ਗਉੜੀ ਬੈਰਾਗਣਿ ਰਹੋਏ ਕੇ ਛੰਤ ਕੇ ਘਰਿ ਮਃ ੫ ॥
Gauree Bairaagan, Chhants Of Rehoay, Fifth Mehl:
ਰਾਗ ਗਉੜੀ-ਬੈਰਾਗਣਿ ਵਿੱਚ ਗੁਰੂ ਅਰਜਨਦੇਵ ਜੀ ਦੀ 'ਰਹੋਏ ਦੇ ਘਰ' ਵਾਲੀ ਬਾਣੀ 'ਛੰਤ'। ਰਹੋਆ = ਇਕ ਕਿਸਮ ਦੀ ਧਾਰਨਾ ਦਾ ਪੰਜਾਬੀ ਗੀਤ ਜੋ ਲੰਮੀ ਹੇਕ ਨਾਲ ਗਾਵਿਆਂ ਜਾਂਦਾ ਹੈ। ਇਸ ਨੂੰ ਖ਼ਾਸ ਕਰਕੇ ਜ਼ਨਾਨੀਆਂ ਵਿਆਹ ਸਮੇ ਗਾਂਦੀਆਂ ਹਨ। ਲੰਮੀ ਹੇਕ ਤੋਂ ਇਲਾਵਾ ਟੇਕ ਵਾਲੀ ਤੁਕ ਭੀ ਮੁੜ ਮੁੜ ਗਾਈ ਜਾਂਦੀ ਹੈ। ਘਰਿ = ਘਰ ਵਿਚ। ਰਹੋਏ ਕੇ ਛੰਤ ਕੇ ਘਰਿ = (ਇਸ ਸ਼ਬਦ ਨੂੰ ਉਸ 'ਘਰ' ਵਿਚ ਗਾਵਣਾ ਹੈ) ਜਿਸ ਘਰ ਵਿਚ ਲੰਮੀ ਹੇਕ ਵਾਲਾ ਵਿਆਹ ਦਾ ਗੀਤ ਗਾਇਆ ਜਾਂਦਾ ਹੈ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੈ ਕੋਈ ਰਾਮ ਪਿਆਰੋ ਗਾਵੈ ॥
Is there anyone who will sing of the Beloved Lord?
(ਹੇ ਭਾਈ!) ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਪਿਆਰੇ ਦੇ ਗੁਣ ਗਾਂਦਾ ਹੈ,
ਸਰਬ ਕਲਿਆਣ ਸੂਖ ਸਚੁ ਪਾਵੈ ॥ ਰਹਾਉ ॥
Surely, this will bring all pleasures and comforts. ||Pause||
ਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ਸਾਰੇ ਆਨੰਦ ਮਾਣਦਾ ਹੈ, ਸਦਾ-ਥਿਰ ਪਰਮਾਤਮਾ ਨੂੰ ਮਿਲ ਪੈਂਦਾ ਹੈ।ਰਹਾਉ। ਸਰਬ = ਸਾਰੇ। ਕਲਿਆਣ = ਸੁਖ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।ਰਹਾਉ।
ਬਨੁ ਬਨੁ ਖੋਜਤ ਫਿਰਤ ਬੈਰਾਗੀ ॥
The renunciate goes out into the woods, searching for Him.
(ਹੇ ਭਾਈ! ਪਰਮਾਤਮਾ ਨੂੰ ਮਿਲਣ ਵਾਸਤੇ ਜੇ) ਕੋਈ ਮਨੁੱਖ ਗ੍ਰਿਹਸਤ ਤੋਂ ਉਪਰਾਮ ਹੋ ਕੇ ਹਰੇਕ ਜੰਗਲ ਢੂੰਡਦਾ ਫਿਰਦਾ ਹੈ (ਤਾਂ ਇਸ ਤਰ੍ਹਾਂ ਪਰਮਾਤਮਾ ਨਹੀਂ ਮਿਲਦਾ)। ਬਨੁ ਬਨੁ = ਹਰੇਕ ਜੰਗਲ। ਬੈਰਾਗੀ = ਵਿਰਕਤ।
ਬਿਰਲੇ ਕਾਹੂ ਏਕ ਲਿਵ ਲਾਗੀ ॥
But those who embrace love for the One Lord are very rare.
