ਪ੍ਰਹਲਾਦ ਪਠਾਏ ਪੜਨ ਸਾਲ ॥
Prahlaad was sent to school.
ਪ੍ਰਹਿਲਾਦ ਨੂੰ (ਉਸ ਦੇ ਪਿਉ ਹਰਨਾਖਸ਼ ਨੇ) ਪਾਠਸ਼ਾਲਾ ਵਿਚ ਪੜ੍ਹਨ ਘੱਲਿਆ, ਪਠਾਏ = ਘੱਲਿਆ। ਪੜਨਸਾਲ = ਪਾਠਸ਼ਾਲਾ।
ਸੰਗਿ ਸਖਾ ਬਹੁ ਲੀਏ ਬਾਲ ॥
He took many of his friends along with him.
(ਪ੍ਰਹਿਲਾਦ ਨੇ ਆਪਣੇ) ਨਾਲ ਕਈ ਬਾਲਕ ਸਾਥੀ ਲੈ ਲਏ। ਸੰਗਿ = (ਆਪਣੇ) ਨਾਲ। ਸਖਾ = ਮਿੱਤਰ, ਸਾਥੀ। ਬਾਲ = ਬਾਲਕ।
ਮੋ ਕਉ ਕਹਾ ਪੜੑਾਵਸਿ ਆਲ ਜਾਲ ॥
He asked his teacher, "Why do you teach me about worldly affairs?
(ਜਦੋਂ ਪਾਂਧਾ ਕੁਝ ਹੋਰ ਉਲਟ-ਪੁਲਟ ਪੜ੍ਹਾਣ ਲੱਗਾ, ਤਾਂ ਪ੍ਰਹਿਲਾਦ ਨੇ ਆਖਿਆ, ਹੇ ਬਾਬਾ!) ਮੈਨੂੰ ਊਲ-ਜਲੂਲ ਕਿਉਂ ਪੜ੍ਹਾਉਂਦਾ ਹੈਂ? ਕਹਾ ਪੜ੍ਹ੍ਹਾਵਸਿ = ਤੂੰ ਕਿਉਂ ਪੜ੍ਹਾਉਂਦਾ ਹੈਂ? ਆਲ ਜਾਲ = ਘਰ ਦੇ ਧੰਧੇ {ਆਲ = ਘਰ। ਜਾਲ = ਧੰਧੇ}।
ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗੋੁਪਾਲ ॥੧॥
Write the Name of the Dear Lord on my tablet." ||1||
ਮੇਰੀ ਇਸ ਨਿੱਕੀ ਜਿਹੀ ਪੱਟੀ ਉੱਤੇ 'ਸ੍ਰੀ ਗੋਪਾਲ, ਸ੍ਰੀ ਗੋਪਾਲ' ਲਿਖ ਦੇਹ ॥੧॥ ਪਟੀਆ = ਨਿੱਕੀ ਜਿਹੀ ਪੱਟੀ। ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ)। ਅਸਲੀ ਲਫ਼ਜ਼ 'ਗੋਪਾਲ' ਹੈ। ਪਰ, ਇੱਥੇ 'ਗੁਪਾਲ' ਪੜ੍ਹਨਾ ਹੈ} ॥੧॥
ਨਹੀ ਛੋਡਉ ਰੇ ਬਾਬਾ ਰਾਮ ਨਾਮ ॥
O Baba, I will not forsake the Name of the Lord.
ਹੇ ਬਾਬਾ! ਮੈਂ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਛੱਡਾਂਗਾ। ਰੇ ਬਾਬਾ = ਹੇ ਬਾਬਾ! ਛੋਡਉ = ਮੈਂ ਛੱਡਦਾ ਹਾਂ, ਮੈਂ ਛੱਡਾਂਗਾ।
ਮੇਰੋ ਅਉਰ ਪੜੑਨ ਸਿਉ ਨਹੀ ਕਾਮੁ ॥੧॥ ਰਹਾਉ ॥
I will not bother with any other lessons. ||1||Pause||
ਨਾਮ ਤੋਂ ਬਿਨਾ ਕੋਈ ਹੋਰ ਗੱਲ ਪੜ੍ਹਨ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ ॥੧॥ ਰਹਾਉ ॥ ਮੇਰੋ ਨਹੀ ਕਾਮੁ = ਮੇਰਾ ਕੋਈ ਕੰਮ ਨਹੀਂ, ਮੇਰੀ ਕੋਈ ਗ਼ਰਜ਼ ਨਹੀਂ ॥੧॥ ਰਹਾਉ ॥
ਸੰਡੈ ਮਰਕੈ ਕਹਿਓ ਜਾਇ ॥
Sanda and Marka went to the king to complain.
(ਪ੍ਰਹਿਲਾਦ ਦੇ ਅਧਿਆਪਕ) ਸੰਡੇ ਮਰਕੇ (ਅਮਰਕ) ਨੇ ਜਾ ਕੇ (ਹਰਨਾਖਸ਼ ਨੂੰ ਇਹ ਗੱਲ) ਕਹਿ ਦਿੱਤੀ।
ਪ੍ਰਹਲਾਦ ਬੁਲਾਏ ਬੇਗਿ ਧਾਇ ॥
He sent for Prahlaad to come at once.
