ਮਲਾਰ ਮਹਲਾ

Malaar, Third Mehl:

ਮਲਾਰ ਤੀਜੀ ਪਾਤਿਸ਼ਾਹੀ।

ਜੀਉ ਪਿੰਡੁ ਪ੍ਰਾਣ ਸਭਿ ਤਿਸ ਕੇ ਘਟਿ ਘਟਿ ਰਹਿਆ ਸਮਾਈ

Soul, body and breath of life are all His; He is permeating and pervading each and every heart.

ਜਿਹੜਾ ਪਰਮਾਤਮਾ ਹਰੇਕ ਸਰੀਰ ਵਿਚ ਸਮਾ ਰਿਹਾ ਹੈ, ਉਸ ਦੇ ਹੀ ਦਿੱਤੇ ਹੋਏ ਇਹ ਜਿੰਦ ਇਹ ਸਰੀਰ ਇਹ ਪ੍ਰਾਣ ਇਹ ਸਾਰੇ ਅੰਗ ਹਨ। ਜੀਉ = ਜਿੰਦ। ਪਿੰਡੁ = ਸਰੀਰ। ਸਭਿ = ਸਾਰੇ (ਬਹੁ-ਵਚਨ)। ਤਿਸ ਕੇ = ਉਸ (ਪਰਮਾਤਮਾ) ਦੇ (ਸੰਬੰਧਕ 'ਕੇ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ)। ਘਟਿ ਘਟਿ = ਹਰੇਕ ਸਰੀਰ ਵਿਚ।

ਏਕਸੁ ਬਿਨੁ ਮੈ ਅਵਰੁ ਜਾਣਾ ਸਤਿਗੁਰਿ ਦੀਆ ਬੁਝਾਈ ॥੧॥

Except the One Lord, I do not know any other at all. The True Guru has revealed this to me. ||1||

ਗੁਰੂ ਨੇ (ਮੈਨੂੰ) ਸਮਝ ਬਖ਼ਸ਼ੀ ਹੈ। ਉਸ ਇਕ ਤੋਂ ਬਿਨਾ ਮੈਂ ਕਿਸੇ ਹੋਰ ਨਾਲ ਡੂੰਘੀ ਸਾਂਝ ਨਹੀਂ ਪਾਂਦਾ ॥੧॥ ਨਾ ਜਾਣਾ = ਨ ਜਾਣਾਂ, ਮੈਂ ਨਹੀਂ ਜਾਣਦਾ। ਸਤਿਗੁਰਿ = ਗੁਰੂ ਨੇ। ਦੀਆ ਬੁਝਾਈ = ਸਮਝਾ ਦਿੱਤਾ ਹੈ ॥੧॥

ਮਨ ਮੇਰੇ ਨਾਮਿ ਰਹਉ ਲਿਵ ਲਾਈ

O my mind, remain lovingly attuned to the Naam, the Name of the Lord.

ਹੇ ਮੇਰੇ ਮਨ! ਮੈਂ (ਤਾਂ ਸਦਾ) ਪਰਮਾਤਮਾ ਦੇ ਨਾਮ ਵਿਚ ਲਗਨ ਲਾਈ ਰੱਖਦਾ ਹਾਂ। ਮਨ = ਹੇ ਮਨ! ਨਾਮਿ = ਨਾਮ ਵਿਚ। ਰਹਉ = ਰਹਉਂ, ਮੈਂ ਰਹਿੰਦਾ ਹਾਂ। ਲਿਵ = ਸੁਰਤ। ਰਹਉ ਲਾਈ = ਰਹਉ ਲਾਇ, ਲਾਇ ਰਹਉ, ਮੈਂ ਲਾਈ ਰੱਖਦਾ ਹਾਂ।

ਅਦਿਸਟੁ ਅਗੋਚਰੁ ਅਪਰੰਪਰੁ ਕਰਤਾ ਗੁਰ ਕੈ ਸਬਦਿ ਹਰਿ ਧਿਆਈ ॥੧॥ ਰਹਾਉ

Through the Word of the Guru's Shabad, I meditate on the Lord, the Unseen, Unfathomable and Infinite Creator. ||1||Pause||

ਜਿਹੜਾ ਕਰਤਾਰ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਹੜਾ ਬੇਅੰਤ ਹੀ ਬੇਅੰਤ ਹੈ, ਮੈਂ ਉਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਧਿਆਉਂਦਾ ਹਾਂ ॥੧॥ ਰਹਾਉ ॥ ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਪਰੰਪਰ = ਪਰੇ ਤੋਂ ਪਰੇ। ਕਰਤਾ = ਕਰਤਾਰ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ ॥੧॥ ਰਹਾਉ ॥

ਮਨੁ ਤਨੁ ਭੀਜੈ ਏਕ ਲਿਵ ਲਾਗੈ ਸਹਜੇ ਰਹੇ ਸਮਾਈ

Mind and body are pleased, lovingly attuned to the One Lord, intuitively absorbed in peace and poise.

