ਮਾਝ ਮਹਲਾ ੪ ॥
Maajh, Fourth Mehl:
ਮਾਝ, ਚਉਥੀ ਪਾਤਸ਼ਾਹੀ।
ਆਦਿ ਪੁਰਖੁ ਅਪਰੰਪਰੁ ਆਪੇ ॥
The Primal Being is Himself remote and beyond.
ਜੇਹੜਾ ਪਰਮਾਤਮਾ (ਸਭ ਦਾ) ਮੁੱਢ ਹੈ ਜੋ ਸਰਬ-ਵਿਆਪਕ ਹੈ, ਜਿਸ (ਦੀ ਹਸਤੀ) ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਜੋ (ਆਪਣੇ ਵਰਗਾ) ਆਪ ਹੀ ਹੈ, ਆਦਿ = ਸਭ ਦਾ ਮੁੱਢ। ਪੁਰਖੁ = ਸਰਬ-ਵਿਆਪਕ। ਅਪਰੰਪਰੁ = ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
ਆਪੇ ਥਾਪੇ ਥਾਪਿ ਉਥਾਪੇ ॥
He Himself establishes, and having established, He disestablishes.
ਉਹ ਆਪ ਹੀ (ਜਗਤ ਨੂੰ) ਰਚਦਾ ਹੈ, ਰਚ ਕੇ ਆਪ ਹੀ ਇਸ ਦਾ ਨਾਸ ਕਰਦਾ ਹੈ। ਥਾਪਿ = ਪੈਦਾ ਕਰ ਕੇ। ਉਥਾਪੇ = ਨਾਸ ਕਰਦਾ ਹੈ।
ਸਭ ਮਹਿ ਵਰਤੈ ਏਕੋ ਸੋਈ ਗੁਰਮੁਖਿ ਸੋਭਾ ਪਾਵਣਿਆ ॥੧॥
The One Lord is pervading in all; those who become Gurmukh are honored. ||1||
ਉਹ ਪਰਮਾਤਮਾ ਸਭ ਜੀਵਾਂ ਵਿਚ ਆਪ ਹੀ ਆਪ ਮੌਜੂਦ ਹੈ (ਫਿਰ ਭੀ ਉਹੀ ਮਨੁੱਖ ਉਸ ਦੇ ਦਰ ਤੇ) ਸੋਭਾ ਪਾਂਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥
ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮੁ ਧਿਆਵਣਿਆ ॥
I am a sacrifice, my soul is a sacrifice, to those who meditate on the Naam, the Name of the Formless Lord.
ਮੈਂ ਉਹਨਾਂ ਬੰਦਿਆਂ ਤੋਂ ਸਦਾ ਸਦਕੇ ਕੁਰਬਾਨ ਹਾਂ, ਜੇਹੜੇ ਨਿਰਾਕਾਰ ਪਰਮਾਤਮਾ ਦਾ ਨਾਮ ਸਿਮਰਦੇ ਹਨ। ਨਿਰੰਕਾਰੀ ਨਾਮੁ = ਆਕਾਰ ਰਹਿਤ ਪ੍ਰਭੂ ਦਾ ਨਾਮ।
ਤਿਸੁ ਰੂਪੁ ਨ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ ॥੧॥ ਰਹਾਉ ॥
He has no form or shape; He is seen within each and every heart. The Gurmukh comes to know the unknowable. ||1||Pause||
ਉਸ ਪਰਮਾਤਮਾ ਦਾ ਕੋਈ ਖਾਸ ਰੂਪ ਨਹੀਂ ਕੋਈ ਖ਼ਾਸ ਚਿਹਨ-ਚੱਕਰ ਨਹੀਂ ਦੱਸਿਆ ਜਾ ਸਕਦਾ, (ਉਂਞ) ਉਹ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ, ਉਸ ਅਦ੍ਰਿਸ਼ਟ ਪ੍ਰਭੂ ਨੂੰ ਗੁਰੂ ਦੀ ਸਰਨ ਪੈ ਕੇ ਹੀ ਸਮਝਿਆ ਜਾ ਸਕਦਾ ਹੈ ॥੧॥ ਰਹਾਉ ॥ ਰੇਖਿਆ = ਚਿਹਨ-ਚੱਕਰ। ਘਟਿ ਘਟਿ = ਹਰੇਕ ਘਟ ਵਿਚ। ਅਲਖੁ = ਅਦ੍ਰਿਸ਼ਟ ॥੧॥ ਰਹਾਉ ॥
ਤੂ ਦਇਆਲੁ ਕਿਰਪਾਲੁ ਪ੍ਰਭੁ ਸੋਈ ॥
You are God, Kind and Merciful.