ਉਸ ਨੇ ਛੇਤੀ ਨਾਲ ਪ੍ਰਹਿਲਾਦ ਨੂੰ ਸੱਦ ਘੱਲਿਆ। ਬੇਗਿ = ਛੇਤੀ। ਬੁਲਾਏ = ਸਦਵਾਇਆ।
ਤੂ ਰਾਮ ਕਹਨ ਕੀ ਛੋਡੁ ਬਾਨਿ ॥
He said to him, "Stop uttering the Lord's Name.
(ਪਾਂਧੇ ਨੇ ਪ੍ਰਹਿਲਾਦ ਨੂੰ ਸਮਝਾਇਆ) ਤੂੰ ਪਰਮਾਤਮਾ ਦਾ ਨਾਮ ਸਿਮਰਨ ਦੀ ਆਦਤ ਛੱਡ ਦੇਹ, ਬਾਨਿ = ਆਦਤ।
ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ ॥੨॥
I shall release you at once, if you obey my words." ||2||
ਮੇਰਾ ਆਖਿਆ ਮੰਨ ਲੈ, ਮੈਂ ਤੈਨੂੰ ਤੁਰਤ ਛਡਾ ਲਵਾਂਗਾ ॥੨॥ ਮਾਨਿ = ਮੰਨ ਲੈ ॥੨॥
ਮੋ ਕਉ ਕਹਾ ਸਤਾਵਹੁ ਬਾਰ ਬਾਰ ॥
Prahlaad answered, "Why do you annoy me, over and over again?
(ਪ੍ਰਹਿਲਾਦ ਨੇ ਉੱਤਰ ਦਿੱਤਾ, ਇਹ ਗੱਲ ਆਖ ਕੇ) ਮੈਨੂੰ ਮੁੜ ਮੁੜ ਕਿਉਂ ਦਿੱਕ ਕਰਦੇ ਹੋ? ਬਾਰ ਬਾਰ = ਮੁੜ ਮੁੜ।
ਪ੍ਰਭਿ ਜਲ ਥਲ ਗਿਰਿ ਕੀਏ ਪਹਾਰ ॥
God created the water, land, hills and mountains.
ਜਿਸ ਪ੍ਰਭੂ ਨੇ ਪਾਣੀ, ਧਰਤੀ, ਪਹਾੜ ਆਦਿਕ ਸਾਰੀ ਸ੍ਰਿਸ਼ਟੀ ਬਣਾਈ ਹੈ, ਮੈਂ ਉਸ ਰਾਮ ਨੂੰ ਸਿਮਰਨਾ ਨਹੀਂ ਛੱਡਾਂਗਾ। ਪ੍ਰਭਿ = ਪ੍ਰਭੂ ਨੇ। ਗਿਰਿ = ਪਹਾੜ।
ਇਕੁ ਰਾਮੁ ਨ ਛੋਡਉ ਗੁਰਹਿ ਗਾਰਿ ॥
I shall not forsake the One Lord; if I did, I would be going against my Guru.
(ਉਸ ਨੂੰ ਛੱਡਿਆਂ) ਮੇਰੇ ਗੁਰੂ ਨੂੰ ਗਾਲ੍ਹ ਲੱਗਦੀ ਹੈ (ਭਾਵ, ਮੇਰੇ ਗੁਰੂ ਦੀ ਬਦਨਾਮੀ ਹੁੰਦੀ ਹੈ)। ਗੁਰਹਿ = ਗੁਰੂ ਨੂੰ। ਗਾਰਿ = ਗਾਲ।
ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ ॥੩॥
You might as well throw me into the fire and kill me." ||3||
ਮੈਨੂੰ ਚਾਹੇ ਸਾੜ ਭੀ ਦੇਹ, ਚਾਹੇ ਮਾਰ ਦੇਹ (ਪਰ ਨਾਮ ਨਹੀਂ ਛੱਡਾਂਗਾ) ॥੩॥ ਘਾਲਿ ਜਾਰਿ = ਸਾੜ ਦੇਹ। ਭਾਵੈ = ਚਾਹੇ। ਮਾਰਿ ਡਾਰਿ = ਮਾਰ ਦੇਹ ॥੩॥
ਕਾਢਿ ਖੜਗੁ ਕੋਪਿਓ ਰਿਸਾਇ ॥
The king became angry and drew his sword.
(ਹਰਨਾਖਸ਼) ਖਿੱਝ ਕੇ ਕ੍ਰੋਧ ਵਿਚ ਆਇਆ, ਤਲਵਾਰ (ਮਿਆਨੋਂ) ਕੱਢ ਕੇ (ਆਖਣ ਲੱਗਾ-) ਖੜਗੁ = ਤਲਵਾਰ। ਰਿਸਾਇ = ਖਿੱਝ ਕੇ। ਕੋਪਿਓ = ਕ੍ਰੋਧ ਵਿਚ ਆਇਆ।
ਤੁਝ ਰਾਖਨਹਾਰੋ ਮੋਹਿ ਬਤਾਇ ॥
"Show me your protector now!"