ਕਿਸੇ ਵਿਰਲੇ ਮਨੁੱਖ ਦੀ ਇਕ ਪਰਮਾਤਮਾ ਨਾਲ ਲਗਨ ਲੱਗਦੀ ਹੈ। ਏਕ ਲਿਵ = ਇਕ ਪ੍ਰਭੂ ਦੀ ਲਗਨ।
ਜਿਨਿ ਹਰਿ ਪਾਇਆ ਸੇ ਵਡਭਾਗੀ ॥੧॥
Those who find the Lord are very fortunate and blessed. ||1||
ਜਿਸ ਜਿਸ ਮਨੁੱਖ ਨੇ ਪ੍ਰਭੂ ਨੂੰ ਲੱਭ ਲਿਆ ਹੈ, ਉਹ ਸਾਰੇ ਵੱਡੇ ਭਾਗਾਂ ਵਾਲੇ ਹਨ ॥੧॥ ਜਿਨਿ = ਜਿਸ ਨੇ {ਲਫ਼ਜ਼ 'ਜਿਨਿ' ਇਕ-ਵਚਨ ਹੈ। ਇਸ ਦੇ ਨਾਲ ਵਰਤਿਆ ਪੜਨਾਂਵ 'ਸੇ' ਬਹੁ-ਵਚਨ ਹੈ। ਸੋ, ਇਸ ਦਾ ਅਰਥ ਕਰਨਾ ਹੈ = ਜਿਸ ਨੇ ਜਿਸ ਨੇ, ਜਿਸ ਜਿਸ ਨੇ} ॥੧॥
ਬ੍ਰਹਮਾਦਿਕ ਸਨਕਾਦਿਕ ਚਾਹੈ ॥
The Gods like Brahma and Sanak yearn for Him;
(ਹੇ ਭਾਈ!) ਬ੍ਰਹਮਾ ਅਤੇ ਹੋਰ ਵੱਡੇ ਦੇਵਤੇ, ਸਨਕ ਅਤੇ ਉਸ ਦੇ ਭਰਾ ਸਨੰਦਨ ਸਨਾਤਨ ਸਨਤ ਕੁਮਾਰ-ਇਹਨਾਂ ਵਿਚੋਂ ਹਰੇਕ ਪ੍ਰਭੂ-ਮਿਲਾਪ ਚਾਹੁੰਦਾ ਹੈ। ਬ੍ਰਹਮਾਦਿਕ = ਬ੍ਰਹਮਾ ਆਦਿਕ, ਬ੍ਰਹਮਾ ਅਤੇ ਹੋਰ ਦੇਵਤੇ। ਸਨਕਾਦਿਕ = ਸਨਕ ਆਦਿਕ, ਸਨਕ ਅਤੇ ਉਸ ਦੇ ਹੋਰ ਭਰਾ ਸਨੰਦਨ, ਸਨਾਤਨ, ਸਨਤ ਕੁਮਾਰ।
ਜੋਗੀ ਜਤੀ ਸਿਧ ਹਰਿ ਆਹੈ ॥
the Yogis, celibates and Siddhas yearn for the Lord.
ਜੋਗੀ ਜਤੀ ਸਿੱਧ-ਹਰੇਕ ਪਰਮਾਤਮਾ ਨੂੰ ਮਿਲਣ ਦੀ ਤਾਂਘ ਕਰਦਾ ਹੈ, ਆਹੈ = ਤਾਂਘ ਕਰਦਾ ਹੈ।
ਜਿਸਹਿ ਪਰਾਪਤਿ ਸੋ ਹਰਿ ਗੁਣ ਗਾਹੈ ॥੨॥
One who is so blessed, sings the Glorious Praises of the Lord. ||2||
(ਪਰ ਜਿਸ ਨੂੰ ਧੁਰੋਂ) ਇਹ ਦਾਤ ਮਿਲੀ ਹੈ, ਉਹੀ ਪ੍ਰਭੂ ਦੇ ਗੁਣ ਗਾਂਦਾ ਹੈ ॥੨॥ ਗਾਹੈ = ਗਾਂਹਦਾ ਹੈ, ਚੁੱਭੀ ਲਾਂਦਾ ਹੈ ॥੨॥
ਤਾ ਕੀ ਸਰਣਿ ਜਿਨ ਬਿਸਰਤ ਨਾਹੀ ॥
I seek the Sanctuary of those who have not forgotten Him.
