ਗੋਂਡ

Gond:

ਗੋਂਡ।

ਮੋ ਕਉ ਤਾਰਿ ਲੇ ਰਾਮਾ ਤਾਰਿ ਲੇ

Carry me across, O Lord, carry me across.

ਹੇ ਮੇਰੇ ਰਾਮ! ਮੈਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈ, ਬਚਾ ਲੈ। ਮੋ ਕਉ = ਮੈਨੂੰ। ਰਾਮਾ = ਹੇ ਰਾਮ! {ਨੋਟ: ਨਾਮਦੇਵ ਜੀ ਜਿਸ ਨੂੰ "ਬਾਪ ਬੀਠੁਲਾ" ਕਹਿ ਰਹੇ ਹਨ ਉਸੇ ਨੂੰ ਹੀ 'ਰਾਮ' ਕਹਿ ਕੇ ਪੁਕਾਰਦੇ ਹਨ, ਸੋ, ਕਿਸੇ 'ਬੀਠੁਲ' ਮੂਰਤੀ ਵਲ ਇਸ਼ਾਰਾ ਨਹੀਂ ਹੈ, ਪਰਮਾਤਮਾ ਅੱਗੇ ਅਰਦਾਸ ਹੈ। ਧ੍ਰੂਅ ਤੇ ਨਾਰਦ ਦਾ ਸੰਬੰਧ ਕਿਸੇ ਬੀਠੁਲ = ਮੂਰਤੀ ਨਾਲ ਨਹੀਂ ਹੋ ਸਕਦਾ}।

ਮੈ ਅਜਾਨੁ ਜਨੁ ਤਰਿਬੇ ਜਾਨਉ ਬਾਪ ਬੀਠੁਲਾ ਬਾਹ ਦੇ ॥੧॥ ਰਹਾਉ

I am ignorant, and I do not know how to swim. O my Beloved Father, please give me Your arm. ||1||Pause||

ਹੇ ਮੇਰੇ ਪਿਤਾ ਪ੍ਰਭੂ! ਮੈਨੂੰ ਆਪਣੀ ਬਾਂਹ ਫੜਾ, ਮੈਂ ਤੇਰਾ ਅੰਞਾਣ ਸੇਵਕ ਹਾਂ, ਮੈਂ ਤਰਨਾ ਨਹੀਂ ਜਾਣਦਾ ॥੧॥ ਰਹਾਉ ॥ ਤਰਿਬੇ ਨ ਜਾਨਉ = ਮੈਂ ਤਰਨਾ ਨਹੀਂ ਜਾਣਦਾ। ਦੇ = ਦੇਹ, ਫੜਾ ॥੧॥ ਰਹਾਉ ॥

ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ

I have been transformed from a mortal being into an angel, in an instant; the True Guru has taught me this.

(ਹੇ ਬੀਠੁਲ ਪਿਤਾ! ਮੈਨੂੰ ਭੀ ਗੁਰੂ ਮਿਲਾ) ਗੁਰੂ ਤੋਂ ਮਿਲੀ ਮੱਤ ਦੀ ਬਰਕਤ ਨਾਲ ਅੱਖ ਦੇ ਫੋਰ ਵਿਚ ਮਨੁੱਖਾਂ ਤੋਂ ਦੇਵਤੇ ਬਣ ਜਾਈਦਾ ਹੈ, ਤੇ = ਤੋਂ। ਸੁਰ = ਦੇਵਤੇ। ਨਿਮਖ ਮੈ = ਅੱਖ ਫਰਕਣ ਦੇ ਸਮੇ ਵਿਚ। ਮੈ = ਵਿਚ, ਮਹਿ, ਮਾਹਿ। ਸਤਿਗੁਰ ਬੁਧਿ ਸਿਖਲਾਈ = ਗੁਰੂ ਦੀ ਸਿਖਾਈ ਹੋਈ ਮੱਤ ਨਾਲ।

ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥੧॥

Born of human flesh, I have conquered the heavens; such is the medicine I was given. ||1||

ਹੇ ਪਿਤਾ! (ਮਿਹਰ ਕਰ) ਮੈਂ ਭੀ ਉਹ ਦਵਾਈ ਹਾਸਲ ਕਰ ਲਵਾਂ ਜਿਸ ਨਾਲ ਮਨੁੱਖਾਂ ਤੋਂ ਜੰਮ ਕੇ (ਭਾਵ, ਮਨੁੱਖ-ਜਾਤੀ ਵਿਚੋਂ ਹੋ ਕੇ) ਸੁਰਗ ਨੂੰ ਜਿੱਤਿਆ ਜਾ ਸਕਦਾ ਹੈ (ਭਾਵ, ਸੁਰਗ ਦੀ ਭੀ ਪਰਵਾਹ ਨਹੀਂ ਰਹਿੰਦੀ) ॥੧॥ ਉਪਜਿ = ਉਪਜ ਕੇ, ਪੈਦਾ ਹੋ ਕੇ। ਅਵਖਧ = ਦਵਾਈ। ਪਾਈ = ਪਾਈਂ, ਪਾ ਲਵਾਂ ॥੧॥

ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ

Please place me where You placed Dhroo and Naarad, O my Master.

ਹੇ ਮੇਰੇ ਰਾਮ! ਤੂੰ ਜਿਸ ਜਿਸ ਆਤਮਕ ਟਿਕਾਣੇ ਧ੍ਰੂ ਤੇ ਨਾਰਦ (ਵਰਗੇ ਭਗਤਾਂ) ਨੂੰ ਅਪੜਾਇਆ ਹੈ, ਮੈਨੂੰ ਸਦਾ ਲਈ ਅਪੜਾ ਦੇਹ, ਜਹਾ ਜਹਾ = ਜਿਸ ਆਤਮਕ ਅਵਸਥਾ ਵਿਚ। ਟੇਕੇ = ਟਿਕਾਏ ਹਨ, ਇਸਥਿਤ ਕੀਤੇ ਹਨ। ਨੈਕੁ = {Skt. नैकश = Repeatedly, often. न एकशः = Not once} ਸਦਾ। ਮੋਹਿ = ਮੈਨੂੰ।

ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ ॥੨॥੩॥

With the Support of Your Name, so many have been saved; this is Naam Dayv's understanding. ||2||3||

ਮੇਰਾ ਨਾਮਦੇਵ ਦਾ ਇਹ ਪੱਕਾ ਨਿਸ਼ਚਾ ਹੈ ਕਿ ਤੇਰੇ ਨਾਮ ਦੇ ਆਸਰੇ ਬੇਅੰਤ ਜੀਵ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਨਿਕਲਦੇ ਹਨ। ਭਾਵ: ਪ੍ਰਭੂ ਤੋਂ ਨਾਮ ਸਿਮਰਨ ਦੀ ਮੰਗ। ਨਾਮ ਦੀ ਬਰਕਤ ਨਾਲ ਸੁਰਗ ਦੀ ਭੀ ਲਾਲਸਾ ਨਹੀਂ ਰਹਿੰਦੀ ॥੨॥੩॥ ਅਵਿਲੰਬ = ਆਸਰਾ। ਅਵਿਲੰਬਿ = ਆਸਰੇ ਨਾਲ। ਉਧਰੇ = (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਗਏ। ਨਿਜ ਮਤਿ = ਆਪਣੀ ਮੱਤ, ਪੱਕਾ ਨਿਸ਼ਚਾ ॥੨॥੩॥