ਮੈਨੂੰ ਉਹ ਦੱਸ ਜੋ ਤੈਨੂੰ ਬਚਾਉਣ ਵਾਲਾ ਹੈ। ਮੋਹਿ = ਮੈਨੂੰ। ਬਤਾਇ = ਦੱਸ।
ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ ॥
So God emerged out of the pillar, and assumed a mighty form.
ਪ੍ਰਭੂ ਭਿਆਨਕ ਰੂਪ ਧਾਰ ਕੇ ਥੰਮ੍ਹ ਵਿਚੋਂ ਨਿਕਲ ਆਇਆ, ਤੇ = ਤੋਂ। ਨਿਕਸੇ = ਨਿਕਲ ਆਏ। ਕੈ = ਕਰਿ, ਕਰ ਕੇ। ਕੈ ਬਿਸਥਾਰੁ = ਵਿਸਥਾਰ ਕਰ ਕੇ, ਭਿਆਨਕ ਰੂਪ ਧਾਰ ਕੇ।
ਹਰਨਾਖਸੁ ਛੇਦਿਓ ਨਖ ਬਿਦਾਰ ॥੪॥
He killed Harnaakhash, tearing him apart with his nails. ||4||
ਤੇ ਉਸ ਨੇ ਆਪਣੇ ਨਹੁੰਆਂ ਨਾਲ ਚੀਰ ਕੇ ਹਰਨਾਖਸ਼ ਨੂੰ ਮਾਰ ਦਿੱਤਾ ॥੪॥ ਛੇਦਿਓ = ਚੀਰ ਦਿੱਤਾ, ਮਾਰ ਦਿੱਤਾ। ਨਖ = ਨਹੁੰਆਂ ਨਾਲ। ਬਿਦਾਰ = ਪਾੜ ਕੇ ॥੪॥
ਓਇ ਪਰਮ ਪੁਰਖ ਦੇਵਾਧਿ ਦੇਵ ॥
The Supreme Lord God, the Divinity of the divine,
ਪ੍ਰਭੂ ਜੀ ਪਰਮ-ਪੁਰਖ ਹਨ, ਦੇਵਤਿਆਂ ਦੇ ਭੀ ਵੱਡੇ ਦੇਵਤੇ ਹਨ। ਦੇਵਾਧਿਦੇਵ = ਦੇਵ-ਅਧਿਦੇਵ, ਦੇਵਤਿਆਂ ਦਾ ਵੱਡ ਦੇਵਤਾ।
ਭਗਤਿ ਹੇਤਿ ਨਰਸਿੰਘ ਭੇਵ ॥
for the sake of His devotee, assumed the form of the man-lion.
(ਪ੍ਰਹਿਲਾਦ ਦੀ) ਭਗਤੀ ਨਾਲ ਪਿਆਰ ਕਰ ਕੇ ਪ੍ਰਭੂ ਨੇ ਨਰਸਿੰਘ ਰੂਪ ਧਾਰਿਆ, ਹੇਤਿ = ਖ਼ਾਤਰ। ਭਗਤਿ ਹੇਤਿ = ਭਗਤੀ ਦੀ ਖ਼ਾਤਰ, ਭਗਤੀ ਨਾਲ ਪਿਆਰ ਕਰ ਕੇ। ਭੇਵ = ਰੂਪ।
ਕਹਿ ਕਬੀਰ ਕੋ ਲਖੈ ਨ ਪਾਰ ॥
Says Kabeer, no one can know the Lord's limits.
ਕਬੀਰ ਆਖਦਾ ਹੈ ਕਿ ਕੋਈ ਜੀਵ ਉਸ ਪ੍ਰਭੂ ਦੀ ਤਾਕਤ ਦਾ ਅੰਤ ਨਹੀਂ ਪਾ ਸਕਦਾ, ਕਹਿ = ਕਹੇ, ਆਖਦਾ ਹੈ। ਕੋ = ਕੋਈ ਜੀਵ। ਪਾਰ = ਅੰਤ।
ਪ੍ਰਹਲਾਦ ਉਧਾਰੇ ਅਨਿਕ ਬਾਰ ॥੫॥੪॥
He saves His devotees like Prahlaad over and over again. ||5||4||
(ਜਿਸ ਨੇ) ਪ੍ਰਹਿਲਾਦ ਨੂੰ ਅਨੇਕਾਂ ਕਸ਼ਟਾਂ ਤੋਂ ਬਚਾਇਆ ॥੫॥੪॥ ਉਧਾਰੇ = ਬਚਾਇਆ। ਅਨਿਕ ਬਾਰ = ਅਨੇਕਾਂ ਵਾਰੀ, ਅਨੇਕਾਂ ਕਸਟਾਂ ਤੋਂ ॥੫॥੪॥