(ਹੇ ਪ੍ਰਭੂ!) ਤੂੰ ਦਇਆ ਦਾ ਘਰ ਹੈਂ, ਕਿਰਪਾ ਦਾ ਸੋਮਾ ਹੈਂ, ਤੂੰ ਹੀ ਸਭ ਜੀਵਾਂ ਦਾ ਮਾਲਕ ਹੈਂ। ਪ੍ਰਭੂ-ਮਾਲਕ।
ਤੁਧੁ ਬਿਨੁ ਦੂਜਾ ਅਵਰੁ ਨ ਕੋਈ ॥
Without You, there is no other at all.
ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਜੀਵ ਨਹੀਂ ਹੈ।
ਗੁਰੁ ਪਰਸਾਦੁ ਕਰੇ ਨਾਮੁ ਦੇਵੈ ਨਾਮੇ ਨਾਮਿ ਸਮਾਵਣਿਆ ॥੨॥
When the Guru showers His Grace upon us, He blesses us with the Naam; through the Naam, we merge in the Naam. ||2||
(ਜਿਸ ਮਨੁੱਖ ਉੱਤੇ) ਗੁਰੂ ਕਿਰਪਾ ਕਰਦਾ ਹੈ ਉਸ ਨੂੰ ਤੇਰਾ ਨਾਮ ਬਖ਼ਸ਼ਦਾ ਹੈ, ਉਹ ਮਨੁੱਖ ਤੇਰੇ ਨਾਮ ਵਿਚ ਹੀ ਮਸਤ ਰਹਿੰਦਾ ਹੈ ॥੨॥ ਪਰਸਾਦੁ = ਕਿਰਪਾ। ਨਾਮੇ ਨਾਮਿ = ਨਾਮ ਵਿਚ ਹੀ ਨਾਮ ਵਿਚ ਹੀ ॥੨॥
ਤੂੰ ਆਪੇ ਸਚਾ ਸਿਰਜਣਹਾਰਾ ॥
You Yourself are the True Creator Lord.
(ਹੇ ਪ੍ਰਭੂ!) ਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈਂ। ਸਚਾ = ਸਦਾ-ਥਿਰ।
ਭਗਤੀ ਭਰੇ ਤੇਰੇ ਭੰਡਾਰਾ ॥
Your treasures are overflowing with devotional worship.
(ਤੇਰੇ ਪਾਸ) ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ।
ਗੁਰਮੁਖਿ ਨਾਮੁ ਮਿਲੈ ਮਨੁ ਭੀਜੈ ਸਹਜਿ ਸਮਾਧਿ ਲਗਾਵਣਿਆ ॥੩॥
The Gurmukhs obtain the Naam. Their minds are enraptured, and they easily and intuitively enter into Samaadhi. ||3||
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ (ਗੁਰੂ ਪਾਸੋਂ) ਤੇਰਾ ਨਾਮ ਮਿਲ ਜਾਂਦਾ ਹੈ, ਉਸ ਦਾ ਮਨ (ਤੇਰੇ ਨਾਮ ਦੀ ਯਾਦ ਵਿਚ) ਰਸਿਆ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਸਮਾਧੀ ਲਾਈ ਰੱਖਦਾ ਹੈ (ਟਿਕਿਆ ਰਹਿੰਦਾ ਹੈ) ॥੩॥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਭੀਜੈ = ਤਰੋ-ਤਰ ਹੋ ਜਾਂਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ ॥੩॥
ਅਨਦਿਨੁ ਗੁਣ ਗਾਵਾ ਪ੍ਰਭ ਤੇਰੇ ॥
Night and day, I sing Your Glorious Praises, God.
ਹੇ ਪ੍ਰਭੂ! ਹੇ ਮੇਰੇ ਪ੍ਰੀਤਮ! (ਮੇਰੇ ਉੱਤੇ ਮਿਹਰ ਕਰ) ਮੈਂ ਹਰ ਰੋਜ਼ (ਹਰ ਵੇਲੇ) ਤੇਰੇ ਗੁਣ ਗਾਂਦਾ ਰਹਾਂ। ਅਨਦਿਨੁ = ਹਰ ਰੋਜ਼ {अनुदिन}। ਗਾਵਾ = ਗਾਵਾਂ, ਮੈਂ ਗਾਵਾਂ।
ਤੁਧੁ ਸਾਲਾਹੀ ਪ੍ਰੀਤਮ ਮੇਰੇ ॥
I praise You, O my Beloved.
