ਸਿਰੀਰਾਗੁ ਮਹਲਾ

Siree Raag, Fifth Mehl:

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

ਮਿਲਿ ਸਤਿਗੁਰ ਸਭੁ ਦੁਖੁ ਗਇਆ ਹਰਿ ਸੁਖੁ ਵਸਿਆ ਮਨਿ ਆਇ

Meeting the True Guru, all my sufferings have ended, and the Peace of the Lord has come to dwell within my mind.

ਸਤਿਗੁਰੂ ਨੂੰ ਮਿਲ ਕੇ (ਮਨੁੱਖ ਦਾ) ਸਾਰਾ ਦੁੱਖ ਦੂਰ ਹੋ ਜਾਂਦਾ ਹੈ ਅਤੇ ਪਰਮਾਤਮਾ ਦੇ ਮਿਲਾਪ ਦਾ ਸੁਖ ਮਨ ਵਿੱਚ ਆ ਵਸਦਾ ਹੈ। ਸਭੁ = ਸਾਰਾ। ਹਰਿ ਸੁਖੁ = ਪਰਮਾਤਮਾ (ਦੇ ਮਿਲਾਪ) ਦਾ ਸੁਖ। ਮਨਿ = ਮਨ ਵਿਚ। ਆਇ = ਆ ਕੇ।

ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ

The Divine Light illuminates my inner being, and I am lovingly absorbed in the One.

ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ। ਅੰਤਰਿ = ਅੰਦਰ, ਮਨ ਵਿਚ। ਏਕਸੁ ਸਿਉ = ਇਕ (ਪਰਮਾਤਮਾ) ਨਾਲ। ਲਾਇ = ਲਾ ਕੇ।

ਮਿਲਿ ਸਾਧੂ ਮੁਖੁ ਊਜਲਾ ਪੂਰਬਿ ਲਿਖਿਆ ਪਾਇ

Meeting with the Holy Saint, my face is radiant; I have realized my pre-ordained destiny.

ਗੁਰੂ ਨੂੰ ਮਿਲ ਕੇ ਮਨੁੱਖ ਦਾ ਮੂੰਹ ਰੌਸ਼ਨ ਹੋ ਜਾਂਦਾ ਹੈ। (ਚਿਹਰੇ ਉੱਤੇ ਅੰਦਰਲੇ ਆਤਮਕ ਜੀਵਨ ਦੀ ਲਾਲੀ ਆ ਜਾਂਦੀ ਹੈ) ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਹੋਇਆ ਲੇਖ ਉੱਘੜ ਪੈਂਦਾ ਹੈ। ਮਿਲਿ = ਮਿਲ ਕੇ। ਸਾਧੂ = ਗੁਰੂ। ਊਜਲਾ = ਰੋਸ਼ਨ। ਪੂਰਬਿ = ਪਹਿਲੇ (ਜਨਮ ਦੇ) ਸਮੇਂ ਵਿਚ।

ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ ॥੧॥

I constantly sing the Glories of the Lord of the Universe. Through the True Name, I have become spotlessly pure. ||1||

ਸਦਾ-ਥਿਰ ਪ੍ਰਭੂ ਦੇ ਪਵਿਤ੍ਰ ਨਾਮ ਵਿਚ (ਜੁੜ ਕੇ) ਮਨੁੱਖ ਸਦਾ ਗੋਬਿੰਦ ਦੇ ਗੁਣ ਗਾਵਣ ਦਾ ਆਹਰ ਰੱਖਦਾ ਹੈ ॥੧॥ ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ)॥੧॥

ਮੇਰੇ ਮਨ ਗੁਰਸਬਦੀ ਸੁਖੁ ਹੋਇ

O my mind, you shall find peace through the Word of the Guru's Shabad.

ਹੇ ਮੇਰੇ ਮਨ! ਗੁਰੂ ਦੇ ਸ਼ਬਦ ਵਿਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ। ਮਨ = ਹੇ ਮਨ!

ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਕੋਇ ॥੧॥ ਰਹਾਉ

Working for the Perfect Guru, no one goes away empty-handed. ||1||Pause||

ਜੇਹੜਾ ਭੀ ਕੋਈ ਮਨੁੱਖ ਪੂਰੇ ਗੁਰੂ ਦੀ ਸੇਵਾ ਕਰਦਾ ਹੈ (ਭਾਵ, ਪੂਰੇ ਗੁਰੂ ਦੇ ਸ਼ਬਦ ਅਨੁਸਾਰ ਤੁਰਦਾ ਹੈ) ਉਹ (ਗੁਰੂ ਦੇ ਦਰ ਤੋਂ) ਖ਼ਾਲੀ ਨਹੀਂ ਜਾਂਦਾ ॥੧॥ ਰਹਾਉ ॥ ਚਾਕਰੀ = ਸੇਵਾ। ਬਿਰਥਾ = {वृथा} ਖ਼ਾਲੀ॥੧॥ਰਹਾਉ॥

ਮਨ ਕੀਆ ਇਛਾਂ ਪੂਰੀਆ ਪਾਇਆ ਨਾਮੁ ਨਿਧਾਨੁ

The desires of the mind are fulfilled, when the Treasure of the Naam, the Name of the Lord, is obtained.

