ਮਾਝ ਮਹਲਾ ੩ ॥
Maajh, Third Mehl:
ਮਾਝ ਤੀਜੀ ਪਾਤਸ਼ਾਹੀ।
ਮਾਇਆ ਮੋਹੁ ਜਗਤੁ ਸਬਾਇਆ ॥
The whole world is engrossed in emotional attachment to Maya.
ਮਾਇਆ ਦਾ ਮੋਹ ਸਾਰੇ ਜਗਤ ਨੂੰ ਵਿਆਪ ਰਿਹਾ ਹੈ, ਸਬਾਇਆ = ਸਾਰਾ।
ਤ੍ਰੈ ਗੁਣ ਦੀਸਹਿ ਮੋਹੇ ਮਾਇਆ ॥
Those who are controlled by the three qualities are attached to Maya.
ਸਾਰੇ ਹੀ ਜੀਵ ਤਿੰਨਾਂ ਗੁਣਾਂ ਦੇ ਪ੍ਰਭਾਵ ਹੇਠ ਹਨ, ਮਾਇਆ ਦੇ ਮੋਹੇ ਹੋਏ ਹਨ। ਤ੍ਰੈਗੁਣ = ਤ੍ਰਿਗੁਣੀ ਜੀਵ। ਦੀਸਹਿ = ਦਿੱਸਦੇ ਹਨ।
ਗੁਰ ਪਰਸਾਦੀ ਕੋ ਵਿਰਲਾ ਬੂਝੈ ਚਉਥੈ ਪਦਿ ਲਿਵ ਲਾਵਣਿਆ ॥੧॥
By Guru's Grace, a few come to understand; they center their consciousness in the fourth state. ||1||
ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ। ਉਹ ਇਹਨਾਂ ਤਿੰਨਾਂ ਗੁਣਾਂ ਦੀ ਮਾਰ ਤੋਂ ਉਤਲੀ ਆਤਮਕ ਅਵਸਥਾ ਵਿਚ ਟਿਕ ਕੇ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥ ਪਦਿ = ਦਰਜੇ ਵਿਚ, ਅਵਸਥਾ ਵਿਚ। ਚਉਥੇ ਪਦਿ = ਉਸ ਆਤਮਕ ਅਵਸਥਾ ਵਿਚ ਜੇਹੜੀ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਹੈ ॥੧॥
ਹਉ ਵਾਰੀ ਜੀਉ ਵਾਰੀ ਮਾਇਆ ਮੋਹੁ ਸਬਦਿ ਜਲਾਵਣਿਆ ॥
I am a sacrifice, my soul is a sacrifice, to those who burn away their emotional attachment to Maya, through the Shabad.
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦੇ ਹਨ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।
ਮਾਇਆ ਮੋਹੁ ਜਲਾਏ ਸੋ ਹਰਿ ਸਿਉ ਚਿਤੁ ਲਾਏ ਹਰਿ ਦਰਿ ਮਹਲੀ ਸੋਭਾ ਪਾਵਣਿਆ ॥੧॥ ਰਹਾਉ ॥
Those who burn away this attachment to Maya, and focus their consciousness on the Lord are honored in the True Court, and the Mansion of the Lord's Presence. ||1||Pause||
ਜੇਹੜਾ ਮਨੁੱਖ ਮਾਇਆ ਦਾ ਮੋਹ ਸਾੜ ਲੈਂਦਾ ਹੈ, ਉਹ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿਤ ਜੋੜ ਲੈਂਦਾ ਹੈ, ਉਹ ਪਰਮਾਤਮਾ ਦੇ ਦਰ ਤੇ ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ ॥੧॥ ਰਹਾਉ ॥ ਦਰਿ = ਦਰ ਤੇ। ਮਹਲੀ = ਮਹਲਿ, ਮਹਲ ਵਿਚ ॥੧॥ ਰਹਾਉ ॥
ਦੇਵੀ ਦੇਵਾ ਮੂਲੁ ਹੈ ਮਾਇਆ ॥
The source, the root, of the gods and goddesses is Maya.