(ਹੇ ਭਾਈ!) ਉਹਨਾਂ ਦੀ ਸਰਨ ਪਈਏ, ਜਿਨ੍ਹਾਂ ਨੂੰ ਪਰਮਾਤਮਾ ਕਦੇ ਭੁੱਲਦਾ ਨਹੀਂ। ਜਿਨ = ਜਿਨ੍ਹਾਂ ਨੂੰ {ਲਫ਼ਜ਼ 'ਜਿਨਿ' ਇਕ-ਵਚਨ, ਲਫ਼ਜ਼ 'ਜਿਨ' ਬਹੁ-ਵਚਨ}। ਤਾ ਕੀ = ਉਹਨਾਂ ਦੀ।
ਵਡਭਾਗੀ ਹਰਿ ਸੰਤ ਮਿਲਾਹੀ ॥
By great good fortune, one meets the Lord's Saint.
ਪਰਮਾਤਮਾ ਦੇ ਸੰਤਾਂ ਨੂੰ ਕੋਈ ਵੱਡੇ ਭਾਗਾਂ ਵਾਲੇ ਹੀ ਮਿਲ ਸਕਦੇ ਹਨ। ਮਿਲਾਹੀ = ਮਿਲਹਿ, ਮਿਲਦੇ ਹਨ।
ਜਨਮ ਮਰਣ ਤਿਹ ਮੂਲੇ ਨਾਹੀ ॥੩॥
They are not subject to the cycle of birth and death. ||3||
ਉਹਨਾਂ ਸੰਤ ਜਨਾਂ ਨੂੰ ਜਨਮ ਮਰਨ ਦੇ ਗੇੜ ਕਦੇ ਭੀ ਨਹੀਂ ਵਿਆਪਦੇ ॥੩॥ ਤਿਹ = ਉਹਨਾਂ ਨੂੰ। ਮੂਲੇ = ਬਿਲਕੁਲ ॥੩॥
ਕਰਿ ਕਿਰਪਾ ਮਿਲੁ ਪ੍ਰੀਤਮ ਪਿਆਰੇ ॥
Show Your Mercy, and lead me to meet You, O my Darling Beloved.
ਹੇ ਪਿਆਰੇ ਪ੍ਰੀਤਮ ਪ੍ਰਭੂ! (ਮੇਰੇ ਉਤੇ) ਕਿਰਪਾ ਕਰ ਤੇ (ਮੈਨੂੰ) ਮਿਲ। ਪ੍ਰੀਤਮ = ਹੇ ਪ੍ਰੀਤਮ!
ਬਿਨਉ ਸੁਨਹੁ ਪ੍ਰਭ ਊਚ ਅਪਾਰੇ ॥
Hear my prayer, O Lofty and Infinite God;
ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! (ਮੇਰੀ ਇਹ) ਬੇਨਤੀ ਸੁਣ। ਬਿਨਉ = ਬੇਨਤੀ {विनय}।
ਨਾਨਕੁ ਮਾਂਗਤੁ ਨਾਮੁ ਅਧਾਰੇ ॥੪॥੧॥੧੧੭॥
Nanak begs for the Support of Your Name. ||4||1||117||
(ਤੇਰਾ ਦਾਸ) ਨਾਨਕ (ਤੈਥੋਂ ਤੇਰਾ) ਨਾਮ (ਹੀ ਜ਼ਿੰਦਗੀ ਦਾ) ਆਸਰਾ ਮੰਗਦਾ ਹੈ ॥੪॥੧॥੧੧੭॥ ਮਾਂਗਤੁ = ਮੰਗਦਾ ਹੈ ॥੪॥