ਮਲਾਰ ਮਹਲਾ

Malaar, Third Mehl:

ਮਲਾਰ ਤੀਜੀ ਪਾਤਿਸ਼ਾਹੀ।

ਮੇਰਾ ਪ੍ਰਭੁ ਸਾਚਾ ਦੂਖ ਨਿਵਾਰਣੁ ਸਬਦੇ ਪਾਇਆ ਜਾਈ

My True Lord God, the Eradicator of suffering, is found through the Word of the Shabad.

ਮੇਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। (ਜੀਵਾਂ ਦੇ) ਦੁੱਖਾਂ ਨੂੰ ਦੂਰ ਕਰਨ ਵਾਲਾ ਹੈ (ਉਹ ਪ੍ਰਭੂ ਗੁਰੂ ਦੇ) ਸ਼ਬਦ ਦੀ ਰਾਹੀਂ ਮਿਲ ਸਕਦਾ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ। ਦੂਖ ਨਿਵਾਰਣੁ = ਦੁੱਖਾਂ ਦਾ ਦੂਰ ਕਰਨ ਵਾਲਾ। ਸਬਦੇ = ਸ਼ਬਦ ਦੀ ਰਾਹੀਂ ਹੀ। ਪਾਇਆ ਜਾਈ = ਮਿਲ ਸਕਦਾ ਹੈ।

ਭਗਤੀ ਰਾਤੇ ਸਦ ਬੈਰਾਗੀ ਦਰਿ ਸਾਚੈ ਪਤਿ ਪਾਈ ॥੧॥

Imbued with devotional worship, the mortal remains forever detached. He is honored in the True Court of the Lord. ||1||

(ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੀ) ਭਗਤੀ ਵਿਚ ਰੰਗੇ ਰਹਿੰਦੇ ਹਨ, ਉਹ ਸਦਾ ਨਿਰਲੇਪ ਰਹਿੰਦੇ ਹਨ, ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਦਰ ਤੇ ਇੱਜ਼ਤ ਮਿਲਦੀ ਹੈ ॥੧॥ ਰਾਤੇ = ਰੰਗੇ ਹੋਏ। ਸਦ = ਸਦਾ। ਬੈਰਾਗੀ = ਮਾਇਆ ਦੇ ਮੋਹ ਤੋਂ ਨਿਰਲੇਪ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਪਤਿ = ਇੱਜ਼ਤ ॥੧॥

ਮਨ ਰੇ ਮਨ ਸਿਉ ਰਹਉ ਸਮਾਈ

O mind, remain absorbed in the Mind.

ਹੇ (ਮੇਰੇ) ਮਨ! ਮੈਂ (ਤਾਂ ਗੁਰੂ ਦੇ ਸਨਮੁਖ ਹੋ ਕੇ ਹੀ ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿ ਸਕਦਾ ਹਾਂ। ਮਨ ਸਿਉ = ਮਨ ਨਾਲ, ਸੁਰਤ ਜੋੜ ਕੇ। ਰਹਉ ਸਮਾਈ = (ਪ੍ਰਭੂ-ਚਰਨਾਂ ਵਿਚ) ਮੈਂ ਲੀਨ ਰਹਿੰਦਾ ਹਾਂ (ਰਹਉਂ)।

ਗੁਰਮੁਖਿ ਰਾਮ ਨਾਮਿ ਮਨੁ ਭੀਜੈ ਹਰਿ ਸੇਤੀ ਲਿਵ ਲਾਈ ॥੧॥ ਰਹਾਉ

The mind of the Gurmukh is pleased with the Lord's Name, lovingly attuned to the Lord. ||1||Pause||

ਗੁਰੂ ਦੀ ਸ਼ਰਨ ਪਿਆਂ ਹੀ (ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿੱਚ ਭਿੱਜਦਾ ਹੈ, (ਗੁਰੂ ਦੇ ਸਨਮੁਖ ਰਹਿ ਕੇ ਹੀ ਮਨੁੱਖ) ਪ੍ਰਭੂ ਨਾਲ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਨਾਮਿ = ਨਾਮ ਵਿਚ। ਸੇਤੀ = ਨਾਲ। ਲਿਵ = ਲਗਨ ॥੧॥ ਰਹਾਉ ॥

ਮੇਰਾ ਪ੍ਰਭੁ ਅਤਿ ਅਗਮ ਅਗੋਚਰੁ ਗੁਰਮਤਿ ਦੇਇ ਬੁਝਾਈ

My God is totally Inaccessible and Unfathomable; through the Guru's Teachings, He is understood.

ਪਿਆਰਾ ਪ੍ਰਭੂ (ਤਾਂ) ਬਹੁਤ ਅਪਹੁੰਚ ਹੈ ਉਸ ਤਕ ਗਿਆਨ-ਇੰਦ੍ਰਿਆਂ ਦੀ (ਭੀ) ਪਹੁੰਚ ਨਹੀਂ ਹੋ ਸਕਦੀ, (ਪਰ ਜਿਸ ਮਨੁੱਖ ਨੂੰ ਉਹ ਪ੍ਰਭੂ) ਗੁਰੂ ਦੀ ਮੱਤ ਦੀ ਰਾਹੀਂ (ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ, ਅਤਿ = ਬਹੁਤ। ਅਗਮ = ਅਪਹੁੰਚ। ਅਗੋਚਰੁ (ਅ-ਗੋ-ਚਰੁ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਦੇਇ = ਦੇਂਦਾ ਹੈ। ਬੁਝਾਈ = ਸੂਝ।

ਸਚੁ ਸੰਜਮੁ ਕਰਣੀ ਹਰਿ ਕੀਰਤਿ ਹਰਿ ਸੇਤੀ ਲਿਵ ਲਾਈ ॥੨॥

True self-discipline rests in singing the Kirtan of the Lord's Praises, lovingly attuned to the Lord. ||2||