ਇਹ ਮਾਇਆ ਹੀ (ਭਾਵ, ਸੁਖਾਂ ਦੀ ਕਾਮਨਾ ਤੇ ਦੁਖਾਂ ਤੋਂ ਡਰ) ਦੇਵੀਆਂ ਦੇਵਤੇ ਰਚੇ ਜਾਣ ਦਾ ਕਾਰਨ ਹੈ। ਦੇਵੀ ਦੇਵਾ ਮੂਲੁ = ਦੇਵੀ ਦੇਵਤਿਆਂ ਦੇ ਰਚੇ ਜਾਣ ਦਾ ਮੁੱਢ। ਮਾਇਆ = ਸੁੱਖਾਂ ਦੀ ਲਾਲਸਾ ਤੇ ਦੁੱਖਾਂ ਤੋਂ ਡਰ।
ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ॥
For them, the Simritees and the Shaastras were composed.
ਇਸ ਮਾਇਆ ਨੇ ਹੀ ਸਿਮ੍ਰਿਤੀਆਂ ਤੇ ਸ਼ਾਸਤ੍ਰ ਪੈਦਾ ਕਰ ਦਿੱਤੇ (ਭਾਵ, ਸੁਖਾਂ ਦੀ ਪ੍ਰਾਪਤੀ ਤੇ ਦੁੱਖਾਂ ਦੀ ਨਿਵਿਰਤੀ ਦੀ ਖ਼ਾਤਰ ਹੀ ਸਿਮ੍ਰਿਤੀਆਂ ਸ਼ਾਸਤ੍ਰਾਂ ਦੀ ਰਾਹੀਂ ਕਰਮ ਕਾਂਡ ਰਚੇ ਗਏ)। ਜਿੰਨਿ = ਜਿਨਿ, ਜਿਸ (ਮਾਇਆ) ਨੇ।
ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ ॥੨॥
Sexual desire and anger are diffused throughout the universe. Coming and going, people suffer in pain. ||2||
ਸਾਰੇ ਸੰਸਾਰ ਵਿਚ ਸੁਖਾਂ ਦੀ ਲਾਲਸਾ ਤੇ ਦੁਖਾਂ ਤੋਂ ਡਰ ਦਾ ਜਜ਼ਬਾ ਪਸਰ ਰਿਹਾ ਹੈ, ਜਿਸ ਕਰ ਕੇ ਜੀਵ ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁਖ ਪਾ ਰਹੇ ਹਨ ॥੨॥ ਕਾਮੁ = (ਸੁੱਖਾਂ ਦੀ) ਕਾਮਨਾ। ਕ੍ਰੋਧੁ = (ਦੁੱਖਾਂ ਦੇ ਵਿਰੁੱਧ) ਗੁੱਸਾ। ਸੰਸਾਰੇ = ਸੰਸਾਰਿ, ਸੰਸਾਰ ਵਿਚ। ਆਇ = ਆ ਕੇ, ਜੰਮ ਕੇ। ਆਇ ਜਾਇ = ਜਨਮ ਮਰਨ ਦੇ ਗੇੜ ਵਿਚ ॥੨॥
ਤਿਸੁ ਵਿਚਿ ਗਿਆਨ ਰਤਨੁ ਇਕੁ ਪਾਇਆ ॥
The jewel of spiritual wisdom was placed within the universe.
ਇਸ ਜਗਤ ਵਿਚ (ਹੀ) ਇਕ ਰਤਨ (ਭੀ ਹੈ, ਉਹ ਹੈ) ਪਰਮਾਤਮਾ ਨਾਲ ਡੂੰਘੀ ਸਾਂਝ ਦਾ ਰਤਨ। ਤਿਸੁ ਵਿਚਿ = ਇਸ ਸੰਸਾਰ ਵਿਚ।
ਗੁਰ ਪਰਸਾਦੀ ਮੰਨਿ ਵਸਾਇਆ ॥
By Guru's Grace, it is enshrined within the mind.
