਦੀ) ਬਾਂਹ ਫੜ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ। ਗਹਿ = ਫੜ ਕੇ। ਭੁਜਾ = ਬਾਂਹ। ਜੋਤਿ = ਜਿੰਦ। ਜੋਤੀ = ਪ੍ਰਭ ਦੀ ਜੋਤਿ ਵਿਚ।

ਪ੍ਰਭ ਚਰਨ ਸਰਨ ਅਨਾਥੁ ਆਇਓ ਨਾਨਕ ਹਰਿ ਸੰਗਿ ਚਲੀ ॥੨॥੬॥੧੪॥

Nanak, the orphan, has come seeking the Sanctuary of God's Feet; O Lord, he walks with You. ||2||6||14||

ਹੇ ਨਾਨਕ! ਜਿਹੜਾ ਅਨਾਥ (ਪ੍ਰਾਣੀ ਭੀ) ਪ੍ਰਭੂ ਦੇ ਚਰਨਾਂ ਦੀ ਸਰਨ ਵਿਚ ਆ ਜਾਂਦਾ ਹੈ, ਉਹ ਪ੍ਰਾਣੀ ਪ੍ਰਭੂ ਦੀ ਯਾਦ ਵਿਚ ਹੀ ਜੀਵਨ-ਰਾਹ ਉਤੇ ਤੁਰਦਾ ਹੈ ॥੨॥੬॥੧੪॥ ਅਨਾਥੁ = ਨਿਮਾਣਾ। ਸੰਗਿ = ਨਾਲ ॥੨॥੬॥੧੪॥