ਗਉੜੀ ਮਹਲਾ ੫ ॥
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
ਪ੍ਰਭ ਮਿਲਬੇ ਕਉ ਪ੍ਰੀਤਿ ਮਨਿ ਲਾਗੀ ॥
The loving desire to meet my Beloved has arisen within my mind.
(ਹੇ ਭੈਣ!) ਪਰਮਾਤਮਾ ਨੂੰ ਮਿਲਣ ਵਾਸਤੇ ਮੇਰੇ ਮਨ ਵਿਚ ਪ੍ਰੀਤਿ ਪੈਦਾ ਹੋ ਗਈ ਹੈ। ਮਿਲਬੇ ਕਉ = ਮਿਲਣ ਵਾਸਤੇ। ਮਨਿ = ਮਨ ਵਿਚ।
ਪਾਇ ਲਗਉ ਮੋਹਿ ਕਰਉ ਬੇਨਤੀ ਕੋਊ ਸੰਤੁ ਮਿਲੈ ਬਡਭਾਗੀ ॥੧॥ ਰਹਾਉ ॥
I touch His Feet, and offer my prayer to Him. If only I had the great good fortune to meet the Saint. ||1||Pause||
(ਪਰਮਾਤਮਾ ਨਾਲ ਮਿਲਾ ਸਕਣ ਵਾਲਾ ਜੇ) ਵੱਡੇ ਭਾਗਾਂ ਵਾਲਾ (ਗੁਰੂ-) ਸੰਤ ਮੈਨੂੰ ਮਿਲ ਪਏ, ਤਾਂ ਮੈਂ ਉਸ ਦੇ ਪੈਰੀਂ ਲੱਗਾਂ, ਮੈਂ ਉਸ ਅਗੇ ਬੇਨਤੀ ਕਰਾਂ (ਕਿ ਮੈਨੂੰ ਪਰਮਾਤਮਾ ਨਾਲ ਮਿਲਾ ਦੇ) ॥੧॥ ਰਹਾਉ ॥ ਪਾਇ = ਪੈਰੀਂ। ਲਗਉ = ਲਗਉਂ, ਮੈਂ ਲੱਗਾ। ਕਰਉ = ਮੈਂ ਕਰਾਂ ॥੧॥ ਰਹਾਉ ॥
ਮਨੁ ਅਰਪਉ ਧਨੁ ਰਾਖਉ ਆਗੈ ਮਨ ਕੀ ਮਤਿ ਮੋਹਿ ਸਗਲ ਤਿਆਗੀ ॥
I surrender my mind to Him; I place my wealth before Him. I totally renounce my selfish ways.
ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ, ਮੈਂ ਆਪਣਾ ਧਨ ਉਸ ਦੇ ਅੱਗੇ ਰੱਖ ਦਿਆਂ। (ਹੇ ਭੈਣ!) ਮੈਂ ਆਪਣੇ ਮਨ ਦੀ ਸਾਰੀ ਚਤੁਰਾਈ ਛੱਡ ਦਿੱਤੀ ਹੈ। ਅਰਪਉ = ਮੈਂ ਹਵਾਲੇ ਕਰ ਦਿਆਂ। ਮਤਿ = ਅਕਲ, ਚਤੁਰਾਈ। ਮੋਹਿ = ਮੈਂ।
ਜੋ ਪ੍ਰਭ ਕੀ ਹਰਿ ਕਥਾ ਸੁਨਾਵੈ ਅਨਦਿਨੁ ਫਿਰਉ ਤਿਸੁ ਪਿਛੈ ਵਿਰਾਗੀ ॥੧॥
One who teaches me the Sermon of the Lord God - night and day, I shall follow Him. ||1||
(ਹੇ ਭੈਣ!) ਜੇਹੜਾ (ਵਡਭਾਗੀ ਸੰਤ ਮੈਨੂੰ) ਪਰਮਾਤਮਾ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਂਦਾ ਰਹੇ, ਮੈਂ ਹਰ ਵੇਲੇ ਉਸ ਦੇ ਪਿੱਛੇ ਪਿੱਛੇ ਪ੍ਰੇਮ ਵਿਚ ਕਮਲੀ ਹੋਈ ਫਿਰਦੀ ਰਹਾਂ ॥੧॥ ਅਨਦਿਨੁ = ਹਰ ਰੋਜ਼। ਵਿਰਾਗੀ = ਬਉਰੀ, ਪਿਆਰ ਵਿਚ ਕਮਲੀ ਹੋਈ ॥੧॥
ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥
When the seed of the karma of past actions sprouted, I met the Lord; He is both the Enjoyer and the Renunciate.
ਪਹਿਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਦੇ ਅੰਗੂਰ ਜਿਸ ਜੀਵ-ਇਸਤ੍ਰੀ ਦੇ ਉੱਘੜ ਪਏ, ਉਸ ਨੂੰ ਉਹ ਸਰਬ-ਵਿਆਪਕ ਪ੍ਰਭੂ ਮਿਲ ਪਿਆ ਹੈ ਜੋ ਸਾਰੇ ਜੀਵਾਂ ਵਿਚ ਬੈਠਾ ਸਭ ਰਸ ਮਾਣਨ ਵਾਲਾ ਹੈ ਤੇ ਜੋ ਰਸਾਂ ਤੋਂ ਨਿਰਲੇਪ ਭੀ ਹੈ। ਪੂਰਬ ਕਰਮ ਅੰਕੁਰ = ਪਹਿਲੇ ਜਨਮਾਂ ਵਿਚ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੇ ਅੰਗੂਰ। ਪ੍ਰਗਟੇ = ਉੱਘੜ ਪਏ। ਰਸਿਕ = (ਸਭ ਜੀਵਾਂ ਵਿਚ ਵਿਆਪਕ ਹੋ ਕੇ) ਰਸ ਮਾਣਨ ਵਾਲਾ। ਬੈਰਾਗੀ = ਵਿਰਕਤ, ਨਿਰਲੇਪ।
ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥੨॥੨॥੧੧੯॥
My darkness was dispelled when I met the Lord. O Nanak, after being asleep for countless incarnations, I have awakened. ||2||2||119||
ਹੇ ਨਾਨਕ! (ਆਖ-) ਪਰਮਾਤਮਾ ਨੂੰ ਮਿਲਦਿਆਂ ਹੀ ਉਸ ਜੀਵ-ਇਸਤ੍ਰੀ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ, ਉਹ ਅਨੇਕਾਂ ਜਨਮਾਂ ਤੋਂ ਮਾਇਆ ਦੇ ਮੋਹ ਵਿਚ ਸੁੱਤੀ ਹੋਈ ਜਾਗ ਪੈਂਦੀ ਹੈ ॥੨॥੨॥੧੧੯॥ ਅੰਧੇਰੁ = ਹਨੇਰਾ। ਮਿਲਤ = ਮਿਲਿਆਂ। ਸੋਈ = ਸੁੱਤੀ ਹੋਈ ॥੨॥