(ਜਿਨ੍ਹਾਂ ਮਨੁੱਖਾਂ ਦੀ) ਲਗਨ ਇਕ ਪਰਮਾਤਮਾ ਨਾਲ ਲੱਗੀ ਰਹਿੰਦੀ ਹੈ ਉਹਨਾਂ ਦਾ ਮਨ ਉਹਨਾਂ ਦਾ ਤਨ (ਨਾਮ-ਰਸ ਨਾਲ) ਭਿੱਜਾ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦੇ ਹਨ। ਭੀਜੈ = ਭਿੱਜ ਜਾਂਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ ਹੀ।

ਗੁਰ ਪਰਸਾਦੀ ਭ੍ਰਮੁ ਭਉ ਭਾਗੈ ਏਕ ਨਾਮਿ ਲਿਵ ਲਾਈ ॥੨॥

By Guru's Grace, doubt and fear are dispelled, being lovingly attuned to the One Name. ||2||

ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਸਿਰਫ਼ ਹਰਿ-ਨਾਮ ਵਿਚ ਸੁਰਤ ਜੋੜੀ ਰੱਖਦਾ ਹੈ, ਉਸ ਦੀ ਭਟਕਣਾ ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ ॥੨॥ ਪਰਸਾਦੀ = ਕਿਰਪਾ ਨਾਲ। ਭ੍ਰਮੁ = ਭਟਕਣਾ। ਨਾਮਿ = ਨਾਮ ਵਿਚ ॥੨॥

ਗੁਰ ਬਚਨੀ ਸਚੁ ਕਾਰ ਕਮਾਵੈ ਗਤਿ ਮਤਿ ਤਬ ਹੀ ਪਾਈ

When the mortal follows the Guru's Teachings, and lives the Truth, then he attains the state of emancipation.

(ਜਦੋਂ ਮਨੁੱਖ) ਗੁਰੂ ਦੇ ਬਚਨਾਂ ਉੱਤੇ ਤੁਰ ਕੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ, ਤਦੋਂ ਹੀ ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਣ ਵਾਲੀ ਅਕਲ ਸਿੱਖਦਾ ਹੈ। ਗੁਰ ਬਚਨੀ = ਗੁਰੂ ਦੇ ਬਚਨਾਂ ਉੱਤੇ ਤੁਰ ਕੇ। ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ)। ਗਤਿ = ਉੱਚੀ ਆਤਮਕ ਅਵਸਥਾ। ਗਤਿ ਮਤਿ = ਉੱਚੀ ਆਤਮਕ ਅਵਸਥਾ ਪ੍ਰਾਪਤ ਕਰਨ ਵਾਲੀ ਸੂਝ। ਤਬ ਹੀ = ਤਦੋਂ ਹੀ।

ਕੋਟਿ ਮਧੇ ਕਿਸਹਿ ਬੁਝਾਏ ਤਿਨਿ ਰਾਮ ਨਾਮਿ ਲਿਵ ਲਾਈ ॥੩॥

Among millions, how rare is that one who understands, and is lovingly attuned to the Name of the Lord. ||3||

ਕ੍ਰੋੜਾਂ ਵਿਚੋਂ ਜਿਸ ਕਿਸੇ ਵਿਰਲੇ ਮਨੁੱਖ ਨੂੰ (ਗੁਰੂ ਆਤਮਕ ਜੀਵਨ ਦੀ) ਸੂਝ ਦੇਂਦਾ ਹੈ, ਉਸ ਮਨੁੱਖ ਨੇ (ਸਦਾ ਲਈ) ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜ ਲਈ ॥੩॥ ਕੋਟਿ = ਕ੍ਰੋੜਾਂ। ਕਿਸਹਿ = ਕਿਸੇ ਵਿਰਲੇ ਨੂੰ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ)। ਤਿਨਿ = ਉਸ (ਮਨੁੱਖ) ਨੇ। ਨਾਮਿ = ਨਾਮ ਵਿਚ ॥੩॥

ਜਹ ਜਹ ਦੇਖਾ ਤਹ ਏਕੋ ਸੋਈ ਇਹ ਗੁਰਮਤਿ ਬੁਧਿ ਪਾਈ

Wherever I look, there I see the One. This understanding has come through the Guru's Teachings.

ਮੈਂ ਜਿਧਰ ਜਿਧਰ ਵੇਖਦਾ ਹਾਂ, ਉਧਰ ਉਧਰ ਇਕ ਪਰਮਾਤਮਾ ਹੀ ਵੱਸਦਾ (ਦਿੱਸਦਾ) ਹੈ-ਇਹ ਅਕਲ ਮੈਂ ਗੁਰੂ ਦੀ ਮੱਤ ਦੀ ਰਾਹੀਂ ਸਿੱਖੀ ਹੈ। ਜਹ = ਜਿੱਥੇ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਸੋਈ = ਉਹ ਹੀ। ਬੁਧਿ = ਅਕਲ।

ਮਨੁ ਤਨੁ ਪ੍ਰਾਨ ਧਰੀਂ︀ ਤਿਸੁ ਆਗੈ ਨਾਨਕ ਆਪੁ ਗਵਾਈ ॥੪॥੭॥

I place my mind, body and breath of life in offering before Him; O Nanak, self-conceit is gone. ||4||7||

ਹੇ ਨਾਨਕ! ਉਸ (ਗੁਰੂ) ਦੇ ਅੱਗੇ ਮੈਂ ਆਪਾ-ਭਾਵ ਗਵਾ ਕੇ ਆਪਣਾ ਮਨ ਆਪਣਾ ਸਰੀਰ ਆਪਣੇ ਪ੍ਰਾਣ ਭੇਟ ਧਰਦਾ ਹਾਂ ॥੪॥੭॥ ਧਰੀਂ = ਮੈਂ ਧਰਦਾ ਹਾਂ। ਆਪੁ = ਆਪਾ-ਭਾਵ ॥੪॥੭॥