ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥

Remembering the Lord, His devotees are famous and radiant.

ਪ੍ਰਭੂ ਦਾ ਸਿਮਰਨ ਕਰ ਕੇ ਭਗਤ (ਜਗਤ ਵਿਚ) ਮਸ਼ਹੂਰ ਹੁੰਦੇ ਹਨ, ਹਰਿ ਸਿਮਰਨੁ = ਪ੍ਰਭੂ ਦਾ ਸਿਮਰਨ। ਕਰਿ = ਕਰ ਕੇ। ਪ੍ਰਗਟਾਏ = ਮਸ਼ਹੂਰ ਹੋਏ।

ਹਰਿ ਸਿਮਰਨਿ ਲਗਿ ਬੇਦ ਉਪਾਏ ॥

Remembering the Lord, the Vedas were composed.

ਸਿਮਰਨ ਵਿਚ ਹੀ ਜੁੜ ਕੇ (ਰਿਸ਼ੀਆਂ ਨੇ) ਵੇਦ (ਆਦਿਕ ਧਰਮ ਪੁਸਤਕ) ਰਚੇ। ਹਰਿ ਸਿਮਰਨਿ = ਪ੍ਰਭੂ ਦੇ ਸਿਮਰਨ ਵਿਚ। ਲਗਿ = ਲੱਗ ਕੇ, ਜੁੜ ਕੇ। ਉਪਾਏ = ਪੈਦਾ ਕੀਤੇ।

ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ॥

Remembering the Lord, we become Siddhas, celibates and givers.

ਪ੍ਰਭੂ ਦੇ ਸਿਮਰਨ ਦੁਆਰਾ ਹੀ ਮਨੁੱਖ ਸਿੱਧ ਬਣ ਗਏ, ਜਤੀ ਬਣ ਗਏ, ਦਾਤੇ ਬਣ ਗਏ; ਭਏ = ਹੋ ਗਏ। ਸਿਧ = ਉਹ ਪੁਰਸ਼ ਜੋ ਸਾਧਨਾਂ ਦੁਆਰਾ ਆਤਮਕ ਅਵਸਥਾ ਦੀ ਸਿਖਰ ਤੇ ਪਹੁੰਚ ਜਾਏ। ਜਤੀ = ਆਪਣੇ ਸਰੀਰਕ ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਵਾਲਾ।

ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥

Remembering the Lord, the lowly become known in all four directions.

ਸਿਮਰਨ ਦੀ ਬਰਕਤਿ ਨਾਲ ਨੀਚ ਮਨੁੱਖ ਸਾਰੇ ਸੰਸਾਰ ਵਿਚ ਪਰਗਟ ਹੋ ਗਏ। ਚਹੁ ਕੁੰਟ = ਚਹੁੰ-ਪਾਸੀਂ, ਸਾਰੇ ਜਗਤ ਵਿਚ। ਜਾਤੇ = ਮਸ਼ਹੂਰ।

ਹਰਿ ਸਿਮਰਨਿ ਧਾਰੀ ਸਭ ਧਰਨਾ ॥

For the remembrance of the Lord, the whole world was established.

ਪ੍ਰਭੂ ਦੇ ਸਿਮਰਨ ਨੇ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ; ਸਿਮਰਨਿ = ਸਿਮਰਨ ਨੇ। ਧਾਰੀ = ਟਿਕਾਈ। ਧਰਨਾ = ਧਰਤੀ।

ਸਿਮਰਿ ਸਿਮਰਿ ਹਰਿ ਕਾਰਨ ਕਰਨਾ ॥

Remember, remember in meditation the Lord, the Creator, the Cause of causes.

(ਤਾਂ ਤੇ ਹੇ ਭਾਈ!) ਜਗਤ ਦੇ ਕਰਤਾ ਪ੍ਰਭੂ ਨੂੰ ਸਦਾ ਸਿਮਰ। ਕਾਰਨ ਕਰਨ = ਜਗਤ ਦਾ ਕਾਰਨ, ਜਗਤ ਦਾ ਮੂਲ, ਸ੍ਰਿਸ਼ਟੀ ਦਾ ਕਰਤਾ।

ਹਰਿ ਸਿਮਰਨਿ ਕੀਓ ਸਗਲ ਅਕਾਰਾ ॥

For the remembrance of the Lord, He created the whole creation.

ਪ੍ਰਭੂ ਨੇ ਸਿਮਰਨ ਵਾਸਤੇ ਸਾਰਾ ਜਗਤ ਬਣਾਇਆ ਹੈ; ਆਕਾਰਾ = ਦ੍ਰਿਸ਼ਟਮਾਨ ਜਗਤ।

ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥

In the remembrance of the Lord, He Himself is Formless.

ਜਿਥੇ ਸਿਮਰਨ ਹੈ ਓਥੇ ਨਿਰੰਕਾਰ ਆਪ ਵੱਸਦਾ ਹੈ। ਮਹਿ = ਵਿਚ।

ਕਰਿ ਕਿਰਪਾ ਜਿਸੁ ਆਪਿ ਬੁਝਾਇਆ ॥

By His Grace, He Himself bestows understanding.

ਮੇਹਰ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਕਰਨ ਦੀ) ਸਮਝ ਦੇਂਦਾ ਹੈ, ਜਿਸੁ = ਜਿਸ ਨੂੰ।

ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥੮॥੧॥

O Nanak, the Gurmukh attains the remembrance of the Lord. ||8||1||

ਹੇ ਨਾਨਕ! ਉਸ ਮਨੁੱਖ ਨੇ ਗੁਰੂ ਦੁਆਰਾ ਸਿਮਰਨ (ਦੀ ਦਾਤ) ਪ੍ਰਾਪਤ ਕਰ ਲਈ ਹੈ ॥੮॥੧॥ ਨਾਨਕ = ਹੇ ਨਾਨਕ! ਤਿਨਿ = ਉਸ ਮਨੁੱਖ ਨੇ। ਗੁਰਮੁਖਿ = ਗੁਰੂ ਦੀ ਰਾਹੀਂ ॥੮॥