(ਜਿਸ ਮਨੁੱਖ ਨੇ ਉਹ ਰਤਨ) ਲੱਭ ਲਿਆ ਹੈ, ਜਿਸ ਨੇ ਇਹ ਰਤਨ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਵਿਚ ਵਸਾ ਲਿਆ ਹੈ (ਪ੍ਰੋ ਲਿਆ ਹੈ), ਮੰਨਿ = ਮਨਿ, ਮਨ ਵਿਚ।
ਜਤੁ ਸਤੁ ਸੰਜਮੁ ਸਚੁ ਕਮਾਵੈ ਗੁਰਿ ਪੂਰੈ ਨਾਮੁ ਧਿਆਵਣਿਆ ॥੩॥
Celibacy, chastity, self-discipline and the practice of truthfulness are obtained from the Perfect Guru, by meditating on the Naam, the Name of the Lord. ||3||
ਉਹ ਮਨੁੱਖ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹ ਮਨੁੱਖ, ਮਾਨੋ, ਸਦਾ ਟਿਕੇ ਰਹਿਣ ਵਾਲਾ ਜਤ ਕਮਾ ਰਿਹਾ ਹੈ ਸਤ ਕਮਾ ਰਿਹਾ ਹੈ ਤੇ ਸੰਜਮ ਕਮਾ ਰਿਹਾ ਹੈ ॥੩॥ ਗੁਰਿ = ਗੁਰੂ ਦੀ ਰਾਹੀਂ ॥੩॥
ਪੇਈਅੜੈ ਧਨ ਭਰਮਿ ਭੁਲਾਣੀ ॥
In this world of her parents' home, the soul-bride has been deluded by doubt.
ਜੇਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ, ਧਨ = ਜੀਵ-ਇਸਤ੍ਰੀ। ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਭਰਮਿ = ਭਟਕਣਾ ਵਿਚ। ਭੁਲਾਣੀ = ਕੁਰਾਹੇ ਪੈ ਗਈ।
ਦੂਜੈ ਲਾਗੀ ਫਿਰਿ ਪਛੋਤਾਣੀ ॥
Attached to duality, she later comes to regret it.
ਉਹ (ਸਦਾ) ਮਾਇਆ ਦੇ ਮੋਹ ਵਿਚ ਮਗਨ ਰਹਿੰਦੀ ਹੈ ਤੇ ਆਖ਼ਿਰ ਪਛੁਤਾਂਦੀ ਹੈ। ਦੂਜੈ = (ਪ੍ਰਭੂ ਤੋਂ ਬਿਨਾ) ਹੋਰ ਵਿਚ। ਪਛੋਤਾਣੀ = ਪਛੁਤਾਣੀ।
ਹਲਤੁ ਪਲਤੁ ਦੋਵੈ ਗਵਾਏ ਸੁਪਨੈ ਸੁਖੁ .ਨ ਪਾਵਣਿਆ ॥੪॥
She forfeits both this world and the next, and even in her dreams, she does not find peace. ||4||
ਉਹ ਜੀਵ-ਇਸਤ੍ਰੀ ਇਹ ਲੋਕ ਤੇ ਪਰਲੋਕ ਦੋਵੇਂ ਗਵਾ ਲੈਂਦੀ ਹੈ, ਉਸ ਨੂੰ ਸੁਪਨੇ ਵਿਚ ਭੀ ਆਤਮਕ ਆਨੰਦ ਨਸੀਬ ਨਹੀਂ ਹੁੰਦਾ ॥੪॥ ਹਲਤੁ = ਇਹ ਲੋਕ। ਪਲਤੁ = ਪਰਲੋਕ ॥੪॥
ਪੇਈਅੜੈ ਧਨ ਕੰਤੁ ਸਮਾਲੇ ॥
The soul-bride who remembers her Husband Lord in this world,
ਜੇਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਖਸਮ-ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਸੰਭਾਲ ਰੱਖਦੀ ਹੈ, ਸਮਾਲੇ = (ਹਿਰਦੇ ਵਿਚ) ਸਾਂਭਦੀ ਹੈ।
ਗੁਰ ਪਰਸਾਦੀ ਵੇਖੈ ਨਾਲੇ ॥
by Guru's Grace, sees Him close at hand.
