ਰਾਗੁ ਗਉੜੀ ਪੂਰਬੀ ਮਹਲਾ ੫ ॥
Raag Gauree Poorbee, Fifth Mehl:
ਰਾਗ ਗਉੜੀ-ਪੂਰਬੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ ॥੧॥ ਰਹਾਉ ॥
By what virtues can I meet the Lord of life, O my mother? ||1||Pause||
ਹੇ ਮੇਰੀ ਮਾਂ! ਮੈਂ ਕੇਹੜੇ ਗੁਣਾਂ ਦੀ ਬਰਕਤਿ ਨਾਲ ਆਪਣੀ ਜਿੰਦ ਦੇ ਮਾਲਕ ਪ੍ਰਭੂ ਨੂੰ ਮਿਲ ਸਕਾਂ? (ਮੇਰੇ ਵਿਚ ਤਾਂ ਕੋਈ ਗੁਣ ਨਹੀਂ ਹੈ) ॥੧॥ ਰਹਾਉ ॥ ਪ੍ਰਾਨਪਤਿ = ਜਿੰਦ ਦਾ ਮਾਲਕ ਪ੍ਰਭੂ। ਮਿਲਉ = ਮਿਲਉਂ, ਮੈਂ ਮਿਲਾਂ। ਮਾਈ = ਹੇ ਮਾਂ! ॥੧॥ ਰਹਾਉ ॥
ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥੧॥
I have no beauty, understanding or strength; I am a stranger, from far away. ||1||
(ਹੇ ਮੇਰੀ ਮਾਂ!) ਮੈਂ ਆਤਮਕ ਰੂਪ ਤੋਂ ਸੱਖਣੀ ਹਾਂ, ਅਕਲ-ਹੀਣ ਹਾਂ, (ਮੇਰੇ ਅੰਦਰ ਆਤਮਕ) ਤਾਕਤ ਭੀ ਨਹੀਂ ਹੈ (ਫਿਰ) ਮੈਂ ਪਰਦੇਸਣ ਹਾਂ (ਪ੍ਰਭੂ-ਚਰਨਾਂ ਨੂੰ ਕਦੇ ਮੈਂ ਆਪਣਾ ਘਰ ਨਹੀਂ ਬਣਾਇਆ) ਅਨੇਕਾਂ ਜੂਨਾਂ ਦੇ ਸਫ਼ਰ ਤੋਂ ਲੰਘ ਕੇ (ਇਸ ਮਨੁੱਖਾ ਜਨਮ ਵਿਚ) ਆਈ ਹਾਂ ॥੧॥ ਹੀਨ = ਖ਼ਾਲੀ। ਬੁਧਿ ਹੀਨੀ = ਅਕਲ ਤੋਂ ਖ਼ਾਲੀ। ਮੋਹਿ = ਮੈਂ। ਦੂਰ ਤੇ = ਦੂਰ ਤੋਂ, ਅਨੇਕਾਂ ਜੂਨਾਂ ਦੇ ਸਫ਼ਰ ਤੋਂ ਲੰਘ ਕੇ ॥੧॥
ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ ॥੨॥
I am not wealthy or youthful. I am an orphan - please, unite me with Yourself. ||2||
(ਹੇ ਮੇਰੇ ਪ੍ਰਾਨਪਤਿ!) ਮੇਰੇ ਪਾਸ ਤੇਰਾ ਨਾਮ-ਧਨ ਨਹੀਂ ਹੈ, ਮੇਰੇ ਅੰਦਰ ਆਤਮਕ ਗੁਣਾਂ ਦਾ ਜੋਬਨ ਭੀ ਨਹੀਂ ਜਿਸ ਦਾ ਮੈਨੂੰ ਹੁਲਾਰਾ ਆ ਸਕੇ। ਮੈਨੂੰ ਅਨਾਥ ਨੂੰ ਆਪਣੇ ਚਰਨਾਂ ਵਿਚ ਜੋੜ ਲੈ ॥੨॥ ਨਾਹਿਨ = ਨਹੀਂ। ਦਰਬੁ = ਧਨ। ਜੋਬਨ = ਜਵਾਨੀ। ਮਾਤੀ = ਮੱਤੀ ਹੋਈ, ਮਸਤ। ਸਮਾਈ = ਲੀਨਤਾ। ਕਰਹੁ ਸਮਾਈ = ਲੀਨਤਾ ਕਰੋ, ਆਪਣੇ ਚਰਨਾਂ ਵਿਚ ਜੋੜ ਲਵੋ ॥੨॥
ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ ॥੩॥
Searching and searching, I have become a renunciate, free of desire. I wander around, searching for the Blessed Vision of God's Darshan. ||3||
(ਹੇ ਮੇਰੀ ਮਾਂ!) ਆਪਣੇ ਪ੍ਰਾਨਪਤੀ-ਪ੍ਰਭੂ ਦੇ ਦਰਸਨ ਵਾਸਤੇ ਮੈਂ ਤਿਹਾਈ ਫਿਰ ਰਹੀ ਹਾਂ, ਉਸ ਨੂੰ ਲੱਭਦੀ ਲੱਭਦੀ ਮੈਂ ਕਮਲੀ ਹੋਈ ਪਈ ਹਾਂ ॥੩॥ ਬੈਰਾਗਨਿ = ਵੈਰਾਗਵਾਨ। ਕਉ = ਨੂੰ, ਵਾਸਤੇ। ਤਿਸਾਈ = ਤਿਹਾਈ ॥੩॥
ਦੀਨ ਦਇਆਲ ਕ੍ਰਿਪਾਲ ਪ੍ਰਭ ਨਾਨਕ ਸਾਧਸੰਗਿ ਮੇਰੀ ਜਲਨਿ ਬੁਝਾਈ ॥੪॥੧॥੧੧੮॥
God is Compassionate, and Merciful to the meek; O Nanak, in the Saadh Sangat, the Company of the Holy, the fire of desire has been quenched. ||4||1||118||
ਹੇ ਨਾਨਕ! (ਆਖ-) ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਕਿਰਪਾ ਦੇ ਘਰ! ਹੇ ਪ੍ਰਭੂ! (ਤੇਰੀ ਮਿਹਰ ਨਾਲ) ਸਾਧ ਸੰਗਤਿ ਨੇ ਮੇਰੀ ਇਹ ਵਿਛੋੜੇ ਦੀ ਸੜਨ ਬੁਝਾ ਦਿੱਤੀ ਹੈ ॥੪॥੧॥੧੧੮॥ ਜਲਨਿ = ਸੜਨ, ਵਿਛੋੜੇ ਦੀ ਸੜਨ। ਸਾਧ ਸੰਗਿ = ਸਾਧ ਸੰਗਤਿ ਨੇ। ਸੰਗਿ = ਸੰਗ ਨੇ ॥੪॥