ਚੌਪਈ ॥

ਚੌਪਈ:

ਚੌੜ ਭਰਥ ਸੰਨ︀ਯਾਸੀ ਰਹੈ ॥

ਚੌੜ ਭਰਤ ਨਾਂ ਦਾ ਇਕ ਸੰਨਿਆਸੀ ਰਹਿੰਦਾ ਸੀ।

ਰੰਡੀਗਿਰ ਦੁਤਿਯੈ ਜਗ ਕਹੈ ॥

ਦੂਜੇ ਨੂੰ ਲੋਕੀਂ ਰੰਡੀਗਿਰ ਕਹਿੰਦੇ ਸਨ।

ਬਾਲਕ ਰਾਮ ਏਕ ਬੈਰਾਗੀ ॥

ਇਕ ਬਾਲਕ ਰਾਮ ਨਾਂ ਦਾ ਬੈਰਾਗੀ ਸੀ।

ਤਿਨ ਸੌ ਰਹੈ ਸਪਰਧਾ ਲਾਗੀ ॥੧॥

ਉਨ੍ਹਾਂ ਪ੍ਰਤਿ ਉਸ ਦੀ ਖ਼ਾਰਬਾਜ਼ੀ ਸੀ ॥੧॥

ਏਕ ਦਿਵਸ ਤਿਨ ਪਰੀ ਲਰਾਈ ॥

ਇਕ ਦਿਨ ਉਨ੍ਹਾਂ ਵਿਚ ਲੜਾਈ ਹੋ ਗਈ

ਕੁਤਕਨ ਸੇਤੀ ਮਾਰਿ ਮਚਾਈ ॥

ਅਤੇ ਡੰਡਿਆਂ ਨਾਲ ਖ਼ੂਬ ਮਾਰ ਮਚੀ।

ਕੰਠੀ ਕਹੂੰ ਜਟਨ ਕੇ ਜੂਟੇ ॥

ਕਿਤੇ ਕੰਠੀਆਂ ਅਤੇ ਕਿਤੇ ਜਟਾਵਾਂ ਦੇ ਜੂੜੇ (ਖੁਲ੍ਹ ਗਏ)

ਖਪਰ ਸੌ ਖਪਰ ਬਹੁ ਫੂਟੇ ॥੨॥

ਅਤੇ ਖਪਰਾਂ ਉਤੇ ਖਪਰ (ਵਜ ਕੇ) ਬਹੁਤ ਅਧਿਕ ਟੁੱਟੇ ॥੨॥

ਗਿਰਿ ਗਿਰਿ ਕਹੂੰ ਟੋਪਿਯੈ ਪਰੀ ॥

ਕਿਤੇ ਟੋਪੀਆਂ ਡਿਗ ਡਿਗ ਕੇ ਪਈਆਂ

ਢੇਰ ਜਟਨ ਹ੍ਵੈ ਗਏ ਉਪਰੀ ॥

ਅਤੇ ਕਿਤੇ ਜਟਾਵਾਂ ਦੇ ਉੱਚੇ ਢੇਰ ਲਗ ਗਏ।

ਲਾਤ ਮੁਸਟ ਕੇ ਕਰੈ ਪ੍ਰਹਾਰਾ ॥

(ਉਹ ਇਕ ਦੂਜੇ ਉਤੇ) ਲੱਤਾਂ ਅਤੇ ਮੁਕਿਆਂ ਦਾ ਪ੍ਰਹਾਰ ਕਰਦੇ ਸਨ,

ਜਨ ਕਰਿ ਚੋਟ ਪਰੈ ਘਰਿਯਾਰਾ ॥੩॥

ਮਾਨੋ ਘੜੀਆਲ ਉਤੇ ਸਟਾਂ ਪੈਂਦੀਆਂ ਹੋਣ ॥੩॥