ਗੁਰੂ ਦੀ ਕਿਰਪਾ ਨਾਲ ਉਸ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦੀ ਹੈ,
ਪਿਰ ਕੈ ਸਹਜਿ ਰਹੈ ਰੰਗਿ ਰਾਤੀ ਸਬਦਿ ਸਿੰਗਾਰੁ ਬਣਾਵਣਿਆ ॥੫॥
She remains intuitively attuned to the Love of her Beloved; she makes the Word of His Shabad her decoration. ||5||
ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ-ਪਤੀ ਦੇ ਪ੍ਰੇਮ ਨੂੰ ਆਪਣੇ ਆਤਮਕ ਜੀਵਨ ਦਾ) ਸਿੰਗਾਰ ਬਣਾਂਦੀ ਹੈ ॥੫॥ ਸਹਜਿ = ਆਤਮਕ ਅਡੋਲਤਾ ਵਿਚ। ਪਿਰ ਕੈ ਰੰਗਿ = ਪ੍ਰਭੂ-ਪਤੀ ਦੇ ਪ੍ਰੇਮ ਰੰਗ ਵਿਚ। ਸਬਦਿ = ਸ਼ਬਦ ਦੀ ਰਾਹੀਂ ॥੫॥
ਸਫਲੁ ਜਨਮੁ ਜਿਨਾ ਸਤਿਗੁਰੁ ਪਾਇਆ ॥
Blessed and fruitful is the coming of those who find the True Guru;
ਜਿਨ੍ਹਾਂ (ਵਡ-ਭਾਗੀ ਮਨੁੱਖਾਂ) ਨੂੰ ਸਤਿਗੁਰੂ ਮਿਲ ਪਿਆ, ਉਹਨਾਂ ਦਾ ਮਨੁੱਖਾ-ਜਨਮ ਕਾਮਯਾਬ ਹੋ ਜਾਂਦਾ ਹੈ।
ਦੂਜਾ ਭਾਉ ਗੁਰ ਸਬਦਿ ਜਲਾਇਆ ॥
through the Word of the Guru's Shabad, they burn their love of duality.
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ (ਆਪਣੇ ਅੰਦਰੋਂ) ਮਾਇਆ ਦਾ ਪਿਆਰ ਸਾੜ ਲੈਂਦੇ ਹਨ। ਦੂਜਾ ਭਾਉ = (ਪ੍ਰਭੂ ਤੋਂ ਬਿਨਾ) ਹੋਰ ਪਿਆਰ, ਮਾਇਆ ਦਾ ਮੋਹ।
ਏਕੋ ਰਵਿ ਰਹਿਆ ਘਟ ਅੰਤਰਿ ਮਿਲਿ ਸਤਸੰਗਤਿ ਹਰਿ ਗੁਣ ਗਾਵਣਿਆ ॥੬॥
The One Lord is permeating and pervading deep within the heart. Joining the Sat Sangat, the True Congregation, they sing the Glorious Praises of the Lord. ||6||
ਉਹਨਾਂ ਦੇ ਹਿਰਦੇ ਵਿਚ ਇਕ ਪਰਮਾਤਮਾ (ਦੀ ਯਾਦ) ਹੀ ਹਰ ਵੇਲੇ ਮੌਜੂਦ ਰਹਿੰਦੀ ਹੈ, ਸਾਧ ਸੰਗਤਿ ਵਿਚ ਮਿਲ ਕੇ ਉਹ ਪਰਮਾਤਮਾ ਦੇ ਗੁਣ ਗਾਂਦੇ ਹਨ ॥੬॥
ਸਤਿਗੁਰੁ ਨ ਸੇਵੇ ਸੋ ਕਾਹੇ ਆਇਆ ॥
Those who do not serve the True Guru-why did they even come into this world?