ਉਹ ਮਨੁੱਖ ਪਰਮਾਤਮਾ ਨਾਲ ਸੁਰਤ ਜੋੜੀ ਰੱਖਦਾ ਹੈ, ਸਦਾ-ਥਿਰ ਹਰਿ-ਨਾਮ ਦਾ ਸਿਮਰਨ ਉਸ ਮਨੁੱਖ ਦਾ ਸੰਜਮ ਬਣਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਉਸ ਦੀ ਕਾਰ ਹੋ ਜਾਂਦੀ ਹੈ ॥੨॥ ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ)। ਸੰਜਮੁ = ਜੀਵਨ-ਜੁਗਤਿ, ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦਾ ਜਤਨ। ਕਰਣੀ = (करणीय, ਕਰਣੀਯ) ਕਰਨ-ਯੋਗ ਕੰਮ, ਕਰਤੱਬ। ਕੀਰਤਿ = ਸਿਫ਼ਤ-ਸਾਲਾਹ ॥੨॥

ਆਪੇ ਸਬਦੁ ਸਚੁ ਸਾਖੀ ਆਪੇ ਜਿਨੑ ਜੋਤੀ ਜੋਤਿ ਮਿਲਾਈ

He Himself is the Shabad, and He Himself is the True Teachings; He merges our light into the Light.

ਜਿਨ੍ਹਾਂ ਮਨੁੱਖਾਂ ਦੀ ਸੁਰਤ (ਗੁਰੂ ਦੀ ਰਾਹੀਂ) ਪ੍ਰਭੂ ਦੀ ਜੋਤਿ ਵਿਚ ਜੁੜਦੀ ਹੈ (ਉਹਨਾਂ ਨੂੰ ਇਹ ਨਿਸਚਾ ਬਣ ਜਾਂਦਾ ਹੈ ਕਿ) ਸਦਾ-ਥਿਰ ਪ੍ਰਭੂ ਆਪ ਹੀ (ਗੁਰੂ ਦਾ) ਸ਼ਬਦ ਹੈ ਪ੍ਰਭੂ ਆਪ ਹੀ (ਗੁਰੂ ਦੀ) ਸਿਖਿਆ ਹੈ। ਸਚੁ = ਸਦਾ-ਥਿਰ ਪ੍ਰਭੂ। ਸਾਖੀ = ਸਿੱਖਿਆ। ਜੋਤਿ = ਜਿੰਦ, ਸੁਰਤ।

ਦੇਹੀ ਕਾਚੀ ਪਉਣੁ ਵਜਾਏ ਗੁਰਮੁਖਿ ਅੰਮ੍ਰਿਤੁ ਪਾਈ ॥੩॥

The breath vibrates through this frail body; the Gurmukh obtains the ambrosial nectar. ||3||

(ਇਸ) ਨਾਸਵੰਤ ਸਰੀਰ ਵਿਚ (ਜਿਸ ਨੂੰ) ਹਰੇਕ ਸੁਆਸ ਤੋਰ ਰਿਹਾ ਹੈ, ਗੁਰੂ ਦੀ ਰਾਹੀਂ (ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੈਂਦਾ ਹੈ ॥੩॥ ਕਾਚੀ = ਨਾਸਵੰਤ। ਪਉਣੁ = ਸੁਆਸ, ਹਵਾ, ਸਾਹ। ਵਜਾਏ = ਵਜਾ ਰਿਹਾ ਹੈ, ਚਲਾ ਰਿਹਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ॥੩॥

ਆਪੇ ਸਾਜੇ ਸਭ ਕਾਰੈ ਲਾਏ ਸੋ ਸਚੁ ਰਹਿਆ ਸਮਾਈ

He Himself fashions, and He Himself links us to our tasks; the True Lord is pervading everywhere.

(ਗੁਰੂ ਦੀ ਰਾਹੀਂ ਹੀ ਇਹ ਸਮਝ ਪੈਂਦੀ ਹੈ ਕਿ) ਜਿਹੜਾ ਪ੍ਰਭੂ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਤੇ, ਕਾਰੇ ਲਾਈ ਰੱਖਦਾ ਹੈ ਉਹ ਸਦਾ-ਥਿਰ ਪ੍ਰਭੂ ਸਭ ਥਾਈਂ ਵਿਆਪਕ ਹੈ। ਆਪੇ = ਆਪ ਹੀ। ਸਾਜੇ = ਪੈਦਾ ਕਰਦਾ ਹੈ। ਸਭ = ਸਾਰੀ ਸ੍ਰਿਸ਼ਟੀ। ਕਾਰੈ = ਕਾਰ ਵਿਚ।

ਨਾਨਕ ਨਾਮ ਬਿਨਾ ਕੋਈ ਕਿਛੁ ਨਾਹੀ ਨਾਮੇ ਦੇਇ ਵਡਾਈ ॥੪॥੮॥

O Nanak, without the Naam, the Name of the Lord, no one is anything. Through the Naam,we are blessed with glory. ||4||8||

ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਜੀਵ ਕੋਈ ਪਾਇਆਂ ਨਹੀਂ ਰੱਖਦਾ, (ਜੀਵ ਨੂੰ ਪ੍ਰਭੂ ਆਪਣੇ) ਨਾਮ ਦੀ ਰਾਹੀਂ ਹੀ ਇੱਜ਼ਤ ਬਖ਼ਸ਼ਦਾ ਹੈ ॥੪॥੮॥ ਨਾਮੇ = ਨਾਮ ਵਿਚ ਹੀ। ਵਡਾਈ = ਇੱਜ਼ਤ ॥੪॥੮॥