(ਗੁਰੂ ਦੇ ਸ਼ਬਦ ਵਿਚ ਜੁੜ ਕੇ ਜੇਹੜਾ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ, ਉਸ ਦੇ ਮਨ ਦੀਆਂ ਸਾਰੀਆਂ ਖ਼ਾਹਸ਼ਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਸ ਦਾ ਮਨ ਦੁਨੀਆਵੀ ਵਾਸਨਾਂ ਪਿੱਛੇ ਦੌੜਨੋਂ ਹੱਟ ਜਾਂਦਾ ਹੈ)। ਨਿਧਾਨੁ = ਖ਼ਜ਼ਾਨਾ।

ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ

The Inner-knower, the Searcher of hearts, is always with you; recognize Him as the Creator.

ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਸ ਮਨੁੱਖ ਨੂੰ ਸਦਾ ਆਪਣੇ ਅੰਗ-ਸੰਗ ਦਿੱਸਦਾ ਹੈ, ਸਿਰਜਣਹਾਰ ਪ੍ਰਭੂ ਉਸ ਨੂੰ ਆਪਣਾ ਮਿੱਤਰ ਜਾਪਦਾ ਹੈ। ਅੰਤਰਜਾਮੀ = (ਜੀਵਾਂ ਦੇ ਦਿਲ ਦੇ) ਅੰਦਰ ਪਹੁੰਚ ਜਾਣ ਵਾਲਾ। ਸੰਗਿ = ਅੰਗ-ਸੰਗ। ਪਛਾਨੁ = ਪਛਾਣੂ, ਮਿੱਤਰ।

ਗੁਰ ਪਰਸਾਦੀ ਮੁਖੁ ਊਜਲਾ ਜਪਿ ਨਾਮੁ ਦਾਨੁ ਇਸਨਾਨੁ

By Guru's Grace, your face shall be radiant. Chanting the Naam, you shall receive the benefits of giving charity and taking cleansing baths.

ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪ ਕੇ (ਦੂਜਿਆਂ ਦੀ) ਸੇਵਾ (ਕਰ ਕੇ) ਪਵਿਤ੍ਰ ਆਚਰਨ (ਬਣਾ ਕੇ) ਉਸ ਦਾ ਮੂੰਹ ਚਮਕ ਉੱਠਦਾ ਹੈ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਜਪਿ = ਜਪ ਕੇ। ਦਾਨੁ = ਸੇਵਾ। ਇਸਨਾਨੁ = ਪਵਿਤ੍ਰ ਆਚਰਨ।

ਕਾਮੁ ਕ੍ਰੋਧੁ ਲੋਭੁ ਬਿਨਸਿਆ ਤਜਿਆ ਸਭੁ ਅਭਿਮਾਨੁ ॥੨॥

Sexual desire, anger and greed are eliminated, and all egotistical pride is abandoned. ||2||

ਉਸ ਮਨੁੱਖ ਦੇ ਅੰਦਰੋਂ ਕਾਮ ਕ੍ਰੋਧ ਲੋਭ ਨਾਸ ਹੋ ਜਾਂਦਾ ਹੈ। ਉਹ ਮਨੁੱਖ ਅਹੰਕਾਰ ਉੱਕਾ ਛੱਡ ਦੇਂਦਾ ਹੈ ॥੨॥ ਅਭਿਮਾਨੁ = ਅਹੰਕਾਰ॥੨॥

ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ

The Profit of the Naam is obtained, and all affairs are brought to fruition.

ਉਸ ਨੇ (ਜਦੋਂ) ਪਰਮਾਤਮਾ ਦਾ ਨਾਮ (ਜੀਵਨ ਦੇ ਵਣਜ ਵਿਚ) ਲਾਭ (ਵਜੋਂ) ਹਾਸਲ ਕਰ ਲਿਆ, ਤਾਂ ਉਸ ਦੇ ਸਾਰੇ ਕੰਮ ਸਫਲੇ ਹੋ ਗਏ (ਤ੍ਰਿਸ਼ਨਾ-ਅਧੀਨ ਹੋ ਰਹੀ ਦੌੜ-ਭੱਜ ਖ਼ਤਮ ਹੋ ਗਈ)। ਲਾਹਾ = ਲਾਭ, ਨਫ਼ਾ। ਕਾਮ = (ਸਾਰੇ) ਕੰਮ।

ਕਰਿ ਕਿਰਪਾ ਪ੍ਰਭਿ ਮੇਲਿਆ ਦੀਆ ਅਪਣਾ ਨਾਮੁ

In His Mercy, God unites us with Himself, and He blesses us with the Naam.

(ਉਸ ਮਨੁੱਖ ਨੂੰ) ਪ੍ਰਭੂ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਤੇ ਆਪਣਾ ਨਾਮ ਬਖ਼ਸ਼ਿਆ। ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਰਹਿ ਗਇਆ = ਮੁੱਕ ਗਿਆ।

ਆਵਣ ਜਾਣਾ ਰਹਿ ਗਇਆ ਆਪਿ ਹੋਆ ਮਿਹਰਵਾਨੁ

My comings and goings in reincarnation have come to an end; He Himself has bestowed His Mercy.

ਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ ॥੩॥

I have obtained my home in the True Mansion of His Presence, realizing the Word of the Guru's Shabad. ||3||

ਗੁਰੂ ਦਾ ਸ਼ਬਦ ਉਸ ਮਨੁੱਖ ਦਾ (ਜੀਵਨ-) ਸਾਥੀ ਬਣ ਜਾਂਦਾ ਹੈ, ਸਦਾ-ਥਿਰ ਪ੍ਰਭੂ ਦੇ ਚਰਨ ਉਸ ਨੂੰ ਐਸਾ ਟਿਕਾਣਾ ਮਿਲ ਜਾਂਦਾ ਹੈ, ਜਿਸ ਨੂੰ ਉਹ ਆਪਣਾ (ਆਤਮਕ) ਘਰ ਬਣਾ ਲੈਂਦਾ ਹੈ ॥੩॥ ਸਚੁ = ਸਦਾ-ਥਿਰ ਰਹਿਣ ਵਾਲਾ। ਮਹਲੁ = ਟਿਕਾਣਾ। ਪਛਾਨੁ = ਪਛਾਣੂ, ਸਾਥੀ॥੩॥

ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰਿ

His humble devotees are protected and saved; He Himself showers His Blessings upon us.

ਆਪਣੀ ਕਿਰਪਾ ਕਰ ਕੇ ਪਰਮਾਤਮਾ ਆਪਣੇ ਭਗਤਾਂ ਨੂੰ (ਕਾਮ ਕ੍ਰੋਧ ਲੋਭ ਆਦਿ ਵਿਕਾਰਾਂ ਤੋਂ) ਬਚਾ ਕੇ ਰੱਖਦਾ ਹੈ। ਕਉ = ਨੂੰ। ਧਾਰਿ = ਧਾਰ ਕੇ।

ਹਲਤਿ ਪਲਤਿ ਮੁਖ ਊਜਲੇ ਸਾਚੇ ਕੇ ਗੁਣ ਸਾਰਿ

In this world and in the world hereafter, radiant are the faces of those who cherish and enshrine the Glories of the True Lord.

ਸਦਾ-ਥਿਰ ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲ ਕੇ ਉਹਨਾਂ (ਭਗਤਾਂ) ਦੇ ਮੂੰਹ ਇਸ ਲੋਕ ਵਿਚ ਤੇ ਪਰਲੋਕ ਵਿਚ ਰੌਸ਼ਨ ਹੋ ਜਾਂਦੇ ਹਨ। ਹਲਤਿ = ਹਲਤ ਵਿਚ, {अत्र} ਇਸ ਲੋਕ ਵਿਚ। ਪਲਤਿ = ਪਲਤ ਵਿਚ, {परत्र} ਪਰਲੋਕ ਵਿਚ। ਮੁਖ = {ਲਫ਼ਜ਼ 'ਮੁਖ' ਬਹੁ-ਵਚਨ ਹੈ, ਇਕ-ਵਚਨ 'ਮੁਖੁ' ਹੈ}। ਸਾਰਿ = ਸੰਭਾਲ ਕੇ।

ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ

Twenty-four hours a day, they lovingly dwell upon His Glories; they are imbued with His Infinite Love.

ਉਹ (ਭਗਤ) ਬੇਅੰਤ ਪ੍ਰਭੂ ਦੇ (ਪਿਆਰ-) ਰੰਗ ਵਿਚ ਰੰਗੇ ਰਹਿੰਦੇ ਹਨ, ਤੇ ਅੱਠੇ ਪਹਰ ਉਸ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੇ ਹਨ। ਸਾਰਦੇ = ਸੰਭਾਲਦੇ। ਰੰਗਿ = ਰੰਗ ਵਿਚ, ਪ੍ਰੇਮ ਵਿਚ।

ਪਾਰਬ੍ਰਹਮੁ ਸੁਖ ਸਾਗਰੋ ਨਾਨਕ ਸਦ ਬਲਿਹਾਰ ॥੪॥੧੧॥੮੧॥

Nanak is forever a sacrifice to the Supreme Lord God, the Ocean of Peace. ||4||11||81||

ਹੇ ਨਾਨਕ! ਪਾਰਬ੍ਰਹਮ ਪਰਮਾਤਮਾ ਉਹਨਾਂ ਨੂੰ ਸਾਰੇ ਸੁਖਾਂ ਦਾ ਸਮੁੰਦਰ ਦਿੱਸਦਾ ਹੈ, ਤੇ ਉਹ ਉਸ ਤੋਂ ਸਦਾ ਸਦਕੇ ਹੁੰਦੇ ਰਹਿੰਦੇ ਹਨ ॥੪॥੧੧॥੮੧॥ ਸੁਖ ਸਾਗਰੋ = ਸੁਖ ਸਾਗਰੁ, ਸੁਖਾਂ ਦਾ ਸਮੁੰਦਰ, ਸੁਖਾਂ ਦਾ ਸੋਮਾ। ਸਦ = ਸਦਾ॥੪॥