ਮੈਂ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਰਹਾਂ। ਪ੍ਰੀਤਮ = ਹੇ ਪ੍ਰੀਤਮ।
ਤੁਧੁ ਬਿਨੁ ਅਵਰੁ ਨ ਕੋਈ ਜਾਚਾ ਗੁਰ ਪਰਸਾਦੀ ਤੂੰ ਪਾਵਣਿਆ ॥੪॥
Without You, there is no other for me to seek out. It is only by Guru's Grace that You are found. ||4||
ਤੈਥੋਂ ਬਿਨਾ ਮੈਂ ਹੋਰ ਕਿਸੇ ਪਾਸੋਂ ਕੁਝ ਨਾਹ ਮੰਗਾਂ। (ਹੇ ਮੇਰੇ ਪ੍ਰੀਤਮ!) ਗੁਰੂ ਦੀ ਕਿਰਪਾ ਨਾਲ ਹੀ ਤੈਨੂੰ ਮਿਲ ਸਕੀਦਾ ਹੈ ॥੪॥ ਜਾਚਾ = ਜਾਚਾਂ, ਮੈਂ ਮੰਗਦਾ ਹਾਂ। ਤੂੰ = ਤੈਨੂੰ ॥੪॥
ਅਗਮੁ ਅਗੋਚਰੁ ਮਿਤਿ ਨਹੀ ਪਾਈ ॥
The limits of the Inaccessible and Incomprehensible Lord cannot be found.
(ਹੇ ਪ੍ਰਭੂ!) ਤੂੰ ਅਪਹੁੰਚ ਹੈਂ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਤੂੰ ਕੇਡਾ ਵੱਡਾ ਹੈਂ-ਇਹ ਗੱਲ ਕੋਈ ਜੀਵ ਨਹੀਂ ਦੱਸ ਸਕਦਾ। ਅਗਮੁ = ਅਪਹੁੰਚ {अगम्य}। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ। ਮਿਤਿ = ਮਾਪ, ਅੰਦਾਜ਼ਾ।
ਅਪਣੀ ਕ੍ਰਿਪਾ ਕਰਹਿ ਤੂੰ ਲੈਹਿ ਮਿਲਾਈ ॥
Bestowing Your Mercy, You merge us into Yourself.
ਜਿਸ ਮਨੁੱਖ ਉੱਤੇ (ਹੇ ਪ੍ਰਭੂ!) ਤੂੰ ਮਿਹਰ ਕਰਦਾ ਹੈਂ, ਉਸਨੂੰ ਤੂੰ ਆਪਣੇ (ਚਰਨਾਂ) ਵਿਚ ਮਿਲਾ ਲੈਂਦਾ ਹੈਂ।
ਪੂਰੇ ਗੁਰ ਕੈ ਸਬਦਿ ਧਿਆਈਐ ਸਬਦੁ ਸੇਵਿ ਸੁਖੁ ਪਾਵਣਿਆ ॥੫॥
Through the Shabad, the Word of the Perfect Guru, we meditate on the Lord. Serving the Shabad, peace is found. ||5||
(ਹੇ ਭਾਈ!) ਉਸ ਪ੍ਰਭੂ ਨੂੰ ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ। ਮਨੁੱਖ ਸਤਿਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਧਾਰ ਕੇ ਆਤਮਕ ਆਨੰਦ ਮਾਣ ਸਕਦਾ ਹੈ ॥੫॥ ਸੇਵਿ = ਸੇਵ ਕੇ ॥੫॥
ਰਸਨਾ ਗੁਣਵੰਤੀ ਗੁਣ ਗਾਵੈ ॥
Praiseworthy is the tongue which sings the Lord's Glorious Praises.
ਉਹ ਜੀਭ ਭਾਗਾਂ ਵਾਲੀ ਹੈ, ਜੇਹੜੀ ਪਰਮਾਤਮਾ ਦੇ ਗੁਣ ਗਾਂਦੀ ਹੈ। ਰਸਨਾ = ਜੀਭ।
ਨਾਮੁ ਸਲਾਹੇ ਸਚੇ ਭਾਵੈ ॥
Praising the Naam, one becomes pleasing to the True One.
ਉਹ ਮਨੁੱਖ ਸਦਾ-ਥਿਰ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ, ਜੇਹੜਾ ਪਰਮਾਤਮਾ ਦੇ ਨਾਮ ਨੂੰ ਸਲਾਹੁੰਦਾ ਹੈ। ਸਲਾਹੇ = ਸਲਾਹੁੰਦਾ ਹੈ।
ਗੁਰਮੁਖਿ ਸਦਾ ਰਹੈ ਰੰਗਿ ਰਾਤੀ ਮਿਲਿ ਸਚੇ ਸੋਭਾ ਪਾਵਣਿਆ ॥੬॥
The Gurmukh remains forever imbued with the Lord's Love. Meeting the True Lord, glory is obtained. ||6||
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੀ ਜੀਭ ਸਦਾ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀ ਰਹਿੰਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਮਿਲ ਕੇ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ ॥੬॥ ਰੰਗਿ = ਪ੍ਰੇਮ-ਰੰਗ ਵਿਚ ॥੬॥
ਮਨਮੁਖੁ ਕਰਮ ਕਰੇ ਅਹੰਕਾਰੀ ॥
The self-willed manmukhs do their deeds in ego.
ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਭਾਵੇਂ ਆਪਣੇ ਵੱਲੋਂ ਮਿੱਥੇ ਹੋਏ ਧਾਰਮਿਕ) ਕੰਮ ਕਰਦਾ ਹੈ, (ਪਰ) ਅਹੰਕਾਰ ਵਿਚ ਮੱਤਾ ਰਹਿੰਦਾ ਹੈ (ਕਿ ਮੈਂ ਧਰਮੀ ਹਾਂ)। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।
ਜੂਐ ਜਨਮੁ ਸਭ ਬਾਜੀ ਹਾਰੀ ॥
They lose their whole lives in the gamble.
ਉਹ ਮਨੁੱਖ (ਮਾਨੋ) ਜੂਏ ਵਿਚ ਆਪਣਾ ਜੀਵਨ ਹਾਰ ਦੇਂਦਾ ਹੈ, ਉਹ ਮਨੁੱਖਾ ਜੀਵਨ ਦੀ ਬਾਜੀ ਹਾਰ ਜਾਂਦਾ ਹੈ। ਜੂਐ = ਜੂਏ ਵਿਚ।
ਅੰਤਰਿ ਲੋਭੁ ਮਹਾ ਗੁਬਾਰਾ ਫਿਰਿ ਫਿਰਿ ਆਵਣ ਜਾਵਣਿਆ ॥੭॥
Within is the terrible darkness of greed, and so they come and go in reincarnation, over and over again. ||7||
ਉਸ ਦੇ ਅੰਦਰ ਮਾਇਆ ਦਾ ਲੋਭ (ਪ੍ਰਬਲ ਰਹਿੰਦਾ) ਹੈ, ਉਸ ਦੇ ਅੰਦਰ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਪਿਆ ਰਹਿੰਦਾ ਹੈ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੭॥ ਗੁਬਾਰਾ = ਹਨੇਰਾ ॥੭॥
ਆਪੇ ਕਰਤਾ ਦੇ ਵਡਿਆਈ ॥
The Creator Himself bestows Glory
ਉਹਨਾਂ ਨੂੰ ਉਹ ਕਰਤਾਰ ਆਪ ਹੀ (ਨਾਮ ਸਿਮਰਨ ਦੀ) ਵਡਿਆਈ ਬਖ਼ਸ਼ਦਾ ਹੈ, ਦੇ = ਦੇਂਦਾ ਹੈ।
ਜਿਨ ਕਉ ਆਪਿ ਲਿਖਤੁ ਧੁਰਿ ਪਾਈ ॥
On those whom He Himself has so pre-destined.
ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਪਰਮਾਤਮਾ ਨੇ ਆਪ ਆਪਣੀ ਦਰਗਾਹ ਤੋਂ ਹੀ ਨਾਮ ਸਿਮਰਨ ਦੀ ਦਾਤ ਦਾ ਲੇਖ ਲਿਖ ਦਿੱਤਾ ਹੈ। ਕਉ = ਨੂੰ। ਧੁਰਿ = ਧੁਰੋਂ।
ਨਾਨਕ ਨਾਮੁ ਮਿਲੈ ਭਉ ਭੰਜਨੁ ਗੁਰਸਬਦੀ ਸੁਖੁ ਪਾਵਣਿਆ ॥੮॥੧॥੩੪॥
O Nanak, they receive the Naam, the Name of the Lord, the Destroyer of fear; through the Word of the Guru's Shabad, they find peace. ||8||1||34||
ਹੇ ਨਾਨਕ! ਉਹਨਾਂ (ਵਡ-ਭਾਗੀਆਂ) ਨੂੰ (ਦੁਨੀਆ ਦੇ ਸਾਰੇ) ਡਰ ਦੂਰ ਕਰਨ ਵਾਲਾ ਪ੍ਰਭੂ-ਨਾਮ ਮਿਲ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਆਤਮਕ ਆਨੰਦ ਮਾਣਦੇ ਹਨ ॥੮॥੧॥੩੪॥ ਭਉ ਭੰਜਨੁ = ਡਰ ਨਾਸ ਕਰਨ ਵਾਲਾ ॥੮॥