ਜੇਹੜਾ ਮਨੁੱਖ ਗੁਰੂ ਦਾ ਆਸਰਾ ਪਰਨਾ ਨਹੀਂ ਲੈਂਦਾ, ਉਹ ਦੁਨੀਆ ਵਿਚ ਜਿਹਾ ਆਇਆ ਜਿਹਾ ਨਾਹ ਆਇਆ। ਕਾਹੇ ਆਇਆ = ਵਿਅਰਥ ਜਨਮਿਆ।
ਧ੍ਰਿਗੁ ਜੀਵਣੁ ਬਿਰਥਾ ਜਨਮੁ ਗਵਾਇਆ ॥
Cursed are their lives; they have uselessly wasted this human life.
ਉਸ ਦਾ ਸਾਰਾ ਜੀਵਨ ਫਿਟਕਾਰ ਜੋਗ ਹੋ ਜਾਂਦਾ ਹੈ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ। ਧ੍ਰਿਗੁ = ਫਿਟਕਾਰ-ਯੋਗ।
ਮਨਮੁਖਿ ਨਾਮੁ ਚਿਤਿ ਨ ਆਵੈ ਬਿਨੁ ਨਾਵੈ ਬਹੁ ਦੁਖੁ ਪਾਵਣਿਆ ॥੭॥
The self-willed manmukhs do not remember the Naam. Without the Naam, they suffer in terrible pain. ||7||
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਚਿਤ ਵਿਚ (ਕਦੇ) ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਨਾਮ ਤੋਂ ਖੁੰਝ ਕੇ ਉਹ ਬਹੁਤ ਦੁੱਖ ਸਹਿੰਦਾ ਹੈ ॥੭॥ ਚਿਤਿ = ਚਿੱਤ ਵਿਚ ॥੭॥
ਜਿਨਿ ਸਿਸਟਿ ਸਾਜੀ ਸੋਈ ਜਾਣੈ ॥
The One who created the Universe, He alone knows it.
(ਪਰ ਜੀਵਾਂ ਦੇ ਕੀਹ ਵੱਸ?) ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ, ਉਹੀ (ਮਾਇਆ ਦੇ ਪ੍ਰਭਾਵ ਦੀ ਇਸ ਖੇਡ ਨੂੰ) ਜਾਣਦਾ ਹੈ। ਜਿਨਿ = ਜਿਸ (ਕਰਤਾਰ) ਨੇ। ਸਿਸਟਿ = ਸ੍ਰਿਸ਼ਟੀ, ਦੁਨੀਆ।
ਆਪੇ ਮੇਲੈ ਸਬਦਿ ਪਛਾਣੈ ॥
He unites with Himself those who realize the Shabad.
ਉਹ ਆਪ ਹੀ (ਜੀਵਾਂ ਦੀਆਂ ਲੋੜਾਂ) ਪਛਾਣ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਨੂੰ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ। ਪਛਾਣੈ = ਪਛਾਣਿ, ਪਛਾਣ ਕੇ, ਧੁਰਿ = ਧੁਰ ਤੋਂ, ਪ੍ਰਭੂ ਦੀ ਹਜ਼ੂਰੀ ਵਿਚੋਂ।
ਨਾਨਕ ਨਾਮੁ ਮਿਲਿਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਵਣਿਆ ॥੮॥੧॥੩੨॥੩੩॥
O Nanak, they alone receive the Naam, upon whose foreheads such pre-ordained destiny is recorded. ||8||1||32||33||
ਹੇ ਨਾਨਕ! ਉਹਨਾਂ ਬੰਦਿਆਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉੱਤੋਂ ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ (ਨਾਮ ਦੀ ਪ੍ਰਾਪਤੀ ਦਾ) ਲੇਖ ਲਿਖਿਆ ਜਾਂਦਾ ਹੈ ॥੮॥੧॥੩੨॥੩੩॥ ਮਸਤਕਿ = ਮੱਥੇ ਉੱਤੇ ॥੮॥